ਸ਼ਰਧਾਲੂ ਮੀਆਂ ਸਿੰਘ ਨੇ ਦੱਸਿਆ ਕਿ ਗੁਰੂ ਜੀ ਦੇ ਬਚਨਾਂ ਤੋਂ ਬਾਅਦ ਲਗਾਇਆ ਗਿਆ ਇਹ ਪੁਰਾਤਨ ਖੂਹ ਦਾ ਪਾਣੀ ਮਿੱਠਾ ਹੈ। ਇਸ ਨੂੰ ਲੈ ਕੇ ਸੰਗਤ ਵਿਚ ਬਹੁਤ ਜ਼ਿਆਦਾ ਸ਼ਰਧਾ ਹੈ। ਸ਼ਰਧਾਲੂ ਦੂਰੋਂ-ਦੂਰੋਂ ਆਉਂਦੇ ਹਨ ਅਤੇ ਇਸ ਖੂਹ ਦਾ ਪਾਣੀ ਭਰ ਕੇ ਲੈ ਕੇ ਜਾਂਦੇ ਹਨ।

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਮਾਲਵੇ ਵਿਚ ਪ੍ਰਚਾਰ ਕਰਨ ਸਮੇਂ ਖਿਆਲਾ ਕਲਾਂ ਵਿਚ ਪਧਾਰਨ ਵੇਲੇ ਪਤਾ ਲੱਗਾ ਤਾਂ ਖਿਆਲਾ ਖੁਰਦ ਵਾਸੀਆਂ ਨੇ ਉਥੇ ਪਹੁੰਚ ਕੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ। ਇਸ ਦੌਰਾਨ ਸੰਗਤਾਂ ਨੇ ਉਨ੍ਹਾਂ ਦੇ ਪਿੰਡ ਪਾਣੀ ਖਾਰਾ ਹੋਣ ਬਾਰੇ ਦੱਸਿਆ ਅਤੇ ਮਿਹਰ ਕਰਨ ਲਈ ਬੇਨਤੀ ਕੀਤੀ। ਸੰਗਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਗੁਰੂ ਜੀ ਵੱਲੋਂ ਗੁਰੂਸਰ ਸਾਹਿਬ ਖਿਆਲਾ ਕਲਾਂ ਤੋਂ ਚਲਾਇਆ ਤੀਰ ਸਾਹਿਬ, ਖਿਆਲਾ ਖੁਰਦ ਡਿੱਗਣ ‘ਤੇ ਪੁੱਟੇ ਖੂਹ ’ਚੋਂ ਮਿੱਠਾ ਪਾਣੀ ਨਿਕਲਿਆ। ਮੌਜੂਦਾ ਸਮੇਂ ਗੁਰਦੁਆਰਾ ਤੀਰਸਰ ਸਾਹਿਬ ਪਾਤਿਸ਼ਾਹੀ ਨੌਂਵੀਂ ਖਿਆਲਾ ਖੁਰਦ ਇੱਥੇ ਸੁਸ਼ੋਭਿਤ ਹੈ ਅਤੇ ਇਸ ਵਿਚ ਬਣੇ ਪੁਰਾਤਨ ਖੂਹ ਵਿੱਚੋਂ ਅੱਜ ਵੀ ਦੂਰ-ਦੁਰਾਡੇ ਦੀਆਂ ਸੰਗਤਾਂ ਪਾਣੀ ਭਰਨ ਲਈ ਆਉਂਦੀਆਂ ਹਨ। ਹਾਲਾਂਕਿ ਆਸ-ਪਾਸ ਦੇ ਖੂਹਾਂ ਵਿਚ ਅੱਜ ਵੀ ਪਾਣੀ ਖਾਰਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਬਖਸ਼ਿਸ਼ ਤੀਰ ਸਾਹਿਬ ਅੱਜ ਵੀ ਗੁਰਦੁਆਰਾ ਤੀਰਸਰ ਸਾਹਿਬ ਪਾਤਿਸ਼ਾਹੀ ਨੌਵੀਂ ’ਚ ਮੌਜੂਦ ਹੈ।
ਗੁਰਦੁਆਰਾ ਤੀਰਸਰ ਸਾਹਿਬ ਪਾਤਿਸ਼ਾਹੀ ਨੌਵੀਂ ਖਿਆਲਾ ਖੁਰਦ ਦੇ ਗ੍ਰੰਥੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸੰਗਤ ਦੀ ਇੱਥੇ ਅਥਾਹ ਸ਼ਰਧਾ ਹੈ। ਉਨ੍ਹਾਂ ਇਤਿਹਾਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਾਲਵਾ ਇਲਾਕੇ ਵਿਚ ਖਿਆਲਾ ਕਲਾਂ ਆਏ ਸਨ ਅਤੇ ਸ੍ਰੀ ਬੇਰੀ ਸਾਹਿਬ ਨਾਲ ਘੋੜੇ ਬੰਨ੍ਹੇ ਸਨ। ਸ੍ਰੀ ਬੇਰੀ ਸਾਹਿਬ ਦੇ ਨਜ਼ਦੀਕ ਗੁਰੂਸਰ ਸਾਹਿਬ ਵਾਲੇ ਸਥਾਨ ’ਤੇ ਗੁਰੂ ਜੀ ਨੂੰ ਖਿਆਲਾ ਖੁਰਦ ਦੀਆਂ ਸੰਗਤਾਂ ਨੇ ਬੇਨਤੀ ਕੀਤੀ ਕਿ ਸਾਡੇ ਪਿੰਡ ਵਿਚ ਜੋ ਖੂਹ ਹਨ, ਦਾ ਪਾਣੀ ਖਾਰਾ ਹੈ, ਪੀਣ ਯੋਗ ਨਹੀਂ ਏ। ਗੁਰੂ ਸਾਹਿਬ ਨੇ ਸੰਗਤ ਨੂੰ ਬਚਨ ਕੀਤਾ, ‘ਤੀਰ ਜਿਸ ਜਗ੍ਹਾ ਲੱਗੇਗਾ, ਉੱਥੇ ਖੂਹ ਲਗਾਉਣਾ ਪਾਣੀ ਮਿੱਠਾ ਨਿਕਲੇਗਾ’। ਸੰਗਤ ਨੇ ਗੁਰੂ ਜੀ ਦੇ ਕਹੇ ਬਚਨਾਂ ਅਨੁਸਾਰ ਤੀਰ ਖਿਆਲਾ ਖੁਰਦ ਜਿਸ ਜਗ੍ਹਾ ’ਤੇ ਤੀਰ ਡਿੱਗਿਆ ਤਾਂ ਸੰਗਤਾਂ ਨੇ ਉਥੇ ਹੀ ਖੂਹ ਲਗਾਇਆ, ਜਿਸ ਦਾ ਪਾਣੀ ਬਹੁਤ ਮਿੱਠਾ ਨਿਕਲਿਆ। ਖੂਹ ਦੇ ਨੇੜੇ ਜੋ ਖੂਹ ਸਨ, ਦਾ ਪਾਣੀ ਪਹਿਲਾਂ ਵੀ ਖਾਰਾ ਰਿਹਾ ਸੀ ਤੇ ਅੱਜ ਵੀ ਖਾਰਾ ਹੈ। ਇਸ ਜਗ੍ਹਾ ਹੁਣ ਮੌਜੂਦਾ ਸਮੇਂ ਗੁਰਦੁਆਰਾ ਤੀਰਸਰ ਸਾਹਿਬ ਪਾਤਿਸ਼ਾਹੀ ਨੌਵੀਂ ਖਿਆਲਾ ਖੁਰਦ ਸੁਸ਼ੋਭਿਤ ਹੈ। ਹਰ ਮਹੀਨੇ ਮੱਸਿਆ ਦਾ ਦਿਹਾੜਾ ਮਨਾਇਆ ਜਾਂਦਾ ਹੈ ਅਤੇ ਸੰਗਤਾਂ ਦੂਰੋਂ-ਦੂਰੋਂ ਪੁੱਜਦੀਆਂ ਹਨ।
ਸ਼ਰਧਾਲੂ ਮੀਆਂ ਸਿੰਘ ਨੇ ਦੱਸਿਆ ਕਿ ਗੁਰੂ ਜੀ ਦੇ ਬਚਨਾਂ ਤੋਂ ਬਾਅਦ ਲਗਾਇਆ ਗਿਆ ਇਹ ਪੁਰਾਤਨ ਖੂਹ ਦਾ ਪਾਣੀ ਮਿੱਠਾ ਹੈ। ਇਸ ਨੂੰ ਲੈ ਕੇ ਸੰਗਤ ਵਿਚ ਬਹੁਤ ਜ਼ਿਆਦਾ ਸ਼ਰਧਾ ਹੈ। ਸ਼ਰਧਾਲੂ ਦੂਰੋਂ-ਦੂਰੋਂ ਆਉਂਦੇ ਹਨ ਅਤੇ ਇਸ ਖੂਹ ਦਾ ਪਾਣੀ ਭਰ ਕੇ ਲੈ ਕੇ ਜਾਂਦੇ ਹਨ। ਇਸ ਮੌਕੇ ਖਿਆਲਾ ਖੁਰਦ ਦੇ ਬਜ਼ੁਰਗ ਬੁੱਧ ਸਿੰਘ, ਦਰਸ਼ਨ ਸਿੰਘ ਤੇ ਹੋਰਾਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਚ ਇਕੱਲੇ ਆਸ-ਪਾਸ ਦੇ ਪਿੰਡਾਂ ਦੀਆਂ ਸੰਗਤਾਂ ਨਹੀਂ, ਸਗੋਂ ਚੰਡੀਗੜ੍ਹ, ਪਟਿਆਲਾ ਤੇ ਅਲੱਗ ਅਲੱਗ ਇਲਾਕਿਆਂ ਤੋਂ ਵੀ ਸ਼ਰਧਾਲੂ ਪੁੱਜਦੇ ਹਨ। ਉਨ੍ਹਾਂ ਕਿਹਾ ਕਿ ਆਲੇ-ਦੁਆਲੇ ਦੇ ਖੂਹਾਂ ਦਾ ਪਾਣੀ ਅੱਜ ਵੀ ਖਾਰਾ ਹੈ ਪਰ ਇਸ ਖੂਹ ਦਾ ਪਾਣੀ ਮਿੱਠਾ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਇੱਥੇ ਮਿਹਰ ਹੈ।