ਮੁਗ਼ਲ ਹਕੂਮਤ ਦੀ ਦਹਿਸ਼ਤ ਕਾਰਨ ਸਸਕਾਰ ਕਰਨ ਲਈ ਥਾਂ ਨਹੀਂ ਸੀ ਮਿਲ ਰਹੀ। ਦੀਵਾਨ ਜੀ ਇਹ ਕਹਿਰ ਵਰਤਣ ਮੌਕੇ ਸਰਹਿੰਦ ਵਿਖੇ ਨਹੀਂ ਸਨ। ਜਦੋਂ ਆਏ ਤਾਂ ਹਿਰਦੇਵੇਧਕ ਖ਼ਬਰ ਮਿਲਣਸਾਰ ਆਪਣੇ ਅਹੁਦੇ ਦਾ ਰਸੂਖ਼ ਵਰਤ ਕੇ ਸੂਬੇ ਤੋਂ ਪਾਵਨ ਦੇਹਾਂ ਦਾ ਸਸਕਾਰ ਕਰਨ ਦੀ ਆਗਿਆ ਲਈ। ਦੀਵਾਨ ਟੋਡਰ ਮੱਲ ਜੀ ਨੇ ਚੌਧਰੀ ਅੱਤਾ ਨਾਂ ਦੇ ਜ਼ਿਮੀਂਦਾਰ ਨਾਲ ਸੋਨੇ ਦੀਆਂ ਮੋਹਰਾਂ (ਅਸ਼ਰਫੀਆਂ) ਬਦਲੇ ਜ਼ਮੀਨ ਦਾ ਸੌਦਾ ਕੀਤਾ।

ਸਿੱਖ ਜਗਤ ’ਚ ਦੀਵਾਨ ਟੋਡਰ ਮੱਲ ਜੀ ਦਾ ਨਾਂ ਬਹੁਤ ਆਦਰ ਨਾਲ ਲਿਆ ਜਾਂਦਾ ਹੈ ਅਤੇ ਸਿੱਖ ਇਤਿਹਾਸ ’ਚ ਉਨ੍ਹਾਂ ਦਾ ਜ਼ਿਕਰ ਵਿਸ਼ੇਸ਼ ਸਥਾਨ ਰੱਖਦਾ ਹੈ। ਜਹਾਜ਼ ਹਵੇਲੀ ਸਰਹਿੰਦ ਵਿਖੇ ਉਨ੍ਹਾਂ ਦੀ ਰਿਹਾਇਸ਼ਗਾਹ ਸੀ। ਦੀਵਾਨ ਸਾਹਿਬ ਉਹ ਸ਼ੇਰ ਦਿਲ ਨੇਕ ਇਨਸਾਨ ਸਨ ਜਿਨ੍ਹਾਂ ਨੇ ਸਮੇਂ ਦੀ ਜ਼ਾਲਮ ਮੁਗ਼ਲ ਹਕੂਮਤ ਨੂੰ ਦੱਸਿਆ ਕਿ ਜ਼ੁਲਮ ਦੇ ਝੁੱਲਦੇ ਝੱਖੜਾਂ ’ਚ ਵੀ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਾਗਦੀ ਜ਼ਮੀਰ ਵਾਲੇ ਉਪਾਸ਼ਕ ਉਨ੍ਹਾਂ ਤੋਂ ਕੁਰਬਾਨ ਜਾਂਦੇ ਹਨ। ਦੀਵਾਨ ਟੋਡਰ ਮੱਲ ਜੀ ਸ਼ਾਹਾਨਾ ਠਾਠ ਤੇ ਧਾਰਮਿਕ ਬਿਰਤੀ ਵਾਲੇ ਇਨਸਾਨ ਸਨ। ਸਰਕਾਰੇ-ਦਰਬਾਰੇ ਉਨ੍ਹਾਂ ਨੂੰ ਪੂਰਾ ਮਾਣ-ਆਦਰ ਹਾਸਲ ਸੀ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਦੇ ਅੰਤਿਮ ਸੰਸਕਾਰ ਲਈ ਸੋਨੇ ਦੀਆਂ ਮੋਹਰਾਂ ਬਦਲੇ ਮਿੱਟੀ (ਜ਼ਮੀਨ) ਖ਼ਰੀਦ ਕੇ ਉਨ੍ਹਾਂ ਸਿੱਖ ਇਤਿਹਾਸ ’ਚ ਆਪਣਾ ਨਾਂ ਸੁਨਹਿਰੀ ਅੱਖਰਾਂ ’ਚ ਦਰਜ ਕਰਵਾ ਲਿਆ। ਮਜ਼ਹਬੀ ਜਨੂੰਨ ਤੇ ਤਾਕਤ ਦੇ ਨਸ਼ੇ ’ਚ ਅੰਨ੍ਹੇ ਹੋਏ ਸੂਬਾ ਸਰਹਿੰਦ ਵਜ਼ੀਰ ਖਾਂ ਨੇ ਸਰਹਿੰਦ ਵਿਖੇ ਦਸਵੇਂ ਪਾਤਸ਼ਾਹ ਦੇ ਕੇਵਲ ਸੱਤ ਤੇ ਨੌਂ ਸਾਲਾਂ ਦੇ ਮਾਸੂਮ ਸਾਹਿਬਜ਼ਾਦਿਆਂ ਨੂੰ ਇਸਲਾਮ ਕਬੂਲ ਨਾ ਕਰਨ ’ਤੇ ਜਿਉਂਦੇ ਦੀਵਾਰ ’ਚ ਚਿਣਵਾਇਆ ਤੇ ਫਿਰ ਕੋਹ-ਕੋਹ ਕੇ ਸ਼ਹੀਦ ਕਰਵਾਇਆ। ਇਹ ਅਣਹੋਣੀ 13 ਪੋਹ, 1761 ਬਿਕ੍ਰਮੀ, ਮੁਤਾਬਿਕ 27 ਦਸੰਬਰ ਸੰਨ 1704 ਨੂੰ ਵਰਤੀ। ਇਸੇ ਦਿਨ ਠੰਢੇ ਬੁਰਜ ’ਚ ਕੈਦ ਕੀਤੇ ਗੁਰੂ ਗੋਬਿੰਦ ਸਿੰਘ ਜੀ ਦੇ ਪੂਜਨੀਕ ਮਾਤਾ, ਮਾਤਾ ਗੁਜਰੀ ਜੀ ਵੀ ਸਵਾਸ ਤਿਆਗ ਕੇ ਸ਼ਹਾਦਤ ਦਾ ਜਾਮ ਪੀ ਗਏ। ਸੂਬੇ ਨੇ ਤਿੰਨਾਂ ਪਾਵਨ ਦੇਹਾਂ ਨੂੰ ਨਾਲ ਵਗਦੀ ਹੰਸਲਾ ਨਦੀ ਕਿਨਾਰੇ ਸੁਟਵਾ ਦਿੱਤਾ।
ਖੜ੍ਹਵੇਂ ਦਾਅ ਮੋਹਰਾਂ ਚਿਣ ਕੇ ਜ਼ਮੀਨ ਖ਼ਰੀਦੀ
ਮੁਗ਼ਲ ਹਕੂਮਤ ਦੀ ਦਹਿਸ਼ਤ ਕਾਰਨ ਸਸਕਾਰ ਕਰਨ ਲਈ ਥਾਂ ਨਹੀਂ ਸੀ ਮਿਲ ਰਹੀ। ਦੀਵਾਨ ਜੀ ਇਹ ਕਹਿਰ ਵਰਤਣ ਮੌਕੇ ਸਰਹਿੰਦ ਵਿਖੇ ਨਹੀਂ ਸਨ। ਜਦੋਂ ਆਏ ਤਾਂ ਹਿਰਦੇਵੇਧਕ ਖ਼ਬਰ ਮਿਲਣਸਾਰ ਆਪਣੇ ਅਹੁਦੇ ਦਾ ਰਸੂਖ਼ ਵਰਤ ਕੇ ਸੂਬੇ ਤੋਂ ਪਾਵਨ ਦੇਹਾਂ ਦਾ ਸਸਕਾਰ ਕਰਨ ਦੀ ਆਗਿਆ ਲਈ। ਦੀਵਾਨ ਟੋਡਰ ਮੱਲ ਜੀ ਨੇ ਚੌਧਰੀ ਅੱਤਾ ਨਾਂ ਦੇ ਜ਼ਿਮੀਂਦਾਰ ਨਾਲ ਸੋਨੇ ਦੀਆਂ ਮੋਹਰਾਂ (ਅਸ਼ਰਫੀਆਂ) ਬਦਲੇ ਜ਼ਮੀਨ ਦਾ ਸੌਦਾ ਕੀਤਾ। ਦੀਵਾਨ ਜੀ ਨੇ ਸੂਬੇ ਦੇ ਕਹਿਣ ’ਤੇ ਖੜ੍ਹਵੇਂ ਦਾਅ ਮੋਹਰਾਂ ਚਿਣ ਕੇ ਜ਼ਮੀਨ ਖ਼ਰੀਦੀ ਜੋ ਦੁਨੀਆ ਭਰ ਦੀ ਸਭ ਤੋਂ ਮਹਿੰਗੇ ਮੁੱਲ ਦੀ ਜ਼ਮੀਨ ਹੋ ਨਿੱਬੜੀ। ਇਸ ਸਸਕਾਰ ਵਾਲੇ ਮੁਕੱਦਸ ਸਥਾਨ ’ਤੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਸੁਸ਼ੋਭਿਤ ਹੈ। ਇਤਿਹਾਸਕਾਰਾਂ ਅਨੁਸਾਰ ਇਨ੍ਹਾਂ ਤਿੰਨਾਂ ਮਹਾਨ ਸ਼ਹੀਦਾਂ ਦਾ ਅੰਤਿਮ ਸੰਸਕਾਰ ਦੀਵਾਨ ਜੀ ਨੇ ਆਪ ਕੀਤਾ। ਇਸ ਪਵਿੱਤਰ ਕਾਰਜ ਵਿਚ ਦੀਵਾਨ ਜੀ ਦੇ ਭਰਾ ਦਾ ਜ਼ਿਕਰ ਵੀ ਆਉਂਦਾ ਹੈ। ਭਾਈ ਸੁਰਿੰਦਰ ਸਿੰਘ ਖ਼ਾਲਸਾ ਦੀ ਪੁਸਤਕ ‘ਪੋਹ ਦੀਆਂ ਰਾਤਾਂ’ ਅਨੁਸਾਰ ਬਾਬਾ ਮੋਤੀ ਰਾਮ ਮਹਿਰਾ ਜੀ ਦੀ, ਮਾਤਾ ਸੁਪਤਨੀ ਤੇ ਦੀਵਾਨ ਟੋਡਰ ਮੱਲ ਜੀ ਦੇ ਪਰਿਵਾਰ ਦੀਆਂ ਔਰਤਾਂ ਨੇ ਮਾਤਾ ਗੁਜਰੀ ਜੀ ਦੀ ਪਾਵਨ ਦੇਹ ਦਾ ਇਸ਼ਨਾਨ ਕਰਵਾਇਆ। ਸਾਹਿਬਜ਼ਾਦਿਆਂ ਨੂੰ ਵੀ ਇਸ਼ਨਾਨ ਕਰਵਾਇਆ ਗਿਆ। ਬਿਬਾਨ ਦੇ ਨਾਲ ਗਿਣਤੀ ਦੇ ਦੋ-ਚਾਰ ਗੁਰੂ ਪਿਆਰੇ ਵੀ ਸਨ। ਮੋਤੀ ਰਾਮ ਮਹਿਰਾ ਜੀ ਤੇ ਦੀਵਾਨ ਜੀ ਦੇ ਪਰਿਵਾਰ ਦੀਆਂ ਔਰਤਾਂ ਸਸਕਾਰ ਸਮੇਂ ਨਾਲ ਸਨ। ਇਨ੍ਹਾਂ ਤੋਂ ਇਲਾਵਾ ਭਾਈ ਨਾਗਰ ਮੱਲ ਜੀ ਤੇ ਭਾਈ ਜੋਧ ਸਿੰਘ ਜੀ ਵੀ ਨਾਲ ਸਨ। ਤੀਜੇ ਦੀਵਾਨ ਜੀ ਦਾ ਜੱਦੀ ਪਿੰਡ ਕਾਕੜਾ ਜ਼ਿਲ੍ਹਾ ਸੰਗਰੂਰ ਦੱਸਿਆ ਗਿਆ ਹੈ। ਸਸਕਾਰ ਤੋਂ ਤੀਜੇ ਦਿਨ ਇਨ੍ਹਾਂ ਨੇ ਅਸਥੀਆਂ ਤੇ ਬਿਭੂਤੀ ਵੱਡੀ ਗਾਗਰ ’ਚ ਪਾ ਲਈ ਜੋ ਉਸੇ ਥਾਂ ਟੋਆ ਪੁੱਟ ਕੇ ਦੱਬ ਦਿੱਤੀ ਜਿੱਥੇ ਹੁਣ ਪੱਕਾ ਥੜ੍ਹਾ ਸਾਹਿਬ ਹੈ। ਆਲੇ-ਦੁਆਲੇ ਦੀ ਬਿਭੂਤੀ ਇਕ ਛੋਟੀ ਗਾਗਰ ’ਚ ਪਾਈ ਗਈ। ਭਾਈ ਜੋਧ ਸਿੰਘ ਛੋਟੀ ਗਾਗਰ ਲੈ ਕੇ ਪਿੰਡ ਕਾਕੜਾ ਪੁੱਜ ਗਿਆ। ਉਹ ਗਾਗਰ ਜ਼ਮੀਨ ’ਚ ਦੱਬ ਦਿੱਤੀ। ਇਹ ਜ਼ਮੀਨ ਵੀ ਦੀਵਾਨ ਜੀ ਦੀ ਮਲਕੀਅਤ ਸੀ ਜੋ ਨਾਲ ਲੱਗਦੇ ਪਿੰਡ ਆਲੋਅਰਖ ਵਿਚ ਪੈਂਦੀ ਸੀ। ਉਸ ਅਸਥਾਨ ਉੱਤੇ ‘ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ, ਯਾਦਗਾਰ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ’ ਸੁਭਾਇਮਾਨ ਹੈ।
ਟੋਡਰ ਮੱਲ ਦਾ ਪਿਛੋਕੜ
ਦੀਵਾਨ ਜੀ ਦੇ ਖ਼ਾਨਦਾਨ ਦੀ ਨੌਵੀਂ ਪੀੜ੍ਹੀ ’ਚੋਂ ਬਲਰਾਜ ਚੋਪੜਾ ਤੇ ਉਨ੍ਹਾਂ ਦੇ ਸਪੁੱਤਰ ਸ਼ਕਤੀਰਾਜ ਚੋਪੜਾ ਨੇ ਵੀ ਇਤਿਹਾਸਕਾਰਾਂ ਦੇ ਤੱਥਾਂ ਦੀ ਕਾਫ਼ੀ ਹੱਦ ਤੱਕ ਪੁਸ਼ਟੀ ਕੀਤੀ ਹੈ। ਦੀਵਾਨ ਟੋਡਰ ਮੱਲ ਜੀ ਦਾ ਜਨਮ ਬੰਨੂ (ਪੇਸ਼ਾਵਰ) ਵਿਖੇ ਹੋਇਆ। ਉਹ ਹਿਸਾਬ-ਕਿਤਾਬ ਦੇ ਬਹੁਤ ਮਾਹਿਰ ਸਨ। ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਵੀ ਇਸ ਕਿੱਤੇ ਨਾਲ ਜੁੜੀਆਂ ਰਹੀਆਂ। ਤੀਖਣ ਬੁੱਧੀ ਸਦਕਾ ਹੀ ਉਹ ‘ਆਮਿਲ’ ਤੋਂ ਫ਼ੌਜਦਾਰ ਬਣੇ। ਸ਼ਾਹ ਜਹਾਨ ਵੱਲੋਂ ਉਨ੍ਹਾਂ ਨੂੰ ਘੋੜ ਸਵਾਰ ਤੇ ਹਾਥੀਆਂ ਦੀ ਫ਼ੌਜ ਦੀ ਕਮਾਂਡ ਸੌਂਪੀ ਗਈ। ਉਨ੍ਹਾਂ ਨੇ ਵਧੀਆ ਕਾਰਗੁਜ਼ਾਰੀ ਨਾਲ ਸਰਕਾਰੇ-ਦਰਬਾਰੇ ਚੰਗੀ ਇੱਜ਼ਤ ਕਮਾਈ ਹੋਈ ਸੀ। ਇਸੇ ਲਈ ਉਨ੍ਹਾਂ ਨੂੰ ਦੀਵਾਨ ਦੀ ਪਦਵੀ ਹਾਸਲ ਹੋਈ। ਦੀਵਾਨ ਟੋਡਰ ਮੱਲ ਜੀ ਦੇ ਪਰਿਵਾਰ ’ਚ ਦਾਦੇ-ਪੜਦਾਦਿਆਂ ਤੋਂ ਸਿੱਖੀ ਸੇਵਕੀ ਚਲੀ ਆ ਰਹੀ ਸੀ। ਸਮੇਂ ਦੇ ਨਾਲ ਜਦੋਂ ਇਹ ਪਰਿਵਾਰ ਸਰਹਿੰਦ ਆ ਵਸਿਆ, ਓਦੋਂ ਇਹ ਸ਼ਹਿਰ ਹਿੰਦੋਸਤਾਨ ਦਾ ਵੱਡਾ ਵਪਾਰਕ ਕੇਂਦਰ ਸੀ। ਇਸ ਸ਼ਹਿਰ ਦੇ ਬਾਹਰ ਬਣੀ ਦੀਵਾਨ ਜੀ ਦੀ ਖ਼ੂਬਸੂਰਤ ਹਵੇਲੀ ਰਾਹਗੀਰਾਂ ਦੀ ਖਿੱਚ ਦਾ ਕੇਂਦਰ ਸੀ, ਜੋ ਸਮੁੰਦਰੀ ਜਹਾਜ਼ ਦਾ ਭੁਲੇਖਾ ਪਾਉਂਦੀ ਸੀ। ਉਸ ਪੁਰਾਤਨ ਇਮਾਰਤ ਦੇ ਬਚੇ ਹੋਏ ਅੰਸ਼ ਭਾਵ ਖੰਡਰਾਤ ਅੱਜ ਵੀ ਮੌਜੂਦ ਹਨ। ਜਿੱਥੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਹੋਈ ਉੱਥੇ ਸੁਸ਼ੋਭਿਤ ਗੁਰਦੁਆਰਾ ਸਾਹਿਬ ਤੋਂ ਥੋੜ੍ਹੀ ਦੂਰੀ ’ਤੇ ਪੱਛਮ ਵੱਲ ਉਸ ਜਹਾਜ਼ ਹਵੇਲੀ ਦੇ ਮਾਣਮੱਤੇ ਨਿਸ਼ਾਨਾ ਨੂੰ ਵੇਖਦਿਆਂ ਮਨ ਵਿੱਚੋਂ ਆਦਰ ਭਰੀ ਹੂਕ ਨਿਕਲਦੀ ਹੈ :-
‘ਖੰਡਰਾਤ ਬਤਾਤੇ ਹੈਂ
ਕਿ ਇਮਾਰਤ ਬੁਲੰਦ ਥੀ।’
ਜਹਾਜ਼ ਹਵੇਲੀ ਦਾ ਅਜੋਕਾ ਸਰੂਪ
ਅਜੋਕੇ ਸਮੇਂ ਇਹ ਹਵੇਲੀ ਸੱਤ-ਅੱਠ ਕਨਾਲ ਦੇ ਰਕਬੇ ’ਚ ਦਿਖਾਈ ਦਿੰਦੀ ਹੈ। ਇਸ ’ਚ ਅੱਧਾ ਕੁ ਕਿੱਲਾ ਜ਼ਮੀਨ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਦੀ ਜ਼ਮੀਨ ਨਾਲ ਤਬਾਦਲਾ ਕਰਕੇ ਨਾਲ ਦੇ ਪਿੰਡ ਡੇਰਾ ਦੇ ਮਹਿਰਾ ਪਰਿਵਾਰ ਵਿੱਚੋਂ ਸ. ਮੇਘ ਸਿੰਘ ਤੋਂ ਲੈ ਕੇ ਨਾਲ ਰਲਾਈ ਗਈ ਹੈ। ਸਰਹਿੰਦ ਸ਼ਹਿਰ ਦੇ ਇਸ ਹਿੱਸੇ ਨੂੰ ਹਰਨਾਮ ਨਗਰ ਕਿਹਾ ਜਾਂਦਾ ਹੈ। ਹਵੇਲੀ ਦਾ ਮੁੱਖ ਹਿੱਸਾ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਵੱਲ ਨੂੰ ਚੜ੍ਹਦੀ (ਪੂਰਬ) ਦਿਸ਼ਾ ਵੱਲ ਹੈ ਜੋ ਪੱਕੀ ਲਿੰਕ ਰੋਡ ਉੱਤੇ ਹੈ। ਦੱਖਣ ਵੱਲ ਕੁਝ ਘਰਾਂ ਅੱਗੇ ਪੱਕੀ ਗਲੀ ਲੰਘਦੀ ਹੈ। ਉੱਤਰ ਵੱਲ ਵਾਹੀਯੋਗ ਜ਼ਮੀਨ ਹੈ। ਹਵੇਲੀ ਦੁਆਲੇ ਚਾਰ-ਦੀਵਾਰੀ ਜਾਂ ਕੋਈ ਵੱਡਾ ਦਰ-ਦਰਵਾਜ਼ਾ ਨਹੀਂ ਹੈ। ਅੰਦਰ ਵੜਦਿਆਂ ਨੂੰ ਖੱਬੇ ਪਾਸੇ ਬਣਾਇਆ ਖ਼ੂਹ ਨਜ਼ਰ ਆਉਂਦਾ ਹੈ ਜੋ ਬਰਸਾਤੀ ਪਾਣੀ ਨੂੰ ਜਜ਼ਬ ਕਰਨ ਹਿੱਤ ਬਣਾਇਆ ਗਿਆ ਹੈ। ਸੱਜੇ ਪਾਸੇ ਖੰਡਰਾਂ ਦੀ ਖ਼ੁਦਾਈ ਦੌਰਾਨ ਨਿਕਲੇ ਬੜੇ ਮਜ਼ਬੂਤ ਅੱਠ ਪਿੱਲਰ ਦਿਖਾਈ ਦਿੰਦੇ ਹਨ। ਅੰਦਾਜ਼ਾ ਲਾਇਆ ਜਾਂਦਾ ਹੈ ਕਿ ਇੱਥੇ ਚਾਰ ਜ਼ਮੀਨਦੋਜ਼ ਕਮਰੇ ਸਨ। ਇਸ ਦੇ ਚੜ੍ਹਦੀ ਵੱਲ ਢਹੀ ਹੋਈ ਇਮਾਰਤ ਦਾ ਇਕ ਹਿੱਸਾ ਕਿਸੇ ਮੀਨਾਰ ਵਾਂਗੂੰ ਜਾਪਦਾ ਹੈ। ਉਸਦੇ ਨਾਲ ਦਾ ਹਿੱਸਾ ਖ਼ਾਲੀ ਖੰਡਰ ਹੈ ਤੇ ਉੱਤਰ ਵੱਲ ਪੁਰਾਤਨ ਇਮਾਰਤ ਦੇ ਬਚੇ ਅੰਸ਼ਾਂ ’ਚੋਂ ਡਿੱਗੀ-ਢਹੀ ਇਮਾਰਤ ਨੂੰ ਦੇਖਦਿਆਂ ਪਤਾ ਲੱਗਦਾ ਹੈ ਕਿ ਇਹ ਤਿੰਨ ਮੰਜ਼ਿਲਾਂ ਸਨ। ਇੱਥੋਂ ਪਿਛਲੇ ਹਿੱਸੇ ਦੇ ਕਮਰਿਆਂ ਦੇ ਨਮੂਨੇ ਦੀ ਝਲਕ ਪੈਂਦੀ ਹੈ। ਬਾਕੀ ਹਿੱਸਾ ਢਹਿ ਚੁੱਕਿਆ ਹੈ। ਇਹ ਦੀਵਾਨ ਟੋਡਰ ਮੱਲ ਜੀ ਦੀ ਹਵੇਲੀ ਦਾ ਪਹਿਲਾ ਹਿੱਸਾ ਹੈ। ਇਸ ਤੋਂ ਅੱਗੇ ਪੱਛਮ ਵੱਲ ਹਵੇਲੀ ਦਾ ਦੂਜਾ ਹਿੱਸਾ ਹੈ। ਦੋਵਾਂ ਹਿੱਸਿਆਂ ਵਿਚਕਾਰ ਅੰਦਾਜ਼ਨ 15-18 ਫੁੱਟ ਚੌੜੀ ਖ਼ਾਲੀ ਥਾਂ ਹੈ ਸੋ ਛੱਤੀ ਹੋਈ ਹੈ। ਇਹ ਗੈਲਰੀ 45-50 ਫੁੱਟ ਦੇ ਕਰੀਬ ਲੰਮੀ ਹੈ ਜੋ ਦੋਵੇਂ ਹਿੱਸਿਆਂ ਨੂੰ ਜੋੜਦੀ ਹੈ। ਹਵੇਲੀ ਦੇ ਚਾਰੇ ਪਾਸੇ ਖ਼ਾਲੀ ਥਾਂ ਹੈ। ਗੈਲਰੀ ਦੇ ਸਾਹਮਣੇ ਉੱਤਰ ਦਿਸ਼ਾ ਵੱਲ ਇਕ ਹੌਦ ਬਣਿਆ ਹੋਇਆ ਹੈ ਜਿਸ ਨੂੰ ਲੋਕ ਸਰੋਵਰ ਆਖਦੇ ਹਨ। ਜਹਾਜ਼ ਹਵੇਲੀ ’ਚ ਕੰਮ ਕਰਨ ਵਾਲੇ ਕਾਰੀਗਰ ਚੱਕਰਧਰ ਯਾਦਵ ਨੇ ਦੱਸਿਆ ਕਿ ਖ਼ੁਦਾਈ ਕਰਦਿਆਂ ਪਤਾ ਚੱਲਦਾ ਹੈ ਕਿ ਇਸ ਹੌਦ ਵਿਚੋਂ ਸਾਰੀ ਹਵੇਲੀ ਨੂੰ ਪਾਈਪਾਂ ਪਈਆਂ ਹੋਈਆਂ ਸਨ ਤੇ ਇਹ ਹੌਦ ਹਵੇਲੀ ਲਈ ਪਾਣੀ ਦਾ ਮੁੱਖ ਸਰੋਤ ਹੋਵੇਗਾ। ਹਵੇਲੀ ਨੂੰ ਬਾਹਰੋਂ ਵੇਖਿਆਂ ਇਹ ਉੱਪਰਲੀ ਆਮ ਸਮਝ ਤਾਂ ਆ ਜਾਂਦੀ ਹੈ ਪਰ ਇਸਦੀਆਂ ਛੁਪੀਆਂ ਖ਼ੂਬੀਆਂ ਜਾਂ ਹਿੱਸਿਆਂ ਬਾਰੇ ਸਮਝ ਲੈਣਾ ਸੌਖਾ ਕੰਮ ਨਹੀਂ। ਹਵੇਲੀ ਬਾਬਤ ਬਾਰੀਕੀ ਨਾਲ ਸਮਝਣ ਲਈ ਅਸੀਂ ਪਤੀ-ਪਤਨੀ ਪੰਜ ਵਾਰ ਉੱਥੇ ਗਏ। ਚੱਕਰਧਰ ਨੇ ਸਾਨੂੰ ਨਾਲ ਹੋ ਕੇ ਸਾਰਾ ਕੁਝ ਸਮਝਾਇਆ। ਯਾਦਵ ਕਈ ਸਾਲ ਪਹਿਲਾਂ ਬਿਹਾਰ ਦੇ ਜ਼ਿਲ੍ਹਾ ਮੁੰਗੇਰ ਦੇ ਪਿੰਡ ਜੋੜਾੜੀ ਤੋਂ ਰੋਜ਼ੀ ਰੋਟੀ ਲਈ ਪੰਜਾਬ ਆਇਆ ਤੇ ਰਾਜ ਮਿਸਤਰੀ ਨਾਲ ਕੰਮ ਕਰਦਾ ਚੰਗਾ ਕਾਰੀਗਰ ਬਣ ਗਿਆ। ਉਹ ਰਾਮਗੜ੍ਹੀਆ ਬੁੰਗਾ ਤੇ ਬਾਬਾ ਅਟੱਲ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਵੀ ਰਾਜ ਮਿਸਤਰੀ ਵਜੋਂ ਕੰਮ ਕਰ ਚੁੱਕਿਆ ਹੈ। ਉਸ ਦੀ ਸੂਝ ਅਨੁਸਾਰ ਇਹ ਹਵੇਲੀ 350-60 ਸਾਲ ਪੁਰਾਣੀ ਹੈ। ਇਸ ਇਮਾਰਤ ਨੂੰ ਕਈ ਥਾਂ ਸਰੀਏ ਅਤੇ ਲੋਹੇ ਦੀ ਮਜ਼ਬੂਤ ਪੱਤੀ ਨਾਲ ਸਹਾਰਾ ਦਿੱਤਾ ਗਿਆ ਹੈ। ਕਈ ਥਾਈਂ ਪੁਰਾਣਾ ਪਲਸਤਰ ਉਸੇ ਤਰ੍ਹਾਂ ਰੱਖਿਆ ਗਿਆ ਹੈ। ਇਸ ਇਮਾਰਤ ਨੂੰ ਮੁਰੰਮਤ ਕਰ ਕੇ ਪੁਰਾਤਨ ਦਿੱਖ ਵਾਲੀ ਜਹਾਜ਼ ਹਵੇਲੀ ਬਣਾਇਆ ਜਾ ਰਿਹਾ ਹੈ।
