ਪੰਜਾਬ ਅਤੇ ਖੇਡਾਂ ਦਾ ਆਪਸ ’ਚ ਬੜਾ ਗੂੜ੍ਹਾ ਰਿਸ਼ਤਾ ਹੈ। ਪੰਜਾਬੀ ਬੱਚਿਆਂ ਦਾ ਤਾਂ ਬਚਪਨ ਮਿੱਟੀ ’ਚ ਖੇਡਦਿਆਂ ਹੀ ਪ੍ਰਵਾਨ ਚੜ੍ਹਦਾ ਹੈ। ਪੰਜਾਬੀ ਮਾਪਿਆਂ ’ਚ ਇਹ ਧਾਰਨਾ ਪਾਈ ਜਾਂਦੀ ਹੈ ਕਿ ਬੱਚੇ ਦੇ ਸਰੀਰਕ ਵਿਕਾਸ ਲਈ ਉਸ ਦਾ ਮਿੱਟੀ ’ਚ ਖੇਡਣਾ ਬਹੁਤ ਜ਼ਰੂਰੀ ਹੈ। ਪੰਜਾਬ ਦੀਆਂ ਲੋਕ ਖੇਡਾਂ ਇਸ ਦਾ ਪ੍ਰਤੱਖ ਪ੍ਰਮਾਣ ਹਨ।

ਪੰਜਾਬ ਅਤੇ ਖੇਡਾਂ ਦਾ ਆਪਸ ’ਚ ਬੜਾ ਗੂੜ੍ਹਾ ਰਿਸ਼ਤਾ ਹੈ। ਪੰਜਾਬੀ ਬੱਚਿਆਂ ਦਾ ਤਾਂ ਬਚਪਨ ਮਿੱਟੀ ’ਚ ਖੇਡਦਿਆਂ ਹੀ ਪ੍ਰਵਾਨ ਚੜ੍ਹਦਾ ਹੈ। ਪੰਜਾਬੀ ਮਾਪਿਆਂ ’ਚ ਇਹ ਧਾਰਨਾ ਪਾਈ ਜਾਂਦੀ ਹੈ ਕਿ ਬੱਚੇ ਦੇ ਸਰੀਰਕ ਵਿਕਾਸ ਲਈ ਉਸ ਦਾ ਮਿੱਟੀ ’ਚ ਖੇਡਣਾ ਬਹੁਤ ਜ਼ਰੂਰੀ ਹੈ। ਪੰਜਾਬ ਦੀਆਂ ਲੋਕ ਖੇਡਾਂ ਇਸ ਦਾ ਪ੍ਰਤੱਖ ਪ੍ਰਮਾਣ ਹਨ। ਕੋਈ ਸਮਾਂ ਸੀ ਜਦੋਂ ਸ਼ਾਮ ਸਮੇਂ ਲੋਕ ਖੇਡਾਂ ਖੇਡਦੀਆਂ ਬੱਚਿਆਂ ਦੀਆਂ ਟੋਲੀਆਂ ਆਮ ਨਜ਼ਰੀ ਪੈਂਦੀਆਂ ਸਨ। ਇਨ੍ਹਾਂ ਲੋਕ ਖੇਡਾਂ ’ਚ ਜਿੱਥੇ ਸਰੀਰਕ ਅਤੇ ਮਾਨਸਿਕ ਵਿਕਾਸ ਦਾ ਰਾਜ਼ ਛੁਪਿਆ ਹੁੰਦਾ ਸੀ, ਉੱਥੇ ਹੀ ਇਹ ਖੇਡਾਂ ਬੱਚਿਆਂ ਨੂੰ ਰਸਮੀ ਖੇਡਾਂ ਲਈ ਵੀ ਤਿਆਰ ਕਰਦੀਆਂ ਸਨ।
ਕਬੱਡੀ, ਮੁਗਦਰ ਫੇਰਨਾ, ਭਾਰ ਚੁੱਕਣਾ, ਡੰਡ ਬੈਠਕਾਂ ਮਾਰਨੀਆਂ ਅਤੇ ਰੱਸਾਕਸ਼ੀ ਆਦਿ ਖੇਡਾਂ ਸਰੀਰਕ ਤੰਦਰੁਸਤੀ ਤੇ ਮਨੋਰੰਜਨ ਦਾ ਜ਼ਰੀਆ ਰਹੀਆਂ ਹਨ। ਪਿੰਡਾਂ ਤੋਂ ਬਾਹਰ ਇਹ ਖੇਡਾਂ ਖੇਡਦੀਆਂ ਗੱਭਰੂਆਂ ਦੀਆਂ ਟੋਲੀਆਂ ਵੱਖਰਾ ਹੀ ਨਜ਼ਾਰਾ ਪੇਸ਼ ਕਰਦੀਆਂ ਸਨ ਪਰ ਪਿਛਲੇ ਕੁਝ ਅਰਸੇ ਤੋਂ ਪੰਜਾਬ ਦੇ ਬਦਲੇ ਹਾਲਾਤ ਨੇ ਪੰਜਾਬੀਆਂ ਨੂੰ ਖੇਡਾਂ ਤੋਂ ਕਾਫ਼ੀ ਦੂਰ ਕੀਤਾ ਹੈ। ਪੰਜਾਬੀ ਬੱਚੇ ਤੇ ਨੌਜਵਾਨ ਖੇਡਾਂ ਤੋਂ ਦੂਰ ਹੋ ਕੇ ਬਹੁਤ ਸਾਰੀਆਂ ਬੁਰਾਈਆਂ ਦਾ ਸ਼ਿਕਾਰ ਹੋਣ ਲੱਗੇ ਹਨ। ਮੋਬਾਈਲ ਦੀ ਆਮਦ ਨਾਲ ਖੇਡਾਂ ਬੱਚਿਆਂ ਤੇ ਨੌਜਵਾਨਾਂ ਦੇ ਮਨੋਰੰਜਨ ਦਾ ਸਾਧਨ ਨਹੀਂ ਰਹੀਆਂ। ਸਰੀਰਕ ਡੀਲ-ਡੌਲ ਲਈ ਗੱਭਰੂ ਖੇਡ ਮੈਦਾਨਾਂ ਦੀ ਬਜਾਏ ਜਿੰਮਾਂ ’ਚ ਜਾਣ ਲੱਗੇ ਹਨ। ਜਿੰਮ ’ਚ ਜਾਣਾ ਇਕ ਤਰ੍ਹਾਂ ਨਾਲ ਸਟੇਟਸ ਸਿੰਬਲ ਹੀ ਬਣ ਗਿਆ ਹੈ।
ਖੇਡ ਮੈਦਾਨ ਤੋਂ ਦੂਰ ਹੋਇਆ ਪੰਜਾਬੀ ਬਚਪਨ ਮੋਬਾਈਲ ਦੀਆਂ ਖ਼ਤਰਨਾਕ ਗੇਮਾਂ ਦਾ ਸ਼ਿਕਾਰ ਹੋਣ ਲੱਗਿਆ ਹੈ। ਇਹ ਗੇਮਾਂ ਜਿੱਥੇ ਮਾਪਿਆਂ ਦੇ ਪੈਸੇ ਦੀ ਬਰਬਾਦੀ ਦਾ ਕਾਰਨ ਬਣਦੀਆਂ ਹਨ, ਉੱਥੇ ਹੀ ਇਹ ਬੱਚਿਆਂ ਨੂੰ ਮਾਨਸਿਕ ਰੋਗੀ ਬਣਾ ਰਹੀਆਂ ਹਨ। ਮੋਬਾਈਲ ਗੇਮਾਂ ਕਾਰਨ ਮਾਨਸਿਕ ਤਣਾਅ ਦਾ ਸ਼ਿਕਾਰ ਹੋਣ ਵਾਲੇ ਬੱਚਿਆਂ ਵੱਲੋਂ ਖ਼ੁਦਕੁਸ਼ੀ ਦੀਆਂ ਮੰਦਭਾਗੀਆਂ ਘਟਨਾਵਾਂ ਆਮ ਪੜ੍ਹਨ ਤੇ ਸੁਣਨ ਨੂੰ ਮਿਲਣ ਲੱਗੀਆਂ ਹਨ। ਖੇਡ ਮੈਦਾਨਾਂ ਤੋਂ ਦੂਰ ਹੋਇਆ ਪੰਜਾਬੀ ਗੱਭਰੂ ਨਸ਼ਿਆਂ ਦੀ ਦਲਦਲ ’ਚ ਜਾ ਧਸਿਆ ਹੈ। ਪੰਜਾਬੀ ਬੱਚਿਆਂ ਤੇ ਗੱਭਰੂਆਂ ਨੂੰ ਬੁਰਾਈਆਂ ਤੋਂ ਬਚਾਉਣ ਲਈ ਖੇਡਾਂ ਵੱਲ ਮੋੜਾ ਸਮੇਂ ਦੀ ਮੁੱਖ ਜਰੂਰਤ ਹੈ। ਬੇਸ਼ੱਕ ਪਿਛਲੀਆਂ ਸਰਕਾਰਾਂ ਵੱਲੋਂ ਵੀ ਪੰਜਾਬੀ ਨੌਜਵਾਨਾਂ ਨੂੰ ਖੇਡਾਂ ਵੱਲ ਮੋੜਨ ਲਈ ਖੇਡ ਸੱਭਿਆਚਾਰ ਸਿਰਜਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਉਹ ਕੋਸ਼ਿਸ਼ਾਂ ਮੌਜੂਦਾ ਸਰਕਾਰ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਨਾਲ ਕੀਤੀਆਂ ਕੋਸ਼ਿਸ਼ਾਂ ਦੇ ਹਾਣ ਦੀਆਂ ਨਹੀਂ ਸਨ। ਇਸ ਕੋਸ਼ਿਸ਼ ਦਾ ਨਾਂ ਹੀ ਪੰਜਾਬੀਆਂ ਨੂੰ ਅਮੀਰ ਵਿਰਸੇ ਦਾ ਅਹਿਸਾਸ ਕਰਵਾਉਂਦਾ ਹੈ। ਇਸ ਉਪਰਾਲੇ ਨੇ ਪੰਜਾਬੀ ਬੱਚਿਆਂ ਤੇ ਨੌਜਵਾਨਾਂ ਸਮੇਤ ਹਰ ਉਮਰ ਦੇ ਪੰਜਾਬੀ ਨੂੰ ਖੇਡਾਂ ਪ੍ਰਤੀ ਆਕਰਸ਼ਿਤ ਕਰਨਾ ਸ਼ੁਰੂ ਕੀਤਾ ਹੈ। ਇਨ੍ਹਾਂ ਖੇਡਾਂ ਦੀ ਇਹ ਵੀ ਵਿਲੱਖਣਤਾ ਹੈ ਕਿ ਇਹ ਹਰ ਪੰਜਾਬੀ ਨੂੰ ਖੇਡਣ ਦਾ ਮੌਕਾ ਪ੍ਰਦਾਨ ਕਰ ਰਹੀਆਂ ਹਨ। ਬਹੁਤ ਸਾਰੇ ਜ਼ਿਲ੍ਹਿਆਂ ’ਚ ਵਡੇਰੀ ਉਮਰ ਦੇ ਸਰਕਾਰੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਵੱਲੋਂ ਜਵਾਨੀ ਦੇ ਦਿਨਾਂ ਨੂੰ ਯਾਦ ਕਰਦਿਆਂ ਖੇਡ ਮੈਦਾਨ ’ਚ ਕੁੱਦਿਆ ਜਾ ਰਿਹਾ ਹੈ।
ਸੂਬਾ ਸਰਕਾਰ ਵੱਲੋਂ ਖੇਡ ਵਿਰਸੇ ਨੂੰ ਮੁੜ ਤੋਂ ਸੁਰਜੀਤ ਕਰਨ ਲਈ ਖੇਡ ਬਜਟ ’ਚ ਇਜ਼ਾਫ਼ਾ ਕੀਤਾ ਗਿਆ। ਜਾਣਕਾਰੀ ਅਨੁਸਾਰ ‘ਖੇਡਾਂ ਵਤਨ ਪੰਜਾਬ ਦੀਆਂ’ ਲਈ ਸਰਕਾਰ ਵੱਲੋਂ ਇਨ੍ਹਾਂ ਖੇਡਾਂ ਲਈ 25 ਕਰੋੜ ਰੁਪਏ ਦੀ ਰਾਸ਼ੀ ਰਾਖਵੀਂ ਕੀਤੀ ਗਈ ਹੈ, ਜਿਸ ਵਿੱਚੋਂ 6 ਕਰੋੜ ਰੁਪਏ ਦੀ ਰਾਸ਼ੀ ਕੇਵਲ ਤੇ ਕੇਵਲ ਖਿਡਾਰੀਆਂ ਨੂੰ ਇਨਾਮ ਤੇ ਮਾਣ-ਸਨਮਾਨ ਦੇਣ ਲਈ ਰੱਖੀ ਗਈ ਹੈ।
