Australia Accident : ਸਿਡਨੀ ’ਚ ਸੜਕ ਹਾਦਸੇ ਦੌਰਾਨ ਗਰਭਵਤੀ ਭਾਰਤਵੰਸ਼ੀ ਦੀ ਮੌਤ
ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ’ਚ ਇਕ ਸੜਕ ਹਾਦਸੇ ’ਚ ਭਾਰਤੀ ਮੂਲ ਦੀ ਔਰਤ ਤੇ ਗਰਭ ’ਚ ਪਲ ਰਹੇ ਉਸ ਦੇ ਬੱਚੇ ਦੀ ਮੌਤ ਹੋ ਗਈ। ਆਈਟੀ ਕੰਪਨੀ ’ਚ ਕੰਮ ਕਰਦੀ ਅੱਠ ਮਹੀਨਿਆਂ ਦੀ ਗਰਭਵਤੀ ਸਮਨਵਿਥਾ ਧਰੇਸ਼ਵਰ ਆਪਣੇ ਪਤੀ ਤੇ ਤਿੰਨ ਸਾਲਾ ਪੁੱਤਰ ਨਾਲ ਕਾਰ ’ਚ ਸੈਰ ਕਰਨ ਨਿਕਲੇ ਸਨ।
Publish Date: Wed, 19 Nov 2025 09:33 PM (IST)
Updated Date: Wed, 19 Nov 2025 09:35 PM (IST)
ਖੁਸ਼ਪ੍ਰੀਤ ਸਿੰਘ ਸੁਨਾਮ, ਮੈਲਬੌਰਨ/ਸਿਡਨੀ : ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ’ਚ ਇਕ ਸੜਕ ਹਾਦਸੇ ’ਚ ਭਾਰਤੀ ਮੂਲ ਦੀ ਔਰਤ ਤੇ ਗਰਭ ’ਚ ਪਲ ਰਹੇ ਉਸ ਦੇ ਬੱਚੇ ਦੀ ਮੌਤ ਹੋ ਗਈ। ਆਈਟੀ ਕੰਪਨੀ ’ਚ ਕੰਮ ਕਰਦੀ ਅੱਠ ਮਹੀਨਿਆਂ ਦੀ ਗਰਭਵਤੀ ਸਮਨਵਿਥਾ ਧਰੇਸ਼ਵਰ ਆਪਣੇ ਪਤੀ ਤੇ ਤਿੰਨ ਸਾਲਾ ਪੁੱਤਰ ਨਾਲ ਕਾਰ ’ਚ ਸੈਰ ਕਰਨ ਨਿਕਲੇ ਸਨ। ਪੁਲਿਸ ਮੁਤਾਬਕ ਰਾਤ ਕਰੀਬ 8 ਵਜੇ ਹੋਰਨਸਬੀ ਇਲਾਕੇ ਦੀ ਜੋਰਜ ਸਟਰੀਟ ’ਤੇ ਇਕ ਕਾਰ ਚਾਲਕ, ਸਮਨਵਿਥਾ ਤੇ ਉਸ ਦੇ ਪਰਿਵਾਰ ਨੂੰ ਸੜਕ ਪਾਰ ਕਰਵਾਉਣ ਲਈ ਰੁਕਿਆ ਹੋਇਆ ਸੀ।
ਇਸੇ ਦੌਰਾਨ ਪਿੱਛੋਂ ਤੇਜ਼ ਰਫ਼ਤਾਰ ਆਈ ਬੀਐੱਮਡਬਲਿਊ ਨੇ ਰਸਤਾ ਦੇ ਰਹੀ ਕਾਰ ਨੂੰ ਪਿੱਛੋਂ ਬੜੀ ਜ਼ੋਰਦਾਰ ਟੱਕਰ ਮਾਰ ਦਿੱਤੀ। ਕਾਰ ਨੂੰ ਟੱਕਰ ਮਾਰਨ ਮਗਰੋਂ ਬੀਐੱਮਡਬਲਿਊ ਸਮਨਵਿਥਾ ਦੀ ਕਾਰ ਨਾਲ ਟਕਰਾ ਗਈ। ਇਸ ਹਾਦਸੇ ’ਚ ਔਰਤ ਨੂੰ ਗੰਭੀਰ ਸੱਟਾਂ ਲੱਗੀਆਂ। ਉਸ ਨੂੰ ਤੁਰੰਤ ਵੈਸਟਮੈਡ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਉਸ ਦੇ ਗਰਭ ’ਚ ਪਲ ਰਹੇ ਬੱਚੇ ਨੂੰ ਨਹੀਂ ਬਚਾਇਆ ਜਾ ਸਕਿਆ।
ਹਾਲਾਂਕਿ ਉਸ ਦੇ ਪਤੀ ਤੇ ਪੁੱਤਰ ਨੂੰ ਲੱਗੀਆਂ ਸੱਟਾਂ ਆਦਿ ਬਾਰੇ ਹਾਲੇ ਪੁਸ਼ਟੀ ਨਹੀਂ ਹੋਈ ਹੈ। ਇਸ ਹਾਦਸੇ ਦੇ ਮੁਲਜ਼ਮ 19 ਸਾਲਾ ਐਰਨ ਪਾਪਜੋਗਲੂ, ਜੋ ਕਿ ਆਰਜ਼ੀ ਲਾਇਸੰਸ ’ਤੇ ਬੀਐੱਮਡਬਲਿਊ ਗੱਡੀ ਚਲਾ ਰਿਹਾ ਸੀ, ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।