ਢਹਿ ਚੁੱਕਾ ਹਵੇਲੀ ਦੇ ਦੂਜੇ ਭਾਗ ਦਾ ਪਹਿਲਾ ਹਿੱਸਾ
ਹਵੇਲੀ ਦੇ ਦੂਜੇ ਭਾਗ ਦਾ ਪਹਿਲਾ ਹਿੱਸਾ ਕਾਫ਼ੀ ਹੱਦ ਤੱਕ ਢਹਿ ਚੁੱਕਿਆ ਹੈ। ਇਸਦੇ ਥੱਲੇ 5-6 ਫੁੱਟ ਡੂੰਘੀ ਬੇਸਮੈਂਟ ’ਚ ਦੋ-ਦੋ ਕਮਰੇ ਬਣੇ ਹੋਏ ਹਨ ਜਿਨ੍ਹਾਂ ਦਾ ਪਤਾ ਮੌਕੇ ’ਤੇ ਮੌਜੂਦ ਦਿੱਸਦੀਆਂ ਪੁਰਾਣੀਆਂ ਡਾਟਾਂ ਤੋਂ ਲੱਗਦਾ ਹੈ। ਇਮਾਰਤਸਾਜ਼ੀ ਦੀ ਕਲਾ ਖ਼ੁਦਾਈ ਦੌਰਾਨ ਨਿਕਲੇ ਪਿੱਲਰ ਤੇ ਦੀਵਾਰਾਂ ਵਰਨਣ ਕਰਦੇ ਹਨ। ਇਹ ਦੀਵਾਰਾਂ ਥੱਲੇ ਤੋਂ 3. 1/2 ਫੁੱਟ ਅਤੇ ਉੱਪਰੋਂ 3 ਫੁੱਟ ਦੇ ਕਰੀਬ ਚੌੜੀਆਂ ਹਨ। ਇਨ੍ਹਾਂ ਜ਼ਮੀਨਦੋਜ਼ ਕਮਰਿਆਂ ਨੂੰ ਸਾਂਝੀ ਦੀਵਾਰ ’ਚ ਬਣਿਆ ਡਾਟ ਵਾਲਾ ਦਰਵਾਜ਼ਾ ਆਪਸ ’ਚ ਜੋੜਦਾ ਹੈ। ਇਸੇ ਤਰ੍ਹਾਂ ਪਿਛਲੇ ਹਿੱਸੇ ਵਾਲੇ ਦੋਵਾਂ ਕਮਰਿਆਂ ਨੂੰ ਵੀ ਵਿਚਕਾਰਲੀ ਸਾਂਝੀ ਦੀਵਾਰ ਵਿਚ ਬਣੇ ਦਰਵਾਜ਼ੇ ਆਪਸ ’ਚ ਮਿਲਾਉਂਦੇ ਹਨ ਜੋ ਖ਼ੁਦਾਈ ਸਮੇਂ ਪ੍ਰਤੱਖ ਜਾਂ ਅਪ੍ਰਤੱਖ ਰੂਪ ’ਚ ਸਾਹਮਣੇ ਆਏ। ਅੱਗੇ-ਪਿੱਛੇ ਬਣੇ ਇਹ ਚਾਰ ਕਮਰੇ ਹਨ। ਇਨ੍ਹਾਂ ਦੇ ਉੱਪਰ ਪਹਿਲੀ ਮੰਜ਼ਿਲ ਦਾ ਚੜ੍ਹਦੀ ਵੱਲ ਦਾ ਹਿੱਸਾ ਡਾਟਾਂ ਜੋੜ ਕੇ ਛੱਤਿਆ ਹਾਲ ਕਮਰਾ ਜਾਪਦਾ ਹੈ। ਇਸ ਦਾ ਅੰਦਾਜ਼ਾ ਪੁਰਾਤਨ ਡਾਟਾਂ ਤੋਂ ਹੀ ਲੱਗਦਾ ਹੈ। ਇਸ ਦੇ ਪੂਰਬ ਭਾਵ ਗੈਲਰੀ ਵੱਲ ਦੋ ਗੋਲਾਈਦਾਰ ਦਰਵਾਜ਼ੇ ਹਨ ਅਤੇ ਉੱਤਰ ਵੱਲ ਇਕ ਦਰਵਾਜ਼ਾ ਹੈ ਜਿਸ ਉੱਤੇ ਝਰੋਖਾ ਬਣਿਆ ਹੈ। ਇਸ ਨਾਲ ਕਮਰੇ ਦੀ ਪਿਛਲੀ ਦੀਵਾਰ ਵਿਚ ਦੋ ਦਰਵਾਜ਼ੇ ਹਨ ਜਿਨ੍ਹਾਂ ਉੱਤੇ ਹਵਾ ਤੇ ਰੌਸ਼ਨੀ ਲਈ ਉਪਰੋਂ ਗੋਲਾਈਦਾਰ ਝਰੋਖੇ ਹਨ। ਦਰਵਾਜ਼ਿਆਂ ਉਪਰਲੇ ਹਿੱਸੇ ਵੱਲ ਦੋਵੇਂ ਪਾਸੇ ਛੋਟੇ-ਵੱਡੇ ਆਲ਼ੇ ਹਨ। ਹਾਲ ਕਮਰੇ ਪਿਛਲੇ ਹਿੱਸੇ ’ਚ ਦੋ ਕਮਰੇ ਹਨ ਇਨ੍ਹਾਂ ਦੀ ਸਾਂਝੀ ਦੀਵਾਰ ’ਚ ਡਾਟ ਵਾਲਾ ਦਰਵਾਜ਼ਾ ਦੋਵਾਂ ਕਮਰਿਆਂ ਨੂੰ ਜੋੜਦਾ ਹੈ। ਇਸ ਉੱਤੇ ਵੀ ਝਰੋਖਾ ਹੈ। ਉੱਤਰ ਦਿਸ਼ਾ ਦੇ ਦਰਵਾਜ਼ੇ ਉੱਤੇ ਵੀ ਝਰੋਖਾ ਹੈ। ਇਨ੍ਹਾਂ ਦਰਵਾਜ਼ਿਆਂ ਦੇ ਨਾਲ ਵੀ ਆਲ਼ੇ ਬਣੇ ਹੋਏ ਹਨ। ਦੱਖਣ ਵੱਲ ਕੋਈ ਦਰਵਾਜ਼ਾ ਨਹੀਂ ਹੈ। ਇਸ ਹਿੱਸੇ ਦੀ ਸਾਹਮਣੀ ਪਿਛਲੀ ਦੀਵਾਰ ’ਚ ਦੋਵਾਂ ਕਮਰਿਆਂ ’ਚ ਇਕ ਅਲਮਾਰੀ ਦਿੱਸਦੀ ਹੈ ਜਿਸ ਦੇ ਉੱਤੇ ਝਰੋਖਾ ਤੇ ਆਸੇ-ਪਾਸੇ ਆਲ਼ੇ ਹਨ। ਦੋਵੇਂ ਕਮਰੇ ਇੱਕੋ ਜਿਹੇ ਦਿੱਸਦੇ ਹਨ। ਆਲ਼ੇ ਅਤੇ ਝਰੋਖੇ ਕਾਰੀਗਰੀ ਦਾ ਉੱਤਮ ਨਮੂਨਾ ਪੇਸ਼ ਕਰਦੇ ਹਨ। ਹਾਲ ਕਮਰੇ ਤੇ ਇਨ੍ਹਾਂ ਦੋਵਾਂ ਕਮਰਿਆਂ ਦੀ ਲੰਬਾਈ-ਚੌੜਾਈ ਅੰਦਾਜ਼ਨ 40-50 ਫੁੱਟ ਹੈ। ਜ਼ਿਕਰਯੋਗ ਹੈ ਕਿ ਹਰ ਦਰਵਾਜ਼ੇ ਨਾਲ ਲੰਮੇ ਜਾਂ ਉੱਪਰੋਂ ਗੋਲਾਈਦਾਰ ਆਲ਼ੇ ਜ਼ਰੂਰ ਦਿਖਾਈ ਦਿੰਦੇ ਹਨ। ਛੋਟੇ ਆਲ਼ੇ ਦੀਵੇ-ਬੱਤੀਆਂ ਲਈ ਜਾਂ ਸਜਾਵਟੀ ਵਸਤਾਂ ਰੱਖਣ ਲਈ ਹੋ ਸਕਦੇ ਹਨ ਪਰ ਵੱਡੇ ਕੋਈ ਹੋਰ ਸਾਮਾਨ ਰੱਖਣ ਵਾਲੇ ਜਾਪਦੇ ਹਨ। ਦੀਵਾਰ ਵਿਚਲੀਆਂ ਅਲਮਾਰੀਆਂ ਤੇ ਵੱਡੇ ਆਲ਼ਿਆਂ ਬਾਰੇ ਇਹ ਖਿਆਲ ਵੀ ਆਉਂਦਾ ਹੈ ਕਿ ਕਿਸੇ ਸਮੇਂ ਇਹ ਲੱਕੜ ਜਾਂ ਕਿਸੇ ਧਾਤ ਦੇ ਪੱਲਿਆਂ ਨਾਲ ਬੰਦ ਹੁੰਦੇ ਹੋਣਗੇ।
ਦੂਜੀ ਮੰਜ਼ਿਲ