ਬਲਾਕ, ਜ਼ਿਲ੍ਹਾ ਤੇ ਰਾਜ ਪੱਧਰ ’ਤੇ ਹੋਣ ਵਾਲੀਆਂ ਇਨ੍ਹਾਂ ਖੇਡਾਂ ਦਾ ਉਦਘਾਟਨ ਮੇਜਰ ਧਿਆਨ ਚੰਦ ਦੇ ਜਨਮ ਦਿਨ ਨੂੰ ਸਮਰਪਿਤ ਕੌਮੀ ਖੇਡ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਵਿਖੇ ਕੀਤਾ ਜਾ ਚੁੱਕਿਆ ਹੈ। ਖੇਡਾਂ ਦਾ ਰੰਗਾਰੰਗ ਉਦਘਾਟਨੀ ਸਮਾਰੋਹ ਸਮੁੱਚੇ ਪੰਜਾਬੀਆਂ ਲਈ ਖਿੱਚ ਦਾ ਕੇਂਦਰ ਰਿਹਾ। ਦੇਸ਼-ਵਿਦੇਸ਼ ’ਚ ਬੈਠੇ ਲੱਖਾਂ ਪੰਜਾਬੀ ਦੇਰ ਰਾਤ ਤੱਕ ਉਦਘਾਟਨੀ ਸਮਾਰੋਹ ਦਾ ਆਨੰਦ ਮਾਣਦੇ ਰਹੇ। ਇਸ ਦੌਰਾਨ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਕੀਤਾ ਜਾ ਰਿਹਾ ਸਟੇਜ ਸੰਚਾਲਨ ਹਰ ਗੱਲ ਦੀ ਖ਼ੂਬ ਵਿਆਖਿਆ ਕਰ ਰਿਹਾ ਸੀ।
ਪਹਿਲੀ ਸਤੰਬਰ ਤੋਂ ਬਲਾਕ ਪੱਧਰੀ ਮੁਕਾਬਲਿਆਂ ਨਾਲ ਸ਼ੁਰੂ ਹੋਈਆਂ ਇਹ ਖੇਡਾਂ ਦੋ ਮਹੀਨਿਆਂ ਤੱਕ ਚਲਣਗੀਆਂ। ਇਨ੍ਹਾਂ ਖੇਡਾਂ ’ਚ ਗ੍ਰੇਡੇਸ਼ਨ ਸੂਚੀ ਵਾਲੀਆਂ ਮਾਨਤਾ ਪ੍ਰਾਪਤ 28 ਖੇਡਾਂ ਨੂੰ ਸ਼ੁਮਾਰ ਕੀਤਾ ਗਿਆ ਹੈ। ਪੈਰਾ ਖੇਡਾਂ ਨੂੰ ਵੀ ਇਨ੍ਹਾਂ ਖੇਡ ਮੁਕਾਬਲਿਆਂ ’ਚ ਸ਼ਾਮਿਲ ਕੀਤਾ ਗਿਆ ਹੈ। ਵੱਖ- ਵੱਖ ਉਮਰ ਵਰਗ ਅੰਡਰ 14, ਅੰਡਰ 17, ਅੰਡਰ 21, 21 ਤੋਂ 40 ਸਾਲ, 40 ਤੋਂ 50 ਸਾਲ ਅਤੇ 50 ਸਾਲ ਤੋਂ ਉੱਪਰ ਦੇ ਉਮਰ ਵਰਗ ਮੁਕਾਬਲਿਆਂ ’ਚ ਤਕਰੀਬਨ 5 ਲੱਖ ਖਿਡਾਰੀ ਮੈਦਾਨ ’ਚ ਉਤਰਨਗੇ। ਵਾਲੀਬਾਲ, ਅਥਲੈਟਿਕਸ, ਫੁੱਟਬਾਲ, ਕਬੱਡੀ (ਨੈਸ਼ਨਲ ਸਟਾਈਲ), ਖੋ-ਖੋ ਅਤੇ ਰੱਸਾਕਸ਼ੀ ਆਦਿ ਖੇਡਾਂ ਦੇ ਬਲਾਕ ਪੱਧਰੀ ਮੁਕਾਬਲੇ 7 ਸਤੰਬਰ ਤੱਕ ਚੱਲੇ। ਉਸ ਤੋਂ ਬਾਅਦ ਵਾਲੀਬਾਲ, ਜੂਡੋ, ਰੋਲਰ ਸਕੇਟਿੰਗ, ਗੱਤਕਾ, ਕਿੱਕ ਬਾਕਸਿੰਗ, ਹਾਕੀ, ਨੈਟਬਾਲ, ਬੈਡਮਿੰਟਨ, ਬਾਸਕਟਬਾਲ, ਪਾਵਰ ਲਿਫਟਿੰਗ, ਲਾਅਨ ਟੈਨਿਸ, ਕੁਸ਼ਤੀ, ਤੈਰਾਕੀ, ਮੁੱਕੇਬਾਜ਼ੀ, ਟੇਬਲ ਟੈਨਿਸ ਅਤੇ ਵੇਟ ਲਿਫਟਿੰਗ ਆਦਿ ਖੇਡਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ 22 ਸਤੰਬਰ ਤੱਕ ਕਰਵਾਏ ਜਾਣਗੇ। ਉਪਰੰਤ ਵਾਲੀਬਾਲ, ਅਥਲੈਟਿਕਸ, ਫੱੁਟਬਾਲ, ਕਬੱਡੀ (ਨੈਸ਼ਨਲ ਸਟਾਈਲ਼), ਖੋ-ਖੋ, ਹੈਂਡਬਾਲ, ਬਾਸਕਟਬਾਲ, ਜੂਡੋ, ਸਕੇਟਿੰਗ, ਗੱਤਕਾ, ਕਿੱਕ ਬਾਕਸਿੰਗ, ਹਾਕੀ, ਨੈਟਬਾਲ, ਬੈਡਮਿੰਟਨ, ਬਾਸਕਟਬਾਲ, ਪਾਵਰ ਲਿਫਟਿੰਗ, ਲਾਅਨ ਟੈਨਿਸ, ਕੁਸ਼ਤੀ, ਤੈਰਾਕੀ, ਮੁੱਕੇਬਾਜ਼ੀ, ਟੇਬਲ ਟੈਨਿਸ, ਤਲਵਾਰਬਾਜ਼ੀ, ਤੀਰ ਅੰਦਾਜ਼ੀ, ਨਿਸ਼ਾਨੇਬਾਜ਼ੀ, ਰੋਇੰਗ, ਜਿਮਨਾਸਟਿਕ, ਸ਼ਤਰੰਜ ਅਤੇ ਵੇਟਲਿਫਟਿੰਗ ਆਦਿ ਖੇਡਾਂ ਦੇ ਰਾਜ ਪੱਧਰੀ ਮੁਕਾਬਲੇ ਅਕਤੂਬਰ ਮਹੀਨੇ ’ਚ ਹੋਣਗੇ।
ਜ਼ਿਲ੍ਹਾ ਪੱਧਰ ਦੇ ਜੇਤੂਆਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ ਜਦਕਿ ਸੂਬਾ ਪੱਧਰੀ ਮੁਕਾਬਲਿਆਂ ਵਿੱਚੋਂ ਪਹਿਲੇ, ਦੂਜੇ ਅਤੇ ਤੀਜੇ ਸਥਾਨ ਵਾਲਿਆਂ ਨੂੰ ਕ੍ਰਮਵਾਰ 10 ਹਜ਼ਾਰ, 7 ਹਜ਼ਾਰ ਅਤੇ 5 