ਏਸ਼ੀਅਨ ਖੇਡਾਂ ਏਸ਼ੀਆ ਮਹਾਦੀਪ ਦੀਆਂ ਸਭ ਤੋਂ ਵੱਡੀਆਂ ਖੇਡਾਂ ਹਨ ਜੋ ਹਰ ਚਾਰ ਸਾਲ ਬਾਅਦ ਕਰਵਾਈਆਂ ਜਾਂਦੀਆਂ ਹਨ। ਇਹਨਾਂ ਖੇਡਾਂ ਦੀ ਸ਼ੁਰੂਆਤ 1951 ਵਿਚ ਦਿੱਲੀ ਵਿਖੇ ਹੋਈ ਸੀ ਅਤੇ ਉਸ ਤੋਂ ਬਾਅਦ ਬਾਦਸਤੂਰ ਇਹ ਖੇਡਾਂ ਹਰ ਚਾਰ ਸਾਲ ਬਾਅਦ ਕਰਵਾਈਆਂ ਜਾਂਦੀਆਂ ਹਨ।

2026 ਚੜ੍ਹਨ ਦੇ ਨਾਲ ਹੀ ਜਿੱਥੇ ਦੁਨੀਆ ਦੀਆਂ ਹੋਰ ਵਿਵਸਥਾਵਾਂ ਨੇ ਆਪੋ ਆਪਣੇ ਏਜੰਡੇ ਤੈਅ ਕੀਤੇ ਹਨ ਉੱਥੇ ਹੀ ਸੰਸਾਰ ਅੰਦਰ ਹੋਣ ਵਾਲੇ ਖੇਡ ਮੁਕਾਬਲਿਆਂ ਲਈ ਜਿੱਥੇ ਵੱਖ-ਵੱਖ ਖੇਡ ਸੰਸਥਾਵਾਂ ਨੇ ਕਮਰ ਕੱਸ ਲਈ ਹੈ। ਇਸ ਦੇ ਨਾਲ ਹੀ ਦੁਨੀਆ ਭਰ ਦੇ ਖਿਡਾਰੀ ਜਿਹੜੇ ਇਹਨਾਂ ਮੁਕਾਬਲਿਆਂ ਵਿਚ ਭਾਗ ਲੈਣਗੇ ਉਹਨਾਂ ਲਈ ਵੀ ਇਹ ਸਾਲ ਖ਼ਾਸ ਰਹਿਣ ਵਾਲਾ ਹੈ। ਆਉ ਇਕ ਪੰਛੀ ਝਾਤ ਪਾਉਂਦੇ ਹਾਂ ਦੁਨੀਆ ਭਰ ਵਿਚ ਹੋਣ ਵਾਲੇ ਇਹਨਾਂ ਵੱਖ-ਵੱਖ ਖੇਡ ਮੁਕਾਬਲਿਆਂ ਉੱਤੇ ।
ਫੀਫਾ ਵਿਸ਼ਵ ਕੱਪ
ਫੁੱਟਬਾਲ ਦੁਨੀਆ ਦੀ ਸਭ ਤੋਂ ਹਰਮਨ ਪਿਆਰੀ ਖੇਡ ਹੈ ਜਿਸ ਲਈ ਦੁਨੀਆ ਭਰ ਦੇ ਲੋਕ ਦੀਵਾਨੇ ਹਨ ਅਤੇ ਇਸ ਦਾ ਵਿਸ਼ਵ ਕੱਪ ਜਦੋਂ ਹੁੰਦਾ ਹੈ ਤਾਂ ਇਸ ਖੇਡ ਦਾ ਬੁਖਾਰ ਦੁਨੀਆ ਭਰ ਦੇ ਲੋਕਾਂ ਦੇ ਸਿਰ ਚੜ੍ਹ ਬੋਲਦਾ ਹੈ। ਫੀਫਾ ਯਾਨਿ ਕਿ ‘ਫੈਡਰੇਸ਼ਨ ਇੰਟਰਨੈਸ਼ਨਲ ਫੁੱਟਬਾਲ ਐਸੋਸੀਏਸ਼ਨ’ ਵੱਲੋਂ ਹਰ ਚਾਰ ਸਾਲ ਬਾਅਦ ਕਰਵਾਇਆ ਜਾਂਦਾ ਇਹ ਟੂਰਨਾਮੈਂਟ ਇਸ ਸਾਲ ਤਿੰਨ ਮੁਲਕਾਂ ਸੰਯੁਕਤ ਰਾਜ ਅਮਰੀਕਾ, ਮੈਕਸੀਕੋ ਅਤੇ ਕੈਨੇਡਾ ਵੱਲੋਂ ਸਾਂਝੇ ਤੌਰ ’ਤੇ ਕਰਵਾਇਆ ਜਾ ਰਿਹਾ ਹੈ। ਇਹ ਵਿਸ਼ਵ ਕੱਪ ਸੰਯੁਕਤ ਰਾਜ ਅਮਰੀਕਾ ਦੇ ਗਿਆਰਾਂ, ਮੈਕਸੀਕੋ ਦੇ ਤਿੰਨ ਅਤੇ ਕੈਨੇਡਾ ਦੇ ਦੋ ਸ਼ਹਿਰਾਂ ਵਿਚ ਇਸ ਸਾਲ 11 ਜੂਨ ਤੋਂ 19 ਜੁਲਾਈ ਤੱਕ ਖੇਡਿਆ ਜਾਵੇਗਾ। ਇਹ ਵਿਸ਼ਵ ਕੱਪ ਤਿੰਨ ਦੇਸ਼ਾਂ ਵੱਲੋਂ ਆਯੋਜਿਤ ਕੀਤਾ ਜਾਣ ਵਾਲਾ ਪਹਿਲਾ ਟੂਰਨਾਮੈਂਟ ਹੋਵੇਗਾ। ਇਸ ਵਾਰ ਇਸ ਆਲਮੀ ਕੱਪ ਵਿਚ ਦੁਨੀਆ ਭਰ ਤੋਂ 48 ਟੀਮਾਂ ਭਾਗ ਲੈਣਗੀਆਂ। ਗੌਰਤਲਬ ਹੈ ਕਿ 2022 ਵਿਚ ਹੋਏ ਵਿਸ਼ਵ ਕੱਪ ਵਿਚ ਅਰਜਨਟੀਨਾ ਨੇ ਇਹ ਖ਼ਿਤਾਬ ਜਿੱਤਿਆ ਸੀ।
ਸਰਦੀਆਂ ਦੀਆਂ ਓਲੰਪਿਕਸ ਖੇਡਾਂ
ਸਰਦ ਰੁੱਤ ਦੀਆਂ 25ਵੀਆਂ ਓਲੰਪਿਕਸ ਖੇਡਾਂ ਇਸ ਸਾਲ 6 ਤੋਂ 22 ਫਰਵਰੀ ਤੱਕ ਇਟਲੀ ਦੇ ਸ਼ਹਿਰਾਂ ਮਿਲਾਨ ਅਤੇ ਕੋਰਟੀਨਾ ਡੀ ਐਮਪੇਜ਼ੋ ਵਿਖੇ ਹੋਣਗੀਆਂ। ਇਹ ਇਕ ਅੰਤਰਰਾਸ਼ਟਰੀ ਬਹੁ-ਖੇਡ ਸਮਾਗਮ ਹੈ। ਇਹਨਾਂ ਖੇਡਾਂ ਵਿਚ 8 ਖੇਡਾਂ ਅੰਦਰ 116 ਈਵੈਂਟ ਕਰਵਾਏ ਜਾਣਗੇ ਅਤੇ ਦੁਨੀਆ ਭਰ ਤੋਂ ਤਕਰੀਬਨ 1790 ਖਿਡਾਰੀ ਇਹਨਾਂ ਖੇਡਾਂ ਵਿਚ ਸ਼ਿਰਕਤ ਕਰਨਗੇ। ਇਹ ਖੇਡਾਂ ਆਈ.ਓ.ਸੀ ਦੀ ਨਵੀਂ ਪ੍ਰਧਾਨ ‘ਕਿਰਸਟੀ ਕੋਵੈਂਟਰੀ’ ਦੀ ਪ੍ਰਧਾਨਗੀ ਵਿਚ ਪਹਿਲੀਆਂ ਓਲੰਪਿਕ ਖੇਡਾਂ ਹੋਣਗੀਆਂ ।
ਸਰਦੀਆਂ ਦੀਆਂ ਪੈਰਾਲੰਪਿਕਸ ਖੇਡਾਂ
