ਗੁਰੂ ਤੇਗ ਬਹਾਦਰ ਜੀ ‘ਹਿੰਦ ਦੀ ਚਾਦਰ’ ਕਿਹਾ ਜਾਂਦਾ ਹੈ ਪਰ ਉਹ ਅਸਲ ਵਿਚ ‘ਸਾਰੀ ਸ੍ਰਿਸ਼ਟ ਦੀ ਚਾਦਰ ਹਨ’, ਜਿਨ੍ਹਾਂ ਨੇ ਇਸ ਵਿਸ਼ਵ-ਵਿਆਪੀ ਸਿਧਾਂਤ ਤੇ ਪਹਿਰਾ ਦਿੰਦਿਆਂ ਆਪਣੀ ਸ਼ਹਾਦਤ ਦਿੱਤੀ ਕਿ ਹਰ ਕਿਸੇ ਨੂੰ ਧਾਰਮਿਕ ਆਜ਼ਾਦੀ ਤੇ ਸੁਤੰਤਰਤਾ ਮਿਲੇ, ਕਿਸੇ ਦੇ ਹਿੱਤਾਂ ਦੀ ਅਣਦੇਖੀ ਨਾ ਹੋਵੇ, ਸਭ ਨੂੰ ਬਰਾਬਰ ਦਾ ਨਿਆਂ ਮਿਲੇ ਤੇ ਹਰ ਕੋਈ ਆਪਣੇ ਧਰਮ ਅਕੀਦੇ ਅਨੁਸਾਰ ਜੀਵਨ ਜਿਊਣ ਦਾ ਹੱਕਦਾਰ ਹੋਵੇ।

ਸਿੱਖ ਧਰਮ ਦੇ ਨੌਵੇਂ ਗੁਰੂ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਅਤੇ ਉਨ੍ਹਾਂ ਦੇ ਨਾਲ ਸ਼ਹੀਦ ਹੋਏ ਤਿੰਨ ਗੁਰਸਿੱਖਾਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀਆਂ ਲਾਸਾਨੀ ਸ਼ਹਾਦਤਾਂ ਦੀ 350 ਸਾਲਾ ਸ਼ਤਾਬਦੀ ਵਿਸ਼ਵ ਭਰ ਵਿਚ ਮਨਾਈ ਜਾ ਰਹੀ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਹਾਦਤ ਬਾਰੇ ਇੱਕ ਕਵੀ ਦੇ ਬੋੋਲ ਹਨ :
ਧਰਮ ਹੇਤ ਸਾਕਾ ਜਿਨਿ ਕੀਆ। ਸੀਸ ਦੀਆ ਪਰੁ ਸਿਰਰੁ ਨ ਦੀਆ।
ਇਹ ਇੰਨਾਂ ਵੱਡਾ ਸ਼ਹੀਦੀ ਸਾਕਾ ਹੋਇਆ ਤੇ ਸਤਿਗੁਰਾਂ ਵੱਲੋਂ ਇਸ ਨੂੰ ਝੱਲ ਲੈਣਾ ਤੇ ਸਿਧਾਂਤ (ਸਿਰੜ) ਨੂੰ ਨਾ ਛੱਡਣਾ, ਇਹ ਸ਼ਹੀਦੀ ਦਾ ਸਿਖਰ ਹੈ। ਗੁਰੂ ਤੇਗ ਬਹਾਦਰ ਜੀ ਆਪਣੇ ਰਚਿਤ ਸਲੋਕਾਂ ਦੀ ਲੜੀ ਦੇ 16ਵੇਂ ਸਲੋਕ ਵਿਚ ਗਿਆਨੀ ਦੇ ਲੱਛਣ ਦੱਸਦੇ ਹਨ :
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥
ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ ॥
ਗੁਰਦੇਵ ਆਖਦੇ ਹਨ, ਸਹੀ ਆਦਰਸ਼ਕ ਗਿਆਨਵਾਨ ਮਨੁੱਖ ਨਾ ਤਾਂ ਦੂਜਿਆਂ ਨੂੰ ਆਪਣੀ ਤਾਕਤ ’ਤੇ ਪ੍ਰਾਪਤੀਆਂ ਨਾਲ ਡਰਾਵੇ ਦਿੰਦਾ ਹੈ ਤੇ ਨਾ ਹੀ ਕਿਸੇ ਦੇ ਡਰ ਧੌਂਸ ਜਾਂ ਧੱਕੇ ਨੰੂ ਮੰਨਦਾ ਹੈ। ਇਹ ਜੋ ਕੁਝ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਆਪ ਕਰ ਕੇ ਵੀ ਵਿਖਾਇਆ। ਇਸੇ ਲਈ ਗੁਰੂ ਸਾਹਿਬ ਜੀ ਦੀ ਮਹਾਨ ਸ਼ਖ਼ਸੀਅਤ ਦੀ ਤੁਲਨਾ ਦੁਨੀਆ ਦੇ ਕਿਸੇ ਹੋਰ ਰਹਿਬਰ ਨਾਲ ਨਹੀਂ ਕੀਤੀ ਜਾ ਸਕਦੀ। ਸੰਸਾਰ ਦੇ ਇਤਿਹਾਸ ਵਿਚ ਉਨ੍ਹਾਂ ਦਾ ਆਪਣਾ ਨਿਵੇਕਲਾ ਅਸਥਾਨ ਹੈ।
 
ਇੱਖਲਾਕ ਭਰੀ ਜ਼ਿੰਦਗੀ ਜਿਊਣ ਦਾ ਰਾਹ
ਗੁਰੂ ਸਾਹਿਬ ਜੀ ਦਾ ਪ੍ਰਕਾਸ਼ 1 ਅਪ੍ਰੈਲ 1621 ਨੂੰ ਪਿਤਾ ਗੁਰੂ ਹਰਿਗੋਬਿੰਦ ਸਾਹਿਬ ਜੀ ਤੇ ਮਾਤਾ ਨਾਨਕੀ ਜੀ ਦੇ ਗ੍ਰਹਿ, ਗੁਰਦੁਆਰਾ ਗੁਰੂ ਕੇ ਮਹਿਲ, ਅੰਮ੍ਰਿਤਸਰ ਵਿਖੇ ਹੋਇਆ। ਅਪ੍ਰੈਲ 1621 ਤੋਂ ਲੈ ਕੇ ਨਵੰਬਰ 1675 ਤੱਕ ਗੁਰੂ ਤੇਗ ਬਹਾਦਰ ਪਾਤਸ਼ਾਹ ਵਰਗੀ ਮਹਾਨ ਸ਼ਖ਼ਸੀਅਤ ਦਾ ਜੀਵਨ ਕਾਲ ਰਿਹਾ, ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਏ ਹੋਏ ਪੂਰਨਿਆਂ ਨੂੰ ਸੁਰਜੀਤ ਰੱਖਣ ਲਈ, ਉਨ੍ਹਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ, ਆਪਣੇ ਜੀਵਨ ਕਰਤੱਵ ਰਾਹੀਂ, ਆਪਣੇ ਉਪਦੇਸ਼ ਜੋ ਉਨ੍ਹਾਂ ਨੇ ਬਾਣੀ ਰਾਹੀਂ ਬਖ਼ਸ਼ਸ਼ ਕੀਤੇ ਅਤੇ ਅਮਲੀ ਤੇ ਸੁਚੱਜੀ ਅਗਵਾਈ ਦੁਆਰਾ, ਜਿੱਥੇ ਭਾਰਤੀ ਲੋਕਾਂ ਨੂੰ ਇੱਖਲਾਕ ਭਰੀ ਜ਼ਿੰਦਗੀ ਜਿਊਣ ਦਾ ਰਾਹ ਵਿਖਾਇਆ ਉੱਥੇ ਸੰਸਾਰ ਵਿਚ ਸਮੁੱਚੀ ਮਾਨਵ ਜਾਤੀ ਦੀ ਹਰ ਪੱਖੋਂ ਸੁੰਤਤਰਤਾ ਲਈ ਆਪਣੀ ਮਹਾਨ ਸ਼ਹਾਦਤ ਵੀ ਦਿੱਤੀ।
ਸੰਸਾਰ ਦੇ ਇਤਿਹਾਸ ਦੀ ਇਹ ਇਕ ਲਾਸਾਨੀ ਸ਼ਹਾਦਤ ਹੈ, ਜਿਸ ਨੂੰ ਦੁਨੀਆ ਦੇ ਇਤਿਹਾਸ ਵਿਚ ਹੋਈਆਂ ਹੋਰ ਅਣਗਿਣਤ ਸ਼ਹਾਦਤਾਂ ਦੇ ਨਾਲ ਜੋੜ ਕੇ ਨਹੀਂ ਵੇਖਿਆ ਜਾ ਸਕਦਾ ਕਿਉਂਕਿ ਇਹ ਆਪਣੇ ਆਪ ਵਿਚ ਇਕ ਨਿਵੇਕਲੀ, ਵੱਖਰੀ ਤੇ ਅਦੁੱਤੀ ਸ਼ਹਾਦਤ ਹੈ ਜਿਸ ਦਾ ਕਾਰਨ ਹੈ ਕਿ ਗੁਰੂ ਸਾਹਿਬ ਨੇ ਜਿਸ ਸਿਧਾਂਤ ਤੇ ਪਹਿਰਾ ਦਿੰਦਿਆਂ ਆਪਣੀ ਸ਼ਹਾਦਤ ਦਿੱਤੀ, ਉਹ ਇਹ ਸੀ ਕਿ ਕਿਸੇ ਮਨੁੱਖ ਦਾ ਧਰਮ ਕੋਈ ਵੀ ਹੋਵੇ, ਉਸ ਦੇ ਵਿਚਾਰਾਂ ਨਾਲ ਤੁਹਾਡੀ ਸਹਿਮਤੀ ਹੋਵੇ ਨਾ ਹੋਵੇ, ਉਸ ਨੂੰ ਆਪਣੇ ਧਰਮ ਅਕੀਦੇ ਅਨੁਸਾਰ ਜੀਵਨ ਜਿਊਣ ਦਾ ਬਰਾਬਰ ਦਾ ਹੱਕ ਹੈ। ਇਹ ਇਤਿਹਾਸ ਦੇ ਅੰਦਰ ਪਹਿਲੀ ਉਦਾਹਰਣ ਸੀ ਕਿਉਂਕਿ ਕੇਵਲ ਗੁਰੂ ਨਾਨਕ ਦਾ ਘਰ ਹੀ ਇਸ ਸਿਧਾਂਤ ਦਾ ਪਾਂਧੀ ਸੀ ਕਿ ਸੰਸਾਰ ਵਿਚ ਹਰ ਵਰਗ, ਫਿਰਕੇ, ਸਮਾਜ ਨੂੰ ਧਾਰਮਿਕ, ਸਮਾਜਿਕ, ਰਾਜਨੀਤਕ ਸੁਤੰਤਰਤਾ ਹੋਵੇ ਤੇ ਉਹ ਆਪਣੇ ਸਿਧਾਂਤਾਂ, ਆਪਣੇ ਸੱਭਿਆਚਾਰ ਅਨੁਸਾਰ ਜੀਵਨ ਜੀਊ ਸਕੇ। ਇਹ ਹਰ ਮਨੁੱਖ ਦੇ, ਭਾਵੇਂ ਉਹ ਕਿਸੇ ਵੀ ਸਮਾਜ ਨਾਲ ਜੁੜਿਆ ਹੋਵੇ, ਬੁਨਿਆਦੀ ਹੱਕ ਨੇ ਜਿਨ੍ਹਾਂ ਨੂੰ ਕਿਸੇ ਰਾਜ ਸ਼ਕਤੀ ਦੇ ਜ਼ੋਰ ਨਾਲ ਖ਼ਤਮ ਨਹੀਂ ਜਾ ਸਕਦਾ।
ਸੰਸਾਰਕ ਸਫ਼ਰ
ਗੁਰੂ ਸਾਹਿਬ ਜੀ ਦਾ ਸਰੀਰ ਕਰਕੇ ਸੰਸਾਰਕ ਸਫ਼ਰ ਭਾਵੇਂ ਸਿਰਫ਼ 54-ਕੁ ਸਾਲ ਦਾ ਹੈ ਪਰ ਆਪ ਜੀ ਸੰਸਾਰ ਦੇ ਇਤਿਹਾਸ ਵਿਚ ਐਸੀ ਲਾਜਬਾਬ ਅਤੇ ਲਾਸਾਨੀ ਸ਼ਖ਼ਸੀਅਤ ਹੋਏ ਹਨ, ਜਿਨ੍ਹਾਂ ਨੇ ਸਮੁੱਚੀ ਮਾਨਵਤਾ ਨੂੰ ਸਿਦਕ, ਭਰੌਸਾ, ਸਚਿਆਰਤਾ, ਸਾਂਝੀਵਾਲਤਾ, ਆਪਾ-ਤਿਆਗ ਅਤੇ ਅਡੋਲ ਦ੍ਰਿੜਤਾ ਦੇ ਮਾਰਗ ਤੇ ਚੱਲਣ ਦੀ ਪ੍ਰੇਰਣਾ ਦਿੱਤੀ ਹੈ। ਆਪ ਜੀ ਐਸੇ ਮਹਾਨ ਯੋਧੇ ਹਨ, ਜੋ ਸਮੇਂ ਦੀ ਭਾਰਤਵਰਸ਼ ਦੀ ਤਾਕਤਵਰ ਹਕੂਮਤ ਨਾਲ ਟਕਰਾ ਜਾਂਦੇ ਹਨ ਤੇ ਸਮੁੱਚੀ ਮਾਨਵ ਜਾਤੀ ਨੂੰ ਸੁਤੰਤਰ ਮਤ, ਸੁਤੰਤਰ ਵਿਚਾਰਧਾਰਾ ਤੇ ਸੁਤੰਤਰ ਧਰਮ ਅਪਣਾਉਣ ਦੀ ਪ੍ਰੇਰਨਾ ਦਿੰਦੇ ਹਨ।
ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸਮੁੱਚੀ ਮਾਨਵਤਾ ਦਾ ਦੁੱਖ ਵੰਡਾਉਣ ਅਤੇ ਗੁਰੂ ਨਾਨਕ ਸਾਹਿਬ ਜੀ ਵੱਲੋੋਂ ਉਲੀਕੀਆਂ ਲੀਹਾਂ ਪੁਰ ਤੁਰ ਕੇ ਜ਼ੁਲਮ ਦੇ ਨਾਸ਼ ਹਿੱਤ ਆਮ ਜਨਤਾ ਦੇ ਹੱਥ ਮਜ਼ਬੂਤ ਕਰਨ ਦਾ ਉੱਦਮ ਅਰੰਭਿਆ ਅਤੇ ਇਸ ਮਨੋਰਥ ਦੀ ਪੂਰਤੀ ਲਈ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰ ਕੇ ਜਨ-ਸੋਚਣੀ ਨੂੰ ਟੁੰਬਣਾ ਸ਼ੁਰੂ ਕੀਤਾ। ਗੁਰੂ ਸਾਹਿਬ ਲਗਪਗ ਉਨ੍ਹਾਂ ਸਾਰੇ ਅਸਥਾਨਾਂ ਉੱਤੇ ਗਏ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਾ ਕੇ ਸੱਚ ਦਾ ਹੌਕਾ ਦਿੱਤਾ ਸੀ ਅਤੇ ਕਿਸੇ ਵੀ ਤਰ੍ਹਾਂ ਦੇ ਦੁਨਿਆਵੀ ਭੈ ਤੋਂ ਰਹਿਤ ਹੋੋ ਕੇ ਅਣਖ਼, ਗੈ਼ਰਤ ਤੇ ਸਵੈਮਾਨ ਨਾਲ ਜੀਵਨ ਜਿਊਣ ਦਾ ਜਜ਼ਬਾ ਆਮ ਮਨੁੱਖ ਦੇ ਅੰਦਰ ਭਰਿਆ ਸੀ। ਗੁਰੂ ਪਾਤਸ਼ਾਹ ਜੀ ਨੇ ਆਪਣੇ ਪ੍ਰਚਾਰਕ ਦੌਰਿਆਂ ਵਿਚ ਥਾਂ-ਥਾਂ ਆਮ ਜਨਤਾ ਨੂੰ ਇਹੀ ਉਪਦੇਸ਼ ਦਿੱਤਾ ਕਿ ਉਸ ਨਿਰੰਕਾਰ ਦੇ ਭੈ ਵਿਚ ਰਹਿੰਦਿਆਂ ਕਿਸੇ ਮਨੁੱਖ ਦਾ, ਭਾਵੇਂ ਉਹ ਕਿੰਨਾਂ ਵੀ ਬਲਵਾਨ ਤੇ ਜਾਬਰ ਕਿਉਂ ਨਾ ਹੋਵੇ, ਡਰ ਨਹੀਂ ਮਾਨਣਾ ਚਾਹੀਦਾ ਅਤੇ ਡਰਨ ਦੀ ਥਾਂ ਬਿਪਤਾ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ, ਇਹੀ ਮਨੁੱਖ ਦਾ ਧਰਮ ਹੈ।
ਗੁਰੂ ਹਰਿ ਕ੍ਰਿਸ਼ਨ ਪਾਤਸ਼ਾਹ ਜੀ ਨੇ 30 ਮਾਰਚ 1664 ਨੂੰ ਜੋਤੀ ਜੋਤਿ ਸਮਾਉਣ ਤੋਂ ਇਕ ਦਿਨ ਪਹਿਲਾਂ ਆਪ ਜੀ ਨੂੰ ਗੁਰਤਾ-ਗੱਦੀ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਅਤੇ ਕਿਹਾ ‘ਬਾਬਾ ਬਸਹਿ ਗ੍ਰਾਮ ਬਕਾਲੇ’ ਕਿਉਂਕਿ ਉਸ ਵੇਲੇ ਆਪ ਜੀ ਬਕਾਲੇ ਵਿਖੇ ਨਿਵਾਸ ਕਰ ਰਹੇ ਸਨ। ਭੱਟ ਵਹੀ ਤਲੌਂਡਾ ਪਰਗਣਾ ਜੀਂਦ ਅਤੇ ਹੋਰ ਹਵਾਲਿਆਂ ਮੁਤਾਬਿਕ 11 ਅਗਸਤ 1664 ਨੂੰ ਆਪ ਜੀ ਬਕਾਲਾ ਵਿਖੇ ਕੁਝ ਮੁੱਖੀ ਸਿੱਖਾਂ ਦੀ ਅਗਵਾਈ ਵਿਚ ਗੱਦੀ-ਨਸ਼ੀਨ ਹੋਏ।
ਭੈਅ ਦਾ ਮਾਹੌਲ
ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਵੇਲੇ, ਔਰੰਗਜ਼ੇਬ ਦੀ ਧਾਰਮਿਕ ਤੇ ਰਾਜਨੀਤਿਕ ਨੀਤੀ ਤੋਂ ਇਕ ਭੈਅ ਦਾ ਮਾਹੌਲ ਸਾਰੇ ਭਾਰਤਵਰਸ਼ ਤੇ ਵਿਸ਼ੇਸ਼ ਕਰਕੇ ਹਿੰਦੂ ਸਮਾਜ ਦੇ ਅੰਦਰ ਪੈਦਾ ਹੋ ਚੁੱਕਾ ਸੀ ਕਿਉਂਕਿ ਉਸ ਨੇ ਤਖ਼ਤ ’ਤੇ ਬੈਠਦਿਆਂ ਹੀ ਨਵੇਂ ਹਿੰਦੂ ਮੰਦਰਾਂ ਤੇ ਪਾਠਸ਼ਾਲਾਵਾਂ ਦੀ ਉਸਾਰੀ ’ਤੇ ਰੋਕ ਲਗਾ ਦਿੱਤੀ। ਮੁੱਲਾਂ ਵਜ਼ੀਰ ਤੁਰਾਨੀ ਨੂੰ ਇਕ ਹਜ਼ਾਰ ਘੋੜ ਸਵਾਰ ਦੇ ਕੇ ਉਸ ਦੇ ਜ਼ਿੰਮੇ ਇਹ ਕੰਮ ਲਗਾਇਆ ਕਿ ਇਸ ਗੱਲ ’ਤੇ ਨਿਗਰਾਨੀ ਰੱਖੇ ਕਿ ਸ਼ਰਾ ਦੀ ਪਾਬੰਦੀ ਰਹੇ।
  
ਸ਼ਾਹੀ ਫੁਰਮਾਨ
10 ਮਾਰਚ 1659 ਨੂੰ ਇਹ ਸ਼ਾਹੀ ਫੁਰਮਾਨ ਜਾਰੀ ਕੀਤਾ ਗਿਆ ਕਿ ਨਵੇਂ ਮੰਦਰ ਕਿੱਧਰੇ ਵੀ ਨਾ ਉਸਾਰੇ ਜਾਣ। 1664 ਵਿਚ ਫੁਰਮਾਨ ਜਾਰੀ ਕੀਤਾ ਕਿ ਕਿਸੇ ਟੁੱਟੇ ਭੱਜੇ ਮੰਦਰ ਦੀ ਮੁਰੰਮਤ ਵੀ ਸ਼ਾਹੀ ਇਜਾਜ਼ਤ ਤੋਂ ਬਿਨਾਂ ਨਹੀਂ ਕੀਤੀ ਜਾ ਸਕਦੀ। ਇਸੇ ਸਾਲ ਇਹ ਫੁਰਮਾਨ ਵਾਮ-ਮਾਰਗੀਆਂ ਦੇ ਸਾਰੇ ਮੰਦਰਾਂ ਪ੍ਰਤੀ ਵੀ ਜਾਰੀ ਹੋਇਆ ਕਿ ਉੜੀਸਾ ਤੇ ਬੰਗਾਲ ਵਿਚ ਉਨ੍ਹਾਂ ਦੇ ਸਾਰੇ ਮੰਦਰ ਢਾਹ ਦਿੱਤੇ ਜਾਣ।
10 ਅਪ੍ਰੈਲ 1665 ਨੂੰ ਇਕ ਸ਼ਾਹੀ ਹੁਕਮ ਜਾਰੀ ਕੀਤਾ ਗਿਆ ਕਿ ਮੁਸਲਮਾਨਾਂ ਤੋਂ 2% ਚੁੰਗੀ ਲਈ ਜਾਵੇ ਤੇ ਹਿੰਦੂਆਂ ਤੋਂ 5% । 1667 ਵਿਚ ਮੁਸਲਮਾਨਾਂ ਦੀ ਚੁੰਗੀ ਮਾਫ਼ ਕਰ ਦਿੱਤੀ ਗਈ ਪਰ ਹਿੰਦੂਆਂ ਤੇ ਇਹ ਚੁੰਗੀ ਜਾਰੀ ਰਹੀ। 1669 ਵਿਚ ਬਨਾਰਸ ਵਿਚ ਵਿਸ਼ਵਨਾਥ ਤੇ ਗੋਪੀਨਾਥ ਦੇ ਮੰਦਰ ਢਾਹ ਦਿੱਤੇ ਗਏ। 1670 ਵਿਚ ਸਰਕਾਰੀ ਹਿੰਦੂ ਮੁਲਾਜ਼ਮਾਂ ਨੂੰ ਇਕ ਦੂਜੇ ਨਾਲ ਮਿਲਣ ਤੇ ‘ਨਮਸ਼ਕਾਰ’ ਦੀ ਥਾਂ ‘ਸਲਾਮਾਲੇਕਮ’ ਕਹਿਣ ਵਾਸਤੇ ਹੁਕਮ ਕਰ ਦਿੱਤਾ ਗਿਆ। ਸੰਸਕ੍ਰਿਤ ਭਾਸ਼ਾ ਦੀ ਥਾਂ ਅਰਬੀ ਤੇ ਫ਼ਾਰਸੀ ਭਾਸ਼ਾ ਬੋਲਣ ਤੇ ਪੜ੍ਹਨ ਲਈ ਵੀ ਹੁਕਮ ਜਾਰੀ ਹੋ ਗਿਆ। 1673 ਵਿਚ ਹਿੰਦੂਆਂ ਉੱਤੇ ਮਾਲੀ ਬੋਝ ਪਾ ਦਿੱਤਾ ਗਿਆ। ਉਨ੍ਹਾਂ ਨੂੰ ਮੁਸਲਮਾਨ ਬਣਨ ਲਈ ਮਜਬੂਰ ਕੀਤਾ ਜਾਣ ਲੱਗਾ। ਜਿਹੜਾ ਇਸ ਗੱਲ ਤੋਂ ਇਨਕਾਰੀ ਹੁੰਦਾ ਸੀ, ਉਸ ਉੱਤੇ ਭਾਰੀ ਜਜ਼ੀਆ (ਟੈਕਸ) ਲਗਾ ਦਿੱਤਾ ਜਾਂਦਾ। ਔਰੰਗਜ਼ੇਬ ਸਮਝਦਾ ਸੀ ਜੇ ਇੱਥੋਂ ਦੇ ਹਿੰਦੂਆਂ ਨੂੰ ਮੁਸਲਮਾਨ ਬਣਾ ਦਿੱਤਾ ਜਾਏ ਤਾਂ ਸਾਰੇ ਭਾਰਤ ਵਿਚ ਇਕ-ਮਾਤਰ ਇਸਲਾਮ ਦਾ ਹੀ ਝੰਡਾ ਲਹਿਰਾਏਗਾ। ਇਸ ਨੀਤੀ ਦੇ ਅਧੀਨ ਹਿੰਦੂਆਂ ਦੇ ਜਨੇਊ ਤੋੜੇ ਜਾਂਦੇ, ਟਿੱਕੇ ਮਿਟਾ ਦਿੱਤੇ ਜਾਂਦੇ, ਉਨ੍ਹਾਂ ਨੂੰ ਗਊ ਮਾਸ ਜਬਰਨ ਖੁਆ ਦਿੱਤਾ ਜਾਂਦਾ। ਉਨ੍ਹਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਲੁੱਟ ਲਈ ਜਾਂਦੀ ਤਾਂ ਜੋ ਉਹ ਮੁੜ ਆਪਣੇ ਸਮਾਜ ਵਿਚ ਜਾਣ ਦੇ ਕਾਬਿਲ ਨਾ ਰਹਿਣ ਤੇ ਮਜਬੂਰ ਹੋ ਕੇ ਇਸਲਾਮ ਧਰਮ ਕਬੂਲ ਲੈਣ। ਇਸ ਸਾਰੇ ਕਾਰੇ ਸਦਕਾ, ਹਿੰਦੂ ਸਮਾਜ ਦਾ ਬਹੁਤ ਸਾਰਾ ਹਿੱਸਾ, ਜਿਹੜਾ ਆਪਣੇ ਆਪ ਨੂੰ ਮਜ਼ਲੂਮ ਸਮਝਦਾ ਸੀ, ਇਸਲਾਮ ਵਿਚ ਸ਼ਾਮਲ ਹੋਣ ਲੱਗਾ।
ਗੈ਼ਰ ਮੁਸਲਮਾਨਾਂ ਲਈ ਔਰੰਗਜ਼ੇਬ ਬਹੁਤ ਖ਼ਤਰਨਾਕ ਸ਼ਖ਼ਸੀਅਤ ਬਣ ਚੁੱਕਾ ਸੀ। ਆਪਣੇ ਅੱਤਿਆਚਾਰਾਂ ਤੇ ਜ਼ੁਲਮਾਂ ਕਾਰਨ ਇਤਿਹਾਸ ਵਿਚ ਬਦਨਾਮ ਹੋ ਚੁੱਕਾ ਸੀ। ਔਰੰਗਜ਼ੇਬ ਦੀ ਤੁਅੱਸਬੀ ਨੀਤੀ ਅਧੀਨ ਉਸ ਵੇਲੇ ਕਸ਼ਮੀਰ ਦੇ ਸੂਬੇਦਾਰ ਬਖ਼ਤਿਆਰ ਖ਼ਾਨ ਦੇ ਜ਼ੁਲਮਾਂ ਤੇ ਅੱਤਿਆਚਾਰਾਂ ਤੋਂ ਹਿੰਦੂ ਕੌਮ ਦੇ ਬਚਣ ਦਾ ਕੋਈ ਢੰਗ ਉਪਰਾਲਾ ਨਜ਼ਰ ਨਹੀਂ ਸੀ ਆ ਰਿਹਾ। ਹਿੰਦੂ ਸਮਾਜ ਲਈ ਬਣ ਚੁੱਕੇ ਐਸੇ ਭਿਆਨਕ ਸਮੇਂ ਵਿਚ, ਜੋ ਉਨ੍ਹਾਂ ਦੇ ਪੂਰੇ ਸਮਾਜ ਨੂੰ ਭੈ-ਭੀਤ ਕਰ ਰਿਹਾ ਸੀ, ਪੰਡਿਤ ਕਿਰਪਾ ਰਾਮ ਜੋ ਮਟਨ (ਕਸ਼ਮੀਰ) ਦਾ ਸਿਰਕੱਢ ਵਿਦਵਾਨ ਸੀ ਤੇ ਬ੍ਰਹਮ ਦਾਸ, ਜਿਸ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦੀ ਦੂਜੀ ਪ੍ਰਚਾਰਿਕ ਫੇਰੀ ਵੇਲੇ ਮਟਨ (ਕਸ਼ਮੀਰ) ਵਿਖੇ ਲੰਮੀ ਗੱਲਬਾਤ ਹੋਈ ਸੀ, ਦਾ ਪੜਪੋਤਰਾ ਸੀ, ਉਸ ਨੇ ਭਾਰਤ ਦੇ ਉਸ ਵੇਲੇ ਦੇ ਵੱਖ-ਵੱਖ ਪ੍ਰਮੁੱਖ ਨਗਰਾਂ ਜਿਵੇਂ ਕੁਰਕਸ਼ੇਤਰ, ਮਥੁੱਰਾ, ਹਰਿਦੁਆਰ ਆਦਿਕ ਦੇ 16 ਪੰਡਿਤਾਂ ਦਾ ਇਕ ਵਫ਼ਦ ਬੁਲਾਇਆ ਤੇ ਇਹ ਸੋਚ ਵਿਚਾਰ ਕੀਤੀ ਕਿ ਹਿੰਦੂ ਧਰਮ ਨੂੰ ਬਚਾਉਣ ਲਈ ਕੀ ਵਿਉਂਤਬੰਦੀ ਕੀਤੀ ਜਾਏ। ਇਸ ਵਫ਼ਦ ਨੇ ਸਭ ਪਾਸੇ ਨਜ਼ਰ ਦੁੜਾਈ ਪਰ ਉਨ੍ਹਾਂ ਨੂੰ ਕੇਵਲ ਇਕ ਗੁਰੂ ਨਾਨਕ ਦਾ ਘਰ ਨਜ਼ਰ ਆਇਆ, ਜੋ ਉਸ ਵੇਲੇ ਉਨ੍ਹਾਂ ਦੇ ਧਰਮ ਦੀ ਰੱਖਿਆ ਕਰ ਸਕਦਾ ਸੀ। ਇਸ ਵਫ਼ਦ ਨੂੰ ਇਹ ਸਾਫ਼ ਦਿੱਸ ਰਿਹਾ ਸੀ ਕਿ ਅੱਤਿਆਚਾਰੀ ਮੁਗ਼ਲ ਹਾਕਮਾਂ ਵੱਲੋਂ ਢਾਹੇ ਜਾ ਰਹੇ ਅੱਤਿਆਚਾਰਾਂ ਤੋਂ ਹਿੰਦੂ ਸਮਾਜ ਨੂੰ ਰਾਜਪੂਤ ਮਰਹੱਟਿਆਂ, ਬਾਈ ਧਾਰ ਦੇ ਹਿੰਦੂ ਰਾਜਿਆਂ ਆਦਿ ਵਿੱਚੋਂ ਕੋਈ ਨਹੀਂ ਬਚਾ ਸਕਦਾ ਤੇ ਨਾ ਹੀ ਹਕੂਮਤ ਨਾਲ ਟੱਕਰ ਲੈਣ ਦਾ ਕਿਸੇ ਕੋਲ ਬਲ ਹੈ।
ਮਹਾਨ ਸ਼ਖ਼ਸੀਅਤ
ਪੰਡਿਤ ਕਿਰਪਾ ਰਾਮ ਜਾਤੀ ਤੌਰ ’ਤੇ ਗੁਰੂ ਤੇਗ ਬਹਾਦਰ ਜੀ ਦੀ ਮਹਾਨ ਸ਼ਖ਼ਸੀਅਤ ਤੋਂ ਭਲੀ ਭਾਂਤ ਵਾਕਿਫ਼ ਸੀ ਕਿਉਂਕਿ ਪਹਿਲਾਂ ਵੀ ਉਨ੍ਹਾਂ ਦੇ ਦਰਬਾਰ ਵਿਚ ਆ ਚੁੱਕਾ ਸੀ। ਅਖ਼ੀਰ 25 ਮਈ 1675 ਨੰੂ, ਪੰਡਿਤ ਕਿਰਪਾ ਰਾਮ ਦੀ ਅਗਵਾਈ ਹੇਠ 16 ਪ੍ਰਮੁੱਖ ਪੰਡਿਤਾਂ ਦਾ ਇਕ ਵਫ਼ਦ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰ ਅਨੰਦਪੁਰ ਸਾਹਿਬ ਜਾ ਹਾਜ਼ਰ ਹੋਇਆ ਤੇ ਸਾਰੀ ਮਿਥਿਆ ਸੁਣਾਈ ਕਿ ਕਿਵੇਂ ਔਰੰਗਜ਼ੇਬ ਦੀ ਹਕੂਮਤ ਉਨ੍ਹਾਂ ਦੇ ਧਰਮ ਨੂੰ ਮਿਟਾਉਣ ਲਈ ਤੁਲੀ ਹੋਈ ਹੈ। ਗੁਰੂ ਜੀ (ਗੋਬਿੰਦ ਸਿੰਘ ਪਾਤਸ਼ਾਹ) ਉਸ ਵੇਲੇ ਭਾਵੇਂ ਅਜੇ ਨੌ-ਕੁ ਸਾਲ ਦੇ ਹੀ ਸਨ, ਉਹ ਵੀ ਸੰਗਤ ਵਿਚ ਬੈਠੇ ਸਨ ਤੇ ਉਨ੍ਹਾਂ ਨੇ ਪਿਤਾ ਜੀ ਤੋਂ ਪੁੱਛਿਆ ਕਿ ਇਨ੍ਹਾਂ ਦੁਖੀਆਂ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ਤਾਂ ਗੁਰੂ ਤੇਗ ਬਹਾਦਰ ਜੀ ਨੇ ਕਿਹਾ, ਇਹ ਤਾਂ ਹੀ ਹੋ ਸਕਦਾ ਹੈ ਜੇ ਧਰਮ-ਪ੍ਰਸਤ ਤੇ ਰੱਬ-ਪ੍ਰਸਤ ਪੁਰਖ ਜ਼ਬਰਦਸਤ ਜਦੋ-ਜਿਹਦ ਕਰਨ। ਗੁਰੂ ਜੀ ਪਿਤਾ ਜੀ ਨੂੰ ਕਹਿਣ ਲੱਗੇ ਕਿ ਜੇ ਇਨ੍ਹਾਂ ਅੰਦਰ ਸਾਹਸ ਨਹੀਂ ਤਾਂ ਤੁਹਾਨੂੰ ਹੀ ਅੱਗੇ ਆਉਣਾ ਪਏਗਾ। ਇਹ ਗੱਲ ਸੁਣ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਵੀ ਆਪਣੇ ਸਪੁੱਤਰ ਤੇ ਬੜੇ ਖ਼ੁਸ਼ ਹੋਏ ਕਿਉਂਕਿ ਉਹ ਕਿਰਪਾ ਰਾਮ ਤੇ ਉਸ ਨਾਲ ਆਏ ਵਫ਼ਦ ਕੋਲੋਂ ਉਨ੍ਹਾਂ ਦੀ ਮਿਥਿਆ ਸੁਣ ਕੇ ਉਨ੍ਹਾਂ ਦੀ ਸਹਾਇਤਾ ਕਰਨ ਦਾ ਮਨ ਪਹਿਲਾਂ ਹੀ ਬਣਾ ਚੁੱਕੇ ਸਨ। ਭਾਵੇਂ ਕਿ ਕਿਰਪਾ ਰਾਮ ਦੇ ਨਾਲ ਆਏ ਪੰਡਿਤਾਂ ਦੇ ਵਫ਼ਦ ਵਿਚ ਬਹੁਤ ਵੱਡੇ ਵਿਦਵਾਨ ਸਨ ਜਿਹੜੇ ਆਪਣੇ ਆਪ ਨੂੰ ਚਾਰ ਵੇਦਾਂ ਦੇ ਗਿਆਤਾ ਵੀ ਸਮਝਦੇ ਸਨ ਪਰ ਉਨ੍ਹ੍ਹਾਂ ਵਿੱਚੋਂ ਕੋਈ ਵੀ ਆਪਣੇ ਧਰਮ ਲਈ ਕੁਰਬਾਨ ਹੋਣ ਵਾਸਤੇ ਤਿਆਰ ਨਹੀਂ ਸੀ ਕਿਉਂਕਿ ਭਾਰਤ ਦੀ ਸੰਸਕ੍ਰਿਤੀ ਵਿਚ ਇਸ ਤਰ੍ਹਾਂ ਦਾ ਕੋਈ ਵਿੱਧੀ-ਵਿਧਾਨ ਨਹੀਂ ਸੀ ਤੇ ਨਾ ਹੀ ਸ਼ਹਾਦਤ ਦਾ ਕੋਈ ਸਿਧਾਂਤ ਸੀ ਕਿ ਆਪਣੇ ਅਤੇ ਦੂਜੇ ਦੇ ਹਿੱਤਾਂ ਦੀ ਰਾਖੀ ਲਈ, ਮਾਨਵੀ ਹਕੂਕਾਂ ਦੀ ਬਹਾਲੀ ਲਈ ਜਾਂ ਕਿਸੇ ਅਖੌਤੀ ਰਾਜ ਸ਼ਕਤੀ, ਜੋ ਕਿਸੇ ਕਮਜ਼ੋਰ ਜਾਂ ਬਲਹੀਣ ਹੋ ਚੁੱਕੇ ਸਮਾਜ ਨੂੰ ਦਬਾ ਕੇ ਰੱਖਣਾ ਚਾਹੁੰਦੀ ਹੈ, ਉਸ ਵਿਰੁੱਧ ਕੋਈ ਖੜ੍ਹਾ ਹੋ ਸਕੇ। ਭਾਰਤਵਰਸ਼ ਦੀ ਸੰਸਕ੍ਰਿਤੀ ਵਿਚ ਬਲੀਆਂ ਦੇਣ ਦਾ ਸਿਧਾਂਤ ਤਾਂ ਸੀ ਪਰ ਸ਼ਹਾਦਤ ਦਾ ਸਿਧਾਂਤ ਨਹੀਂ ਸੀ। ਇਹ ਸਿਧਾਂਤ ਪਹਿਲੀ ਵਾਰ ਭਾਰਤਵਰਸ਼ ਦੇ ਅੰਦਰ ਗੁਰੂ ਨਾਨਕ ਦੇ ਘਰ ਨੇ ਲਿਆਂਦਾ। ਇਸੇ ਸਿਧਾਂਤ ’ਤੇ ਪਹਿਰਾ ਦਿੰਦਿਆਂ ਗੁਰੂ ਨਾਨਕ ਸਾਹਿਬ ਨੇ ਬਾਬਰ ਦੇ ਵਿਰੁੱਧ ਉਸ ਵੇਲੇ ਐਮਨਾਬਾਦ ਦੇ ਲੋਕਾਂ ਨੂੰ ਲਾਮਬੰਦ ਕੀਤਾ, ਗੁਰੂ ਅਰਜਨ ਪਾਤਸ਼ਾਹ ਜੀ ਨੇ ਤੱਤੀ ਤਵੀ ’ਤੇ ਬੈਠ ਕੇ ਆਪਣੀ ਸ਼ਹਾਦਤ ਦਿੱਤੀ, ਗੁਰੂ ਹਰਿਗੋਬਿੰਦ ਸਾਹਿਬ ਨੇ ਸਮੇਂ ਦੀ ਹਕੂਮਤ ਦੀ ਤੁਅੱਸਬੀ ਨੀਤੀ ਨੂੰ ਠੱਲ ਪਾਉਣ ਲਈ ਉਨ੍ਹਾਂ ਨਾਲ ਚਾਰ ਜੰਗਾਂ ਲੜੀਆਂ, ਜਿਨ੍ਹਾਂ ਵਿਚ ਅਣਗਿਣਤ ਸਿੱਖਾਂ ਦੀ ਸ਼ਹਾਦਤ ਹੋੋਈ ਤੇ ਹੁਣ ਇਸੇ ਸਿਧਾਂਤ ਤੇ ਪਹਿਰਾ ਦਿੰਦਿਆਂ ਦੂਜਿਆਂ ਦੀ ਧਾਰਮਿਕ ਸੁਤੰਤਰਤਾ ਲਈ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਪਣੀ ਸ਼ਹਾਦਤ ਤੱਕ ਦੇਣ ਦਾ ਮਨ ਬਣਾ ਲਿਆ।
ਔਰੰਗਜ਼ੇਬ ਤੱਕ ਸੁਨੇਹਾ
ਪੰਡਿਤ ਕਿਰਪਾ ਰਾਮ ਤੇ ਉਸ ਦੇ ਨਾਲ ਆਏ ਵਫ਼ਦ ਨਾਲ ਜਦੋਂ ਗੱਲਬਾਤ ਹੋ ਰਹੀ ਸੀ ਤਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਉੁਨ੍ਹਾਂ ਨੂੰ ਇਹ ਹੌਸਲਾ ਦਿੱਤਾ ਕਿ ਤੁਹਾਡੀ ਸੰਸਕ੍ਰਿਤੀ ਤੇ ਸੱਭਿਆਚਾਰ, ਤੁਹਾਡੀ ਬੋਦੀ ਤੇ ਤਿਲਕ ਜੰਞੂ ਨੰੂ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਮੈਂ ਬਚਾਵਾਂਗਾ, ਭਾਵੇਂ ਮੈਨੂੰ ਆਪਣੀ ਜਾਨ ਵੀ ਕਿਉਂ ਨਾ ਦੇਣੀ ਪਵੇ। ਗੁਰੂ ਸਾਹਿਬ ਨੇ ਪੰਡਿਤ ਕਿਰਪਾ ਰਾਮ ਨੂੰ ਕਿਹਾ ਕਿ ਉਹ ਕੋਈ ਤਰੀਕਾ ਵਰਤ ਕੇ ਔਰੰਗਜ਼ੇਬ ਤੱਕ ਇਹ ਸੁਨੇਹਾ ਘੱਲ ਦੇਣ ਕਿ ਜੇ ਉਹ ਸਿੱਖਾਂ ਦੇ ਗੁਰੂ, ਗੁਰੂ ਤੇਗ ਬਹਾਦਰ ਜੀ ਨੂੰ ਇਸਲਾਮ ਧਰਮ ਵਿਚ ਲੈ ਆਉਂਦਾ ਹੈ ਤਾਂ ਭਾਰਤ ਦਾ ਸਾਰਾ ਹਿੰਦੂ ਸਮਾਜ ਆਪਣੇ ਆਪ ਇਸਲਾਮ ਧਰਮ ਕਬੂਲ ਲਏਗਾ। ਪੰਡਿਤ ਕਿਰਪਾ ਰਾਮ ਤੇ ਉਸ ਨਾਲ ਆਇਆ ਵਫ਼ਦ ਉੱਥੋਂ ਇਹ ਹੌਸਲਾ ਲੈ ਕੇ ਚਲਾ ਗਿਆ ਤੇ ਔਰੰਗਜ਼ੇਬ ਤੱਕ ਇਹ ਸੁਨੇਹਾ ਭੇਜ ਦਿੱਤਾ ਗਿਆ।
ਭੱਟ ਵਹੀ ਤਲੌਂਡਾ ਪਰਗਨਾ ਜੀਂਦ ਅਨੁਸਾਰ ਅਨੰਦਪੁਰ ਸਾਹਿਬ ਵਿਖੇ ਭਰੀ ਸੰਗਤ ਦਾ ਇਕੱਠ ਕਰ ਕੇ ਗੁਰੂ ਤੇਗ ਬਹਾਦਰ ਜੀ ਨੇ ਚੱਲਦੀ ਆਈ ਰੀਤ ਅਨੁਸਾਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ 8 ਜੁਲਾਈ 1675 ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਕਿਉੁਂਕਿ ਗੁਰੂ ਸਾਹਿਬ ਇਹ ਜਾਣਦੇ ਸਨ ਕਿ ਔਰੰਗਜ਼ੇਬ ਦੀ ਤੁਅੱਸਬੀ ਨੀਤੀ ਨੂੰ ਠੱਲ ਪਾਉਣ ਲਈ ਹੁਣ ਸ਼ਹਾਦਤ ਦੇਣ ਤੋਂ ਬਿਨਾਂ ਕੋਈ ਹੋੋਰ ਤਰੀਕਾ ਨਹੀਂ ਤੇ ਇਹ ਸ਼ਹਾਦਤ ਹੋ ਕੇ ਰਹੇਗੀ। 10 ਜੁਲਾਈ 1675 ਨੂੰ ਅਨੰਦਪੁਰ ਸਾਹਿਬ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਤਿੰਨ ਸਾਥੀਆਂ ਭਾਈ ਮਤੀ ਦਾਸ, ਭਾਈ ਦਿਆਲਾ ਜੀ ਅਤੇ ਭਾਈ ਸਤੀ ਦਾਸ ਜੀ ਸਮੇਤ ਦਿੱਲੀ ਵੱਲ ਰਵਾਨਾ ਹੋ ਗਏ। ਭਾਈ ਜੈਤਾ ਜੀ ਅਤੇ ਕੁਝ ਹੋਰ ਮੁੱਖੀ ਸਿੱਖਾਂ ਨੇ ਵੀ ਵੱਖਰੇ ਤੌਰ ’ਤੇ ਇਕ ਵਿਉਂਤਬੰਦੀ ਮੁਤਾਬਿਕ ਦਿੱਲੀ ਵੱਲ ਕੂਚ ਕਰ ਦਿੱਤਾ।
