Austrailia News : ਸਿਡਨੀ 'ਚ ਭਾਰਤੀ ਰੈਸਟੋਰੈਂਟ 'ਚ ਗੈਸ ਲੀਕ, ਸਾਹ ਘੁੱਟਣ ਨਾਲ ਇੱਕ ਨੌਜਵਾਨ ਦੀ ਮੌਤ; ਪੰਜ ਪੁਲਿਸ ਅਧਿਕਾਰੀਆਂ ਸਣੇ ਸੱਤ ਜਣੇ ਹਸਪਤਾਲ ਦਾਖ਼ਲ
ਸਿਡਨੀ ਦੇ ਉੱਤਰ-ਪੱਛਮੀ ਇਲਾਕੇ ਰਿਵਰਸਟੋਨ ਵਿੱਚ ਸਥਿਤ ਹਵੇਲੀ ਇੰਡੀਅਨ ਰੈਸਟੋਰੈਂਟ ਵਿੱਚ ਮੰਗਲਵਾਰ ਸਵੇਰੇ ਗੈਸ ਦੇ ਰਿਸਣ ਕਾਰਨ ਤੇ ਦਮ ਘੁੱਟਣ ਕਾਰਨ ਇੱਕ 25 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ ਤੇ ਇਸ ਹਾਦਸੇ ਵਿੱਚ ਪੰਜ ਪੁਲਿਸ ਅਧਿਕਾਰੀਆਂ ਸਮੇਤ ਸੱਤ ਲੋਕਾਂ ਨੂੰ ਵੀ ਗੈਸ ਚੜ੍ਹਨ ਕਾਰਨ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
Publish Date: Tue, 16 Sep 2025 05:36 PM (IST)
Updated Date: Tue, 16 Sep 2025 05:42 PM (IST)
ਖੁਸ਼ਪ੍ਰੀਤ ਸਿੰਘ ਸੁਨਾਮ, ਸਿਡਨੀ/ਮੈਲਬੌਰਨ : ਸਿਡਨੀ ਦੇ ਉੱਤਰ-ਪੱਛਮੀ ਇਲਾਕੇ ਰਿਵਰਸਟੋਨ ਵਿੱਚ ਸਥਿਤ ਹਵੇਲੀ ਇੰਡੀਅਨ ਰੈਸਟੋਰੈਂਟ ਵਿੱਚ ਮੰਗਲਵਾਰ ਸਵੇਰੇ ਗੈਸ ਦੇ ਰਿਸਣ ਕਾਰਨ ਤੇ ਦਮ ਘੁੱਟਣ ਕਾਰਨ ਇੱਕ 25 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ ਤੇ ਇਸ ਹਾਦਸੇ ਵਿੱਚ ਪੰਜ ਪੁਲਿਸ ਅਧਿਕਾਰੀਆਂ ਸਮੇਤ ਸੱਤ ਲੋਕਾਂ ਨੂੰ ਵੀ ਗੈਸ ਚੜ੍ਹਨ ਕਾਰਨ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਸਵੇਰੇ ਕਰੀਬ 9 ਵਜੇ ਐਮਰਜੈਂਸੀ ਸੇਵਾਵਾਂ ਨੂੰ ਗਾਰਫੀਲਡ ਰੋਡ ਅਤੇ ਰੇਲਵੇ ਟੈਰਸ ‘ਤੇ ਸਥਿਤ ਹਵੇਲੀ ਰੈਸਟੋਰੈਂਟ ਵਿੱਚ ਗੈਸ ਲੀਕ ਦੀ ਸੂਚਨਾ ਮਿਲੀ। ਮੌਕੇ ‘ਤੇ ਪਹੁੰਚ ਕੇ ਉਨ੍ਹਾਂ ਨੇ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਸਹਾਇਤਾ ਦਿੱਤੀ ਨਿਊ ਸਾਊਥ ਵੇਲਜ਼ ਪੁਲਿਸ ਦੇ ਐਸਿਸਟੈਂਟ ਕਮਿਸ਼ਨਰ ਗੈਵਿਨ ਵੁੱਡ ਨੇ ਪੁਸ਼ਟੀ ਕੀਤੀ ਕਿ ਮਰਨ ਵਾਲਾ ਨੌਜਵਾਨ 25 ਸਾਲਾ ਸੀ ਜਿਸਦੀ ਪਛਾਣ ਹਾਲੇ ਜਾਰੀ ਨਹੀਂ ਕੀਤੀ ਗਈ। ਉਹ ਰੈਸਟੋਰੈਂਟ ਵਿੱਚ ਕਲੀਨਰ ਵਜੋਂ ਕੰਮ ਕਰਦਾ ਸੀ ਅਤੇ ਕਾਰਬਨ ਮੋਨੋਆਕਸਾਈਡ ਦੇ ਜ਼ਹਿਰਲੇ ਪ੍ਰਭਾਵ ਕਾਰਨ ਮੌਤ ਦਾ ਸ਼ਿਕਾਰ ਹੋਇਆ।
ਰੈਸਟੋਰੈਂਟ ਮਾਲਕ ਅਤੇ ਉਸਦਾ ਪੁੱਤਰ ਬੇਹੋਸ਼ ਕਰਮਚਾਰੀ ਨੂੰ ਵੇਖ ਕੇ ਉਸਨੂੰ ਮੁੱਢਲੀ ਸਹਾਇਤਾ (ਸੀ.ਪੀ.ਆਰ.) ਦੇਣ ਦੀ ਕੋਸ਼ਿਸ਼ ਕਰਦੇ ਹੋਏ ਖੁਦ ਵੀ ਗੈਸ ਦੇ ਪ੍ਰਭਾਵ ਹੇਠ ਆ ਗਏ ਤੇ ਪੁਲੀਸ ਅਧਿਕਾਰੀਆਂ ਨੁੰ ਵੀ ਮੁੱਢਲੀ ਸਹਾਇਤਾ ਦੌਰਾਨ ਗੈਸ ਚੜ੍ਹਨ ਕਾਰਨ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਸਾਰੇ ਪੀੜਤਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਅੱਗ ਬੁਝਾਊ ਦਸਤਿਆਂ ਮੁਤਾਬਕ ਇਮਾਰਤ ਵਿੱਚ ਕਾਰਬਨ ਮੋਨੋਆਕਸਾਈਡ ਦੀ ਮਾਤਰਾ ਖ਼ਤਰਨਾਕ ਪੱਧਰ ‘ਤੇ ਸੀ ਐਮਰਜੈਂਸੀ ਸੇਵਾਵਾਂ ਦੀਆਂ ਟੀਮਾਂ ਨੇ ਰੈਸਟੋਰੈਂਟ ਦੀ ਹੇਠਲੀ ਅਤੇ ਦੂਜੀ ਮੰਜ਼ਿਲ ਤੋਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਪੁਲਿਸ ਅਤੇ ਐਮਰਜੈਂਸੀ ਸੇਵਾਵਾਂ ਗੈਸ ਲੀਕ ਹੋਣ ਦੇ ਕਾਰਨਾਂ ਦਾ ਪਤਾ ਲਗਾਉਣ 'ਚ ਜੁਟੀਆਂ ਹੋਈਆਂ ਹਨ ।