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਪੰਜਾਬ ਸਰਕਾਰ ਵੱਲੋਂ ਸੂਬੇ ’ਚ ਖੇਡ ਸੱਭਿਆਚਾਰ ਦੀ ਉਸਾਰੀ ਲਈ ਕੀਤਾ ਜਾ ਰਿਹਾ ਉਪਰਾਲਾ ਨੌਜਵਾਨਾਂ ਨੂੰ ਬੁਰਾਈਆਂ ਤੋਂ ਮੋੜ ਕੇ ਖੇਡਾਂ ਵੱਲ ਲਿਆਉਂਦਿਆਂ ਸਰੀਰਕ ਤੇ ਮਾਨਸਿਕ ਤੰਦਰੁਸਤੀ ਦਾ ਸਬੱਬ ਬਣਦਿਆਂ ਸੂਬੇ ਦੇ ਖੇਡ ਇਤਿਹਾਸ ਦਾ ਸੁਨਹਿਰੀ ਪੰਨਾ ਬਣੇਗਾ। ਇਹ ਖੇਡ ਮੇਲਾ ਭਾਈਚਾਰਕ ਸਦਭਾਵਨਾ ਦਾ ਮਾਹੌਲ ਸਿਰਜਣ ਦੇ ਨਾਲ-ਨਾਲ ਨੌਜਵਾਨਾਂ ’ਚ ਸਹਿਣਸ਼ੀਲਤਾ ਦਾ ਗੁਣ ਵੀ ਭਰੇਗਾ।
ਅਮੀਰ ਵਿਰਸੇ ਦਾ ਅਹਿਸਾਸ
ਬੇਸ਼ੱਕ ਪਿਛਲੀਆਂ ਸਰਕਾਰਾਂ ਵੱਲੋਂ ਵੀ ਪੰਜਾਬੀ ਨੌਜਵਾਨਾਂ ਨੂੰ ਖੇਡਾਂ ਵੱਲ ਮੋੜਨ ਲਈ ਖੇਡ ਸੱਭਿਆਚਾਰ ਸਿਰਜਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਉਹ ਕੋਸ਼ਿਸ਼ਾਂ ਮੌਜੂਦਾ ਸਰਕਾਰ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਨਾਲ ਕੀਤੀਆਂ ਕੋਸ਼ਿਸ਼ਾਂ ਦੇ ਹਾਣ ਦੀਆਂ ਨਹੀਂ ਸਨ। ਇਸ ਕੋਸ਼ਿਸ਼ ਦਾ ਨਾਂ ਹੀ ਪੰਜਾਬੀਆਂ ਨੂੰ ਅਮੀਰ ਵਿਰਸੇ ਦਾ ਅਹਿਸਾਸ ਕਰਵਾਉਂਦਾ ਹੈ। ਇਹ ਕੋਸ਼ਿਸ਼ ਪੰਜਾਬੀਆਂ ਨੂੰ ਖੇਡਾਂ ਦੇ ਅਮੀਰ ਵਿਰਸੇ ਪ੍ਰਤੀ ਮੁੜਨ ਦਾ ਅਹਿਸਾਸ ਕਰਵਾਉਂਦੀ ਜਾਪਦੀ ਹੈ।ਇਸ ਉਪਰਾਲੇ ਨੇ ਪੰਜਾਬੀ ਬੱਚਿਆਂ ਤੇ ਨੌਜਵਾਨਾਂ ਸਮੇਤ ਹਰ ਉਮਰ ਦੇ ਪੰਜਾਬੀ ਨੂੰ ਖੇਡਾਂ ਪ੍ਰਤੀ ਆਕਰਸ਼ਿਤ ਕਰਨਾ ਸ਼ੁਰੂ ਕੀਤਾ ਹੈ।
- ਬਿੰਦਰ ਸਿੰਘ ਖੁੱਡੀ ਕਲਾਂ