11 ਜੁਲਾਈ 1675 ਨੂੰ ਗੁਰੂ ਜੀ ਜਿਸ ਵੇਲੇ ਸਰਸਾ ਪਾਰ ਕਰ ਕੇ ਜਿਵੇਂ ਹੀ ਪਿੰਡ ਮਲਕਪੁਰ ਰੰਘੜਾ ਵਿਖੇ ਪੁੱਜੇ ਤਾਂ ਥਾਣੇਦਾਰ ਮਿਰਜ਼ਾ ਨੂਰ ਮੁਹੰਮਦ ਖ਼ਾਨ ਰੋਪੜ ਵਾਲੇ ਨੇ ਆਪ ਜੀ ਨੂੰ ਭਾਈ ਦਿਆਲਾ ਜੀ, ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਸਮੇਤ ਗ੍ਰਿਫ਼ਤਾਰ ਕਰ ਲਿਆ ਤੇ ਸੂਬਾ ਸਰਹੰਦ ਨੰੂ ਇਸ ਗ੍ਰਿਫ਼ਤਾਰੀ ਬਾਰੇ ਸੁਨੇਹਾ ਭੇਜ ਦਿੱਤਾ। ਕੁਝ ਦਿਨ ਸਰਹੰਦ ਰੱਖ ਕੇ ਗੁਰੂ ਜੀ ਨੂੰ ਤਿੰਨ ਸਿੱਖਾਂ ਸਮੇਤ ਬੱਸੀ ਪਠਾਣਾ ਦੇ ਮੁੱਖ ਕੈਦਖ਼ਾਨੇ ਵਿਚ ਕੈਦ ਕਰ ਦਿੱਤਾ ਗਿਆ ਜਿੱਥੇ ਬੜੇ ਦਿਲ ਕੰਬਾਊ ਤਸੀਹੇ ਦਿੱਤੇ ਗਏ। ਇਸ ਕੈਦਖ਼ਾਨੇ ਵਿਚ ਗੁਰੂ ਸਾਹਿਬ ਲਗਪਗ ਪੌਣੇ ਚਾਰ ਮਹੀਨੇ ਰਹੇ। ਔਰੰਗਜ਼ੇਬ ਨੂੰ ਹਸਨ ਅਬਦਾਲ ਵਿਖੇ ਇਸ ਗ੍ਰਿਫ਼ਤਾਰੀ ਦੀ ਖ਼ਬਰ ਭੇਜ ਦਿੱਤੀ ਗਈ ਜਿੱਥੇ ਉਹ ਆਪਣੀ ਫ਼ੌਜ ਲੈ ਕੇ ਇਕ ਜੰਗੀ ਮੁਹਿੰਮ ਲਈ ਗਿਆ ਸੀ ਤੇ ਉਸ ਤੋਂ ਅਗਲਾ ਹੁਕਮ ਮਿਲਣ ਤੇ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਤਿੰਨ ਸਿੱਖਾਂ ਨੂੰ ਲੋਹੇ ਦੇ ਪਿੰਜਿਰਆਂ ਵਿਚ ਬੰਦ ਕਰ ਕੇ ਸਖ਼ਤ ਪਹਿਰੇ ਹੇਠ 3 ਨਵੰਬਰ 1675 ਨੂੰ ਬੱਸੀ ਪਠਾਣਾ ਤੋਂ ਦਿੱਲੀ ਭੇਜ ਦਿੱਤਾ ਗਿਆ। ਇਹ ਗੁਰੂ ਸਾਹਿਬ ਜੀ ਦੀ ਤੀਜੀ ਗ੍ਰਿਫ਼ਤਾਰੀ ਸੀ। ਇਸ ਤੋਂ ਪਹਿਲਾਂ ਵੀ ਆਪ ਜੀ ਨੂੰ ਦੋ ਵਾਰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਸੀ।
  
ਤੁਅੱਸਬੀ ਨੀਤੀ
ਗੁਰੂ ਜੀ ਦੀ ਪਹਿਲੀ ਗ੍ਰਿਫ਼ਤਾਰੀ 8 ਨਵੰਬਰ 1665 ਨੂੰ ਕੁਝ ਮੁੱਖੀ ਸਿੱਖਾਂ ਸਮੇਤ ਹੋਈ ਸੀ ਜਿਸ ਗ੍ਰਿਫ਼ਤਾਰੀ ਵਿਚ ਔਰੰਗਜ਼ੇਬ ਵੱਲੋੋਂ ਗੁਰੂ ਜੀ ਨੂੰ ਫਾਂਸੀ ਦੇਣ ਦਾ ਹੁਕਮ ਜਾਰੀ ਕਰ ਦਿੱਤਾ ਗਿਆ ਸੀ, ਪਰ ਕੁਝ ਕਾਰਨਾਂ ਕਰਕੇ ਇਹ ਹੁਕਮ ਸਿਰੇ ਨਾ ਚੜ੍ਹ ਸਕਿਆ। ਲਗਪਗ ਇਕ ਮਹੀਨੇ ਦੀ ਕੈਦ ਪਿੱਛੋਂ ਗੁਰੂ ਜੀ ਨੂੰ ਸਾਥੀ ਸਿੱਖਾਂ ਸਮੇਤ ਛੱਡ ਦਿੱਤਾ ਗਿਆ। ਗੁਰੂ ਜੀ ਦੀ ਦੂਜੀ ਗ੍ਰਿਫ਼ਤਾਰੀ ਅਪ੍ਰੈਲ 1670 ਵਿਚ ਆਗਰੇ ਵਿਖੇ ਹੋਈ। ਇਸ ਿਗ੍ਰਫ਼ਤਾਰੀ ਵਿਚ ਵੀ ਗੁਰੂ ਜੀ ਨੂੰ ਕੁਝ ਸਾਥੀ ਸਿੱਖਾਂ ਸਮੇਤ ਲਗਪਗ 2 ਮਹੀਨੇ 13 ਦਿਨ ਸ਼ਾਹੀ ਫ਼ੌਜ ਦੀ ਕੈਦ ਵਿਚ ਰੱਖਣ ਤੋਂ ਬਾਅਦ ਰਿਹਾ ਕਰ ਦਿੱਤਾ ਗਿਆ। ਇਨ੍ਹਾਂ ਗ੍ਰਿਫ਼ਤਾਰੀਆਂ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਭਾਰਤ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰ ਕੇ ਪਹਿਲਾਂ ਹੀ ਅੌਰੰਗਜ਼ੇਬ ਦੀ ਤੁਅੱਸਬੀ ਨੀਤੀ ਵਿਰੁੱਧ ਆਪਣੇ ਪ੍ਰਚਾਰ-ਪ੍ਰਸਾਰ ਰਾਹੀਂ ਆਮ ਮਨੁੱਖਤਾ ਦੇ ਹਿੱਤਾਂ ਦੀ ਰਾਖੀ ਲਈ ਇਕ ਜੰਗ ਛੇੜੀ ਹੋਈ ਸੀ।
ਇਹ ਗੁਰੂ ਜੀ ਦੀ ਤੀਜੀ ਗ੍ਰਿਫ਼ਤਾਰੀ ਸੀ ਜਿਸ ਵਿਚ ਗੁਰੂ ਸਾਹਿਬ ਜੀ ਨੂੰ ਤਿੰਨ ਸਿੱਖਾਂ ਸਮੇਤ ਸ਼ਹੀਦ ਕੀਤਾ ਗਿਆ। 3 ਨਵੰਬਰ 1675 ਨੂੰ ਸਤਿਗੁਰੂ ਜੀ ਨੰੂ ਪੁਲਿਸ ਪਹਿਰੇ ਹੇਠ ਸਾਥੀ ਸਿੱਖਾਂ ਸਮੇਤ ਦਿੱਲੀ ਚਾਂਦਨੀ ਚੌਕ ਕੌਤਵਾਲੀ ਵਿਚ ਬੰਦ ਕਰ ਦਿੱਤਾ ਗਿਆ। ਉਸ ਵੇਲੇ ਦਿੱਲੀ ਦਾ ਸ਼ਾਹੀ ਕਾਜ਼ੀ ਅਬਦੁੱਲ ਵਹਾਬ ਵੋਹਰਾ ਸੀ ਜਿਸ ਦੇ ਅਧੀਨ ਉਸ ਵੇਲੇ ਹਕੂਮਤ ਦੀ ਸਾਰੀ ਨਿਆਂ ਪ੍ਰਣਾਲੀ ਚੱਲਦੀ ਸੀ। ਅਗਲੇ ਦਿਨ 4 ਨਵੰਬਰ 1675 ਨੂੰ ਗੁਰੂ ਜੀ ਨੂੰ ਦਿੱਲੀ ਦਰਬਾਰ ਵਿਚ ਸਾਫੀ ਖ਼ਾਨ ਅੱਗੇ ਪੇਸ਼ ਕੀਤਾ ਗਿਆ। ਨਿਰੰਤਰ ਚਾਰ ਪੰਜ ਦਿਨ ਗੁਰੂ ਸਾਹਿਬ ਦੇ ਨਾਲ ਸਾਫੀ ਖ਼ਾਨ ਤੇ ਕਾਜ਼ੀ ਅਬਦੁੱਲ ਵਹਾਬ ਵੋਹਰਾ ਦੀ ਲੰਮੀ ਗੱਲਬਾਤ ਹੋਈ। ਗੁਰੂ ਸਾਹਿਬ ਨੂੰ ਕਿਹਾ ਗਿਆ ਕਿ ਤੁਹਾਡਾ ਮਤ ਵੱਖਰਾ ਹੈ, ਤੁਸੀਂ ਹਿੰਦੂ ਮਤ ਦੇ ਕਿਸੇ ਵੀ ਸਿਧਾਂਤ ਨੂੰ ਨਹੀਂ ਮੰਨਦੇ ਫਿਰ ਤੁਸੀਂ ਉੁਨ੍ਹਾਂ ਦਾ ਸਾਥ ਕਿਉਂ ਦੇ ਰਹੇ ਹੋ? ਤੁਸੀਂ ਹਿੰਦੂਆਂ ਦਾ ਸਾਥ ਛੱੱਡ ਦਿਓ ਕਿਉਂਕਿ ਅਸੀਂ ਸਾਰੇ ਹਿੰਦੂਆਂ ਨੂੰ ਇਸਲਾਮ ਧਰਮ ਵਿਚ ਸ਼ਾਮਲ ਕਰਾਉਣਾ ਹੈ। ਸਿੱਖਾਂ ਨਾਲ ਸਾਡਾ ਕੋਈ ਵੈਰ ਨਹੀਂ, ਨਾ ਹੀ ਸਾਡਾ ਕੋਈ ਲੈਣਾ ਦੇਣਾ ਹੈ, ਅਸੀਂ ਤਾਂ ਬਸ ਹਿੰਦੂਆਂ ਨੂੰ ਮੁਸਲਮਾਨ ਬਣਾਉਣਾ ਹੈ। ਗੁਰੂ ਸਾਹਿਬ ਅੱਗੇ ਇਹ ਵੀ ਸ਼ਰਤ ਰੱਖੀ ਗਈ ਕਿ ਜੇ ਤੁਸੀਂ ਹਿੰਦੂਆਂ ਦਾ ਸਾਥ ਨਹੀਂ ਛੱਡਦੇ ਤਾਂ ਫਿਰ ਆਪ ਇਸਲਾਮ ਧਰਮ ਕਬੂਲ ਲਉ ਤਾਂ ਜੋ ਸਾਰੇ ਹਿੰਦੂ ਆਪਣੇ ਆਪ ਸਾਡੇ ਧਰਮ ਵਿਚ ਸ਼ਾਮਲ ਹੋ ਜਾਣ ਕਿਉਂਕਿ ਤੁਸੀਂ ਇਹੀ ਸੁਨੇਹਾ ਔਰੰਗਜ਼ੇਬ ਲਈ ਭੇਜਿਆ ਹੈ ਕਿ ਜੇ ਉਹ ਗੁਰੂ ਤੇਗ ਬਹਾਦਰ ਜੀ ਨੂੰ ਇਸਲਾਮ ਵਿਚ ਸ਼ਾਮਲ ਕਰਾ ਲਵੇ ਤਾਂ ਸਾਰੇ ਹਿੰਦੂ ਆਪਣੇ ਆਪ ਇਸ ਧਰਮ ਵਿਚ ਸ਼ਾਮਲ ਹੋ ਜਾਣਗੇ।
