ਸੌਰਭ 'ਤੇ ਹਮਲਾ ਉਸ ਵੇਲੇ ਹੋਇਆ ਜਦੋਂ ਉਹ ਸ਼ਾਪਿੰਗ ਸੈਂਟਰ ਵਿਚਲੀ ਫਾਰਮੇਸੀ ਵੱਲ ਜਾ ਰਿਹਾ ਸੀ। ਕੁਝ ਨੌਜਵਾਨ ਹਮਲਾਵਰਾਂ ਨੇ ਉਸ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਹਮਲੇ ਵਿੱਚ ਸੌਰਭ ਦੀ ਖੱਬੀ ਬਾਂਹ ਅਤੇ ਹੱਥ ਨੂੰ ਗੰਭੀਰ ਨੁਕਸਾਨ ਹੋਇਆ। ਕਈ ਘੰਟਿਆਂ ਦੀ ਜਟਿਲ ਸਰਜਰੀ ਤੋਂ ਬਾਅਦ ਹੱਥ ਨੂੰ ਮੁੜ ਜੋੜਿਆ ਗਿਆ, ਪਰ ਅਜੇ ਵੀ ਉਹ ਸਹੀ ਢੰਗ ਨਾਲ ਕੰਮ ਨਹੀਂ ਕਰ ਰਿਹਾ ਹੈ।
ਖੁਸ਼ਪ੍ਰੀਤ ਸਿੰਘ, ਸੁਨਾਮ (ਮੈਲਬੌਰਨ) : ਜੁਲਾਈ 2025 ਵਿੱਚ ਮੈਲਬੌਰਨ ਦੇ ਸੈਂਟਰਲ ਸਕੁਏਅਰ ਸ਼ਾਪਿੰਗ ਸੈਂਟਰ ਅਲਟੋਨਾ ਵਿੱਖੇ ਜਾਨਲੇਵਾ ਹਮਲੇ ਦਾ ਸ਼ਿਕਾਰ ਹੋਏ 33 ਸਾਲਾ ਭਾਰਤੀ ਨਾਗਰਿਕ ਸੌਰਭ ਆਨੰਦ ਨੂੰ ਆਸਟ੍ਰੇਲੀਆਈ ਸਰਕਾਰ ਵੱਲੋਂ ਪੱਕੀ ਰਿਹਾਇਸ਼ (Permanent Residency) ਦਿੱਤੀ ਗਈ ਹੈ। ਇਹ ਫੈਸਲਾ ਉਸ ਦੀ ਸਿਹਤ, ਮਨੋਵਿਗਿਆਨਕ ਹਾਲਤ ਅਤੇ ਮਾਨਵਤਾਵਾਦੀ ਅਧਾਰ 'ਤੇ ਲਿਆ ਗਿਆ।
ਸੌਰਭ 'ਤੇ ਹਮਲਾ ਉਸ ਵੇਲੇ ਹੋਇਆ ਜਦੋਂ ਉਹ ਸ਼ਾਪਿੰਗ ਸੈਂਟਰ ਵਿਚਲੀ ਫਾਰਮੇਸੀ ਵੱਲ ਜਾ ਰਿਹਾ ਸੀ। ਕੁਝ ਨੌਜਵਾਨ ਹਮਲਾਵਰਾਂ ਨੇ ਉਸ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਹਮਲੇ ਵਿੱਚ ਸੌਰਭ ਦੀ ਖੱਬੀ ਬਾਂਹ ਅਤੇ ਹੱਥ ਨੂੰ ਗੰਭੀਰ ਨੁਕਸਾਨ ਹੋਇਆ। ਕਈ ਘੰਟਿਆਂ ਦੀ ਜਟਿਲ ਸਰਜਰੀ ਤੋਂ ਬਾਅਦ ਹੱਥ ਨੂੰ ਮੁੜ ਜੋੜਿਆ ਗਿਆ, ਪਰ ਅਜੇ ਵੀ ਉਹ ਸਹੀ ਢੰਗ ਨਾਲ ਕੰਮ ਨਹੀਂ ਕਰ ਰਿਹਾ ਹੈ। ਇਸ ਤੋਂ ਇਲਾਵਾ, ਸੌਰਭ ਦੀ ਰੀੜ੍ਹ ਦੀ ਹੱਡੀ ਅਤੇ ਹੋਰ ਅੰਦਰੂਨੀ ਅੰਗਾਂ ਤੇ ਵੀ ਗੁੱਝੀਆਂ ਸੱਟਾਂ ਹਨ।
