ਭਾਈ ਜੈਤਾ (ਬਾਬਾ ਜੀਵਨ ਸਿੰਘ) ਸਾਡੀ ਪੰਜਾਬ ਦੀ ਮਾਣਮੱਤੀ ਵਿਰਾਸਤ ਦੀ ਉਹ ਸ਼ਖ਼ਸੀਅਤ ਹਨ, ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਅਤੇ ਨੌਵੇਂ ਗੁਰੂ, ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਸਮੇਂ ਧੜ ਨਾਲੋਂ ਵੱਖ ਕੀਤਾ ਸੀਸ ਅਨੰਦਪੁਰ ਸਾਹਿਬ ਪਹੁੰਚਾਉਣ ’ਤੇ ‘ਰੰਗਰੇਟੇ ਗੁਰੂ ਕੇ ਬੇਟੇ’ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਸੀ।

ਭਾਈ ਜੈਤਾ (ਬਾਬਾ ਜੀਵਨ ਸਿੰਘ) ਸਾਡੀ ਪੰਜਾਬ ਦੀ ਮਾਣਮੱਤੀ ਵਿਰਾਸਤ ਦੀ ਉਹ ਸ਼ਖ਼ਸੀਅਤ ਹਨ, ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਅਤੇ ਨੌਵੇਂ ਗੁਰੂ, ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਸਮੇਂ ਧੜ ਨਾਲੋਂ ਵੱਖ ਕੀਤਾ ਸੀਸ ਅਨੰਦਪੁਰ ਸਾਹਿਬ ਪਹੁੰਚਾਉਣ ’ਤੇ ‘ਰੰਗਰੇਟੇ ਗੁਰੂ ਕੇ ਬੇਟੇ’ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਸੀ। ਉਨ੍ਹਾਂ ਦਾ ਸਬੰਧ ਅਖੌਤੀ ਹਾਸ਼ੀਆਗ੍ਰਸਤ ‘ਖੋਖਰ’ ਪਰਿਵਾਰ ਨਾਲ ਸੀ। ਉਹ ਗੁਰੂ ਸਾਹਿਬਾਨ ਦੇ ਪੂਰਨ ਸਮਰਪਿਤ ਸੇਵਕ ਸਨ। ਉਨ੍ਹਾਂ ਦੇ ਨਿਮਰ ਪਰ ਵਕਾਰੀ ਪਰਿਵਾਰਕ ਪਿਛੋਕੜ ਦੇ ਸ਼ਾਨਦਾਰ ਕਾਰਨਾਮਿਆਂ ’ਤੇ ਚਰਚਾ ਕਰਨ ਤੋਂ ਪਹਿਲਾਂ ਮੈਂ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ 11 ਨਵੰਬਰ, 1675 ਦੇ ਸਮੇਂ ਦੇ ਉਨ੍ਹਾਂ ਦੇ ਬਹਾਦਰੀ ਭਰੇ ਕਾਰਨਾਮੇ ਦਾ ਇੱਥੇ ਜ਼ਿਕਰ ਕਰਨਾ ਜ਼ਰੂਰੀ ਸਮਝਦਾ ਹਾਂ। ਭਾਈ ਜੈਤਾ ਨੇ ਭਾਈ ਨਾਨੂੰ ਤੇ ਭਾਈ ਊਦਾ, ਜੋ ਦੋਵੇਂ ਹਾਸ਼ੀਆਗ੍ਰਸਤ ਪਰਿਵਾਰਕ ਪਿਛੋਕੜ ਤੋਂ ਸਨ, ਨਾਲ ਮਿਲ ਕੇ ਸਫ਼ਾਈ ਕਰਮਚਾਰੀਆਂ ਦਾ ਭੇਸ ਧਾਰਿਆ ਅਤੇ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ, ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਤੋਂ ਇਕ ਦਿਨ ਪਹਿਲਾਂ ਹੀ ਜ਼ਾਲਮ ਹੁਕਮਰਾਨਾ ਸਾਹਮਣੇ ਈਨ ਨਾ ਮੰਨਦਿਆਂ ਪੂਰੀ ਦਲੇਰੀ ਨਾਲ ਸ਼ਹਾਦਤ ਦੇ ਦਿੱਤੀ ਸੀ, ਦੇ ਟੁਕੜੇ-ਟੁਕੜੇ ਕੀਤੇ ਸਰੀਰਾਂ ਦੇ ਅਵਸ਼ੇਸ਼ ਇਕੱਠੇ ਕੀਤੇ ਅਤੇ ਉਨ੍ਹਾਂ ਨੂੰ ਨੇੜੇ ਵਗਦੀ ਯਮੁਨਾ ਨਦੀ ’ਚ ਵਹਾ ਦਿੱਤਾ ਸੀ।
ਦਿੱਲੀ ’ਚ ਜ਼ੋਰਦਾਰ ਉੱਠਿਆ ਤੂਫ਼ਾਨ
ਗੁਰੂ ਸਾਹਿਬ ਦਾ ਸੀਸ ਧੜ ਤੋਂ ਅਲੱਗ ਹੁੰਦਿਆਂ ਹੀ ਦਿੱਲੀ ’ਚ ਜ਼ੋਰਦਾਰ ਤੂਫ਼ਾਨ ਉੱਠਿਆ ਅਤੇ ਹਨੇਰਾ ਛਾ ਗਿਆ ਸੀ। ਅਚਾਨਕ ਆਈ ਇਸ ਨ੍ਹੇਰੀ ਦਾ ਫ਼ਾਇਦਾ ਉਠਾਉਂਦਿਆਂ ਭਾਈ ਜੈਤਾ ਨੇ ਭਾਈ ਨਾਨੂੰ ਅਤੇ ਭਾਈ ਊਦਾ ਦੀ ਮਦਦ ਨਾਲ ਗੁਰੂ ਤੇਗ ਬਹਾਦਰ ਜੀ ਦੇ ਸੀਸ ਨੂੰ ਸਤਿਕਾਰ ਸਹਿਤ 320 ਕਿਲੋਮੀਟਰ ਦਾ ਪੈਂਡਾ ਪੰਜ ਦਿਨਾਂ ਵਿਚ ਤੈਅ ਕਰ ਕੇ ਕੀਰਤਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਪਾਸ ਜਾ ਪਹੁੰਚਾਇਆ। ਇਥੋਂ ਇਸ ਪਵਿੱਤਰ ਸੀਸ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਅਗਵਾਈ ਵਿਚ ਇਕ ਨਗਰ ਕੀਰਤਨ ਦੀ ਸ਼ਕਲ ’ਚ ਸ੍ਰੀ ਅਨੰਦਪੁਰ ਸਾਹਿਬ ਲਿਜਾਇਆ ਗਿਆ ਅਤੇ ਉਥੇ ਇਸ ਦਾ ਵਿਧੀਵਤ ਸਸਕਾਰ ਕੀਤਾ ਗਿਆ।
ਕੁਰਬਾਨੀਆਂ ਦੀ ਸ਼ੁਰੂਆਤ