ਗੁਰੂ ਸਾਹਿਬ ਸਾਹਮਣੇ ਸ਼ਰਤ
ਗੁਰੂ ਸਾਹਿਬ ਦੇ ਸਾਹਮਣੇ ਇਕ ਹੋਰ ਸ਼ਰਤ ਰੱਖੀ ਗਈ ਕਿ ਉਹ ਕੋਈ ਕਰਾਮਾਤ ਦਿਖਾਉਣ। ਕਾਜ਼ੀ ਅਬਦੁੱਲ ਵਹਾਬ ਵੋਹਰਾ ਗੁਰੂ ਜੀ ਨੂੰ ਕਹਿਣ ਲੱਗਾ ਜੇ ਇਹ ਸ਼ਰਤਾਂ ਤੁਹਾਨੂੰ ਮਨਜ਼ੂਰ ਨਹੀਂ ਤਾਂ ਫਿਰ ਤੁਸੀਂ ਮੌਤ ਲਈ ਤਿਆਰ ਹੋੋ ਜਾਓ। ਗੁਰੂ ਸਾਹਿਬ ਨੇ ਉਨ੍ਹਾਂ ਦੀ ਕੋਈ ਵੀ ਸ਼ਰਤ ਨਹੀਂ ਮੰਨੀ ਤੇ ਕਹਿਣ ਲੱਗੇ ਕਿ ਅਸੀਂ ਮਨੁੱਖਤਾ ਦੀ ਖ਼ਾਤਿਰ ਆਪਣਾ ਆਪ ਕੁਰਬਾਨ ਕਰਨ ਵਾਸਤੇ ਤਿਆਰ ਹਾਂ। ਗੁਰੂ ਸਾਹਿਬ ਨੇ ਇਹ ਦਲੀਲ ਦਿੱਤੀ ਕਿ ਭਾਵੇਂ ਹਿੰਦੂ ਧਰਮ ਨਾਲ ਸਾਡਾ ਕੋਈ ਸਿਧਾਂਤਕ ਮੇਲ ਨਹੀਂ, ਸਾਡਾ ਵੱਖਰਾ ਧਰਮ ਹੈ ਪਰ ਗੁਰੂ ਨਾਨਕ ਦਾ ਘਰ ਸਮੁੱਚੀ ਮਾਨਵਤਾ ਦੇ ਹੱਕਾਂ ਦੀ ਪਹਰੇਦਾਰੀ ਕਰਦਾ ਹੈ। ਖ਼ੁਦਾ ਨੇ ਸਭ ਇਨਸਾਨ ਬਰਾਬਰ ਪੈਦਾ ਕੀਤੇ ਹਨ ਤੇ ਸਭ ਨੂੰ ਬਰਾਬਰ ਦੇ ਹੱਕ ਦਿੱਤੇ ਹਨ। ਉਸ ਖ਼ੁਦਾ ਦੀ ਨਿਆਂ ਪ੍ਰਣਾਲੀ ਸਭ ਦੇ ਹਿੱਤਾਂ ਦੀ ਗੱਲ ਕਰਦੀ ਹੈ, ਸਭ ਨੂੰ ਬਰਾਬਰ ਦਾ ਨਿਆਂ ਦਿੰਦੀ ਹੈ। ਇਸ ਲਈ ਕਿਸੇ ਵੀ ਦੁਨਿਆਵੀ ਰਾਜੇ ਨੂੰ ਇਹ ਕੋਈ ਹੱਕ ਨਹੀਂ ਕਿ ਉਹ ਆਪਣੀ ਅਖੌਤੀ ਰਾਜ ਸ਼ਕਤੀ ਦੀ ਦੁਰਵਰਤੋਂ ਕਰ ਕੇ ਕਿਸੇ ਕਮਜ਼ੋਰ ਨੂੰ ਦਬਾਉਣ ਦਾ ਯਤਨ ਕਰੇ ਜਾਂ ਕਿਸੇ ਦੀ ਸੰਸਕ੍ਰਿਤੀ ਜਾਂ ਸਭਿਆਚਾਰ ਨੂੰ ਮਲੀਆ ਮੇਟ ਕਰਨ ਦੀ ਕੋਸ਼ਿਸ਼ ਕਰੇ। ਤੁਹਾਡੇ ਸਾਹਮਣੇ ਇਸ ਵੇਲੇ ਹਿੰਦੂ ਸਮਾਜ ਕਮਜ਼ੋਰ ਹੈ, ਤੁਸੀਂ ਉਨ੍ਹਾਂ ਨੂੰ ਖ਼ਤਮ ਕਰਨਾ ਚਾਹੁੰਦੇ ਹੋ ਪਰ ਗੁਰੂ ਨਾਨਕ ਦਾ ਘਰ ਇਹ ਨਹੀਂ ਹੋਣ ਦੇਵੇਗਾ। ਅਸੀਂ ਜਨੇਊਂ ਨਹੀਂ ਪਹਿਨਦੇ, ਅਸੀਂ ਕੋੋਈ ਤਿਲਕ ਨਹੀਂ ਲਗਾਉਂਦੇ, ਸਾਡਾ ਇਸ ਸਿਧਾਂਤ ਨਾਲ ਸਰੌਕਾਰ ਭਾਵੇਂ ਨਹੀਂ ਪਰ ਅਸੀਂ ਇਸ ਨੂੰ ਮਿਟਣ ਵੀ ਨਹੀਂ ਦੇਣਾ ਕਿਉਂਕਿ ਉਨ੍ਹਾਂ ਨੂੰ ਵੀ ਸੰਸਾਰ ਵਿਚ ਆਪਣੀ ਸੰਸਕ੍ਰਿਤੀ, ਆਪਣੇ ਸੱਭਿਆਚਾਰ, ਆਪਣੀਆਂ ਰਹੁ ਰੀਤਾਂ ਅਨੁਸਾਰੀ ਹੋ ਕੇ ਜੀਵਨ ਜਿਊਣ ਦਾ ਬਰਾਬਰ ਦਾ ਹੱਕ ਹੈ।
ਕਾਜ਼ੀ ਅਬਦੁਲ ਵਹਾਬ ਵੋਹਰਾ ਤੇ ਸਾਫ਼ੀ ਖ਼ਾਨ ਉੱਤੇ ਗੁਰੂ ਸਾਹਿਬ ਦੀ ਇਸ ਵਾਜਬ ਦਲੀਲ ਦਾ ਜਦੋਂ ਕੋਈ ਅਸਰ ਨਾ ਹੋਇਆ ਤਾਂ ਅਖ਼ੀਰ ਉਨ੍ਹਾਂ ਨੂੰ ਸ਼ਹੀਦ ਕਰਨ ਦਾ ਫ਼ਤਵਾ ਸੁਣਾ ਦਿੱਤਾ ਗਿਆ। ਲੇਕਿਨ ਇਸ ਤੋਂ ਪਹਿਲਾਂ ਗੁਰੂ ਸਾਹਿਬ ਨੂੰ ਬਲਦੇ ਥੰਮ ਨਾਲ ਵੀ ਬੰਨ ਦਿੱਤਾ ਗਿਆ ਤਾਂ ਜੋ ਉਨ੍ਹਾਂ ਪਾਸੋੋਂ ਈਨ ਮਨਾਈ ਜਾ ਸਕੇ ਪਰ ‘ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ’ ਦਾ ਪਾਠ ਸਮੁੱਚੀ ਮਾਨਵਤਾ ਨੂੰ ਪੜ੍ਹਾਉਣ ਵਾਲੇ ਆਪ ਕਿਸੇ ਸਰਕਾਰ ਦਾ ਭੈ ਕਿਵੇਂ ਖਾ ਸਕਦੇ ਸਨ। ਗੁਰੂ ਸਾਹਿਬ ਬਿਲਕੁਲ ਅਡੋਲ ਚਿੱਤ ਰਹੇ। 11 ਨਵੰਬਰ 1675 ਨੂੰ ਸਤਿਗੁਰਾਂ ਨੂੰ ਕੌਤਵਾਲੀ ਤੋਂ ਬਾਹਰ ਬਰੋਟੇ ਹੇਠ ਲਿਆਂਦਾ ਗਿਆ। ਕਾਜ਼ੀ ਨੇ ਤਿੰਨ ਸਿੱਖਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਨੂੰ ਗੁਰੂ ਜੀ ਦੇ ਸਾਹਮਣੇ ਖ਼ੌਫ਼ਨਾਕ ਤਸੀਹੇ ਦੇ ਕੇ ਮਾਰਨ ਦੀ ਚਾਲ ਚੱਲੀ ਤਾਂ ਕਿ ਗੁਰੂ ਸਾਹਿਬ ਨੂੰ ਡੁਲਾਇਆ ਜਾ ਸਕੇ। ਆਪਣੀ ਇਸ ਚਾਲ ਵਿਚ ਕਾਮਯਾਬੀ ਲਈ ਸ਼ਾਹੀ ਕਾਜ਼ੀ ਨੇ ਤਿੰਨਾਂ ਗੁਰਸਿੱਖਾਂ ਨੂੰ ਵੱਖ-ਵੱਖ ਕਿਸਮ ਦੇ ਤਸੀਹੇ ਦੇ ਕੇ ਦਰਦਨਾਕ ਅਤੇ ਖ਼ੌਫ਼ਨਾਕ ਤਰੀਕੇ ਨਾਲ ਮਾਰਨ ਦਾ ਫ਼ਤਵਾ ਦੇ ਦਿੱਤਾ।
ਸਭ ਤੋਂ ਪਹਿਲਾਂ ਭਾਈ ਮਤੀ ਦਾਸ ਜੀ ਨੰੂ ਆਰੇ ਨਾਲ ਚੀਰ ਕੇ ਅਣਮਨੁੱਖੀ ਕਿਸਮ ਦੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਫਿਰ ਭਾਈ ਦਿਆਲਾ ਜੀ ਨੂੰ ਪਾਣੀ ਦੀ ਉਬਲਦੀ ਦੇਗ਼ ਵਿਚ ਉਬਾਲ ਕੇ ਸ਼ਹੀਦ ਕੀਤਾ ਗਿਆ ਤੇ ਅੰਤ ਵਿਚ ਭਾਈ ਸਤੀ ਦਾਸ ਜੀ ਨੂੰ ਕੌਤਵਾਲੀ ਦੇ ਸਾਹਮਣੇ ਰੂੰ ਵਿਚ ਲਪੇਟ ਕੇ ਜ਼ਿੰਦਾ ਸਾੜ ਦਿੱਤਾ ਗਿਆ। ਗੁਰੂ ਦੇ ਸਿੱਖ, ਗੁਰਮਤਿ ਦੇ ਅਦੁੱਤੀ ਸਿਧਾਂਤਾਂ ਤੇ ਪਹਿਰਾ ਦਿੰਦਿਆਂ ਆਪਣੀਆਂ ਜਾਨਾਂ ਵਾਰ ਗਏ।
