ਨੀਰਜ ਦੇ ਨਿਸ਼ਾਨੇ 'ਤੇ ਹੋਵੇਗਾ ਗੋਲਡ ਮੈਡਲ, ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਦੀ ਕੱਲ੍ਹ ਤੋਂ ਹੋਵੇਗੀ ਸ਼ੁਰੂਆਤ
ਭਾਰਤੀ ਨੇਜ਼ਾ ਸੁੱਟ ਐਥਲੀਟ ਨੀਰਜ ਚੋਪੜਾ ਦੇ ਮੈਡਲਾਂ ਦੀ ਅਲਮਾਰੀ ਵਿਚ ਸਿਰਫ਼ ਵਿਸ਼ਵ ਚੈਂਪੀਅਨਸ਼ਿਪ ਗੋਲਡ ਮੈਡਲ ਦੀ ਕਮੀ ਹੈ ਤੇ ਹੁਣ ਇਸ ਸੁਪਰ ਸਟਾਰ ਖਿਡਾਰੀ ਦੀਆਂ ਨਜ਼ਰਾਂ ਸ਼ਨਿਚਰਵਾਰ ਤੋਂ ਸ਼ੁਰੂ ਹੋਣ ਵਾਲੀ ਇਸ ਚੈਂਪੀਅਨਸ਼ਿਪ ਵਿਚ ਇਸੇ ਕਮੀ ਨੂੰ ਪੂਰਾ ਕਰਨ 'ਤੇ ਲੱਗੀਆਂ ਹਨ।
Publish Date: Fri, 18 Aug 2023 07:14 PM (IST)
Updated Date: Fri, 18 Aug 2023 11:42 PM (IST)
ਬੁਡਾਪੇਸਟ (ਪੀਟੀਆਈ) : ਭਾਰਤੀ ਨੇਜ਼ਾ ਸੁੱਟ ਐਥਲੀਟ ਨੀਰਜ ਚੋਪੜਾ ਦੇ ਮੈਡਲਾਂ ਦੀ ਅਲਮਾਰੀ ਵਿਚ ਸਿਰਫ਼ ਵਿਸ਼ਵ ਚੈਂਪੀਅਨਸ਼ਿਪ ਗੋਲਡ ਮੈਡਲ ਦੀ ਕਮੀ ਹੈ ਤੇ ਹੁਣ ਇਸ ਸੁਪਰ ਸਟਾਰ ਖਿਡਾਰੀ ਦੀਆਂ ਨਜ਼ਰਾਂ ਸ਼ਨਿਚਰਵਾਰ ਤੋਂ ਸ਼ੁਰੂ ਹੋਣ ਵਾਲੀ ਇਸ ਚੈਂਪੀਅਨਸ਼ਿਪ ਵਿਚ ਇਸੇ ਕਮੀ ਨੂੰ ਪੂਰਾ ਕਰਨ 'ਤੇ ਲੱਗੀਆਂ ਹਨ।
ਨੀਰਜ ਨੇ ਟੋਕੀਓ ਓਲੰਪਿਕ 2021 ਵਿਚ ਗੋਲਡ ਮੈਡਲ ਜਿੱਤਿਆ ਸੀ। 2018 ਵਿਚ ਏਸ਼ਿਆਈ ਖੇਡਾਂ ਤੇ ਰਾਸ਼ਟਰਮੰਡਲ ਖੇਡਾਂ ਵਿਚ ਗੋਲਡ ਮੈਡਲ ਜਿੱਤਣ ਤੋਂ ਬਾਅਦ ਉਹ ਪਿਛਲੇ ਸਾਲ ਡਾਇਮੰਡ ਲੀਗ ਚੈਂਪੀਅਨ ਵੀ ਬਣ ਗਏ ਸਨ। ਨੀਰਜ ਨੇ ਅਮਰੀਕਾ ਵਿਚ 2022 ਵਿਸ਼ਵ ਚੈਂਪੀਅਨਸ਼ਿਪ ਵਿਚ ਸਿਲਵਰ ਮੈਡਲ ਜਿੱਤਿਆ ਸੀ ਤੇ ਉਹ ਇਸ ਵਾਰ ਇੱਥੇ ਗੋਲਡ ਮੈਡਲ ਦੇ ਦਾਅਵੇਦਾਰਾਂ ਵਿਚ ਸ਼ਾਮਲ ਹੋਣਗੇ। ਜੇ ਨੀਰਜ ਵਿਸ਼ਵ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਜਿੱਤ ਲੈਂਦੇ ਹਨ ਤਾਂ ਉਹ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਤੋਂ ਬਾਅਦ ਓਲੰਪਿਕ ਤੇ ਵਿਸ਼ਵ ਚੈਂਪੀਅਨਸ਼ਿਪ ਦੇ ਨਿੱਜੀ ਮੁਕਾਬਲੇ ਵਿਚ ਪੀਲਾ ਮੈਡਲ ਜਿੱਤਣ ਵਾਲੇ ਦੂਜੇ ਭਾਰਤੀ ਬਣ ਜਾਣਗੇ। ਨੀਰਜ ਨੇ ਇਸ ਸੈਸ਼ਨ ਵਿਚ ਸਿਰਫ਼ ਦੋ ਸਿਖਰਲੀਆਂ ਚੈਂਪੀਅਨਸ਼ਿਪਾਂ (ਦੋਹਾ ਤੇ ਲੁਸਾਨੇ ਡਾਇਮੰਡ ਲੀਗ) ਵਿਚ ਹਿੱਸਾ ਲਿਆ ਹੈ ਤੇ ਦੋਵਾਂ ਵਿਚ ਉਨ੍ਹਾਂ ਨੇ ਗੋਲਡ ਮੈਡਲ ਜਿੱਤੇ ਹਨ। ਇਨ੍ਹਾਂ ਦੋਵਾਂ ਮੁਕਾਬਲਿਆਂ ਵਿਚਾਲੇ ਉਨ੍ਹਾਂ ਨੇ ਸੱਟ ਕਾਰਨ ਇਕ ਮਹੀਨੇ ਦਾ ਆਰਾਮ ਵੀ ਲਿਆ। ਗੋਲਡ ਮੈਡਲ ਦੇ ਦਾਅਵੇਦਾਰਾਂ ਵਿਚ ਉਨ੍ਹਾਂ ਤੋਂ ਇਲਾਵਾ ਚੈੱਕ ਗਣਰਾਜ ਦੇ ਜਾਕੂਬ ਵਾਡਲੇਚ, ਜਰਮਨੀ ਦੇ ਜੂਲੀਅਨ ਵੈਬਰ ਤੇ ਪਿਛਲੀ ਵਾਰ ਦੇ ਚੈਂਪੀਅਨ ਐਂਡਰਸਨ ਪੀਟਰਸ ਸ਼ਾਮਲ ਹਨ। ਡੀਪੀ ਮਨੂ ਤੇ ਕਿਸ਼ੋਰ ਜੇਨਾ ਵੀ ਮਰਦ ਨੇਜ਼ਾ ਸੁੱਟ ਮੁਕਾਬਲੇ ਵਿਚ ਹਿੱਸਾ ਲੈਣ ਵਾਲੇ ਦੋ ਹੋਰ ਭਾਰਤੀ ਹਨ। ਜੇਨਾ ਦਾ ਵੀਜ਼ਾ ਵੀਰਵਾਰ ਨੂੰ ਹੰਗਰੀ ਦੇ ਦੂਤਘਰ ਵੱਲੋਂ ਰੱਦ ਕਰ ਦਿੱਤਾ ਗਿਆ ਸੀ ਪਰ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਮਨਜ਼ੂਰੀ ਮਿਲ ਗਈ ਹੈ।