ਪਾਕਿਸਤਾਨੀ ਟੀਮ ਦੇ ਧੂੰਆਂਧਾਰ ਸਟਰਾਈਕਰ ਓਲੰਪੀਅਨ ਸਮੀਉਲ੍ਹਾ ਖਾਨ ਤੇ ਕਲੀਮਉੱਲ੍ਹਾ ਖਾਨ ਦੇ ਚਾਚਾ ਮੋਤੀਉੱਲ੍ਹਾ ਖਾਨ ਨੇ ਤਿੰਨ ਵਾਰ ਓਲੰਪਿਕ ਹਾਕੀ ਤੇ ਇਕ ਏਸ਼ੀਅਨ ਹਾਕੀ ਮੁਕਾਬਲੇ ’ਚ ਪਾਕਿਸਤਾਨੀ ਹਾਕੀ ਟੀਮ ਦੀ ਪ੍ਰਤੀਨਿੱਧਤਾ ਕੀਤੀ। ਜਨਵਰੀ-31, 1938 ’ਚ ਬਹਾਵਲਪੁਰ ’ਚ ਜਨਮੇਂ ਮੋਤੀਉੱਲ੍ਹਾ ਖਾਨ ਨੇ ਕਰੀਅਰ ਦਾ ਪਹਿਲਾ ਓਲੰਪਿਕ ਹਾਕੀ ਮੁਕਾਬਲਾ ਮੈਲਬਰਨ-1956 ’ਚ ਖੇਡਿਆ।

ਪਾਕਿਸਤਾਨੀ ਟੀਮ ਦੇ ਧੂੰਆਂਧਾਰ ਸਟਰਾਈਕਰ ਓਲੰਪੀਅਨ ਸਮੀਉਲ੍ਹਾ ਖਾਨ ਤੇ ਕਲੀਮਉੱਲ੍ਹਾ ਖਾਨ ਦੇ ਚਾਚਾ ਮੋਤੀਉੱਲ੍ਹਾ ਖਾਨ ਨੇ ਤਿੰਨ ਵਾਰ ਓਲੰਪਿਕ ਹਾਕੀ ਤੇ ਇਕ ਏਸ਼ੀਅਨ ਹਾਕੀ ਮੁਕਾਬਲੇ ’ਚ ਪਾਕਿਸਤਾਨੀ ਹਾਕੀ ਟੀਮ ਦੀ ਪ੍ਰਤੀਨਿੱਧਤਾ ਕੀਤੀ। ਜਨਵਰੀ-31, 1938 ’ਚ ਬਹਾਵਲਪੁਰ ’ਚ ਜਨਮੇਂ ਮੋਤੀਉੱਲ੍ਹਾ ਖਾਨ ਨੇ ਕਰੀਅਰ ਦਾ ਪਹਿਲਾ ਓਲੰਪਿਕ ਹਾਕੀ ਮੁਕਾਬਲਾ ਮੈਲਬਰਨ-1956 ’ਚ ਖੇਡਿਆ, ਜਿਸ ’ਚ ਟੀਮ ਕਪਤਾਨ ਅਬਦੁੱਲ ਹਮੀਦ ਦੀ ਟੀਮ ਨੇ ਖਿਤਾਬੀ ਮੈਚ ਭਾਰਤੀ ਟੀਮ ਤੋਂ 1-0 ਗੋਲ ਨਾਲ ਹਾਰਨ ਸਦਕਾ ਸਿਲਵਰ ਮੈਡਲ ਹਾਸਲ ਕੀਤਾ। ਮੋਤੀਉੱਲ੍ਹਾ ਖਾਨ ਦੀ ਚੋਣ ਰੋਮ-1960 ਓਲੰਪਿਕ ਹਾਕੀ ਟੂਰਨਾਮੈਂਟ ਖੇਡਣ ਲਈ ਕੀਤੀ ਗਈ। ਅਬਦੁੱਲ ਹਮੀਦ ਦੀ ਕਮਾਨ ’ਚ ਪਾਕਿ ਟੀਮ ਦਾ ਓਲੰਪਿਕ ਹਾਕੀ ਦੇ ਫਾਈਨਲ ’ਚ ਦੂਜੀ ਵਾਰ ਫੇਰ ਮੁਕਾਬਲਾ ਪ੍ਰਸਪਰ ਵਿਰੋਧੀ ਮੁਲਕ ਭਾਰਤ ਨਾਲ ਹੋਇਆ। ਦੋ ਵਾਰ ਪਾਕਿ ਟੀਮ ਦੀ ਓਲੰਪਿਕ ਹਾਕੀ ’ਚ ਨੁਮਾਇੰਦਗੀ ਕਰਨ ਵਾਲੇ ਮੋਤੀਉੱਲ੍ਹਾ ਖਾਨ ਜਕਾਰਤਾ-1962 ਏਸ਼ਿਆਈ ਹਾਕੀ ਖੇਡਣ ਲਈ ਮੈਦਾਨ ’ਚ ਕੁੱਦਿਆ। ਟੋਕੀਓ-1964 ਦਾ ਓਲੰਪਿਕ ਮੁਕਾਬਲਾ ਖੇਡਣ ਸਦਕਾ ਮੋਤੀਉੱਲ੍ਹਾ ਖਾਨ ਨੇ ਓਲੰਪਿਕ ਹਾਕੀ ਖੇਡਣ ਦੀ ਹੈਟਰਿਕ ਪੂਰੀ ਕੀਤੀ। ਕਪਤਾਨ ਮਨਜ਼ੂਰ ਹੂਸੈਨ ਆਤਿਫ ਦੀ ਕਮਾਨ ’ਚ ਪਾਕਿ ਟੀਮ ਨੇ ਲਗਾਤਾਰ ਤੀਜੀ ਵਾਰ ਭਾਰਤੀ ਹਾਕੀ ਟੀਮ ਨਾਲ ਫਾਈਨਲ ਖੇਡਿਆ ਪਰ ਇਸ ਵਾਰ ਭਾਰਤੀ ਖਿਡਾਰੀਆਂ ਨੇ ਪਾਕਿ ਟੀਮ ਨੂੰ 1-0 ਗੋਲ ਨਾਲ ਮਾਤ ਦੇਂਦਿਆਂ ਗੋਲਡ ਮੈਡਲ ਜਿੱਤਣ ’ਚ ਸਫਲਤਾ ਹਾਸਲ ਕੀਤੀ। 81 ਬਸੰਤਾਂ ਹੰਢਾਅ ਚੁੱਕੇ ਮੋਤੀਉੱਲ੍ਹਾ ਖਾਨ ਦੀਆਂ ਹਾਕੀ ਸੇਵਾਵਾਂ ਨੂੰ ਵੇਖਦਿਆਂ ਬਹਾਵਲਪੁਰ ’ਚ ’ਚ ਮੋਤੀਉੱਲ੍ਹਾ ਖਾਨ ਹਾਕੀ ਸਟੇਡੀਅਮ ਦਾ ਨਿਰਮਾਣ ਕੀਤਾ ਗਿਆ ਹੈ। ਮੋਤੀਉੱਲ੍ਹਾ ਖਾਨ ਨੂੰ 1963 ’ਚ ਪਾਕਿਸਤਾਨ ਦੇ ਰਾਸ਼ਟਰਪਤੀ ਵਲੋਂ ‘ਤਮਗਾ-ਏ-ਇਮਤਿਆਜ਼ ਐਵਾਰਡ’ ਨਾਲ ਸਨਮਾਨਿਆ ਜਾ ਚੁੱਕਾ ਹੈ।
ਓਲੰਪੀਅਨ ਸਮੀਉੱਲ੍ਹਾ ਖਾਨ
‘ਫਲਾਇੰਗ ਹੌਰਸ’ ਦੇ ਲਕਬ ਨਾਲ ਜਾਣੇ ਜਾਂਦੇ ਸਮੀਉੱਲ੍ਹਾ ਖਾਨ ਦੀ ਖੇਡ ’ਚ ਸੱਚਮੁਚ ਹੀ ਅਨੂਠੀ ਤਾਜ਼ਗੀ ਤੇ ਬਿਲੌਰੀ ਚਮਕ ਸੀ। ਸਮੀੳੱੁਲ੍ਹਾ ਦੇ ਸਮਕਾਲੀ ਖਿਡਾਰੀਆਂ ’ਚ ਹਸਨ ਸਰਦਾਰ, ਕਲੀਮਉੁੱਲ੍ਹਾ ਖਾਨ, ਮਨਜ਼ੂਰ ਜੂਨੀਅਰ ਅਤੇ ਹਨੀਫ ਖਾਨ ਦਾ ਸੰਸਾਰ ਹਾਕੀ ’ਚ ਸਰਦਾਰੀ ਰਹੀ ਪਰ ਸਮੀਉੱਲ੍ਹਾ ਖਾਨ ਤੋਂ ਬਿਨਾਂ ਪਾਕਿਸਤਾਨ ਕੌਮੀ ਹਾਕੀ ਟੀਮ ਉਣੀ ਆਂਕੀ ਜਾਂਦੀ ਸੀ। ਸਮੀਉੱਲ੍ਹਾ ਖਾਨ ਹਮਲਾਵਰ ਪਾਲ ’ਚ ਲੈਫਟ ਆਊਟ ਭਾਵ ਖੱਬੀ ਕੰਨੀ ’ਤੇ ਖੇਡਿਆ ਕਰਦਾ ਸੀ ਜਦਕਿ ਉਸ ਦਾ ਛੋਟਾ ਭਰਾ ਕਲੀਮਉੱਲ੍ਹਾ ਖਾਨ ਫਾਰਵਰਡ ਲਾਈਨ ’ਚ ਰਾਈਟ ਆਊਟ ਭਾਵ ਸੱਜੀ ਕੰਨੀ ’ਤੇ ਖੇਡਿਆ ਕਰਦਾ ਸੀ। ਹਾਫ ਲਾਈਨ ਤੋਂ ਜਾਂ ਆਪਣੇ ਡਿਫੈਂਡਰਾਂ ਤੋਂ ਮਿਲੀ ਬਾਲ ਨੂੰ ਕੰਟਰੋਲ ਕਰਨ ਤੋਂ ਬਾਅਦ ਸਮੀਉੱਲ੍ਹਾ ਨੂੰ ਆਪਣੀ ਹਾਕੀ ਸਕਿੱਲ ਨਾਲ ਆਪ ਸਕੋਰ ਕਰਨ ਤੋਂ ਇਲਾਵਾ ਆਪਣੇ ਸਾਥੀ ਖਿਡਾਰੀਆਂ ਤੋਂ ਗੋਲ ਕਰਾਉਣ ਦੀ ਖਾਸ ਮੁਹਾਰਤ ਹਾਸਲ ਸੀ। ਸਮੀਉੱਲ੍ਹਾ ਦੀ ਲਾਸਾਨੀ ਖੇਡ ਨੇ ਆਲਮੀ ਹਾਕੀ ਦੇ ਹਰ ਹਾਕੀ ਪ੍ਰੇਮੀ ਦੇ ਦਿਲ ’ਤੇ ਡੰੂਘੀ ਛਾਪ ਛੱਡੀ ਹੈ। ਸਮੀਉਲ੍ਹਾ ਖਾਨ, ਹਾਕੀ ਓਲੰਪੀਅਨ ਮੋਤੀਉੱਲ੍ਹਾ ਖਾਨ ਦਾ ਸਕਾ ਭਤੀਜਾ ਅਤੇ ਓਲੰਪੀਅਨ ਕਲੀਮਉੱਲਾ ਖਾਨ ਦਾ ਵੱਡਾ ਭਰਾ ਹੈ। ਸਮੀਉੱਲ੍ਹਾ ਦਾ ਜਨਮ ਸਤੰਬਰ 6, 1951 ’ਚ ਪਾਕਿਸਤਾਨ ਦੇ ਜ਼ਿਲ੍ਹਾ ਬਹਾਵਲਪੁਰ ’ਚ ਹੋਇਆ। ਸਮੀਉੱਲ੍ਹਾ ਖਾਨ ਨੇ ਇਸਲਾਮੀਆ ਕਾਲਜ ਤੋਂ ਹਾਕੀ ਖੇਡਣ ਦੀ ਸ਼ੁਰੂਆਤ ਕੀਤੀ। ਇਸੇ ਕਾਲਜ ਤੋਂ ਗਰੈਜੂਏਸ਼ਨ ਕਰਦੇ ਸਾਰ ਹੀ ਸਮੀਉੱਲ੍ਹਾ ਖਾਨ ਨੂੰ ਪਾਕਿਸਤਾਨੀ ਕੌਮੀ ਟੀਮ ਨਾਲ ਕੈਂਪ ਸਾਂਝਾ ਕਰਨ ਦਾ ਸੱਦਾ ਹਾਸਲ ਹੋਇਆ। ਇਸ ਟਰੇਨਿੰਗ ਕੈਂਪ ਤੋਂ ਬਾਅਦ ਸਮੀਉੱਲ੍ਹਾ ਖਾਨ ਨੇ ਕੌਮਾਂਤਰੀ ਹਾਕੀ ਦੇ ਪਿੜ ’ਚ ਕਦਮ ਰੱਖਿਆ। ਮੈਦਾਨ ’ਚ ਵਿਰੋਧੀ ਡਿਫੈਂਡਰਾਂ ਦਾ ਗਰੂਰ ਤੋੜਨ ਵਾਲੇ ਸਮੀਉੱਲ੍ਹਾ ਖਾਨ ਨੇ 1973 ’ਚ ਕੌਮਾਂਤਰੀ ਖੇਡ ਕਰੀਅਰ ਦੀ ਸ਼ੁਰੂਆਤ ਕੀਤੀ। ਲਗਾਤਾਰ 10 ਸਾਲ ਤੂਫਾਨੀ ਖੇਡ ਨਾਲ ਵਿਰੋਧੀ ਟੀਮਾਂ ਦੇ ਤੂੰਬੇ ਉਡਾਉਣ ਵਾਲੇ ਸਮੀਉੱਲਾ ਨੇ 1982 ’ਚ ਆਪਣੀ ਹਾਕੀ ਕਿੱਲੀ ’ਤੇ ਟੰਗ ਦਿੱਤੀ। ਕੌਮਾਂਤਰੀ ਕਰੀਅਰ ’ਚ 151 ਮੈਚਾਂ ਦੀ ਲੰਬੀ ਪਾਰੀ ਖੇਡਣ ਵਾਲੇ ਸਮੀਉੱਲ੍ਹਾ ਖਾਨ ਨੇ ਵਿਰੋਧੀ ਟੀਮਾਂ ਸਿਰ 54 ਗੋਲਾਂ ਦੀ ਸਕੋਰ ਲਾਈਨ ਖੜ੍ਹੀ ਕਰਨ ਦਾ ਕਰਿਸ਼ਮਾ ਕੀਤਾ। ਸਮੀਉੱਲ੍ਹਾ ਖਾਨ ਨੇ ਬਿਊਨਿਸ ਏਰੀਅਸ-1978 ਦੇ ਆਲਮੀ ਕੱਪ ’ਚ ਦੂਜੀ ਵਾਰ ਵਿਸ਼ਵ ਹਾਕੀ ਚੈਂਪੀਅਨ ਨਾਮਜ਼ਦ ਹੋਈ ਪਾਕਿਸਤਾਨੀ ਟੀਮ ਦੀ ਨੁਮਾਇੰਦਗੀ ਕੀਤੀ। ਸਮੀਉੱਲ੍ਹਾ ਖਾਨ ਨੇ ਲਾਹੌਰ-1978, ਕਰਾਚੀ-1980, ਕਰਾਚੀ-1981 ਅਤੇ ਐਮਸਟਰਡਮ-1982 ’ਚ ਖੇਡੇ ਗਏ ਚਾਰ ਵਿਸ਼ਵ ਹਾਕੀ ਚੈਂਪੀਅਨਜ਼ ਹਾਕੀ ਟਰਾਫੀ ਮੁਕਾਬਲਿਆਂ ’ਚ ਪਾਕਿ ਟੀਮ ਦੀ ਨੁਮਾਇੰਦਗੀ ਕੀਤੀ। ਲਾਹੌਰ ’ਚ ਖੇਡੀ ਗਈ ਪਹਿਲੀ ਚੈਂਪੀਅਨਜ਼ ਹਾਕੀ ਟਰਾਫੀ ’ਚ ਇਸਲਾਊਦੀਨ ਸਦੀਕੀ ਦੀ ਕਪਤਾਨੀ ’ਚ ਟੀਮ ਨੇ ਫਾਈਨਲ ’ਚ ਆਸਟਰੇਲੀਆ ਨੂੰ ਹਰਾ ਕੇ ਗੋਲਡ ਮੈਡਲ ਚੁੰਮਿਆ। ਜ਼ਿੰਦਗੀ ਦੀਆਂ 68 ਬਸੰਤਾਂ ਹੰਢਾਅ ਚੁੱਕੇ ਸਿਰਮੌਰ ਹਾਕੀ ਓਲੰਪੀਅਨ ਸਮੀਉੱਲ੍ਹਾ ਖਾਨ ਦੀਆਂ ਵਿਸ਼ਵ ਅਤੇ ਦੇਸ਼ ਦੀ ਹਾਕੀ ਨੂੰ ਦਿੱਤੀਆਂ ਵੱਡਮੁੱਲੀਆਂ ਸੇਵਾਵਾਂ ਮੁੱਖ ਰੱਖਦਿਆਂ 1983 ’ਚ ਪਾਕਿਸਤਾਨੀ ਰਾਸ਼ਟਰਪਤੀ ਵਲੋਂ ‘ਪਰਾਈਡ ਆਫ ਦਿ ਪ੍ਰਫਾਰਮੈਂਸ ਐਵਰਾਡ’ ਅਤੇ 2014 ’ਚ ‘ਸਿਤਾਰਾ-ਏ-ਇਮਤਿਆਜ਼ ਐਵਾਰਡ’ ਨਾਲ ਸਨਮਾਨਤ ਕੀਤਾ ਗਿਆ।
ਓਲੰਪੀਅਨ ਕਲੀਮਉੱਲ੍ਹਾ ਖਾਨ
ਕਲੀਮਉੱਲ੍ਹਾ ਖਾਨ ਨੇ ਹਾਕੀ ਖੇਡਣ ਦਾ ਤਜਰਬਾ ਆਪਣੇ ਹਾਕੀ ਓਲੰਪੀਅਨ ਚਾਚਾ ਮੋਤੀਉੱਲ੍ਹਾ ਖਾਨ ਅਤੇ ਵੱਡੇ ਭਰਾ ਸਮੀਉੱਲ੍ਹਾ ਖਾਨ ਤੋਂ ਹਾਸਲ ਹੋਇਆ। ਤਿੰਨ ਓਲੰਪਿਕ ਹਾਕੀ ਮੁਕਾਬਲਿਆਂ ’ਚ ਪਾਕਿਸਤਾਨ ਦੀ ਨੁਮਾਇੰਦਗੀ ਕਰਨ ਵਾਲੇ ਚਾਚਾ ਮੋਤੀਉੱਲ੍ਹਾ ਖਾਨ ਤੋਂ ਹਾਕੀ ਖੇਡਣ ਦੇ ਗੁਰ ਸਿੱਖ ਕੇ ਪਹਿਲਾਂ ਸਮੀਉੱਲ੍ਹਾ ਖਾਨ ਅਤੇ ਬਾਅਦ ’ਚ ਛੋਟੇ ਭਰਾ ਕਲੀਮਉੱਲ੍ਹਾ ਖਾਨ ਨੂੰ ਕੌਮੀ ਟੀਮ ਨਾਲ ਮੈਦਾਨ ’ਚ ਕੌਮਾਂਤਰੀ ਹਾਕੀ ਖੇਡਣ ਦਾ ਸੁਭਾਗ ਹਾਸਲ ਹੋਇਆ। ਕਲੀਮਉੱਲ੍ਹਾ ਖਾਨ ਨੂੰ ਵੱਡੇ ਭਰਾ ਸਮੀਉੱਲ੍ਹਾ ਖਾਨ ਨਾਲ ਵਿਸ਼ਵ ਹਾਕੀ ਕੱਪ ਮੁੰਬਈ1982, ਏਸ਼ੀਅਨ ਹਾਕੀ ਨਵੀਂ ਦਿੱਲੀ-1982, ਏਸ਼ੀਆ ਹਾਕੀ ਕੱਪ ਕਰਾਚੀ-1982 ਤੇ ਸੰਸਾਰ ਚੈਂਪੀਅਨਜ਼ ਹਾਕੀ ਟਰਾਫੀ ਕਰਾਚੀ-1980, ਕਰਾਚੀ-1981 ਅਤੇ ਐਮਸਟਰਡਮ-1982 ਦੇ ਤਿੰਨ ਅਡੀਸ਼ਨ ਖੇਡਣ ਦਾ ਰੁਤਬਾ ਹਾਸਲ ਹੋਇਆ। ਇਕ ਸਮਾਂ ਅਜਿਹਾ ਵੀ ਆਇਆ ਜਦੋਂ ਦੋਵੇਂ ਭਰਾਵਾਂ ਸਮੀਉੱਲ੍ਹਾ ਖਾਨ ਅਤੇ ਕਲੀਮਉੱਲ੍ਹਾ ਖਾਨ ਦੀ ਮੈਦਾਨ ’ਚ ਹਾਜ਼ਰੀ ਨਾਲ ਵਿਰੋਧੀ ਹਾਕੀ ਟੀਮਾਂ ਨੂੰ ਕਾਂਬੇ ਦਾ ਬੁਖਾਰ ਚੜ੍ਹ ਜਾਂਦਾ ਸੀ। ਮੈਦਾਨ ਦੀ ਫਾਰਵਰਡ ਪੰਕਤੀ ’ਚ ਸੱਜੀ ਅਤੇ ਖੱਬੀ ਕੰਨੀ ’ਤੇ ਖੇਡਣ ਵਾਲੇ ਦੋਵੇਂ ਭਰਾਵਾਂ ਸਮੀਉੱਲ੍ਹਾ ਖਾਨ ਅਤੇ ਕਲੀਮਉੱਲ੍ਹਾ ਖਾਨ ਦੀ ਲਾਸਾਨੀ ਖੇਡ ਨਾਲ ਹਾਕੀ ਦਰਸ਼ਕਾਂ ਦੇ ਸੀਨੇ ਠਾਰੇ ਜਾਂਦੇ ਸਨ। ਹਾਫ ਲਾਈਨ ਤੋਂ ਮਿਲੀ ਬਾਲ ਨੂੰ ਸਕਿੱਲ ਨਾਲ ਕੰਟਰੋਲ ਕਰਕੇ ਗੋਲ ਕਰਨੋਂ ਤਾਂ ਖਾਨ ਭਰਾਵਾਂ ਨੂੰ ਹਾਕੀ ਦਾ ਫਰੀਸ਼ਤਾ ਵੀ ਨਹੀਂ ਰੋਕ ਸਕਦਾ ਸੀ। ਦੋਵੇਂ ਭਰਾਵਾਂ ਨਾਲ ਉਦੋਂ ਅਗਲੀ ਪਾਲ ’ਚ ਖੇਡਣ ਵਾਲੇ ਹਸਨ ਸਰਦਾਰ, ਹਨੀਫ ਖਾਨ ਅਤੇ ਮਨਜ਼ੂਰ ਜੂਨੀਅਰ ਦੀ ਖੇਡ ਦਾ ਵੀ ਕੋਈ ਲੇਖਾ ਨਹੀਂ ਸੀ। ਹਾਕੀ ਓਲੰਪੀਅਨ ਮੋਤੀਉੱਲ੍ਹਾ ਖਾਨ ਦੇ ਭਤੀਜੇ ਅਤੇ ਓਲੰਪੀਅਨ ਸਮੀਉੱਲ੍ਹਾ ਖਾਨ ਦੇ ਛੋਟੇ ਭਰਾ ਕਲੀਮਉੱਲ੍ਹਾ ਖਾਨ ਦਾ ਜਨਮ 2 ਜਨਵਰੀ, 1958 ’ਚ ਪਾਕਿਸਤਾਨ ਦੇ ਜ਼ਿਲ੍ਹਾ ਬਹਾਵਲਪੁਰ ’ਚ ਹੋਇਆ। 1979 ’ਚ ਕੌਮਾਂਤਰੀ ਹਾਕੀ ਦੀ ਪਾਰੀ ਆਗਾਜ਼ ਕਰਨ ਵਾਲੇ ਕਲੀਮਉੱਲ੍ਹਾ ਖਾਨ 1986 ’ਚ ਹਾਕੀ ਮੈਦਾਨ ਨੂੰ ਆਖਰੀ ਸਲਾਮ ਮਾਰ ਕੇ ਆਪਣੀ ਜਰਸੀ ਕਿੱਲੀ ’ਤੇ ਟੰਗ ਦਿੱਤੀ। ਦੋਵੇਂ ਭਰਾਵਾਂ ਸਮੀਉੱਲ੍ਹਾ ਖਾਨ ਅਤੇ ਕਲੀਮਉੱਲ੍ਹਾ ਖਾਨ ਨੂੰ ਹਾਕੀ ਮੈਦਾਨ ’ਚ ਉਤਾਰਨ ਦਾ ਸਿਹਰਾ ਉਨ੍ਹਾਂ ਦੇ ਹਾਕੀ ਓਲੰਪੀਅਨ ਚਾਚਾ ਮੋਤੀਉੱਲ੍ਹਾ ਖਾਨ ਨੂੰ ਜਾਂਦਾ ਹੈ। ਅੱਠ ਸਾਲ ਰੱਜ ਕੇ ਆਲਮੀ ਹਾਕੀ ਖੇਡਣ ਵਾਲੇ ਕਲੀਮਉੱਲ੍ਹਾ ਖਾਨ ਕੌਮਾਂਤਰੀ ਕਰੀਅਰ ’ਚ 176 ਮੈਚਾਂ ਪਾਕਿਸਤਾਨੀ ਹਾਕੀ ਟੀਮ ਦੀ ਪ੍ਰਤੀਨਿੱਧਤਾ ਕੀਤੀ। ਆਪਣੀ ਹਾਕੀ ’ਚੋਂ 97 ਗੋਲ ਕੱਢਣ ਵਾਲੇ ਕਲੀਮਉੱਲ੍ਹਾ ਖਾਨ ਨੂੰ ਮਨਜ਼ੂਰ ਜੂਨੀਅਰ ਕਪਤਾਨੀ ’ਚ ਪੈਰਿਸ-1979 ਜੂਨੀਅਰ ਵਿਸ਼ਵ ਹਾਕੀ ਕੱਪ ਖੇਡਣ ਦਾ ਰੁਤਬਾ ਹਾਸਲ ਹੋਇਆ। ਕਲੀਮਉੱਲ੍ਹਾ ਖਾਨ ਦੀ ਸ਼ਾਨਦਾਰ ਖੇਡ ਦਾ ਅੰਦਾਜ਼ਾ ਤਾਂ ਉਸ ਵਲੋਂ ਫਾਈਨਲ ਮੈਚਾਂ ’ਚ ਕੀਤੇ ਸਕੋਰਾਂ ਤੋਂ ਲਗਾਇਆ ਜਾ ਸਕਦਾ ਹੈ। ਲਾਸ ਏਂਜਲਸ-1982 ਓਲੰਪਿਕ ’ਚ ਜਰਮਨੀ ਵਿਰੁੱਧ ਖਿਤਾਬੀ ਮੈਚ 01-01 ਗੋਲ ਨਾਲ ਬਰਾਬਰ ਰਹਿਣ ਤੋਂ ਬਾਅਦ ਵਾਧੂ ਸਮੇਂ ’ਚ ਜੇਤੂ ਗੋਲ ਦਾਗਣ ਵਾਲੇ ਕਲੀਮਉੱਲ੍ਹਾ ਖਾਨ ਨੂੰ ਏਸ਼ੀਅਨ ਗੇਮਜ਼ ਨਵੀਂ ਦਿੱਲੀ ’ਚ ਭਾਰਤ ਵਿਰੁੱਧ ਖੇਡੇ ਫਾਈਨਲ ’ਚ 02 ਗੋਲ, ਏਸ਼ੀਆ ਹਾਕੀ ਕੱਪ ਕਰਾਚੀ-1982 ਅਤੇ ਏਸ਼ੀਆ ਹਾਕੀ ਕੱਪ ਢਾਕਾ-1985 ਦੇ ਫਾਈਨਲ ਮੈਚਾਂ ’ਚ ਕਰਮਵਾਰ 1-1 ਗੋਲ ਅਤੇ ਸੰਸਾਰ ਹਾਕੀ ਕੱਪ ਮੁੰਬਈ-1982 ’ਚ ਜਰਮਨੀ ਖਿਲਾਫ ਫਾਈਨਲ ’ਚ 1 ਗੋਲ ਦਾਗਣ ਸਦਕਾ ਕੌਮਾਂਤਰੀ ਹਾਕੀ ਜਿਊਰੀ ਵਲੋਂ ‘ਗੋਲਡਨ ਸਕੋਰਰ ਆਫ ਵਰਲਡ ਹਾਕੀ’ ਅਤੇ ‘ਗੋਲਡਨ ਪਲੇਅਰ ਆਫ ਆਲਮੀ ਹਾਕੀ’ ਦੇ ਸਨਮਾਨ ਹਾਸਲ ਹੋਏ। 1982 ’ਚ ਇਕ ਸਾਲ ਕੈਲੰਡਰ ’ਚ 27 ਗੋਲ ਆਪਣੀ ਸਟਿੱਕ ’ਚੋਂ ਕੱਢਣ ਵਾਲੇ ਕਲੀਮਉੱਲ੍ਹਾ ਖਾਨ ਪੂਰੇ ਕਰੀਅਰ ’ਚ ਭਾਰਤੀ ਹਾਕੀ ਟੀਮ ਵਿਰੁੱਧ 13 ਗੋਲ ਕਰਨ ਦਾ ਜੱਸ ਖੱਟਿਆ। ਏਸ਼ੀਅਨ ਗੇਮਜ਼ ਸਿਓਲ-1986 ਅਤੇ ਵਿਸ਼ਵ ਹਾਕੀ ਕੱਪ ਲੰਡਨ-1986 ’ਚ ਪਾਕਿ ਟੀਮ ਦੀ ਕਮਾਨ ਸਾਂਭਣ ਵਾਲੇ ਕਲੀਮਉੱਲ੍ਹਾ ਖਾਨ ਨੂੰ ਦੋ ਵਾਰ ਏਸ਼ੀਅਨ ਹਾਕੀ ’ਚ ਕੌਮੀ ਟੀਮ ਦੀ ਨੁਮਾਇੰਦਗੀ ਕਰਨ ਦਾ ਅਧਿਕਾਰ ਹਾਸਲ ਹੋਇਆ। ਨਵੀਂ ਦਿੱਲੀ ਏਸ਼ੀਅਨ ਗੇਮਜ਼ ’ਚ ਕਲੀਮਉੱਲ੍ਹਾ ਖਾਨ ਨੇ 04 ਅਤੇ ਸਿਓਲ ਏਸ਼ੀਅਨ ਖੇਡਾਂ ’ਚ 02 ਗੋਲ ਕਰਨ ’ਚ ਸਫਲਤਾ ਹਾਸਲ ਕੀਤੀ। ਵੱਡੇ ਭਰਾ ਸਮੀਉੱਲ੍ਹਾ ਖਾਨ ਦੀ ਕਪਤਾਨੀ ’ਚ ਏਸ਼ਿਆਈ ਖੇਡਾਂ ਨਵੀਂ ਦਿੱਲੀ-1982 ’ਚ ਮਹਿਮਾਨ ਪਾਕਿ ਟੀਮ ਨੇ ਮੇਜ਼ਬਾਨ ਭਾਰਤੀ ਟੀਮ ਨੂੰ ਇਕਪਾਸੜ ਖਿਤਾਬੀ ਮੈਚ ’ਚ 7-1 ਗੋਲ ਅੰਤਰ ਨਾਲ ਹਰਾ ਕੇ ਸੋਨ ਤਗਮਾ ਹਾਸਲ ਕੀਤਾ। ਸਿਓਲ-1986 ’ਚ ਕਲੀਮਉੱਲ੍ਹਾ ਖਾਨ ਦੀ ਕਪਤਾਨੀ ’ਚ ਪਾਕਿ ਟੀਮ ਨੇ ਮੇਜ਼ਬਾਨ ਟੀਮ ਦੱਖਣੀ ਕੋਰੀਆ ਨਾਲ ਫਾਈਨਲ ਮੈਚ 2-1 ਗੋਲ ਨਾਲ ਹਾਰਨ ਸਦਕਾ ਚਾਂਦੀ ਦਾ ਮੈਡਲ ਜਿੱਤਿਆ।
ਸਟਰਾਈਕਰ ਕਲੀਮਉੱਲ੍ਹਾ ਖਾਨ
ਤੇਜ਼-ਤਰਾਰ ਸਟਰਾਈਕਰ ਕਲੀਮਉੱਲ੍ਹਾ ਖਾਨ ਦੋ ਏਸ਼ੀਆ ਹਾਕੀ ਕੱਪ ਟੂਰਨਾਮੈਂਟਾਂ ’ਚ ਕੌਮੀ ਟੀਮ ਨਾਲ ਮੈਦਾਨ ’ਚ ਖੇਡਿਆ। ਏਸ਼ੀਆ ਹਾਕੀ ਕੱਪ ਦੇ ਦੋ ਟੂਰਨਾਮੈਂਟਾਂ ’ਚ ਕਲੀਮਉੱਲ੍ਹਾ ਖਾਨ ਵਲੋਂ 5-5 ਭਾਵ 10 ਗੋਲ ਦਾਗਣ ਦਾ ਕਰਿਸ਼ਮਾ ਕੀਤਾ ਗਿਆ। ਦੋਵੇਂ ਏਸ਼ਿਆਈ ਹਾਕੀ ਕੱਪ ਮੁਕਾਬਲਿਆਂ ’ਚ ਕਲੀਮਉੱਲ੍ਹਾ ਖਾਨ ਦੀ ਖੇਡ ਦਾ ਆਲਮ ਇਹ ਰਿਹਾ ਕਿ ਉਸ ਵਲੋਂ ਏਸ਼ੀਆ ਕੱਪ ਦੇ ਦੋਵੇਂ ਹੀ ਫਾਈਨਲ ਮੈਚਾਂ ’ਚ 1-1 ਗੋਲ ਦਾਗਿਆ ਗਿਆ। ਦੋਵੇਂ ਹੀ ਕਰਾਚੀ-1982 ’ਚ ਆਪਣੀ ਮੇਜ਼ਬਾਨੀ ’ਚ ਖੇਡੇ ਗਏ ਪਲੇਠੇ ਏਸ਼ੀਆ ਹਾਕੀ ਕੱਪ ਦੇ ਫਾਈਨਲ ’ਚ ਭਾਰਤੀ ਹਾਕੀ ਟੀਮ ਨੂੰ 4-0 ਗੋਲ ਨਾਲ ਹਰਾ ਕੇ ਘਰੇਲੂ ਹਾਕੀ ਪ੍ਰੇਮੀਆਂ ਨੂੰ ਜਿੱਤ ਨਾਲ ਨਿਹਾਲ ਕੀਤਾ। ਪੈਰਿਸ-1979 ਦੇ ਜੂਨੀਅਰ ਵਰਲਡ ਹਾਕੀ ਕੱਪ ’ਚ ਮਨਜ਼ੂਰ ਜੂਨੀਅਰ ਦੀ ਕਪਤਾਨੀ ’ਚ ਚੈਂਪੀਅਨ ਬਣੀ ਪਾਕਿਸਤਾਨੀ ਜੂਨੀਅਰ ਟੀਮ ਦੀ ਨੁਮਾਇੰਦਗੀ ਕਰਨ ਵਾਲੇ ਕਲੀਮਉੱਲ੍ਹਾ ਖਾਨ ਨੂੰ ਸੀਨੀਅਰ ਹਾਕੀ ਟੀਮ ਨਾਲ ਦੋ ਵਿਸ਼ਵ ਹਾਕੀ ਕੱਪ ਖੇਡਣ ਦਾ ਰੁਤਬਾ ਹਾਸਲ ਹੋਇਆ। ਦੋਵੇਂ ਸੰਸਾਰ-ਵਿਆਪੀ ਹਾਕੀ ਮੁਕਾਬਲਿਆਂ ’ਚ ਕਲੀਮਉੱਲ੍ਹਾ ਖਾਨ ਨੇ ਟੂਰਨਾਮੈਂਟ ਦੀ ਸਕੋਰ ਲਾਈਨ ’ਚ 10 ਗੋਲ ਜਮ੍ਹਾਂ ਕਰਵਾਏ। ਕਪਤਾਨ ਅਖਤਰ ਰਸੂਲ ਦੀ ਕਮਾਨ ’ਚ ਪਾਕਿ ਹਾਕੀ ਖਿਡਾਰੀਆਂ ਨੇ ਜਰਮਨੀ ਨੂੰ 3-1 ਗੋਲ ਅੰਤਰ ਨਾਲ ਹਰਾ ਕੇ ਤੀਜੀ ਵਾਰ ਵਿਸ਼ਵ-ਵਿਆਪੀ ਹਾਕੀ ਦਾ ਖਿਤਾਬ ਦੇਸ਼ ਦੀ ਝੋਲੀ ਪਾਇਆ। ਜੇਤੂ ਟੀਮ ਵਲੋਂ ਕਲੀਮਉੱਲ੍ਹਾ ਖਾਨ ਤੋਂ ਇਲਾਵਾ ਮਨਜ਼ੂਰ ਜੂਨੀਅਰ ਅਤੇ ਹਸਨ ਸਰਦਾਰ ਨੇ 1-1 ਗੋਲ ਸਕੋਰ ਕੀਤਾ। ਫਾਈਨਲ ’ਚ ਇਕ ਗੋਲ ਦਾਗਣ ਵਾਲੇ ਕਲੀਮਉੱਲ੍ਹਾ ਖਾਨ ਨੇ ਪੂਰੇ ਹਾਕੀ ਮੁਕਾਬਲੇ ’ਚ 8 ਗੋਲ ਆਪਣੇ ਖਾਤੇ ’ਚ ਜਮ੍ਹਾਂ ਕੀਤੇ। ਆਲਮੀ ਹਾਕੀ ਕੱਪ ਲੰਡਨ-1986 ’ਚ ਕਲੀਮਉੱਲ੍ਹਾ ਖਾਨ ਪਾਕਿ ਹਾਕੀ ਟੀਮ ਦਾ ਕਪਤਾਨ ਸੀ। ਛੇਵੇਂ ਵਿਸ਼ਵ ਹਾਕੀ ਕੱਪ ’ਚ ਕਲੀਮਉੱਲ੍ਹਾ ਖਾਨ ਵਲੋਂ 02 ਗੋਲ ਦਾਗੇ ਗਏ। ਚਾਰ ਸਾਲ ਪਹਿਲਾਂ ਮੁੰਬਈ ਸੰਸਾਰ ਹਾਕੀ ਕੱਪ ਜਿੱਤਣ ਵਾਲੇ ਪਾਕਿਸਤਾਨੀ ਹਾਕੀ ਖਿਡਾਰੀ ਲੰਡਨ ’ਚ 11ਵੇਂ ਸਥਾਨ ’ਤੇ ਖਿਸਕ ਗਏ।