ਭਾਈ ਜੈਤਾ ਅਜਿਹੇ ਇਕਲੌਤੇ ਸਿੱਖ ਨਹੀਂ ਸਨ, ਜਿਨ੍ਹਾਂ ਨੇ ਗੁਰੂ ਘਰ ਦੀ ਮਹਿਮਾ ਲਈ ਆਪਣਾ ਪੂਰਾ ਪਰਿਵਾਰ ਕੁਰਬਾਨ ਕਰ ਦਿੱਤਾ ਸੀ। ਉਨ੍ਹਾਂ ਦੀਆਂ ਕੁਰਬਾਨੀਆਂ ਦੀ ਇਸ ਵੀਰ ਗਾਥਾ ਦੀ ਸ਼ੁਰੂਆਤ ਉਨ੍ਹਾਂ ਦੇ ਸਭ ਤੋਂ ਪਹਿਲੇ ਵੱਡ-ਵਡੇਰੇ ਭਾਈ ਕਲਿਆਣ ਤੋਂ ਹੁੰਦੀ ਹੈ। ਭਾਈ ਕਲਿਆਣ, ਜੋ ਭਾਈ ਜੈਤਾ ਦੇ ਲਕੜਦਾਦਾ ਸਨ, ਵੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤਕ ਗੁਰੂ ਘਰ ਦੇ ਮੁੱਖ ਸੇਵਾਦਾਰਾਂ ’ਚ ਸ਼ਾਮਿਲ ਸਨ। ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਰਮ ਵਿਸ਼ਵਾਸਪਾਤਰ ਸਨ ਅਤੇ ਸਿੱਖ ਧਰਮ ਦੀਆਂ ਸਭ ਤੋਂ ਨਾਮੀ ਸ਼ਖ਼ਸੀਅਤਾਂ ਵਿੱਚੋਂ ਇਕ ਬਾਬਾ ਬੁੱਢਾ ਜੀ ਦੇ ਵੀ ਨਜ਼ਦੀਕੀ ਦੋਸਤ ਸਨ। ਭਾਈ ਜੈਤਾ ਦਾ ਜੱਦੀ ਪਿੰਡ ਰਾਏ ਨੰਗਲ ਸੀ, ਜਿਸ ਦੀ ਸਥਾਪਨਾ ਉਨ੍ਹਾਂ ਦੇ ਵੱਡ-ਵਡੇਰੇ ਭਾਈ ਕਲਿਆਣ ਨੇ ਕੀਤੀ ਸੀ। ਬਾਬਾ ਬੁੱਢਾ ਜੀ ਦੇ ਕਹਿਣ ’ਤੇ ਭਾਈ ਕਲਿਆਣ ਪਹਿਲਾਂ ਪਿੰਡ ‘ਗੱਗੋਮਾਹਲ’ ਅਤੇ ਬਾਅਦ ਵਿਚ ਬਾਅਦ ’ਚ ਉਨ੍ਹਾਂ ਵੱਲੋਂ ਵਰੋਸਾਏ ਗਏ ਪਿੰਡ ਰਾਮਦਾਸਪੁਰ ਵਿਖੇ ਜਾ ਵਸੇ। ਭਾਈ ਸਾਹਿਬ ਦੀ ਦਿੱਲੀ ਵਿਚ ਇਕ ਹੋਰ ਰਿਹਾਇਸ਼ ਵੀ ਸੀ, ਜੋ ‘ਕਲਿਆਣੇ ਦੀ ਧਰਮਸ਼ਾਲਾ’ ਦੇ ਨਾਂ ਨਾਲ ਮਸ਼ਹੂਰ ਸੀ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਗੁਰੂ ਸਾਹਿਬਾਨ ਦੀਆਂ ਧਾਰਮਿਕ ਲਹਿਰਾਂ ਦਾ ਮੁੱਖ ਕੇਂਦਰ ਸੀ। ਗੁਰੂ ਤੇਗ ਬਹਾਦਰ ਜੀ ਨੇ ਵੀ ਔਰੰਗਜ਼ੇਬ ਦੇ ਜ਼ੁਲਮ ਦੇ ਸਮੇਂ ਉੱਥੇ ਕੁਝ ਸਮਾਂ ਬਿਤਾਇਆ ਸੀ। ਭਾਈ ਕਲਿਆਣ ਨੇ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਦੀ ਇਮਾਰਤ ਲਈ ਲੱਕੜ ਦੀ ਸੇਵਾ ਵੀ ਕੀਤੀ। ਉਨ੍ਹਾਂ ਦੇ ਪੁੱਤਰ ਭਾਈ ਸੁਖਭਾਨ ਆਪਣੇ ਪਿਤਾ ਵਾਂਗ ਹੀ ਉੱਘੇ ਵਿਦਵਾਨ ਤੇ ਸੰਗੀਤਕਾਰ ਸਨ। ਬਾਦਸ਼ਾਹ ਅਕਬਰ ਦੇ ਦਰਬਾਰ ਦੇ ਮਸ਼ਹੂਰ ਸੰਗੀਤਕਾਰ ਤਾਨਸੇਨ ਤੋਂ ਬਾਅਦ ਉਨ੍ਹਾਂ ਦੀ ਹੀ ਪ੍ਰਸਿੱਧੀ ਮੰਨੀ ਜਾਂਦੀ ਸੀ।