ਹਵੇਲੀ ਦੀ ਦੂਜੀ ਮੰਜ਼ਿਲ ਉੱਤੇ ਵੀ ਪਹਿਲੇ ਹਿੱਸੇ ਵਿਚ ਥੱਲਵੇਂ ਹਿੱਸੇ ਵਾਂਗ ਹਾਲ ਕਮਰਾ ਹੈ ਜੋ ਉਸੇ ਤਰ੍ਹਾਂ ਡਾਟਾਂ ਜੋੜ ਕੇ ਬਣਾਇਆ ਗਿਆ ਹੈ। ਪਿਛਲੇ ਹਿੱਸੇ ਵਿਚ ਉਸੇ ਤਰ੍ਹਾਂ ਦੋ ਕਮਰੇ ਹਨ ਜਿਨ੍ਹਾਂ ਨੂੰ ਸਾਂਝੀ ਦੀਵਾਰ ਵਿਚਲਾ ਦਰਵਾਜ਼ਾ ਆਪਸ ਵਿਚ ਜੋੜਦਾ ਹੈ। ਇਹ ਸਾਰਾ ਕੁਝ ਬਚੀਆਂ ਹੋਈਆਂ ਡਾਟਾਂ ਨੂੰ ਮੁਰੰਮਤ ਕਰਕੇ ਸਾਂਭਿਆ ਗਿਆ ਹੈ। ਉਪਰਲੇ ਹਿੱਸੇ ਦੇ ਦਰਵਾਜ਼ੇ ਹੇਠਲੇ ਦਰਵਾਜ਼ਿਆਂ ਦੇ ਠੀਕ ਉੱਪਰ ਬਣੇ ਹੋਏ ਹਨ ਤੇ ਉਨ੍ਹਾਂ ਨਾਲ਼ ਵੀ ਆਲ਼ੇ ਬਣਾਏ ਗਏ ਹਨ। ਦੂਜੀ ਮੰਜ਼ਿਲ ਵਿਚ ਕੁਝ ਅੰਤਰ ਵੇਖਣ ਨੂੰ ਮਿਲਦਾ ਹੈ। ਇਸਦੀਆਂ ਉੱਤਰ, ਦੱਖਣ ਤੇ ਪੱਛਮ ਵੱਲ ਦੀਆਂ ਦੀਵਾਰਾਂ ਵਿਚ ਚਾਰ ਕੁ ਫੁੱਟ ਚੌੜੀਆਂ ਤੇ ਛੇ ਕੁ ਉੱਚੀਆਂ ਤਾਕੀਆਂ ਬਣੀਆਂ ਹੋਈਆਂ ਹਨ। ਇਸਦੇ ਹਾਲ ਕਮਰੇ ਵਿੱਚੋਂ ਉੱਤਰ ਵੱਲ ਛੋਟਾ ਜਿਹਾ ਦਰਵਾਜ਼ਾ ਹੈ ਤੇ ਢਾਈ-ਤਿੰਨ ਫੁੱਟ ਚੌੜੀ ਛੋਟੀ ਜਿਹੀ ਗੈਲਰੀ ਦਿਖਾਈ ਦਿੰਦੀ ਹੈ। ਇਸ ਪਾਸੇ ਬਾਹਰ ਛੱਜਾ ਵੀ ਬਣਿਆ ਹੋਇਆ ਹੈ। ਤੀਜੀ ਮੰਜ਼ਿਲ ਦਾ ਉੱਤਰੀ ਹਿੱਸਾ ਖ਼ਾਲੀ ਤੇ ਦੱਖਣੀ ਹਿੱਸੇ ਉੱਤੇ ਇਕ ਕਮਰਾ ਹੈ। ਕਮਰਿਆਂ ਦੀ ਬਣਤਰ ਮਿਲਦੀ-ਜੁਲਦੀ ਹੈ। ਇਸ ਮੰਜ਼ਿਲ ਵਿਚ ਚਾਰੇ ਪਾਸੇ ਝਰੋਖੇ ਹਨ।ਕਮਰੇ ਉੱਤੇ ਪੁਰਾਤਨ ਗੁੰਬਦ ਜਿਉਂ ਦਾ ਤਿਉਂ ਮੌਜੂਦ ਹੈ। ਦੱਖਣ ਤੇ ਪੱਛਮ ਵੱਲ ਵਧਵਾਂ ਛੱਜਾ ਹੈ। ਗੁੰਬਦ ਵਾਲੇ ਕਮਰੇ ਦੀ ਪੱਛਮੀ ਦੀਵਾਰ ਉੱਤੇ ਪੁਰਾਣੇ ਸਮੇਂ ਦਾ ਕਲਸ਼ ਦਾ ਚਿੱਤਰ ਬਣਿਆ ਹੋਇਆ ਹੈ ਜੋ ਸਮੇਂ ਨਾਲ ਮੱਧਮ ਪੈ ਗਿਆ ਹੈ ਪਰ ਮਿਟਿਆ ਨਹੀਂ। ਕਿਸੇ ਇਮਾਰਤ ਉੱਤੇ ਗੁੰਬਦ ਦਾ ਹੋਣਾ ਉਸ ਦੇ ਧਾਰਮਿਕ, ਇਤਿਹਾਸਕ ਜਾਂ ਫਿਰ ਸ਼ਾਹੀ ਠਾਠ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਦੀਵਾਨ ਜੀ ਦੀ ਹਵੇਲੀ ਉੱਤੇ ਬਣਿਆ ਗੁੰਬਦ ਸਲਾਮ ਦਾ ਹੱਕਦਾਰ ਹੈ।
ਰਿਹਾਇਸ਼ਗਾਹ ਸੀ ਪੱਛਮੀ ਹਿੱਸਾ
ਸ਼ਾਹੀ ਹਵੇਲੀ ਦੇ ਬਿਲਕੁੱਲ ਪਿਛਲੇ ਪੱਛਮੀ ਹਿੱਸੇ ਨੂੰ ਦੇਖਦਿਆਂ ਪਤਾ ਚੱਲਦਾ ਹੈ ਕਿ ਇਹ ਹਿੱਸਾ ਕਦੇ ਉਸ ਪਰਿਵਾਰ ਦੀ ਰਸੋਈ ਸਮੇਤ ਸੁੰਦਰ ਰਿਹਾਇਸ਼ਗਾਹ ਸੀ। ਇਸ ਦੇ ਉੱਤਰੀ ਹਿੱਸੇ ਬਣੇ ਚਾਰ ਪਿੱਲਰ ਕਮਰੇ ਦੀ ਨਿਸ਼ਾਨਦੇਹੀ ਕਰਦੇ ਹਨ। ਦੱਖਣ ਦੀ ਦੀਵਾਰ ਵਿਚਕਾਰ ਤੇ ਦੋਵੇਂ ਸਿਰਿਆਂ ਵੱਲ ਡੂੰਘੇ ਵੱਡੇ ਤਿੰਨ ਆਲ਼ੇ ਦਿੱਸਦੇ ਹਨ। ਪੱਛਮ ਵੱਲੋਂ ਦੇਖਦਿਆਂ ਤਿੰਨ ਕੁ ਫੁੱਟ ਗੈਲਰੀ ਨਜ਼ਰ ਆਉਂਦੀ ਹੈ ਜਿਸ ਦੀ ਢਲਾਣ ਪੂਰਬ ਵੱਲ ਨੂੰ ਹੈ। ਤਿੰਨ ਆਲ਼ਿਆਂ ਵਾਲੀ ਦੀਵਾਰ ਇਸ ਗੈਲਰੀ ਦੀ ਬਾਹਰੀ ਦੀਵਾਰ ਹੈ। ਇਹ ਸੱਤ ਫੁੱਟ ਉੱਚੀ ਗੈਲਰੀ ਅੱਗੇ ਜਾ ਕੇ ਉੱਤਰ ਵੱਲ ਮੁੜਦੀ ਕਮਰੇ ਵੱਲ ਬਾਹਰ ਜਾਣ ਦਾ ਰਸਤਾ ਬਣਦੀ ਹੈ। ਇਸਦੇ ਉੱਪਰ ਵੀ ਅਜਿਹੀ ਗੈਲਰੀ ਹੈ ਜੋ ਖਸਤਾ ਹਾਲਤ ’ਚ ਹੈ। ਦੱਖਣ ਵੱਲ ਗੈਲਰੀ ਨਹੀਂ ਛੋਟਾ ਜਿਹਾ ਦਰਵਾਜ਼ਾ ਹੈ ਜੋ ਇਸ ਨੂੰ ਕਮਰੇ ਨਾਲ ਜੋੜਦਾ ਹੈ। ਪੱਛਮ ਵੱਲ ਜਿੱਥੇ ਗੈਲਰੀ ਹੈ। ਉਸਦੇ ਨਾਲ ਦੱਖਣ ਵੱਲ ਤਿੰਨ ਕੁ ਫੁੱਟ ਡੂੰਘਾ ਛੋਟਾ ਜਿਹਾ ਹੌਦ ਹੈ ਜਿਸ ਦੇ ਦੋਵੇਂ ਪਾਸੇ ਮੋਰੀਆਂ ਹਨ। ਕਾਰੀਗਰ ਯਾਦਵ ਅਨੁਸਾਰ ਇਹ ਮੋਰੀਆਂ ਪਾਣੀ ਦੇ ਪਾਈਪ ਵਾਲੀਆਂ ਹਨ,ਇਕ ਵਿੱਚੋਂ ਪਾਣੀ ਆਉਂਦਾ ਤੇ ਦੂਜੀ ’ਚੋਂ ਬਾਹਰ ਨਿਕਲਦਾ ਹੋਵੇਗਾ। ਹੌਦ ਤੋਂ ਅੰਦਰ ਪੂਰਬ ਵੱਲ ਛੋਟਾ ਜਿਹਾ ਕਮਰਾ ਹੈ ਜਿਸਦੇ ਉੱਪਰ ਗੈਲਰੀ ਵੱਲ ਡਾਟ ਜੋੜ ਕੇ ਵਧਾਅ ਦਿੱਤਾ ਗਿਆ ਹੈ। ਇਸ ਕਮਰੇ ਦੇ ਦੱਖਣੀ ਹਿੱਸੇ ਵੱਲ ਵੱਡਾ ਚੁੱਲ੍ਹਾ ਸੀ ਤੇ ਦੱਖਣੀ ਦੀਵਾਰ ਵਿਚ ਮੋਘਾ ਸੀ। ਕਾਰੀਗਰ ਮੁਤਾਬਕ ਇਹ ਮੋਘਾ ਬਾਹਰੋਂ ਚੁੱਲ੍ਹੇ ਵਿਚ ਲੱਕੜਾਂ ਲਾਉਣ ਲਈ ਰੱਖੀ ਗਈ ਸੀ। ਚੁੱਲ੍ਹੇ ਦਾ ਮੂੰਹ ਦੀਵਾਰ ਵੱਲ ਸੀ। ਇਹ ਚੁੱਲ੍ਹਾ ਤੇ ਮੋਘਾ ਬੰਦ ਕਰ ਦਿੱਤਾ ਗਿਆ ਹੈ, ਕੇਵਲ ਨਿਸ਼ਾਨ ਹੀ ਦਿੱਸਦੇ ਹਨ। ਇਹ ਗੱਲ ਕਾਰੀਗਰ ਹੀ ਜਾਣਦਾ ਹੈ ਆਮ ਵਿਅਕਤੀ ਨੂੰ ਇਸਦਾ ਪਤਾ ਨਹੀਂ ਲੱਗਦਾ। ਚੁੱਲ੍ਹੇ ਵਾਲੇ ਕਮਰੇ ਤੋਂ ਅੱਗੇ ਚੜ੍ਹਦੀ ਵੱਲ ਅਜਿਹਾ ਹੀ ਕਮਰਾ ਹੈ। ਇਨ੍ਹਾਂ ਦੀ ਸਾਂਝੀ ਡਾਟ ਵਿਚ ਧੂੰਏਂ ਲਈ ਬਣੀ ਚਿਮਨੀ ਦਿੱਸਦੀ ਹੈ। ਡਾਟ ਤੋਂ ਅੱਗੇ ਉੱਤਰੀ ਦੀਵਾਰ ਵੱਲ ਸਟੋਰਨੁਮਾ ਛੋਟਾ ਜਿਹਾ ਘੁਰਨਾ ਹੈ ਜੋ ਦੂਜੇ ਕਮਰੇ ਦਾ ਹਿੱਸਾ ਹੈ। ਇਸ ਕਮਰੇ ਦੇ ਠੀਕ ਵਿਚਕਾਰ ਗੋਲ ਭੱਠੀ ਦੇ ਨਿਸ਼ਾਨ ਮਿਲਦੇ ਹਨ। ਜਿਵੇਂ ਬੀਤੇ ਸਮੇਂ ਵਿਆਹ-ਸਾ਼ਦੀ ਮੌਕੇ ਹਲਵਾਈ ਜ਼ਮੀਨ ’ਚ ਭੱਠੀ ਪੁੱਟ ਕੇ ਕੜਾਹੀ ਚੜ੍ਹਾਉਂਦੇ ਸਨ, ਇਹ ਉਸ ਤਰ੍ਹਾਂ ਦੀ ਭੱਠੀ ਜਾਪਦੀ ਹੈ। ਇਸ ਦੇ ਉੱਪਰ ਰੌਸ਼ਨੀ ਜਾਂ ਧੂੰਏਂ ਲਈ ਛੱਤ ’ਚ ਮਘੋਰਾ ਰੱਖਿਆ ਗਿਆ ਹੈ। ਦੀਵਾਰਾਂ ’ਚ ਆਲ਼ੇ ਹਨ। ਇਸ ਕਮਰੇ ਵਿੱਚੋਂ ਗੈਲਰੀ ਨੂੰ ਦਰਵਾਜ਼ਾ ਲੱਗਦਾ ਹੈ ਤੇ ਇਹੋ ਰਸਤਾ ਉੱਤਰੀ ਹਿੱਸੇ ਨੂੰ ਜਾਂਦਾ ਹੈ। ਦੱਖਣੀ ਦੀਵਾਰ ਕੋਲੋਂ ਚੜ੍ਹਦੀ ਵੱਲ ਨੂੰ ਛੋਟਾ ਜਿਹਾ ਡਾਟ ਵਾਲਾ ਦਰਵਾਜ਼ਾ ਹੈ। ਛੋਟੀ ਜਿਹੀ ਗੈਲਰੀ ਫਿਰ ਦੱਖਣ ਵੱਲ ਨਿਕਲਦੀ ਹੈ। ਚੜ੍ਹਦੀ ਵੱਲ ਨਿੱਕਾ ਜਿਹਾ ਸਟੋਰ ਹੈ। ਗੈਲਰੀ ਕਮਰੇ ਨੂੰ ਸਟੋਰ ਨਾਲ ਜੋੜਦੀ ਹੈ। ਸਟੋਰ ਦਾ ਪੱਛਮੀਂ ਪਾਸਾ ਬਿਨਾਂ ਛੱਤ ਤੋਂ ਹੈ।
ਇਮਾਰਤਸਾਜ਼ੀ ਦੀ ਮਿਸਾਲ ਰਸੋਈ ਘਰ
ਦੀਵਾਨ ਟੋਡਰ ਮੱਲ ਦੀ ਜਹਾਜ਼ ਹਵੇਲੀ ਦਾ ਰਸੋਈ ਘਰ ਇਮਾਰਤਸਾਜ਼ੀ ਦੀ ਮਿਸਾਲ ਹੈ। ਚੁੱਲ੍ਹੇ ਵਿਚ ਬਾਹਰੋਂ ਲੱਕੜਾਂ ਲਾਉਣ ਦਾ ਇੰਤਜ਼ਾਮ ਤੇ ਰਸੋਈ ਦੇ ਅੱਗੇ ਬਰਤਨ ਧੋਣ ਜਾਂ ਹੋਰ ਵਰਤੋਂ ਲਈ ਪਾਣੀ ਦਾ ਹੌਦ ਬਣਾਇਆ ਜਾਣਾ ਉਸ ਸਮੇਂ ਦੇ ਕਾਰੀਗਰਾਂ ਦੀ ਸੂਝ ਦਾ ਕਮਾਲ ਪੇਸ਼ ਕਰਦਾ ਹੈ। ਜ਼ਿਕਰਯੋਗ ਹੈ ਕਿ ਹੌਦ ਨਾਲ ਲੱਗਦਾ ਕਮਰਾ ਤੇ ਰਸੋਈ ਘਰ ਕਰੀਬ ਚਾਰ-ਪੰਜ ਫੁੱਟ ਡੂੰਘਾ ਹੈ। ਪੂਰਬ ਵੱਲ ਨੂੰ ਢਲਾਣ ਵਾਲੇ ਪਾਸੇ ਦੂਜਾ ਕਮਰਾ ਵੀ ਇਸੇ ਤਰ੍ਹਾਂ ਹੈ। ਇਹ ਅਗਲੇ ਹਿੱਸੇ ਵਾਲੇ ਜ਼ਮੀਨਦੋਜ਼ ਕਮਰਿਆਂ ਨਾਲ ਜੁੜਿਆ ਜਾਪਦਾ ਹੈ ਕਿਉਂਕਿ ਸਾਂਝੀ ਦੀਵਾਰ ’ਚ ਬੰਦ ਕੀਤੇ ਦਰਵਾਜ਼ੇ ਦਾ ਡਾਟਾਂ ਤੋਂ ਪ੍ਰਤੱਖ ਪਤਾ ਲੱਗਦਾ ਹੈ। ਦੱਸਣਯੋਗ ਹੈ ਕਿ ਸਾਰੀ ਇਮਾਰਤ ਡਾਟਾਂ ਉੱਤੇ ਨਿਰਭਰ ਹੈ। ਇਮਾਰਤ ਦੀ ਕੀਤੀ ਗਈ ਮੁਰੰਮਤ ਮੂੰਹੋਂ ਬੋਲਦੀ ਹੈ। ਇਸ ਦੀਆਂ ਕੁਝ ਛੱਤਾਂ ਤਿਆਰ ਹੋ ਚੁੱਕੀਆਂ ਹਨ। ਮੁਰੰਮਤ ਦੌਰਾਨ ਚੂਨਾ-ਮਸਾਲਾ ਪੁਰਾਣੇ ਢੰਗ ਨਾਲ ਤਿਆਰ ਕੀਤਾ ਜਾਂਦਾ ਹੈ ਤੇ ਛੋਟੀਆਂ ਸਰਹਿੰਦੀ ਇੱਟਾਂ ਵਰਤ ਕੇ ਹੀ ਸਾਰੀ ਮੁਰੰਮਤ ਕੀਤੀ ਜਾ ਰਹੀ ਹੈ ਤਾਂ ਜੋ ਹਵੇਲੀ ਦੀ ਉਹ ਪੁਰਾਤਨ ਦਿੱਖ ਕਾਇਮ ਰੱਖੀ ਜਾ ਸਕੇ। ਇਹ ਇੱਟਾਂ ਪੁਰਾਣੀ ਸਰਹਿੰਦ ਦੀਆਂ ਡਿੱਗੀਆਂ-ਢਹੀਆਂ ਇਮਾਰਤਾਂ ਤੇ ਰੋੜੀ ਕੁੱਟਣ ਵਾਲਿਆਂ ਤੋਂ ਖ਼ਰੀਦੀਆਂ ਜਾਂਦੀਆਂ ਹਨ। ਹਵੇਲੀ ਦੀਆਂ ਛੱਤਾਂ ਕਾਰੀਗਰ ਰਾਜ ਮਿਸਤਰੀ ਦੀ ਕਲਾ ਤੇ ਮਿਹਨਤ ਦਾ ਉੱਤਮ ਨਮੂਨਾ ਤੇ ਦੇਖ-ਰੇਖ ਕਰਨ ਵਾਲੇ ਮਾਹਿਰਾਂ ਦੀ ਕਾਬਲੀਅਤ ਦਾ ਪ੍ਰਤੱਖ ਪ੍ਰਮਾਣ ਹਨ। ਇਹ ਛੱਤਾਂ ਬਿਨਾਂ ਸਰੀਏ ਤੋਂ ਕੇਵਲ ਚੂਨੇ-ਮਸਾਲੇ ਨਾਲ ਤਿਆਰ ਕੀਤੀਆਂ ਜਾ ਰਹੀਆਂ ਹਨ ਜੋ ਮੱਕੜੀ ਦੇ ਜਾਲੇ ਵਰਗੀਆਂ ਜਾਪਦੀਆਂ ਖ਼ੂਬਸੂਰਤ ਦਿੱਸਦੀਆਂ ਹਨ। ਹਵੇਲੀ ਦੀ ਦੱਖਣੀ ਅਤੇ ਉੱਤਰੀ ਦੀਵਾਰ ਕਾਫ਼ੀ ਹੱਦ ਤੱਕ ਮੁਰੰਮਤ ਹੋ ਚੁੱਕੀ ਹੈ ਜੋ ਬੜੀ ਸੁੰਦਰ ਹੈ ।
ਅਜੋਕੇ ਮਾਲਕ
ਹਵੇਲੀ ਦੀ ਪਿਛਲੇ ਸਮੇਂ ਦੀ ਮਾਲਕੀ ਬਾਰੇ ਤਾਂ ਜਾਣਕਾਰੀ ਨਹੀਂ ਮਿਲੀ ਸਕੀ ਪਰ ਥੋੜ੍ਹਾ ਸਮਾਂ ਪਹਿਲਾਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ ਲੈ ਲਈ ਹੈ। ਮੁਹਾਲੀ ਨਿਵਾਸੀ ਸ. ਨਵਜੋਤਪਾਲ ਸਿੰਘ ਰੰਧਾਵਾ ਨੇ ਜਹਾਜ਼ ਹਵੇਲੀ ਬਾਬਤ ਬਹੁਤ ਡੂੰਘਾਈ ਨਾਲ ਖੋਜ-ਪੜਤਾਲ ਕੀਤੀ ਜਿਸ ਤੋਂ ਪਤਾ ਚੱਲਿਆ ਕਿ ਹਵੇਲੀ ਦੇ ਮਾਲਕ ਦਿੱਲੀ ਰਹਿੰਦੇ ਹਨ। ਰੰਧਾਵਾ ਸਾਹਿਬ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਤੇ ‘ਪੰਜਾਬ ਵਿਰਾਸਤ ਚੈਰੀਟੇਬਲ ਟਰੱਸਟ (ਰਜਿ.) ਮੁਹਾਲੀ’ ਦੇ ਨਾਂ ਇਹ ਹਵੇਲੀ ਖ਼ਰੀਦ ਲਈ। ਉਸ ਸਮੇਂ ਟਰੱਸਟ ਦੇ ਮੀਤ ਪ੍ਰਧਾਨ ਸ. ਜਤਿੰਦਰ ਸਿੰਘ ਪਨੇਸਰ ਸਨ। ਖੋਜ ਕਰਨ ਵਾਲੇ ਗਏ ਨਵਜੋਤਪਾਲ ਸਿੰਘ ਰੰਧਾਵਾ ਉਸ ਸਮੇਂ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਏਡੀਸੀ.ਦੇ ਅਹੁਦੇ ’ਤੇ ਤਾਇਨਾਤ ਸਨ। ਦੀਵਾਨ ਟੋਡਰ ਮੱਲ ਜੀ ਦੀ ਵਿਰਾਸਤੀ ਹਵੇਲੀ ਨਾਲ ਲਗਾਉ ਤੇ ਸ਼ਹੀਦਾਂ ਪ੍ਰਤੀ ਪ੍ਰੇਮ ਭਰੀ ਸ਼ਰਧਾ ਹਵੇਲੀ ਖ਼ਰੀਦਣ ਦਾ ਸਬੱਬ ਹੋ ਸਕਦਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਹਵੇਲੀ ਸਬੰਧੀ ਗੱਲਬਾਤ ਕੀਤੀ ਤਾਂ ਸ. ਜਤਿੰਦਰ ਸਿੰਘ ਪਨੇਸਰ ਰਾਹੀਂ ਹਵੇਲੀ ਦਾ ਦੋ ਕਨਾਲ ਸਤਾਰਾਂ ਮਰਲੇ (2 ਕਨਾਲ 17 ਮਰਲੇ) ਰਕਬਾ, ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਦੇ ਨਾਂ ਕਰ ਦਿੱਤਾ ਗਿਆ। ਦਾਨ ਵੱਜੋਂ ਕੀਤੀ ਇਹ ਰਜਿਸਟਰੀ 29 ਅਪ੍ਰੈਲ, 2008 ਨੂੰ ਹੋਈ। ਇਸ ਪਿੱਛੋੰ ਹਵੇਲੀ ਦੇ ਨਾਲ ਲੱਗਦੀ ਚਾਰ ਕਨਾਲ ਤੇਰਾਂ ਮਰਲੇ (4 ਕਨਾਲ 13 ਮਰਲੇ) ਜ਼ਮੀਨ ਗਰਜਾ ਸਿੰਘ ਪੁੱਤਰ ਜਸਵੰਤ ਸਿੰਘ ਪਿੰਡ ਡੇਰਾ ਮੀਰ ਮੀਰਾਂ ਤੋਂ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਦੀ ਜ਼ਮੀਨ ਨਾਲ ਤਬਾਦਲਾ ਕਰਕੇ ਲਈ ਗਈ। ਇਹ ਰਕਬਾ ਹਵੇਲੀ ਵਾਲੇ ਰਕਬੇ ਨਾਲ ਮਿਲਾਇਆ ਗਿਆ ਜੋ ਕਰੀਬ 7-8 ਕਨਾਲ ਰਕਬਾ ਬਣ ਗਿਆ। ਅਪ੍ਰੈਲ 2008 ’ਚ ਸ. ਅਮਰਜੀਤ ਸਿੰਘ ਬਤੌਰ ਮੈਨੇਜਰ ਅਤੇ ਸ. ਨੱਥਾ ਸਿੰਘ ਬਤੌਰ ਅਕਾਊਂਟੈਂਟ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਵਿਖੇ ਸੇਵਾ ਨਿਭਾਅ ਰਹੇ ਸਨ ਜੋ ਸਰਹਿੰਦ ਸ਼ਹਿਰ ਦੇ ਵਸਨੀਕ ਹਨ। ਟਰੱਸਟ ਵੱਲੋਂ ਇਨ੍ਹਾਂ ਦੋਵਾਂ ਰਾਹੀਂ ਗੁਰਦੁਆਰਾ ਸਾਹਿਬ ਦੇ ਨਾਂ ਰਜਿਸਟਰੀ ਕਰਵਾਈ ਗਈ। ਇਸ ਵਿਰਾਸਤੀ ਹਵੇਲੀ ਨੂੰ ਮੁਰੰਮਤ ਜਾਂ ਪੁਨਰ ਨਿਰਮਾਣ ਕਰਨ ਹਿੱਤ 29 ਅਗਸਤ 2010 ਨੂੰ ਸ਼੍ਰੋਮਣੀ ਕਮੇਟੀ ਵੱਲੋਂ ਬੀਬੀ ਹਰਮਿੰਦਰ ਕੌਰ ‘ਖ਼ਾਲਸਾ ਵਿਰਸਾ ਸੁਸਾਇਟੀ ਇੰਗਲੈਂਡ’ ਨੂੰ ਸੇਵਾ ਸੌਂਪੀ ਗਈ। ਬਾਬਾ ਅਮਰੀਕ ਸਿੰਘ ਕਾਰ ਸੇਵਾ ਵਾਲੇ ਇਹ ਸੇਵਾ ਕਰਾਉਣ ਲੱਗੇ ਪਰ ਕਿਸੇ ਕਾਰਨ ਇਹ ਸੇਵਾ ਨਾ ਹੋ ਸਕੀ। ਉਪਰੰਤ ਹਵੇਲੀ ਦੇ ਨਿਰਮਾਣ ਦਾ ਠੇਕਾ ‘ਹੈਰੀਟੇਜ਼ ਕੰਜ਼ਰਵੇਸ਼ਨ ਮੈਨੇਜਮੈਂਟ ਸਰਵਿਸਿਜ਼ ਕੰਪਨੀ ਦਿੱਲੀ’ ਨੂੰ ਦੇ ਦਿੱਤਾ ਗਿਆ। ਸੰਨ 2017 ਵਿਚ ਮਈ-ਜੂਨ ਦੇ ਮਹੀਨੇ ਮੈਂ ਆਪਣੇ ਪਤੀ ਸ. ਊਧਮ ਸਿੰਘ ਨਾਲ ਜਾ ਕੇ ਹਵੇਲੀ ਦਾ ਕੋਨਾ-ਕੋਨਾ ਵੇਖਿਆ ਤੇ ਇਹ ਸਾਰਾ ਕੁਝ ਹਰਫ਼ਾਂ ’ਚ ਸਾਂਭਿਆ। ਉਸ ਸਮੇਂ ਇਹ ਦਿੱਲੀ ਵਾਲੀ ਕੰਪਨੀ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਸੇਵਾ ਕਰਵਾ ਰਹੀ ਸੀ। ਮੁੜ ਪਤਾ ਨਹੀਂ ਕੀ ਕਾਰਨ ਹੋਇਆ ਇਹ ਕਾਰਜ ਸਿਰੇ ਨਾ ਚੜ੍ਹਿਆ।
