ਬੁੱਢਾ ਦਲ ਨਾਲ ਜੁੜੇ ਸੁਲਤਾਨਪੁਰ ਲੋਧੀ ਦੇ ਹੀ ਇਕ ਨਿਹੰਗ ਸਿੰਘ ਪਰਿਵਾਰ ’ਚ ਪੈਦਾ ਹੋਈ ਬੀਬਾ ਗੁਰਵਿੰਦਰ ਕੌਰ ਨੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦਿਆਂ ਕਿਹਾ, ‘ਉਨ੍ਹਾਂ ਸਦਕਾ ਹੀ ਮੇਰੀ ਗੱਤਕਾ ਖੇਤਰ ’ਚ ਇਕ ਵਿਲੱਖਣ ਪਛਾਣ ਕਾਇਮ ਹੋ ਸਕੀ ਹੈ।

ਕਪੂਰਥਲਾ ਜ਼ਿਲ੍ਹੇ ਦੇ ਇਤਿਹਾਸਕ ਨਗਰ ਸੁਲਤਾਨਪੁਰ ਲੋਧੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ 14 ਸਾਲ 9 ਮਹੀਨੇ 13 ਦਿਨਾਂ ਤੱਕ ਹਾਸਲ ਹੁੰਦੀ ਰਹੀ ਸੀ। ਉਸੇ ਪਵਿੱਤਰ ਧਰਤੀ ’ਤੇ ਕਾਲੀ ਵੇਈਂ ਦੇ ਕੰਢੇ ਸਥਿਤ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦੇ ਡੇਰੇ ’ਚ ਕੌਮਾਂਤਰੀ ਗੱਤਕਾ ਕੋਚ ਗੁਰਵਿੰਦਰ ਕੌਰ ਹੁਰਾਂ ਨੂੰ ਮਿਲਣ ਦਾ ਸੁਭਾਗ ਹਾਸਲ ਹੋਇਆ।
ਪਹਿਲੀ ਨਜ਼ਰੇ ਹੀ ਉਨ੍ਹਾਂ ’ਚ ਇਕ ਅਜੀਬ ਕਿਸਮ ਦੀ ਵਿਲੱਖਣ ਊਰਜਾ ਵਿਖਾਈ ਦਿੱਤੀ। ਉਨ੍ਹਾਂ ਨਾਲ ਸੰਖੇਪ ਜਿਹੀ ਗੱਲਬਾਤ ਦੌਰਾਨ ਵੀ ਸੁਲਤਾਨਪੁਰ ਲੋਧੀ ਤੇ ਆਲੇਦੁਆਲੇ ਦੇ ਇਲਾਕਿਆਂ ਬਾਰੇ ਭਰਪੂਰ ਜਾਣਕਾਰੀ ਮਿਲੀ। ਉਨ੍ਹਾਂ ਦੱਸਿਆ ਕਿ ਉਹ ਕਿਵੇਂ ਪਿਛਲੇ 24 ਸਾਲਾਂ ਤੋਂ ਡੇਰੇ ਦੇ ਨਾਲਨਾਲ ਇਲਾਕੇ ਦੇ ਅਨੇਕ ਸਕੂਲੀ ਬੱਚਿਆਂ ਨੂੰ ਗੱਤਕੇ ਦੀ ਸਿਖਲਾਈ ਬਿਲਕੁਲ ਮੁਫ਼ਤ ਮੁਹੱਈਆ ਕਰਵਾਉਂਦੇ ਹਨ। ਇਸ ਮਾਮਲੇ ’ਚ ਉਨ੍ਹਾਂ ਨੇ ਐੱਨਆਰਆਈ ਪੰਜਾਬੀਆਂ ਵੱਲੋਂ ਮਿਲੇ ਸਹਿਯੋਗ ਦਾ ਖ਼ਾਸ ਜ਼ਿਕਰ ਕੀਤਾ ਕਿਉਂਕਿ ਉਹ ਇਸ ਮੁੱਦੇ ਨੂੰ ਲੈ ਕੇ ਫ਼ਿਕਰਮੰਦ ਹੁੰਦੇ ਹਨ ਕਿ ਕਿਤੇ ਇਹ ਰਵਾਇਤੀ ਖੇਡ ਲੋਪ ਹੀ ਨਾ ਹੋ ਜਾਵੇ ਤੇ ਉਨ੍ਹਾਂ ਦੇ ਬੱਚੇ ਇਸ ਦੇ ਤਾਕਤਵਰ ਗਿਆਨ ਤੋਂ ਵਾਂਝੇ ਨਾ ਰਹਿ ਜਾਣ।
ਹਰ ਵਰ੍ਹੇ ਕਰਵਾਇਆ ਜਾਂਦੈ ਗੱਤਕੇ ਦਾ ਕੌਮੀ ਟੂਰਨਾਮੈਂਟ
ਬੀਬਾ ਗੁਰਵਿੰਦਰ ਕੌਰ ਨੇ ਅਫ਼ਸੋਸ ਪ੍ਰਗਟਾਇਆ ਕਿ ਗੱਤਕਾ ਨੂੰ ਹਾਲੇ ਤੱਕ ਬਕਾਇਦਾ ਖੇਡਾਂ ’ਚ ਸ਼ਾਮਲ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸੀਚੇਵਾਲ ਵਿਖੇ ਉਹ ਹਰ ਵਰ੍ਹੇ ਗੱਤਕੇ ਦਾ ਰਾਸ਼ਟਰੀ ਟੂਰਨਾਮੈਂਟ ਕਰਵਾਉਂਦੇ ਹਨ, ਜਿਸ ਵਿੱਚ ਪੂਰੇ ਦੇਸ਼ ਦੇ ਬੱਚੇ ਪੂਰੇ ਜੋਸ਼ੋਖ਼ਰੋਸ਼ ਤੇ ਉਤਸ਼ਾਹ ਨਾਲ ਭਾਗ ਲੈਂਦੇ ਹਨ। ‘ੴ ਨੈਸ਼ਨਲ ਗੱਤਕਾ ਕੱਪ’ ਨਾਂ ਨਾਲ ਇਹ ਕੌਮੀ ਪੱਧਰ ਦੇ ਗੱਤਕਾ ਮੁਕਾਬਲੇ ਹਰ ਸਾਲ ਮਈ ਮਹੀਨੇ ਕਰਵਾਏ ਜਾਂਦੇ ਹਨ। ਦਰਅਸਲ ਸੰਤ ਬਾਬਾ ਅਵਤਾਰ ਸਿੰਘ ਦੀ ਬਰਸੀ 27 ਮਈ ਨੂੰ ਹੁੰਦੀ ਹੈ, ਉਸੇ ਮੌਕੇ ਇਹ ਈਵੈਂਟ ਕਰਵਾਇਆ ਜਾਂਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਖੇਡਾਂ ਨੂੰ ਬਹੁਤ ਹੱਲਾਸ਼ੇਰੀ ਦਿੰਦੇ ਹਨ। ਇੱਥੇ ਕਾਲੀ ਵੇਈਂ ’ਚ ਕੌਮੀ ਕਿਸ਼ਤੀ ਚਾਲਨ ਮੁਕਾਬਲੇ ਤੇ ਹੋਰ ਬਹੁਤ ਸਾਰੀਆਂ ਖੇਡਾਂ ਵੀ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਇੱਥੇ ਜਿੰਨੇ ਵੀ ਖੇਡ ਮੁਕਾਬਲੇ ਕਰਵਾਏ ਜਾਂਦੇ ਹਨ, ਉਸ ਲਈ ਕਿਸੇ ਵੀ ਖਿਡਾਰੀ ਜਾਂ ਟੀਮ ਤੋਂ ਕੋਈ ਐਂਟਰੀ ਫੀਸ ਨਹੀਂ ਲਈ ਜਾਂਦੀ।
ਪਰਿਵਾਰ ਨੇ ਦਿੱਤਾ ਹੌਸਲਾ
ਬੀਬਾ ਗੁਰਵਿੰਦਰ ਕੌਰ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਜਦੋਂ ਗੱਤਕਾ ਨੂੰ ਜ਼ਿੰਦਗੀ ’ਚ ਅਪਣਾਉਣ ਦਾ ਫ਼ੈਸਲਾ ਲਿਆ ਸੀ ਤਾਂ ਪਹਿਲਾਂਪਹਿਲ ਉਨ੍ਹਾਂ ਨੂੰ ਮਰਦ ਪ੍ਰਧਾਨ ਸਮਾਜ ਦੀਆਂ ਕਈ ਤਰ੍ਹਾਂ ਦੀਆਂ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ ਸੀ। ਬਹੁਤੇ ਲੋਕਾਂ ਨੂੰ ਲੱਗਦਾ ਸੀ ਕਿ ਇੱਕ ਔਰਤ ਲਈ ਇਸ ਖੇਡ ਦੀ ਮੁਹਾਰਤ ਹਾਸਲ ਕਰਨਾ ਨਾਮੁਮਕਿਨ ਹੈ ਪਰ ਉਦੋਂ ਉਨ੍ਹਾਂ ਦੇ ਪਿਤਾ ਜੋਗਿੰਦਰ ਸਿੰਘ, ਮਾਤਾ ਸੁਰਿੰਦਰ ਕੌਰ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਖ਼ੂਬ ਹੌਸਲਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਛੇਵੇਂ ਗੁਰੂ ਸਾਹਿਬ ਵੱਲੋਂ ਸਿੱਖ ਕੌਮ ਨੂੰ ਬਖ਼ਸ਼ਿਆ ਗਿਆ ਇਸ ‘ਸ਼ਸਤਰ ਵਿੱਦਿਆ’ ਦਾ ਆਸ਼ੀਰਵਾਦ ਸਦਾ ਉਨ੍ਹਾਂ ਦੇ ਅੰਗਸੰਗ ਰਹਿੰਦਾ ਹੈ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦਿੱਤੀ ਪ੍ਰੇਰਨਾ
ਗੁਰਵਿੰਦਰ ਕੌਰ ਨੂੰ ਗੱਤਕਾ ਸਿਖਲਾਈ ਘਰ ’ਚ ਹੀ ਆਪਣੇ ਦਾਦਾ ਦੇ ਛੋਟੇ ਭਰਾ ਸੋਹਨ ਸਿੰਘ ਨਿਹੰਗ ਪਾਲਕੀਆ ਤੋਂ ਹੀ ਮਿਲ ਗਈ ਸੀ। ਫਿਰ ਜਦੋਂ ਵੀ ਕਦੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਕਿਸੇ ਖ਼ਾਸ ਮੌਕੇ ਨਗਰ ਕੀਰਤਨ ਸਜਾ ਕੇ ਉਨ੍ਹਾਂ ਦੇ ਘਰ ਅੱਗਿਓਂ ਦੀ ਨਿਕਲਦੇ ਸਨ ਤਾਂ ਬੀਬਾ ਗੁਰਵਿੰਦਰ ਕੌਰ ਗੱਤਕਾ ਖੇਡ ਦਾ ਪ੍ਰਦਰਸ਼ਨ ਕਰਦੇ ਸਨ, ਜੋ ਉੱਥੇ ਮੌਜੂਦ ਲੋਕਾਂ ਨੂੰ ਬਹੁਤ ਵਧੀਆ ਲੱਗਦਾ ਸੀ। ਇਸੇ ਲਈ ਉਦੋਂ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਸੀ ਕਿ ਉਹ ਆਪਣੀ ਇਕ ਗੱਤਕਾ ਟੀਮ ਬਣਾਉਣ। ਇੰਝ ਉਹ ਗੱਤਕਾ ਕੋਚ ਬਣ ਗਏ। ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਪੋਰਟਸ ਸਾਇੰਸ ਵਿਭਾਗ ਤੋਂ ਗੱਤਕਾ ਵਿਸ਼ੇ ’ਚ ਡਿਪਲੋਮਾ ਲੈਣ ਵਾਲੀ ਪਹਿਲੀ ਕੁੜੀ ਸੀ। ਉਹ ਆਪਣੇ ਖੇਤਰ ’ਚ ‘ਗੱਤਕਾ ਚੱਕਰ’ ਦੇ ਰਿਕਾਰਡ ਧਾਰਕ ਵਜੋਂ ਵੀ ਜਾਣੇ ਜਾਂਦੇ ਹਨ। ਉਨ੍ਹਾਂ ਦੀ ਗੱਤਕਾ ਕਲਾ ਦੀ ਸ਼ਲਾਘਾ ਭਾਰਤ ਦੇ ਉਦੋਂ ਦੇ ਰਾਸ਼ਟਰਪਤੀ ਡਾ. ਏਪੀਜੇ ਅਬਦੁਲ ਕਲਾਮ ਵੀ ਕਰ ਚੁੱਕੇ ਹਨ। ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਉਨ੍ਹਾਂ ਨੂੰ ਹਜ਼ਾਰਾਂ ਲੋਕਾਂ ਦੀ ਮੌਜੂਦਗੀ ’ਚ ‘ਸਿਰਜਣਹਾਰੀ’ ਦਾ ਖ਼ਿਤਾਬ ਵੀ ਦਿੱਤਾ ਸੀ।
