ਬਹਾਦਰੀ ਦੀ ਮਿਸਾਲ ਬਣਿਆ ਪੰਜਾਬੀ ਨੌਜਵਾਨ ਇੰਦਰਜੀਤ ਸਿੰਘ, ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਬਚਾਈ ਔਰਤ ਤੇ ਕੁੱਤੇ ਦੀ ਜਾਨ
ਪਰਥ ਦੇ ਕਲੋਵਰਡੇਲ ਇਲਾਕੇ ਵਿੱਚ ਬੀਤੇ ਦਿਨ ਵਾਪਰੀ ਅੱਗ ਦੀ ਘਟਨਾ ਦੌਰਾਨ ਪੰਜਾਬੀ ਨੌਜਵਾਨ ਇੰਦਰਜੀਤ ਸਿੰਘ ਬਹਾਦਰੀ ਦੀ ਮਿਸਾਲ ਬਣ ਕੇ ਸਾਹਮਣੇ ਆਇਆ। ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਉਸਨੇ ਅੱਗ ਨਾਲ ਘਿਰੇ ਘਰ ਵਿੱਚੋਂ ਇੱਕ ਔਰਤ ਅਤੇ ਉਸਦੇ ਕੁੱਤੇ ਦੀ ਜਾਨ ਬਚਾਈ।
Publish Date: Wed, 03 Dec 2025 01:40 PM (IST)
Updated Date: Wed, 03 Dec 2025 02:56 PM (IST)
ਮੈਲਬੌਰਨ ਪਰਥ, ਖੁਸ਼ਪ੍ਰੀਤ ਸਿੰਘ ਸੁਨਾਮ : ਪਰਥ ਦੇ ਕਲੋਵਰਡੇਲ ਇਲਾਕੇ ਵਿੱਚ ਬੀਤੇ ਦਿਨ ਵਾਪਰੀ ਅੱਗ ਦੀ ਘਟਨਾ ਦੌਰਾਨ ਪੰਜਾਬੀ ਨੌਜਵਾਨ ਇੰਦਰਜੀਤ ਸਿੰਘ ਬਹਾਦਰੀ ਦੀ ਮਿਸਾਲ ਬਣ ਕੇ ਸਾਹਮਣੇ ਆਇਆ। ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਉਸਨੇ ਅੱਗ ਨਾਲ ਘਿਰੇ ਘਰ ਵਿੱਚੋਂ ਇੱਕ ਔਰਤ ਅਤੇ ਉਸਦੇ ਕੁੱਤੇ ਦੀ ਜਾਨ ਬਚਾਈ।
ਇੰਦਰਜੀਤ ਸਿੰਘ ਜੋ ਕਿ ਊਬਰ ਡਰਾਈਵਰ ਵਜੋਂ ਕੰਮ ਕਰਦਾ ਹੈ ਉਸ ਵੇਲੇ ਸਵਾਰੀ ਲੈ ਕੇ ਜਾ ਰਿਹਾ ਸੀ ਜਦੋਂ ਉਸਦੀ ਨਜ਼ਰ ਇੱਕ ਘਰ ਦੀ ਉੱਪਰੀ ਮੰਜ਼ਿਲ ਤੋਂ ਨਿਕਲ ਰਹੀਆਂ ਅੱਗ ਦੀਆਂ ਲਪਟਾਂ ’ਤੇ ਪਈ। ਉਸਨੇ ਫੌਰੀ ਤੌਰ ’ਤੇ ਆਪਣੀ ਸਵਾਰੀ ਤੋਂ ਇਜਾਜ਼ਤ ਮੰਗੀ ਕਿ ਉਹ ਅੰਦਰ ਜਾ ਕੇ ਵੇਖ ਸਕਦਾ ਹੈ ਕਿ ਕਿਸੇ ਨੂੰ ਮਦਦ ਦੀ ਲੋੜ ਤਾਂ ਨਹੀਂ। ਸਵਾਰੀ ਨੇ ਇਜਾਜ਼ਤ ਦੇਣ ਨਾਲ ਹੀ ਟ੍ਰਿਪਲ ਜ਼ੀਰੋ ’ਤੇ ਕਾਲ ਕਰਕੇ ਐਮਰਜੈਂਸੀ ਮਦਦ ਵੀ ਮੰਗ ਲਈ। ਇੰਦਰਜੀਤ ਜਿਵੇਂ ਹੀ ਘਰ ਅੰਦਰ ਦਾਖਲ ਹੋਇਆ ਅੰਦਰ ਧੂੰਏਂ ਅਤੇ ਹਨੇਰੇ ਨਾਲ ਭਰੇ ਮਾਹੌਲ ਵਿੱਚ ਇੱਕ ਅੋਰਤ ਚੀਕਾਂ ਮਾਰ ਰਹੀ ਸੀ ਤੇ ਆਪਣੇ ਕੁੱਤੇ ਨੂੰ ਲੱਭ ਰਹੀ ਸੀ। ਇੰਦਰਜੀਤ ਨੇ ਦਲੇਰੀ ਵਿਖਾਉਂਦਿਆਂ ਔਰਤ ਅਤੇ ਉਸ ਦੇ ਕੁੱਤੇ ਨੂੰ ਸੁਰੱਖਿਅਤ ਤਰੀਕੇ ਨਾਲ ਬਾਹਰ ਕੱਢਿਆ ਜੋ ਕਿ ਘਰ ਦੇ ਕਿਸੇ ਕਮਰੇ ਵਿੱਚ ਸੀ।
ਕੁਝ ਮਿੰਟਾਂ ਵਿੱਚ ਹੀ ਫਾਇਰ ਬ੍ਰਿਗੇਡ ਮੌਕੇ ’ਤੇ ਪਹੁੰਚ ਗਈ ਅਤੇ ਅੱਗ ਤੇ ਕਾਬੂ ਪਾ ਲਿਆ। ਮੌਕੇ 'ਤੇ ਪੁੱਜੀ ਐਬੁਲੈਂਸ ਵੱਲੋ ਵੀ ਔਰਤ ਦੀ ਸਿਹਤ ਦੀ ਜਾਂਚ ਕੀਤੀ ਤੇ ਉਸ ਨੂੰ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਗਈ। ਪੁਲਿਸ ਵਲੋ ਅੱਗ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇੰਦਰਜੀਤ ਸਿੰਘ ਦੇ ਇਸ ਬਹਾਦਰੀ ਭਰੇ ਕਦਮ ਦੀ ਚੁਫੇਰਿਓ ਪ੍ਰਸੰਸਾ ਕੀਤੀ ਜਾ ਰਹੀ ਹੈ।