ਓਲੰਪਿਕ ਖੇਡਾਂ ਦੀ ਤਰਜ ’ਤੇ ਹੀ ਸਰਦੀਆਂ ਦੀਆਂ ਪੈਰਾਲੰਕਿਸ ਖੇਡਾਂ ਵੀ ਉੱਥੇ ਹੀ ਹੁੰਦੀਆਂ ਹਨ ਜਿੱਥੇ ਸਰਦੀਆਂ ਦੀਆਂ ਓਲੰਪਿਕਸ ਖੇਡਾਂ ਹੁੰਦੀਆਂ ਹਨ। ਇਸ ਸਾਲ 16ਵੀਆਂ ਸਰਦ ਰੁੱਤ ਦੀਆਂ ਪੈਰਾਲੰਪਿਕਸ ਵੀ ਇਟਲੀ ਦੇ ਸ਼ਹਿਰਾਂ ਮਿਲਾਨ ਅਤੇ ਕੋਰਟੀਨਾ ਡੀ ਐੱਮ ਪੇਜ਼ੋ ਵਿਖੇ ਹੀ ਹੋਣਗੀਆਂ। ਇਹ ਖੇਡਾਂ 6 ਮਾਰਚ ਤੋਂ 15 ਮਾਰਚ ਤੱਕ ਹੋਣਗੀਆਂ ਅਤੇ ਇਸ ਵਿਚ ਸੰਸਾਰ ਭਰ ਦੇ ਤਕਰੀਬਨ 665 ਪੈਰਾ ਖਿਡਾਰੀ ਭਾਗ ਲੈਣਗੇ। ਇਹਨਾਂ ਖੇਡਾਂ ਵਿਚ ਪੈਰਾ ਅਲਪਾਈਨ ਸਕੀਇੰਗ, ਪੈਰਾ ਬਾਇਥਲੋਨ, ਪੈਰਾ ਕਰਾਸ-ਕੰਟਰੀ ਸਕੀਇੰਗ, ਪੈਰਾ ਆਈਸ ਹਾਕੀ, ਪੈਰਾ ਸਨੋਬੋਰਡ ਅਤੇ ਵ੍ਹੀਲਚੇਅਰ ਕਰਲਿੰਗ ਖੇਡਾਂ ਹੋਣਗੀਆਂ।
ਰਾਸ਼ਟਰਮੰਡਲ ਖੇਡਾਂ
2026 ਦੀਆਂ ਰਾਸ਼ਟਰਮੰਡਲ ਖੇਡਾਂ ਜਿਨ੍ਹਾਂ ਨੂੰ ਅਧਿਕਾਰਤ ਤੌਰ ’ਤੇ 23ਵੀਆਂ ਰਾਸ਼ਟਰਮੰਡਲ ਖੇਡਾਂ ਵੱਜੋਂ ਵੀ ਜਾਣਿਆ ਜਾਂਦਾ ਹੈ ਇਸ ਸਾਲ 23 ਜੁਲਾਈ ਤੋਂ 2 ਅਗਸਤ ਤੱਕ ਸਕਾਟਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਗਲਾਸਗੋ ਵਿਖੇ ਹੋਣਗੀਆਂ। ਇਹਨਾਂ ਖੇਡਾਂ ਵਿਚ 74 ਰਾਸ਼ਟਰਮੰਡਲ ਖੇਡ ਸੰਘਾਂ ਦੇ ਤਕਰੀਬਨ 3000 ਖਿਡਾਰੀ ਭਾਗ ਲੈਣਗੇ। ਪਹਿਲਾਂ ਇਹ ਖੇਡਾਂ ਆਸਟ੍ਰੇਲੀਆ ਦੇ ਰਾਜ ਵਿਕਟੋਰੀਆ ਵਿਖੇ ਹੋਣੀਆਂ ਸਨ ਪਰ ਆਸਟ੍ਰੇਲੀਆ ਨੇ ਵਧਦੀ ਲਾਗਤ ਦੇ ਅਨੁਮਾਨਾਂ ਕਰਕੇ ਇਹਨਾਂ ਖੇਡਾਂ ਨੂੰ ਕਰਵਾਉਣ ਤੋਂ ਮਨਾਂ ਕਰ ਦਿੱਤਾ ਅਤੇ ਕੋਈ ਵੀ ਮੇਜ਼ਬਾਨ ਨਾ ਹੋਣ ਕਰਕੇ ਇਹਨਾਂ ਖੇਡਾਂ ਨੂੰ ਜਦੋਂ ਰੱਦ ਕਰਨ ਦੀ ਨੌਬਤ ਆ ਰਹੀ ਸੀ ਤਾਂ ਸਕਾਟਲੈਂਡ ਦੇ ਸ਼ਹਿਰ ਗਲਾਸਗੋ ਨੇ ਆਪਣੇ ਮੌਜੂਦਾ ਬੁਨਿਆਦੀ ਢਾਂਚੇ ਦੇ ਆਧਾਰ ’ਤੇ ਘੱਟ ਖੇਡ ਪ੍ਰੋਗਰਾਮਾਂ ਨਾਲ ਇਹਨਾਂ ਖੇਡਾਂ ਨੂੰ ਕਰਵਾਉਣ ਦੀ ਸਹਿਮਤੀ ਦਿੱਤੀ। ਇਸ ਵਾਰ ਇਹਨਾਂ ਖੇਡਾਂ ਵਿਚ ਸਿਰਫ਼ ਦਸ ਖੇਡਾਂ ਅਥਲੈਟਿਕਸ, ਬਾਸਕਟਬਾਲ 3X3, ਬਾਉਲਸ, ਮੁੱਕੇਬਾਜ਼ੀ, ਜਿਮਨਾਸਟਿਕਸ, ਜੂਡੋ, ਨੈਟਬਾਲ, ਤੈਰਾਕੀ, ਟਰੈਕ ਸਾਇਕਲਿੰਗ ਅਤੇ ਵੇਟਲਿਫਟਿੰਗ ਖੇਡਾਂ ਹੀ ਸ਼ਾਮਿਲ ਕੀਤੀਆਂ ਗਈਆਂ ਹਨ। ਪਿਛਲੀਆਂ ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਨੇ ਕੁੱਲ 61 ਤਗ਼ਮੇ ਜਿੱਤ ਕੇ ਚੌਥਾ ਸਥਾਨ ਹਾਸਿਲ ਕੀਤਾ ਸੀ।
ਪੁਰਸ਼ ਟੀ-20 ਵਿਸ਼ਵ ਕੱਪ
ਆਈ.ਸੀ.ਸੀ ਵੱਲੋਂ ਹਰ ਦੋ ਸਾਲ ਬਾਅਦ ਕਰਵਾਏ ਜਾਂਦੇ ਟੀ20 ਵਿਸ਼ਵ ਕ੍ਰਿਕਟ ਕੱਪ ਦੀ ਮੇਜ਼ਬਾਨੀ ਇਸ ਸਾਲ 7 ਫਰਵਰੀ ਤੋਂ ਅੱਠ ਮਾਰਚ ਤੱਕ ਭਾਰਤ ਅਤੇ ਸ੍ਰੀਲੰਕਾ ਕਰ ਰਹੇ ਹਨ। ਇਸ ਵਿਸ਼ਵ ਕੱਪ ਵਿਚ ਦੁਨੀਆ ਦੀਆਂ 20 ਚੋਟੀ ਦੀਆਂ ਟੀਮਾਂ ਭਾਗ ਲੈਣਗੀਆਂ ਅਤੇ ਤਕਰੀਬਨ 55 ਮੈਚ ਖੇਡੇ ਜਾਣਗੇ। ਇਸ ਵਿਸ਼ਵ ਕੱਪ ਦੇ ਮੈਚ ਭਾਰਤ ਦੇ ਪੰਜ ਕ੍ਰਿਕਟ ਸਟੇਡੀਅਮਾਂ ਨਰਿੰਦਰ ਮੋਦੀ ਸਟੇਡੀਅਮ (ਅਹਿਮਦਾਬਾਦ), ਐੱਮ.ਏ ਚਿਦੰਬਰਮ ਸਟੇਡੀਅਮ (ਚੇਨਈ), ਅਰੁਣ ਜੇਤਲੀ ਸਟੇਡੀਅਮ (ਦਿੱਲੀ), ਈਡਨ ਗਾਰਡਨ (ਕੋਲਕਾਤਾ), ਵਾਨਖੇੜੇ ਸਟੇਡੀਅਮ (ਮੁੰਬਈ) ਅਤੇ ਸ੍ਰੀਲੰਕਾ ਦੇ ਤਿੰਨ ਸਟੇਡੀਅਮਾਂ ਆਰ. ਪ੍ਰੇਮਦਾਸਾ (ਕੋਲੰਬੋ), ਸਿੰਹਲੀ ਸਪੋਰਟਸ ਕਲੱਬ ਕ੍ਰਿਕਟ ਮੈਦਾਨ (ਕੋਲੰਬੋ) ਅਤੇ ਕੈਂਡੀ ਵਿਚ ਪੱਲੇਕੇਲੇ ਕ੍ਰਿਕਟ ਸਟੇਡੀਅਮ ਵਿਖੇ ਹੋਣਗੇ। ਇਸ ਕੱਪ ਦੇ ਪਿਛਲੇ ਜੇਤੂ ਭਾਰਤ ਤੋਂ ਇਸ ਵਾਰ ਦੇਸ਼ ਵਾਸੀਆਂ ਨੂੰ ਫੇਰ ਤੋਂ ਉਮੀਦਾਂ ਹਨ ਕਿ ਇਹ ਕੱਪ ਇਸ ਵਾਰ ਸਾਡੀ ਟੀਮ ਜਿੱਤੇਗੀ।
ਏਸ਼ੀਅਨ ਖੇਡਾਂ
ਏਸ਼ੀਅਨ ਖੇਡਾਂ ਏਸ਼ੀਆ ਮਹਾਦੀਪ ਦੀਆਂ ਸਭ ਤੋਂ ਵੱਡੀਆਂ ਖੇਡਾਂ ਹਨ ਜੋ ਹਰ ਚਾਰ ਸਾਲ ਬਾਅਦ ਕਰਵਾਈਆਂ ਜਾਂਦੀਆਂ ਹਨ। ਇਹਨਾਂ ਖੇਡਾਂ ਦੀ ਸ਼ੁਰੂਆਤ 1951 ਵਿਚ ਦਿੱਲੀ ਵਿਖੇ ਹੋਈ ਸੀ ਅਤੇ ਉਸ ਤੋਂ ਬਾਅਦ ਬਾਦਸਤੂਰ ਇਹ ਖੇਡਾਂ ਹਰ ਚਾਰ ਸਾਲ ਬਾਅਦ ਕਰਵਾਈਆਂ ਜਾਂਦੀਆਂ ਹਨ। ਇਸ ਸਾਲ 20ਵੀਆਂ ਏਸ਼ੀਅਨ ਖੇਡਾਂ ਜਪਾਨ ਦੇ ਸ਼ਹਿਰਾਂ ‘ਆਈਚੀ ਪ੍ਰੀਫੈਕਚਰ ਅਤੇ ਨਾਗੋਆ’ ਵਿਖੇ 19 ਸਿਤੰਬਰ ਤੋਂ ਚਾਰ ਅਕਤੂਬਰ ਤੱਕ ਕਰਵਾਈਆਂ ਜਾਣਗੀਆਂ। ਇਹਨਾਂ ਖੇਡਾਂ ਵਿਚ 46 ਦੇਸ਼ਾਂ ਦੇ ਖਿਡਾਰੀ ਸ਼ਿਰਕਤ ਕਰਨਗੇ ਅਤੇ 42 ਖੇਡਾਂ ਵਿਚ 460 ਈਵੈਂਟ ਕਰਵਾਏ ਜਾਣਗੇ। ਪਿਛਲੀਆਂ ਏਸ਼ੀਅਨ ਖੇਡਾਂ (2022) ਵਿਚ ਭਾਰਤ ਨੇ ਕੁੱਲ 107 ਤਗ਼ਮੇ ਜਿੱਤ ਕੇ ਤਗ਼ਮਾ ਸੂਚੀ ਵਿਚ ਚੌਥਾ ਸਥਾਨ ਹਾਸਿਲ ਕੀਤਾ ਸੀ ਅਤੇ ਇਸ ਸਾਲ ਹੋਣ ਵਾਲੀਆਂ ਏਸ਼ੀਅਨ ਖੇਡਾਂ ਵਿਚ ਭਾਰਤੀ ਅਥਲੀਟ ਕੀ ਜਲਵੇ ਬਿਖੇਰਦੇ ਹਨ ਇਹ ਇਸ ਸਾਲ ਹੋਣ ਵਾਲੀਆਂ ਖੇਡਾਂ ਹੀ ਦੱਸਣਗੀਆਂ। ਇਹਨਾਂ ਪ੍ਰਮੁੱਖ ਖੇਡ ਸਮਾਗਮਾਂ ਤੋਂ ਇਲਾਵਾ ਸੰਸਾਰ ਦੇ ਹਰ ਕੋਨੇ ਵਿਚ ਸਾਲ ਭਰ ਕੋਈ ਨਾ ਕੋਈ ਅੰਤਰਰਾਸ਼ਟਰੀ ਈਵੈਂਟ ਚਲਦਾ ਹੀ ਰਹੇਗਾ।
-ਮਨਦੀਪ ਸਿੰਘ ਸੁਨਾਮ
94174-79449