ਵਿਆਹ ਨਾ ਕਰਵਾਉਣ ਦਾ ਲਿਆ ਫ਼ੈਸਲਾ
ਬੀਬਾ ਗੁਰਵਿੰਦਰ ਕੌਰ ਨੇ ਆਪਣਾ ਸਾਰਾ ਜੀਵਨ ਨਵੀਂ ਪੀੜ੍ਹੀ ਲਈ ਗੱਤਕਾ ਸਿਖਲਾਈ ਦੇਣ ਨੂੰ ਸਮਰਪਿਤ ਕਰ ਦਿੱਤਾ ਹੈ। ਇਸੇ ਲਈ ਉਨ੍ਹਾਂ ਸਾਰੀ ਉਮਰ ਵਿਆਹ ਨਾ ਕਰਵਾਉਣ ਦਾ ਫ਼ੈਸਲਾ ਵੀ ਬਹੁਤ ਪਹਿਲਾਂ ਕਰ ਲਿਆ ਸੀ। ਆਪਣੇ ਭਰਾ ਦੇ ਵਿਦੇਸ਼ ’ਚ ਦੇਹਾਂਤ ਤੋਂ ਬਾਅਦ ਉਸ ਦੇ ਤੇ ਆਪਣੇ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਹੁਣ ਗੁਰਵਿੰਦਰ ਕੌਰ ਹੁਰਾਂ ਉੱਤੇ ਹੀ ਹੈ। ਨੌਜਵਾਨਾਂ ਨੂੰ ਜੀਵਨ ’ਚ ਨਾਂਹਪੱਖੀ ਵਿਚਾਰਾਂ ਨੂੰ ਅਲਵਿਦਾ ਆਖ ਕੇ ਸਦਾ ਹਾਂਪੱਖੀ ਸੋਚ ਨਾਲ ਅੱਗੇ ਵਧਣ ਦਾ ਸੰਦੇਸ਼ ਦਿੰਦਿਆਂ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਡਾ. ਏਪੀਜੇ ਅਬਦੁਲ ਕਲਾਮ ਦੀ ਇਹ ਗੱਲ ਸਦਾ ਚੇਤੇ ਰੱਖਦੇ ਹਨ , ‘ਜੇ ਤੁਸੀਂ ਸੂਰਜ ਵਾਂਗ ਚਮਕਣਾ ਚਾਹੁੰਦੇ ਹੋ ਤਾਂ ਪਹਿਲਾਂ ਸੂਰਜ ਵਾਂਗ ਬਲਣਾ ਸਿੱਖੋ।’
ਪਾਕਿਸਤਾਨ ’ਚ ਪਹਿਲੀ ਵਾਰ ਕਰਵਾਇਆ ਟੂਰਨਾਮੈਂਟ
ਬੁੱਢਾ ਦਲ ਨਾਲ ਜੁੜੇ ਸੁਲਤਾਨਪੁਰ ਲੋਧੀ ਦੇ ਹੀ ਇਕ ਨਿਹੰਗ ਸਿੰਘ ਪਰਿਵਾਰ ’ਚ ਪੈਦਾ ਹੋਈ ਬੀਬਾ ਗੁਰਵਿੰਦਰ ਕੌਰ ਨੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦਿਆਂ ਕਿਹਾ, ‘ਉਨ੍ਹਾਂ ਸਦਕਾ ਹੀ ਮੇਰੀ ਗੱਤਕਾ ਖੇਤਰ ’ਚ ਇਕ ਵਿਲੱਖਣ ਪਛਾਣ ਕਾਇਮ ਹੋ ਸਕੀ ਹੈ। ਜੇ ਕਿਤੇ ਉਹ ਮੇਰੇ ਸਿਰ ’ਤੇ ਹੱਥ ਨਾ ਰੱਖਦੇ ਤਾਂ ਮੈਂ ਕੋਚ ਨਹੀਂ ਸੀ ਹੋਣਾ; ਐਵੇਂ ਹੀ ਕਿਤੇ ਘਰ ਬੈਠੇ ਹੋਣਾ ਸੀ।’ ਉਨ੍ਹਾਂ ਦੱਸਿਆ ਕਿ ਉਹ ਗੱਤਕਾ ਕੋਚ ਤੇ ਮਾਹਿਰ ਦੀ ਹੈਸੀਅਤ ਨਾਲ ਦੁਨੀਆ ਦੇ ਕਈ ਦੇਸ਼ਾਂ ਦੀ ਯਾਤਰਾ ਕਰ ਚੁੱਕੇ ਹਨ। ਪਾਕਿਸਤਾਨ ’ਚ ਪਹਿਲੀ ਵਾਰ ਗੱਤਕਾ ਟੂਰਨਾਮੈਂਟ ਉਨ੍ਹਾਂ ਨੇ ਹੀ ਕਰਵਾਇਆ ਸੀ।
- ਮਹਿਤਾਬ- ਉਦ- ਦੀਨ