ਤਿੰਨ ਸਿੱਖਾਂ ਦੀ ਸ਼ਹਾਦਤ ਤੋਂ ਬਾਅਦ ਕਾਜ਼ੀ ਅਬਦੁੱਲ ਵਹਾਬ ਵੋਹਰਾ ਨੇ ਇਕ ਵਾਰ ਫਿਰ ਆਪਣੇ ਮਕਸਦ ਵਿਚ ਕਾਮਯਾਬ ਹੋਣ ਲਈ ਗੁਰੂ ਸਾਹਿਬ ਜੀ ਦੇ ਸਾਹਮਣੇ ਮੁੜ ਉਹੀ ਸ਼ਰਤਾਂ ਰੱਖੀਆਂ ਪਰ ਗੁਰੂ ਸਾਹਿਬ ਕਹਿਣ ਲੱਗੇ, ਧਰਮ ਤਿਆਗਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਤੇ ਜਿਹੜੀ ਹਿੰਦੂਆਂ ਦੀ ਸਾਥ ਦੇਣ ਵਾਲੀ ਗੱਲ ਹੈ, ਉਸ ਤੋਂ ਵੀ ਪਿੱਛੇ ਨਹੀਂ ਹਟਿਆ ਜਾ ਸਕਦਾ ਕਿਉਂਕਿ ਸਾਡੇ ਸਾਹਮਣੇ ਇੱਥੇ ਸੁਆਲ ਹਿੰਦੂ ਮਤ ਦਾ ਨਹੀਂ, ਅਸੀਂ ਪਰਮਾਤਮਾ ਦੀ ਨਿਆਂ ਪ੍ਰਣਾਲੀ ਨੂੰ ਕਾਇਮ ਰੱਖਣ ਲਈ ਤਤਪਰ ਹਾਂ ਕਿ ਸਭ ਨੂੰ ਬਰਾਬਰ ਦੇ ਹੱਕ ਮਿਲਣ। ਇਸ ਲਈ ਜਿਹੜੀ ਤੁਹਾਡੀ ਅਖ਼ੀਰਲੀ ਸ਼ਰਤ ਹੈ, ਉਹ ਸਾਨੂੰ ਪ੍ਰਵਾਨ ਹੈ, ਅਸੀਂ ਸ਼ਹਾਦਤ ਦੇਣ ਲਈ ਤਿਆਰ ਹਾਂ।
11 ਨਵੰਬਰ 1675 ਨੂੰ ਜਦੋਂ ਕਾਜ਼ੀ ਅਬਦੁੱਲ ਵਹਾਬ ਵੋਹਰਾ ਗੁਰੂ ਸਾਹਿਬ ਨੂੰ ਡੁਲਾਉਣ ਅਤੇ ਝੁਕਾਉਣ ਵਿਚ ਨਾਕਾਮਯਾਬ ਰਿਹਾ ਤਾਂ ਉਸ ਨੇ ਫ਼ਤਵਾ ਜਾਰੀ ਕਰ ਕੇ ਦਿੱਲੀ ਸ਼ਹਿਰ ਵਿਚ ਢੰਡੋਰਾ ਪਿਟਵਾ ਦਿੱਤਾ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਪਵਿੱਤਰ ਸੀਸ ਤਲਵਾਰ ਨਾਲ ਧੜ ਤੋਂ ਜੁਦਾ ਕਰ ਦਿੱਤਾ ਜਾਵੇ ਤੇ ਅਗਲੇ ਦਿਨ ਉਨ੍ਹਾਂ ਦੇ ਸਰੀਰ ਦੇ ਚਾਰ ਟੋੋਟੇ ਕਰ ਕੇ ਦਿੱਲੀ ਦੇ ਚਾਰ ਮੁੱਖ ਦਰਵਾਜ਼ਿਆਂ ਦਿੱਲੀ ਗੇਟ, ਅਜਮੇਰੀ ਗੇਟ, ਲਹੌਰੀ ਗੇਟ ਤੇ ਕਸ਼ਮੀਰੀ ਗੇਟ ਤੇ ਟੰਗ ਦਿੱਤੇ ਜਾਣ ਤਾਂ ਜੋ ਇਸਲਾਮ ਦਾ ਵਿਰੋਧ ਕਰਨ ਵਾਲਿਆਂ ਨੂੰ ਇਹ ਚਿਤਾਵਨੀ ਹੋ ਜਾਵੇ ਕਿ ਕੋਈ ਉਨ੍ਹਾਂ ਵਿਰੁੱਧ ਬੋਲਣ ਦਾ ਹੀਆ ਨਾ ਕਰੇ ਅਤੇ ਹਿੰਦੂ ਨੇ, ਉਹ ਡਰ ਕੇ ਇਸਲਾਮ ਕਬੂਲ ਕਰ ਲੈਣ।
ਫ਼ਤਵਾ ਜਾਰੀ ਹੋਣ ’ਤੇ ਗੁਰੂ ਜੀ ਨੂੰ ਚਾਂਦਨੀ ਚੌਕ ਦੇ ਕੌਤਵਾਲੀ ਵਾਲੇ ਬਰੋਟੇ ਹੇਠ ਬਿਠਾ ਦਿੱਤਾ ਗਿਆ। ਗੁਰੂ ਸਾਹਿਬ ਨੇ ਜਪੁ ਜੀ ਸਾਹਿਬ ਦੀ ਬਾਣੀ ਦੀ ਅਰੰਭਤਾ ਕਰ ਦਿੱਤੀ। ਕਾਜ਼ੀ ਨੇ ਇਸ਼ਾਰਾ ਕੀਤਾ ਤੇ ਉਸ ਦੇ ਇਸ਼ਾਰੇ ’ਤੇ ਜਲਾਦ ਜਲਾਲ-ਉਲ-ਦੀਨ ਨੇ ਨੰਗੀ ਤਲਵਾਰ ਦਾ ਵਾਰ ਕਰ ਕੇ ਗੁਰੂ ਸਾਹਿਬ ਦਾ ਪਵਿੱਤਰ ਸੀਸ ਧੜ ਨਾਲੋਂ ਜੁਦਾ ਕਰ ਦਿੱਤਾ, ਜਦਕਿ ਗੁਰੂ ਸਾਹਿਬ ਨੇ ਅਜੇ ਜਪੁ ਜੀ ਸਾਹਿਬ ਦੀਆਂ ਪੰਜ ਪਉੜੀਆਂ ਦਾ ਭੋਗ ਹੀ ਪਾਇਆ ਸੀ। ਗੁਰੂ ਸਾਹਿਬ ਜੀ ਦੀ ਅਦੁੱਤੀ ਸ਼ਹਾਦਤ ਦਾ ਇਹ ਇੰਨਾਂ ਵੱਡਾ ਸਾਕਾ ਹੋਇਆ ਜਿਸ ਨੂੰ ਬਿਆਨ ਕਰਦੇ ਹੋਏ ਇਕ ਕਵੀ ਲਿਖਦਾ ਹੈ ਕਿ ‘ਗੁਰੂ ਤੇਗ ਬਹਾਦਰ ਜੀ ਨੇ ਆਪਣੇ ਸੀਸ ਦਾ ਠੀਕਰਾ ਦਿੱਲੀ ਦਰਬਾਰ ਦੇ ਸਿਰ ’ਤੇ ਭੰਨ ਕੇ ਉਸ ਦੇ ਤਖ਼ਤ ਨੂੰ ਜੜੋਂ ਪੁੱਟ ਦਿੱਤਾ ਹੈ।’
ਠੀਕਰਿ ਫੋਰਿ ਦਿਲੀਸਿ ਸਿਰਿ
ਪ੍ਰਭ ਪੁਰ ਕੀਯਾ ਪਯਾਨ।
ਤੇਗ ਬਹਾਦਰ ਸੀ ਕ੍ਰਿਆ
ਕਰੀ ਨ ਕਿਨਹੂੰ ਆਨ।
ਜਦਕਿ ਇਕ ਪਾਸੇ ਸਰਕਾਰ ਨੇ ਇਹ ਹੁਕਮ ਕੀਤਾ ਹੋਇਆ ਸੀ ਕਿ ਗੁਰੂ ਸਾਹਿਬ ਦੇ ਸਰੀਰ ਦੇ ਚਾਰ ਟੋਟੇ ਕਰਕੇ ਦਿੱਲੀ ਦੇ ਚਾਰ ਮੁੱਖ ਦਰਵਾਜ਼ਿਆਂ ’ਤੇ ਟੰਗ ਦਿੱਤੇ ਜਾਣ, ਸਿੱਖਾਂ ਨੇ ਬੜੀ ਦਲੇਰੀ ਨਾਲ ਗੁਰੂ ਸਾਹਿਬ ਦੇ ਸਰੀਰ ਦਾ ਸਤਿਕਾਰ ਕਾਇਮ ਰੱਖਣ ਲਈ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ। ਭਾਈ ਜੈਤਾ ਜੀ ਅਤੇ ਭਾਈ ਨਾਨੂੰ ਜੀ ਨੇ ਬਣਾਈ ਵਿਉਂਤਬੰਦੀ ਮੁਤਾਬਿਕ ਗੁਰੂ ਸਾਹਿਬ ਜੀ ਦਾ ਸੀਸ ਬੜੀ ਦਲੇਰੀ ਨਾਲ ਸ਼ਹੀਦੀ ਅਸਥਾਨ ਤੋਂ ਚੁੱਕ ਕੇ ਕੀਰਤਪੁਰ ਸਾਹਿਬ ਵੱਲ ਚਾਲੇ ਪਾ ਦਿੱਤੇ ਜਿੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸਮੁੱਚੇ ਪਰਿਵਾਰ ਅਤੇ ਬਾਕੀ ਸਿੱਖਾਂ ਸਮੇਤ ਪਹੁੰਚੇ ਹੋਏ ਸਨ। ਉੱਥੋਂ ਸੀਸ ਨੂੰ ਸਤਿਕਾਰ ਸਹਿਤ ਅਨੰਦਪੁਰ ਸਾਹਿਬ ਲੈ ਜਾਇਆ ਗਿਆ ਤੇ ਮੌੌਜੂਦਾ ਸੀਸ ਗੰਜ ਸਾਹਿਬ, ਅਨੰਦਪੁਰ ਵਿਖੇ ਪਾਵਨ ਸੀਸ ਦਾ ਸਸਕਾਰ ਕੀਤਾ ਗਿਆ। ਦੂਜੇ ਪਾਸੇ ਭਾਈ ਲੱਖੀ ਸ਼ਾਹ ਜੀ ਅਤੇ ਉਨ੍ਹ੍ਹਾਂ ਦੇ ਤਿੰਨ ਸਪੁੱਤਰ ਭਾਈ ਹੇਮਾ ਜੀ, ਭਾਈ ਹਾੜੀ ਜੀ ਅਤੇ ਭਾਈ ਨਗਾਈਆ ਜੀ, ਜੋ ਦਿੱਲੀ ਦੇ ਹੀ ਰਹਿਣ ਵਾਲੇ ਸਨ, ਉਹ ਗੁਰੂ ਸਾਹਿਬ ਜੀ ਦਾ ਧੜ ਆਪਣੇ ਗੱਡਿਆਂ ਰਾਹੀਂ ਰਕਾਬਗੰਜ ਵਾਲੇ ਪਾਸੇ ਲੈ ਗਏ ਤੇ ਆਪਣੇ ਘਰ ਨੂੰ ਅੱਗ ਲਾ ਕੇ ਗੁਰੂ ਸਾਹਿਬ ਦੇ ਧੜ ਦਾ ਸਸਕਾਰ ਕਰ ਦਿੱਤਾ ਜਿਸ ਅਸਥਾਨ ’ਤੇ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਮੌਜੂਦ ਹੈ।
