ਆਸਟ੍ਰੇਲੀਆ ਤੋਂ ਅੰਤਰਰਾਸ਼ਟਰੀ ਵਫ਼ਦ ਦੀ ਮੁੱਖ ਮੰਤਰੀ ਪੰਜਾਬ ਨਾਲ ਅਹਿਮ ਮੀਟਿੰਗ, ਪੰਜਾਬ 'ਚ ਲੀਡਰਜ਼ ਇੰਟਰਨੈਸ਼ਨਲ ਯੂਨੀਵਰਸਿਟੀ ਬਣਾਉਣ ’ਤੇ ਚਰਚਾ
ਪ੍ਰਸਤਾਵਿਤ ਯੂਨੀਵਰਸਿਟੀ ਵਿੱਚ ਆਧੁਨਿਕ ਤਕਨਾਲੋਜੀ, ਆਈਟੀ, ਐਗਰੀ-ਬਿਜ਼ਨਸ, ਖੋਜ ਅਤੇ ਗਲੋਬਲ ਲੀਡਰਸ਼ਿਪ ਵਰਗੇ ਖੇਤਰਾਂ ਵਿੱਚ ਪੜ੍ਹਾਈ ਅਤੇ ਖੋਜ ਨੂੰ ਪ੍ਰਮੋਟ ਕੀਤਾ ਜਾਵੇਗਾ। ਇਸ ਨਾਲ ਨਾ ਸਿਰਫ਼ ਸਿੱਖਿਆ ਦੇ ਮੌਕੇ ਵਧਣਗੇ, ਸਗੋਂ ਪੰਜਾਬ ਵਿੱਚ ਰੁਜ਼ਗਾਰ ਅਤੇ ਨਿਵੇਸ਼ ਦੇ ਨਵੇਂ ਦਰਵਾਜ਼ੇ ਵੀ ਖੁੱਲ੍ਹਣਗੇ।
Publish Date: Wed, 11 Mar 2026 11:50 AM (IST)
Updated Date: Wed, 11 Mar 2026 11:53 AM (IST)
ਹਰਪ੍ਰੀਤ ਸਿੰਘ ਕੋਹਲੀ, ਬ੍ਰਿਸਬੇਨ : ਚੰਡੀਗੜ੍ਹ ਮੁੱਖ ਮੰਤਰੀ ਦਫ਼ਤਰ ਵਿਖੇ ਇੱਕ ਉੱਚ-ਪੱਧਰੀ ਅੰਤਰਰਾਸ਼ਟਰੀ ਵਫ਼ਦ ਨਾਲ ਮਹੱਤਵਪੂਰਨ ਮੀਟਿੰਗ ਹੋਈ। ਇਸ ਵਫ਼ਦ ਦੀ ਅਗਵਾਈ ਲੀਡਰਜ ਇੰਸਟੀਟਿਊਟ ਆਸਟ੍ਰੇਲੀਆ ਦੇ ਪ੍ਰਧਾਨ ਪ੍ਰੋਫੈਸਰ ਬਰਨਾਰਡ ਮਲਿਕ ਕਰ ਰਹੇ ਸਨ। ਮੀਟਿੰਗ ਦੌਰਾਨ ਪੰਜਾਬ ਵਿੱਚ ਲੀਡਰਜ ਇੰਟਰਨੈਸ਼ਨਲ ਯੂਨੀਵਰਸਿਟੀ ਸਥਾਪਿਤ ਕਰਨ ਦੇ ਪ੍ਰਸਤਾਵ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ।
ਮੀਟਿੰਗ ਵਿੱਚ ਇਹ ਗੱਲ ਜ਼ੋਰ ਦੇ ਨਾਲ ਕਹੀ ਗਈ ਕਿ ਪੰਜਾਬ ਦੇ ਨੌਜਵਾਨਾਂ ਨੂੰ ਉੱਚ ਸਿੱਖਿਆ ਅਤੇ ਰੁਜ਼ਗਾਰ ਲਈ ਵਿਦੇਸ਼ਾਂ ਵੱਲ ਜਾਣ ਦੀ ਲੋੜ ਨਾ ਪਵੇ। ਇਸ ਲਈ ਸਰਕਾਰ ਦੀ ਕੋਸ਼ਿਸ਼ ਹੈ ਕਿ ਵਿਦੇਸ਼ੀ ਯੂਨੀਵਰਸਿਟੀਆਂ ਅਤੇ ਮਲਟੀਨੈਸ਼ਨਲ ਕੰਪਨੀਆਂ ਨੂੰ ਪੰਜਾਬ ਵਿੱਚ ਨਿਵੇਸ਼ ਲਈ ਆਕਰਸ਼ਿਤ ਕੀਤਾ ਜਾਵੇ।