ਸੌਰਭ ਆਪਣੀ ਪੜਾਈ ਪੂਰੀ ਕਰਕੇ ਆਰਜ਼ੀ ਵੀਜ਼ੇ ਤੇ ਰਹਿ ਕੇ ਪੱਕੇ ਹੋਣ ਦੀ ਉਮੀਦ ਵਿੱਚ ਸੀ। ਇਹ ਘਟਨਾ ਨੇ ਸੋਰਭ ਦੀ ਜ਼ਿੰਦਗੀ ਨੂੰ ਹਨੇਰੇ ਵਿੱਚ ਧੱਕ ਦਿੱਤਾ ਜਿੱਥੇ ਉਸ ਦਾ ਇਲਾਜ ਮਹਿੰਗਾ ਅਤੇ ਲੰਬਾ ਸੀ ਉੱਥੇ ਹੀ ਇਲਾਜ ਦੀਆਂ ਕਈ ਪ੍ਰਕਿਰਿਆਵਾਂ ਵਿੱਚੋਂ ਗੁਜ਼ਰਨਾ ਪੈਣਾ ਸੀ ਜੋ ਕਿ ਸੋਰਭ ਦੇ ਵਿੱਤੋ ਬਾਹਰ ਸੀ ਪਰੰਤੂ ਸਥਾਨਕ ਭਾਈਚਾਰੇ ਵਲੋ ਉਸ ਦੀ ਕੀਤੀ ਵਿੱਤੀ ਮਦਦ ਤੇ ਮੀਡੀਆ ਅਤੇ ਸੋਸ਼ਲ ਮੀਡੀਆ ਰਾਹੀਂ ਇਹ ਮਾਮਲਾ ਫੈਡਰਲ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਗਿਆ ਅਤੇ ਸਰਕਾਰ ਕੋਲ ਵੀਜ਼ਾ ਵਧਾਉਣ ਦੀ ਬੇਨਤੀ ਕੀਤੀ, ਕਿਉਂਕਿ ਸੌਰਭ ਦਾ ਆਰਜ਼ੀ ਵੀਜ਼ਾ ਵੀ ਖਤਮ ਹੋਣ ਵਾਲਾ ਸੀ। ਜਿਸ ਦੇ ਚਲਦਿਆਂ ਫੈਡਰਲ ਸਰਕਾਰ ਦੇ ਸਹਾਇਕ ਵਿਦੇਸ਼ ਮੰਤਰੀ ਟਿਮ ਵਾਟਸ ਅਤੇ ਸਹਾਇਕ ਨਾਗਰਿਕਤਾ ਤੇ ਅਵਾਸ ਮੰਤਰੀ ਜੁਲੀਅਨ ਹਿੱਲ ਦੇ ਇਸ ਮਾਮਲੇ ਵਿੱਚ ਦਖਲ ਤੇ ਖੋਜ ਪੜਤਾਲ ਮਗਰੋਂ ਪਹਿਲਾਂ ਸੌਰਭ ਨੂੰ ਦੋ ਸਾਲ ਦਾ ਆਰਜ਼ੀ ਵੀਜ਼ਾ ਜਾਰੀ ਕੀਤਾ ਪਰੰਤੂ ਉਸ ਦੀ ਸਿਹਤ ਅਤੇ ਮਾਨਸਿਕ ਹਾਲਤ ਨੂੰ ਧਿਆਨ ਵਿੱਚ ਰੱਖਦਿਆਂ ਇੰਮੀਗਰੇਸ਼ਨ ਮੰਤਰੀ ਨੇ ਵਿਸ਼ੇਸ਼ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਸੌਰਭ ਨੂੰ ਪੱਕੀ ਰਿਹਾਇਸ਼ ਦੇਣ ਦਾ ਫੈਸਲਾ ਕੀਤਾ ਤੇ ਖੁਦ ਉਸ ਨੂੰ ਮਿਲ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ। ਇਸਦੇ ਨਾਲ ਹੀ, ਭਾਰਤ ਵਿੱਚ ਰਹਿ ਰਹੀ ਸੌਰਭ ਦੀ ਮਾਤਾ ਨੂੰ ਵੀ ਵੀਜ਼ਾ ਦਿੱਤਾ ਗਿਆ, ਤਾਂ ਜੋ ਉਹ ਆ ਕੇ ਆਪਣੇ ਪੁੱਤਰ ਦੀ ਦੇਖਭਾਲ ਕਰ ਸਕੇ।
ਸੌਰਭ ਨੇ ਆਸਟ੍ਰੇਲੀਆਈ ਸਰਕਾਰ ਅਤੇ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ: “ਇਸ ਔਖੀ ਘੜੀ ਵਿੱਚ ਮੇਰੇ ਨਾਲ ਖੜ੍ਹੇ ਰਹਿਣ ਵਾਲਿਆਂ ਦਾ ਮੈ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਇਹ ਸਹਿਯੋਗ ਮੇਰੇ ਲਈ ਬੇਹੱਦ ਮਹੱਤਵਪੂਰਨ ਸੀ।” ਸੌਰਭ ਕਰੀਬ ਸੱਤ ਸਾਲ ਪਹਿਲਾਂ ਚੰਗੇ ਭਵਿੱਖ ਦੀ ਭਾਲ ਵਿੱਚ ਆਸਟ੍ਰੇਲੀਆ ਆਇਆ ਸੀ, ਜਿਥੇ ਉਸ ਨੇ ਮੈਲਬੌਰਨ ਦੀ RMIT ਯੂਨੀਵਰਸਿਟੀ ਤੋਂ ਆਈ.ਟੀ. ਵਿੱਚ ਮਾਸਟਰ ਡਿਗਰੀ ਹਾਸਲ ਕੀਤੀ ਤੇ ਹੁਣ ਉਹ ਸਾਇਬਰ ਸੁਰੱਖਿਆ ਦੇ ਖੇਤਰ ਵਿੱਚ ਵੀ ਭਵਿੱਖ ਬਣਾ ਰਿਹਾ ਸੀ।
ਮੰਤਰੀ ਜੂਲੀਅਨ ਹਿੱਲ ਤੇ ਟਿਮ ਵਾਟਸ ਨੇ ਕਿਹਾ: “ਇਸ ਤਰ੍ਹਾਂ ਦੀ ਜਾਨਲੇਵਾ ਘਟਨਾ ਤੋਂ ਬਾਅਦ ਉਸ ਦੀ ਪੀੜ ਨੂੰ ਅਸੀ ਸਮਝ ਸਕਦੇ ਹਾਂ ਤੇ ਹੁਣ ਵੀਜ਼ਾ ਆਦਿ ਦੀ ਚਿੰਤਾ ਸੌਰਭ ਨੂੰ ਨਹੀਂ ਹੋਣੀ ਚਾਹੀਦੀ। ਹੁਣ ਉਹ ਆਸਟ੍ਰੇਲੀਆ ਵਿੱਚ ਵਧੀਆ ਢੰਗ ਨਾਲ ਇਲਾਜ ਕਰਵਾ ਸਕਦਾ ਹੈ ਅਤੇ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰ ਸਕਦਾ ਹੈ ਤੇ ਉਸਨੂੰ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ ਜਿਕਰਯੋਗ ਹੈ ਕਿ ਫਿਲਹਾਲ ਪੁਲਿਸ ਵਲੋ ਇਸ ਹਮਲੇ ਦੇ ਦੋਸ਼ੀਆਂ ਨੂੰ ਵੱਖ ਵੱਖ ਧਾਰਾਵਾਂ ਹੇਠ ਕਾਬੂ ਕਰ ਕੇ ਜੇਲ੍ਹ ਭੇਜ ਦਿੱਤਾ ਹੈ।