ਇਸ ਤਰ੍ਹਾਂ ਗੁਰੂ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਹੋਈ। ਐਸਾ ਅਦੁੱਤੀ ਕਾਰਨਾਮਾ ਪੂਰੇ ਵਿਸ਼ਵ ਦੇ ਇਤਿਹਾਸ ਵਿਚ ਕਿੱਧਰੇ ਵੀ ਹੋਰ ਕੋਈ ਨਹੀਂ ਕਰ ਸਕਿਆ। ਗੁਰੂ ਸਾਹਿਬ ਨੇ ਦੂਜਿਆਂ ਦੀ ਧਾਰਮਿਕ ਆਜ਼ਾਦੀ ਨੂੰ ਇੰਨੀ ਦ੍ਰਿੜਤਾ ਤੇ ਅਡੋਲਤਾ ਵਿਚ ਰਹਿ ਕੇ ਅਸਹਿ ਤੇ ਅਕਹਿ ਕਸ਼ਟ ਝੱਲ ਕੇ ਕਾਇਮ ਕਰ ਦਿੱਤਾ। ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਗੁਰੂ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਮੁਗ਼ਲ ਸਾਮਰਾਜ ਵੱਲੋਂ ਨਾ ਤਾਂ ਕਿਸੇ ਹਿੰਦੂ ਦਾ ਜਨੇਊ ਤੋੜਿਆ ਗਿਆ, ਨਾ ਤਿਲਕ ਮਿਟਾਇਆ ਗਿਆ ਤੇ ਨਾ ਹੀ ਕੋਈ ਮੰਦਰ ਤੋੜਿਆ ਗਿਆ। ਗੁਰੂ ਸਾਹਿਬ ਦੀ ਅਦੁੱਤੀ ਸ਼ਹਾਦਤ ਨੇ ਸਮੇਂ ਦੀ ਜ਼ੁਲਮੀ ਸਰਕਾਰ ਵੱਲੋਂ ਕੀਤੇ ਜਾ ਰਹੇ ਹਿੰਦੂ ਸਮਾਜ ਦੇ ਵਿਰੁੱਧ ਇਸ ਸਾਰੇ ਕਾਰੇ ਉੱਤੇ ਇਕ ਤਰ੍ਹਾਂ ਦੀ ਪੂਰੀ ਰੋਕ ਲਗਾ ਦਿੱਤੀ।
ਭਾਵੇਂ ਗੁਰੂ ਤੇਗ ਬਹਾਦਰ ਜੀ ‘ਹਿੰਦ ਦੀ ਚਾਦਰ’ ਕਿਹਾ ਜਾਂਦਾ ਹੈ ਪਰ ਉਹ ਅਸਲ ਵਿਚ ‘ਸਾਰੀ ਸ੍ਰਿਸ਼ਟ ਦੀ ਚਾਦਰ ਹਨ’, ਜਿਨ੍ਹਾਂ ਨੇ ਇਸ ਵਿਸ਼ਵ-ਵਿਆਪੀ ਸਿਧਾਂਤ ਤੇ ਪਹਿਰਾ ਦਿੰਦਿਆਂ ਆਪਣੀ ਸ਼ਹਾਦਤ ਦਿੱਤੀ ਕਿ ਹਰ ਕਿਸੇ ਨੂੰ ਧਾਰਮਿਕ ਆਜ਼ਾਦੀ ਤੇ ਸੁਤੰਤਰਤਾ ਮਿਲੇ, ਕਿਸੇ ਦੇ ਹਿੱਤਾਂ ਦੀ ਅਣਦੇਖੀ ਨਾ ਹੋਵੇ, ਸਭ ਨੂੰ ਬਰਾਬਰ ਦਾ ਨਿਆਂ ਮਿਲੇ ਤੇ ਹਰ ਕੋਈ ਆਪਣੇ ਧਰਮ ਅਕੀਦੇ ਅਨੁਸਾਰ ਜੀਵਨ ਜਿਊਣ ਦਾ ਹੱਕਦਾਰ ਹੋਵੇ।
ਅਦੁੱਤੀ ਸ਼ਹਾਦਤ
ਇਸ ਲਈ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਜਿਹੜੀ ਸ਼ਹਾਦਤ ਹੋਈ, ਜੋ ਉਸ ਵੇਲੇ ਭਾਵੇਂ ਕਿਸੇ ਇਕ ਸਮਾਜ ਨੂੰ ਸਾਹਮਣੇ ਰੱਖਦੇ ਹੋਏ ਹੋਈ, ਇਹ ਸੰਸਾਰ ਦੇ ਇਤਿਹਾਸ ਦੀ ਅਨੌਖੀ ਸ਼ਹਾਦਤ ਹੈ ਕਿਉਂਕਿ ਇਸ ਪਿੱਛੇ ਸਿਧਾਂਤ ਸੀ ਸਮੁੱਚੀ ਮਾਨਵਤਾ ਦੀ ਧਾਰਮਿਕ ਸੁਤੰਤਰਤਾ ਦਾ। ਇਹੀ ਕਾਰਨ ਹੈ ਕਿ ਇਹ ਸ਼ਹਾਦਤ ਸੰਸਾਰ ਦੇ ਇਤਿਹਾਸ ਦਾ ਸਭ ਤੋਂ ਮਹਾਨ, ਵੱਡਾ ਤੇ ਲਾਸਾਨੀ ਸਾਕਾ ਹੋਇਆ। ਗਰੀਕ ਫਿਲਾਸਫਰ ‘ਆਰਸਤੂ’ ਵੀ ਇਹੀ ਗੱਲ ਲਿਖਦਾ ਹੈ ਕਿ ‘ਸ਼ਹਾਦਤਾਂ ਤਾਂ ਸਾਰੀਆਂ ਮਹਾਨ ਹੁੰਦੀਆਂ ਹਨ ਪਰ ਧਰਮ ਲਈ ਦਿੱਤੀ ਸ਼ਹਾਦਤ ਸਭ ਤੋਂ ਮਹਾਨ ਤੇ ਉੱਤਮ ਇਸ ਲਈ ਮੰਨੀ ਜਾਂਦੀ ਹੈ ਕਿਉਂਕਿ ਧਰਮ ਲਈ ਸ਼ਹੀਦ ਹੋਣ ਵਾਲਾ ਕਿਸੇ ਇਕ ਜਾਤੀ, ਸਮਾਜ, ਫਿਰਕੇ ਜਾਂ ਆਪਣੇ ਹਿੱਤਾਂ ਅਤੇ ਮੁਫਾਦ ਤੋਂ ਉੱਪਰ ਉੱਠ ਕੇ ਇਕ ਸਾਂਝੇ ਕਾਰਜ ਲਈ ਆਪਣੀ ਸ਼ਹਾਦਤ ਦਿੰਦਾ ਹੈ ਜੋ ਬੇਇਨਸਾਫ਼ੀ, ਜਬਰ ਤੇ ਜੁਲਮ ਨੂੰ ਮਿਟਾਉਣ ਲਈ ਹੁੰਦੀ ਹੈ।’
ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਅਦੁੱਤੀ ਸ਼ਹਾਦਤ ਅੱਜ ਸਮੁੱਚੇ ਸੰਸਾਰ ਨੂੰ ਇਹ ਸੁਨੇਹਾ ਦੇ ਰਹੀ ਹੈ ਕਿ ਪਰਮਾਤਮਾ ਨੇ ਇਹ ਸੰਸਾਰ-ਰੂਪ ਫੁਲਵਾੜੀ ਤਿਆਰ ਕੀਤੀ ਹੈ, ਇਹ ਧਰਤੀ ਧਰਮਸ਼ਾਲ ਦੇ ਰੂਪ ਵਿਚ ਕਾਇਮ ਕਰ ਕੇ ਸਾਨੂੰ ਸਾਰਿਆਂ ਨੂੰ ਰਹਿਣ ਲਈ ਉਸ ਨੇ ਦਿੱਤੀ ਹੋਈ ਹੈ। ਇਸ ਮਾਨਵ ਜਾਤੀ ਵਿਚ ਕੋਈ ਵੀ ਮਨੁੱਖ ਕਿਸੇ ਵੀ ਵਿਚਾਰਧਾਰਾ, ਸਿਧਾਂਤ ਜਾਂ ਫਲਸਫੇ ਨੂੰ ਮੰਨਣ ਵਾਲਾ ਹੈ, ਕਿਸੇ ਵੀ ਸਮਾਜ ਨਾਲ ਸਬੰਧਤ ਹੈ, ਚਾਹੇ ਉਹ ਬਹੁ-ਗਿਣਤੀ ਵਿਚ ਹੈ ਜਾਂ ਕਿਸੇ ਘੱਟ ਗਿਣਤੀ ਨਾਲ ਸਬੰਧਤ ਹੈ, ਉਹ ਗੋਰਾ ਹੈ, ਕਾਲਾ ਹੈ, ਕਿਸੇ ਵੀ ਲਿੰਗ ਨਸਲ ਦਾ ਹੈ, ਉਸ ਦੇ ਹੱਕਾਂ ਦੀ ਅਣਦੇਖੀ ਨਾ ਹੋਵੇ, ਉਸ ਨੂੰ ਬਰਾਬਰ ਦਾ ਨਿਆਂ ਮਿਲੇ। ਉਸ ਨੂੰ ਆਪਣੇ ਅਨੁਸਾਰੀ ਖਾਣ ਪੀਣ ਪਹਿਨਣ ਬੋਲਣ ਦੀ ਆਜ਼ਾਦੀ ਹੋਵੇ। ਆਪਣੀ ਸੰਸਕ੍ਰਿਤੀ ਅਤੇ ਆਪਣੇ ਸੱਭਿਆਚਾਰ ਅਨੁਸਾਰੀ ਜੀਵਨ ਜਿਊਣ ਦੀ ਪੂਰੀ ਖੁੱਲ੍ਹ ਹੋਵੇ। ਉਸ ਨੂੰ ਹਰ ਤਰ੍ਹਾਂ ਦੀ ਧਾਰਮਿਕ ਆਜ਼ਾਦੀ ਹੋਵੇ ਤੇ ਉਹ ਸੁਤੰਤਰ ਹੋ ਕੇ ਜੀਵਨ ਜੀਊ ਸਕੇ ਕਿਉਂਕਿ ਇਹ ਹੱਕ ਸਭ ਨੂੰ ਪਰਮਾਤਮਾ ਵੱਲੋਂ ਦਿੱਤਾ ਗਿਆ ਹੈ। ਮਾਨਵ ਜਾਤੀ ਵਿਚ ਹੋਣ ਕਰਕੇ ਸਾਡੇ ਸਾਰਿਆਂ ਦੇ ਹਕੂਕ ਬਰਾਬਰ ਹਨ। ਜੇ ਅੱਜ ਸਮੁੱਚਾ ਭਾਰਤਵਰਸ਼ ਇਨ੍ਹਾਂ ਸਿਧਾਂਤਾਂ ਤੇ ਪਹਿਰਾ ਦਿੰਦਾ ਹੈ ਤਾਂ ਇਹ ਇਕ ਸੱਚੀ ਸ਼ਰਧਾਂਜਲੀ ਸਾਡੇ ਸਾਰਿਆਂ ਵੱਲੋਂ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਨਾਲ ਸ਼ਹੀਦ ਹੋਏ ਤਿੰਨ ਗੁਰਸਿੱਖਾਂ ਦੀ ਮਹਾਨ ਸ਼ਹਾਦਤ ਨੂੰ ਹੋਵੇਗੀ।
 
- ਪ੍ਰਿੰ. ਜਗਜੀਤ ਸਿੰਘ
94192-09102
----------------