ਪ੍ਰਸਤਾਵਿਤ ਯੂਨੀਵਰਸਿਟੀ ਵਿੱਚ ਆਧੁਨਿਕ ਤਕਨਾਲੋਜੀ, ਆਈਟੀ, ਐਗਰੀ-ਬਿਜ਼ਨਸ, ਖੋਜ ਅਤੇ ਗਲੋਬਲ ਲੀਡਰਸ਼ਿਪ ਵਰਗੇ ਖੇਤਰਾਂ ਵਿੱਚ ਪੜ੍ਹਾਈ ਅਤੇ ਖੋਜ ਨੂੰ ਪ੍ਰਮੋਟ ਕੀਤਾ ਜਾਵੇਗਾ। ਇਸ ਨਾਲ ਨਾ ਸਿਰਫ਼ ਸਿੱਖਿਆ ਦੇ ਮੌਕੇ ਵਧਣਗੇ, ਸਗੋਂ ਪੰਜਾਬ ਵਿੱਚ ਰੁਜ਼ਗਾਰ ਅਤੇ ਨਿਵੇਸ਼ ਦੇ ਨਵੇਂ ਦਰਵਾਜ਼ੇ ਵੀ ਖੁੱਲ੍ਹਣਗੇ।
ਇਸ ਅੰਤਰਰਾਸ਼ਟਰੀ ਵਫ਼ਦ ਵਿੱਚ ਸਾਬਕਾ ਸੰਸਦ ਮੈਂਬਰ ਡਾ. ਮਾਰਕ ਰੋਬਿਨਸਨ, ਫੇਵਰ ਫੌਂਡੇਸ਼ਨ ਦੇ ਡਾਇਰੈਕਟਰ ਪਾਸਟਰ ਕਰਿਸ ਐਟਨ ਅਤੇ ਐਮ ਐਸ ਆਈ ਟੇਲਰ ਵੇਲ਼ੱਥ ਮੈਨਜਮੈਂਟ ਦੇ ਭਾਗੀਦਾਰ ਪੀਟਰ ਓ’ਕੈਲਾਗਨ, ਮਨਮੋਹਨ ਸਿੰਘ ਵੀ ਸ਼ਾਮਲ ਸਨ। ਉਨ੍ਹਾਂ ਦਾ ਤਜ਼ਰਬਾ ਪੰਜਾਬ ਦੇ ਸਿੱਖਿਆ ਖੇਤਰ ਨੂੰ ਵਿਸ਼ਵ ਪੱਧਰ ਨਾਲ ਜੋੜਨ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ। ਸਰਕਾਰ ਦਾ ਮਕਸਦ ਵਿਦੇਸ਼ੀ ਨਿਵੇਸ਼ ਅਤੇ ਬਿਹਤਰ ਸਿੱਖਿਆ ਰਾਹੀਂ ਬ੍ਰੇਨ ਡ੍ਰੇਨ ਨੂੰ ਰੋਕਣਾ ਅਤੇ ਪੰਜਾਬੀ ਨੌਜਵਾਨਾਂ ਦੇ ਟੈਲੈਂਟ ਨੂੰ ਆਪਣੇ ਸੂਬੇ ਦੇ ਵਿਕਾਸ ਲਈ ਵਰਤਣਾ ਹੈ। ਇਹ ਕਦਮ ਪੰਜਾਬ ਨੂੰ ਤਰੱਕੀ ਦੀ ਰਾਹ ’ਤੇ ਅੱਗੇ ਲੈ ਜਾਣ ਅਤੇ ਮੁੜ ਰੰਗਲਾ ਪੰਜਾਬ ਬਣਾਉਣ ਵੱਲ ਇੱਕ ਮਹੱਤਵਪੂਰਨ ਪਹਲ ਮੰਨੀ ਜਾ ਰਹੀ ਹੈ।