ਓਲੰਪਿਕ ਹਾਕੀ ਲਾਸ ਏਂਜਲਸ-1984 ’ਚ ਮਨਜ਼ੂਰ ਜੂਨੀਅਰ ਕਮਾਨ ’ਚ ਪਾਕਿ ਹਾਕੀ ਟੀਮ ਦੀ ਪ੍ਰਤੀਨਿੱਧਤਾ ਕਰਕੇ ਕਲੀਮਉੱਲ੍ਹਾ ਖਾਨ ਨੇ ਆਪਣੀ ਪਿੱਠ ’ਤੇ ਓਲੰਪਿਕ ਹਾਕੀ ਖਿਡਾਰੀ ਠੱਪਾ ਲਗਵਾਇਆ। ਲਾਸ ਏਂਜਲਸ ਓਲੰਪਿਕ ਹਾਕੀ ’ਚ ਪੀਲੇ ਤਗਮੇ ਦੇ ਮੈਚ ’ਚ ਪਾਕਿ ਹਾਕੀ ਟੀਮ ਦਾ ਪੇਚਾ ਜਰਮਨੀ ਦੇ ਖਿਡਾਰੀਆਂ ਨਾਲ ਪਿਆ। ਨਿਰਧਾਰਿਤ ਸਮੇਂ ’ਚ ਹਸਨ ਸਰਦਾਰ ਵਲੋਂ ਦਾਗੇ ਬਰਾਬਰੀ ਦੇ ਗੋਲ ਸਦਕਾ ਦੋਵੇਂ ਟੀਮਾਂ 1-1 ਗੋਲ ਨਾਲ ਮੈਚ ਸਾਵਾਂ ਖੇਡਿਆ। ਐਫਆਈਐਚ ਦੇ ਨਿਯਮਾਂ ਅਨੁਸਾਰ ਜੇਤੂ ਟੀਮ ਦਾ ਫੈਸਲਾ ਕਰਨ ਲਈ ਵਾਧੂ ਸਮੇਂ ਖੇਡੇ ਗਏ ਮੈਚ ’ਚ ਕਲੀਮਉੱਲ੍ਹਾ ਖਾਨ ਨੇ ਫੈਸਲਾਕੁਨ ਗੋਲ ਦਾਗ ਕੇ ਟੀਮ ਨੂੰ ਸੋਨ ਤਗਮਾ ਪਹਿਨਣ ਲਈ ਜੇਤੂ ਮੰਚ ਨਸੀਬ ਕਰਵਾਇਆ। ਓਲੰਪਿਕ, ਵਿਸ਼ਵ ਕੱਪ, ਏਸ਼ੀਆ ਕੱਪ ਅਤੇ ਏਸ਼ਿਆਈ ਹਾਕੀ ’ਚ ਗੋਲਡ ਮੈਡਲ ਜੇਤੂ ਕੌਮੀ ਹਾਕੀ ਟੀਮਾਂ ਦੀ ਨੁਮਾਇੰਦਗੀ ਕਰਨ ਵਾਲੇ ਸਟਰਾਈਕਰ ਕਲੀਮਉੱਲ੍ਹਾ ਖਾਨ ਨੇ ਪੰਜ ਵਾਰ ਆਲਮੀ ਹਾਕੀ ਚੈਂਪੀਅਨਜ਼ ਟਰਾਫੀ ਮੁਕਾਬਲਿਆਂ ’ਚ ਕੌਮੀ ਟੀਮ ਦੀ ਨੁਮਾਇੰਦਗੀ ਕੀਤੀ। ਚੈਂਪੀਅਨਜ਼ ਹਾਕੀ ਟਰਾਫੀ ਕਰਾਚੀ-1980 ’ਚ ਕਪਤਾਨ ਮੁਨੱਵਰ ਜ਼ਮਾਨ ਦੇ ਖਿਡਾਰੀਆਂ ਨੇ ਫਾਈਨਲ ’ਚ ਜਰਮਨੀ ਨੂੰ ਹਰਾ ਕੇ ਦੂਜੀ ਵਾਰ ਗੋਲਡ ਮੈਡਲ ਨਾਲ ਹੱਥ ਮਿਲਾਇਆ। ਜੇਤੂ ਪਾਕਿ ਟੀਮ ਦੇ ਖਿਡਾਰੀਆਂ ਵਲੋਂ ਵਿਰੋਧੀ ਟੀਮਾਂ ਸਿਰ 32 ਗੋਲ ਕੀਤੇ ਗਏ। ਕਲੀਮਉੱਲ੍ਹਾ ਖਾਨ ਵਲੋਂ ਇਸ ਮੁਕਾਬਲੇ ’ਚ 05 ਗੋਲ ਦਾਗੇ ਗਏ। ਸਾਲ-1984 ’ਚ ਪਾਕਿਸਤਾਨ ਦੇ ਰਾਸ਼ਟਰਪਤੀ ਵਲੋਂ ‘ਪਰਾਈਡ ਆਫ ਪ੍ਰਫਾਰਮੈਂਸ ਅਵਾਰਡ’ ਨਾਲ ਸਨਮਾਨੇ ਗਏ ਕਲੀਮਉੱਲ੍ਹਾ ਖਾਨ ਨੂੰ ਬਿਊਨਿਸ ਏਰੀਅਸ-1978 ਦੇ ਆਲਮੀ ਹਾਕੀ ਕੱਪ ’ਚ ‘ਵਿਸ਼ਵ ਇਲੈਵਨ ਹਾਕੀ ਟੀਮ’ ’ਚ ਸਥਾਨ ਦਿੱਤਾ ਗਿਆ।
- ਹਰਨੂਰ ਸਿੰਘ ਐਡਵੋਕੇਟ