ਮੌਜੂਦਾ ਸਮੇਂ ਮੁਰੰਮਤ ਦੀ ਸੇਵਾ
ਮੌਜੂਦਾ ਸਮੇਂ 2024-25 ’ਚ ਹਵੇਲੀ ਨੂੰ ਸਹੀ ਦਿੱਖ ਦੇਣ ਤੇ ਮੁਰੰਮਤ ਕਰਾਉਣ ਦੀ ਜ਼ਿੰਮੇਵਾਰੀ ਪਿੰਡ ਭੀਰਾ ਖੀਰੀ (ਯੂਪੀ) ਨਿਵਾਸੀ ਪ੍ਰੇਮੀ ਸੇਵਕ ਨਿਭਾ ਰਹੇ ਹਨ। ਇਹ ਪਰਿਵਾਰ ਅਮਰੀਕਾ ’ਚ ਵਸਦਾ ਹੈ ਪਰ ਸਿੱਖੀ ਪ੍ਰਤੀ ਪ੍ਰੇਮ ਭਰੀ ਸ਼ਰਧਾ ਸਦਕਾ ਦੀਵਾਨ ਟੋਡਰ ਮੱਲ ਜੀ ਦੀ ਹਵੇਲੀ ਦੀ ਸੇਵਾ ਜੀ-ਜਾਨ ਨਾਲ ਕਰ ਰਹੇ ਹਨ। ਇਨ੍ਹਾਂ ਉੱਦਮੀ ਸੇਵਕਾਂ ਦੀ ਇਕ ਸੰਸਥਾ ‘ਵਨ ਵੀਟ ਮੈਡੀਕਲ ਟਰੱਸਟ’ ਦੇ ਨਾਂ ’ਤੇ ਕਾਰਜਸ਼ੀਲ ਹੈ। ਮਾਨਵਤਾ ਨੂੰ ਪਿਆਰਨ ਵਾਲੀਆਂ ਸਿੱਖੀ ਰੰਗ ਵਿਚ ਰੱਤੀਆਂ ਰੂਹਾਂ ਦੇ ਸਹਿਯੋਗ ਨਾਲ ਇਹ ਕਾਰਜ ਨੇਪੜੇ ਚੜ੍ਹਨ ਦੀ ਉਮੀਦ ਕੀਤੀ ਜਾ ਸਕਦੀ ਹੈ। ਇਸ ਸਮੇਂ ‘ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਪੰਜਾਬ’ ਨਾਂ ਦੀ ਸੰਸਥਾ ਹਵੇਲੀ ਦੀ ਦੇਖਭਾਲ ਕਰਦੀ ਤੇ ਚੰਗੇ ਮਾਹਿਰ ਕਾਰੀਗਰਾਂ ਤੋਂ ਕੰਮ ਕਰਵਾ ਰਹੀ ਹੈ। ਮੈਡੀਕਲ ਟਰੱਸਟ ਵਾਲੇ ਇਨ੍ਹਾਂ ਨੂੰ ਆਰਥਿਕ ਸਹਾਇਤਾ ਦਿੰਦੇ ਹਨ ਤੇ ਵਿਰਾਸਤੀ ਫਾਊਂਡੇਸ਼ਨ ਆਪ ਵੀ ਜ਼ਿੰਮੇਵਾਰੀ ਨਿਭਾਉਂਦੀ ਹੈ। ਵਿਰਾਸਤੀ ਫਾਊਂਡੇਸ਼ਨ ਵਾਲੇ ਧਰਮੀ ਕਰਮਯੋਗੀ ਪਿੰਡ ਕਾਨ੍ਹੇ ਕੇ ਜ਼ਿਲ੍ਹਾ ਬਰਨਾਲਾ ਦੇ ਸਿਦਕੀ ਸਿੱਖ ਸੇਵਕ ਹਨ। ਅਜੋਕੇ ਹਉਮੈ ਅਤੇ ਦਿਖਾਵੇ ਦੇ ਯੁੱਗ ’ਚ ਇਨ੍ਹਾਂ ਨੇ ਆਪਣੇ ਨਾਮ ਵੀ ਉਜਾਗਰ ਨਹੀਂ ਕੀਤੇ। ਇਨ੍ਹਾਂ ਪਿਆਰਿਆਂ ਸਚਿਆਰਿਆਂ ਨੇ ਦੀਵਾਨ ਟੋਡਰ ਮੱਲ ਵੱਲੋਂ ਮਾਤਾ ਗੁਜਰੀ ਜੀ, ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਿਹ ਸਿੰਘ ਜੀ ਲਈ ਕੀਤੀ ਕੁਰਬਾਨੀ ਨੂੰ ਸਿਜਦਾ ਕੀਤਾ ਹੈ।
ਜਾਗਦੀਆਂ ਜ਼ਮੀਰਾਂ
ਇਤਿਹਾਸ ਗਵਾਹ ਹੈ ਅਜਿਹੀਆਂ ਕੁਰਬਾਨੀਆਂ ਦਾ ਮੁੱਲ ਵੀ ਜਾਗਦੀਆਂ ਜ਼ਮੀਰਾਂ ਵਾਲੇ ਹੀ ਪਾਉਂਦੇ ਹਨ। ਸਰਕਾਰਾਂ ਨੇ ਕਦੇ ਇਨ੍ਹਾਂ ਪ੍ਰਤੀ ਆਪਣੇ ਫ਼ਰਜ਼ ਅਦਾ ਨਹੀਂ ਕੀਤੇ। ਸਦੀਆਂ ਬੀਤ ਗਈਆਂ ਹਨ, ਸਰਕਾਰ ਨੇ ਖੰਡਰ ਹੁੰਦੀ ਜਾਂਦੀ ਹਵੇਲੀ ਦੀ ਕਦੇ ਸਾਰ ਨਹੀਂ ਲਈ। ਜੇ ਹਾਕਮ ਧਿਰ ਇਸ ਵੱਲ ਧਿਆਨ ਦਿੰਦੀ ਤਾਂ ਇਹ ਪੁਰਾਤਨ ਇਤਿਹਾਸਕ ਹਵੇਲੀ ਬਹੁਤ ਪਹਿਲਾਂ ਹੀ ਸੰਭਾਲੀ ਜਾ ਸਕਦੀ ਸੀ। ਸਿੱਖ ਕੌਮ ਦੀਵਾਨ ਟੋਡਰ ਮੱਲ ਜੀ ਦੇ ਕੀਤੇ ਪਰਉਪਕਾਰ ਨੂੰ ਕਦੇ ਵੀ ਨਹੀਂ ਭੁਲਾ ਸਕਦੀ। ਤਵਾਰੀਖ਼ ਸਦਾ ਇਸ ਗੱਲ ਦੀ ਗਵਾਹ ਰਹੇਗੀ ਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮੁਰੀਦ ਕੇਵਲ ਸਿੱਖ ਹੀ ਨਹੀਂ ਸਨ ਬਲਕਿ ਦੀਵਾਨ ਟੋਡਰ ਮੱਲ ਵਰਗੇ ਅਨੇਕਾਂ ਹਿੰਦੂ ਪਰਿਵਾਰ ਵੀ ਉਨ੍ਹਾਂ ਦੇ ਮੁਰੀਦ ਸਨ ਅਤੇ ਅੱਜ ਵੀ ਹਨ।
ਜਦ-ਜਦ ਵੀ ਦਸਵੇਂ ਪਾਤਸ਼ਾਹ ਦੇ ਲਖ਼ਤੇ ਜਿਗਰ ਅਤੇ ਮਾਤਾ ਜੀ ਦੀ ਅਦੁੱਤੀ ਸ਼ਹਾਦਤ ਦਾ ਜ਼ਿਕਰ ਹੋਵੇਗਾ ਤਾਂ ਦੀਵਾਨ ਟੋਡਰ ਮੱਲ ਜੀ ਦੀ ਯਾਦ ਵੀ ਨਾਲ ਜੁੜੀ ਰਹੇਗੀ। ਹੱਕ-ਸੱਚ, ਇਨਸਾਨੀਅਤ ਅਤੇ ਧਰਮ-ਨਿਰਪੱਖਤਾ ਲਈ ਸੱਚੀ-ਸੁੱਚੀ ਸੋਚ ਦੀ ਪ੍ਰਤੀਕ ਹੈ ਦੀਵਾਨ ਜੀ ਦੀ ਇਹ ਵਿਰਾਸਤੀ ਹਵੇਲੀ...। ਪਰ ਇਹ ਕਦੋਂ ਤੀਕ ਇਸੇ ਤਰ੍ਹਾਂ ਮੁਰੰਮਤ ਨੂੰ ਉਡੀਕਦੀ ਹੋਈ ਆਪਣੇ ਪੁਰਾਣੇ ਸ਼ਾਨਦਾਰ ਰੂਪ ’ਚ ਆਉਣ ਲਈ ਤਰਸਦੀ ਰਹੇਗੀ ? ਕੀ ਇਸ ਸ਼ਹੀਦਾਂ ਦੀ ਪਾਵਨ ਧਰਤੀ ਦੇ ਰਾਹ ਤੋਂ ਗੁਜ਼ਰਦੇ ਹਾਕਮਾਂ ਨੂੰ ਕਦੇ ਇਸ ਦਾ ਚੇਤਾ ਨਹੀਂ ਆਉਂਦਾ ?
• ਪਰਮਜੀਤ ਕੌਰ ਸਰਹਿੰਦ