ਗੁਰੂ ਘਰ ਪ੍ਰਤੀ ਸਮਰਪਣ
ਭਾਈ ਸੁਖਭਾਨ ਦੇ ਪੁੱਤਰ ਤੇ ਭਾਈ ਜੈਤਾ ਦੇ ਦਾਦਾ ਭਾਈ ਜਸਭਾਨ ਵੀ ਗੁਰੂ ਘਰ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਸਨ। ਉਨ੍ਹਾਂ ਨੇ ਆਪਣੇ ਜੀਵਨ ਦਾ ਬਹੁਤ ਲੰਬਾ ਸਮਾਂ ਸੱਤਵੇਂ ਤੇ ਅੱਠਵੇਂ ਗੁਰੂ ਦੀ ਸੇਵਾ ਵਿਚ ਬਿਤਾਇਆ। ਉਨ੍ਹਾਂ ਦਾ ਨਾਂ ਅੱਠਵੇਂ ਗੁਰੂ ਹਰਿਕ੍ਰਿਸ਼ਨ ਜੀ ਦੇ ਇਕ ਹੁਕਮਨਾਮੇ ਵਿਚ ਵੀ ਦਰਜ ਹੈ। ਉਨ੍ਹਾਂ ਨੂੰ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਆਪਣੀ ਕਿਰਪਾ ਨਾਲ ਨਿਵਾਜਿਆ ਸੀ। ਉਨ੍ਹਾਂ ਦੇ ਦੋ ਪੁੱਤਰ ਭਾਈ ਆਗਿਆ ਰਾਮ ਅਤੇ ਭਾਈ ਸਦਾਨੰਦ ਸਨ। ਭਾਈ ਜੈਤਾ ਦੇ ਤਾਇਆ ਭਾਈ ਆਗਿਆ ਰਾਮ ਦਿੱਲੀ ’ਚ ਭਾਈ ਕਲਿਆਣ ਦੁਆਰਾ ਸਥਾਪਿਤ ‘ਕਲਿਆਣੇ ਦੀ ਧਰਮਸ਼ਾਲਾ’ ਵਿਚ ਹੀ ਰਹਿੰਦੇ ਸਨ। ਉਹ ਆਪਣੇ ਦਾਦਾ ਭਾਈ ਸੁਖਭਾਨ ਦੁਆਰਾ ਸਥਾਪਿਤ ਸੰਗੀਤ ਵਿਦਿਆਲਿਆ ਵਿਚ ਸ਼ਰਧਾਲੂਆਂ ਨੂੰ ਸੰਗੀਤ ਤੇ ਕੀਰਤਨ ਸਿਖਾਉਂਦੇ ਸਨ। ਸੰਗੀਤ ’ਚ ਉਨ੍ਹਾਂ ਦੀ ਮੁਹਾਰਤ ਕਾਰਨ ਉਨ੍ਹਾਂ ਦਾ ਔਰੰਗਜ਼ੇਬ ਦੇ ਦਰਬਾਰ ਦੇ ਅਧਿਕਾਰੀਆਂ ਨਾਲ ਵੀ ਚੰਗਾ ਸਹਿਚਾਰ ਸੀ। ਇਸੇ ਕਾਰਨ ਹੀ ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਦਿੱਲੀ ’ਚ ਨਜ਼ਰਬੰਦੀ ਦੌਰਾਨ ਉਨ੍ਹਾਂ ਨਾਲ ਮੁਲਾਕਾਤਾਂ ਕਰ ਸਕੇ। ਇਹ ਭਾਈ ਆਗਿਆ ਰਾਮ ਹੀ ਸਨ, ਜਿਨ੍ਹਾਂ ਨੇ ਆਪਣੇ ਛੋਟੇ ਭਰਾ ਭਾਈ ਸਦਾਨੰਦ, ਲੱਖੀ ਸ਼ਾਹ ਵਣਜਾਰਾ ਤੇ ਉਸ ਦੇ ਤਿੰਨ ਪੁੱਤਰਾਂ ਨਗਾਹੀਆ, ਹੇਮਾ ਅਤੇ ਹਰੀ ਦੀ ਮਦਦ ਨਾਲ ਗੁਰੂ ਤੇਗ ਬਹਾਦਰ ਜੀ ਦੇ ਧੜ ਨੂੰ ਸ਼ਹੀਦੀ ਸਥਲ ਤੋਂ ਚੁੱਕ ਕੇ ਪੂਰੇ ਸਨਮਾਨ ਨਾਲ ਉਸ ਦਾ ਦਾਹ-ਸੰਸਕਾਰ ਕੀਤਾ ਸੀ। ਦੋ ਦਿਨ ਬਾਅਦ ਉਨ੍ਹਾਂ ਨੇ ਗੁਰੂ ਜੀ ਦੀ ਭਸਮ ਨੂੰ ਕਾਂਸੇ ਦੇ ਬਰਤਨ ’ਚ ਇਕੱਠਾ ਕਰ ਕੇ ਦਾਹ ਸੰਸਕਾਰ ਵਾਲੇ ਸਥਾਨ ’ਤੇ ਹੀ ਦਫ਼ਨਾ ਦਿੱਤਾ ਸੀ।
ਮੁਗ਼ਲਾਂ ਦੇ ਤਸੀਹੇ
ਭਾਈ ਅਗਿਆ ਰਾਮ ਦੇ ਅਜਿਹੇ ਜੁਅਰਤਮੰਦਾਨਾ ਕਾਰਨਾਮੇ ਬਾਰੇ ਜਦੋਂ ਮੁਗ਼ਲ ਹੁਕਮਰਾਨਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੂੰ ਬੜੀ ਬੇਰਹਿਮੀ ਨਾਲ ਸਜ਼ਾ-ਏ-ਮੌਤ ਦਿੱਤੀ ਗਈ ਅਤੇ ਅਤੇ ਜਿਸ ਜਗ੍ਹਾ ’ਤੇ ਗੁਰੂ ਸਾਹਿਬ ਦਾ ਦਾਹ ਸੰਸਕਾਰ ਕੀਤਾ ਗਿਆ ਸੀ, ਉਸ ’ਤੇ ਕਬਜ਼ਾ ਕਰ ਕੇ ਉੱਥੇ ਇਕ ਮਸਜਿਦ ਬਣਾ ਦਿੱਤੀ। 1783 ਵਿਚ ਜਥੇਦਾਰ ਬਘੇਲ ਸਿੰਘ ਨੇ ਇਸ ਜਗ੍ਹਾ ਨੂੰ ਮੁੜ ਉਸਾਰਿਆ ਤੇ ਉੱਥੇ ਗੁਰਦੁਆਰਾ ਰਕਾਬਗੰਜ ਸਾਹਿਬ ਦਾ ਨਿਰਮਾਣ ਕਰਵਾਇਆ।
ਚਿੱਠੀ-ਪੱਤਰ ਪਹੁੰਚਾਉਣ ਦੀ ਸੇਵਾ
ਪ੍ਰਚੱਲਿਤ ਸਿੱਖ ਪ੍ਰੰਪਰਾ ਅਨੁਸਾਰ ਭਾਈ ਜੈਤਾ ਨੇ ਪਹਿਲਾਂ ਵੀ ਗੁਰੂ ਤੇਗ ਬਹਾਦਰ ਜੀ ਅਤੇ ਬਾਲਕ ਗੋਬਿੰਦ ਰਾਏ ਵਿਚਾਲੇ ਚਿੱਠੀ-ਪੱਤਰ ਪਹੁੰਚਾਉਣ ਲਈ ਦਿੱਲੀ ਤੋਂ ਅਨੰਦਪੁਰ ਅਤੇ ਵਾਪਸ ਕਈ ਯਾਤਰਾਵਾਂ ਕੀਤੀਆਂ ਸਨ। ਉਹ ਜੇਲ੍ਹ ਵਿੱਚੋਂ ਗੁਰੂ ਤੇਗ ਬਹਾਦਰ ਜੀ ਦੇ 57 ਸਲੋਕ ਤੇ 59 ਸ਼ਬਦ ਅਤੇ ਗੋਬਿੰਦ ਰਾਏ ਦੇ ਗੁਰਪਦ ਸੰਸਕਾਰ ਲਈ ਗੁਰੂ ਤੇਗ ਬਹਾਦਰ ਜੀ ਵੱਲੋਂ ਭੇਜਿਆ ਇਕ ਨਾਰੀਅਲ, 5 ਪੈਸੇ ਅਤੇ ਤਿਲਕ ਵੀ ਅਨੰਦਪੁਰ ਸਾਹਿਬ ਲੈ ਕੇ ਆਏ ਸਨ। ਭਾਈ ਜੈਤਾ ਦੇ ਪਿਤਾ ਭਾਈ ਸਦਾਨੰਦ ਆਪਣੇ ਵੱਡ-ਵਡੇਰਿਆਂ ਵਾਂਗ ਹੀ ‘ਸੁਰ’ ਅਤੇ ‘ਰਾਗ’ ਦੇ ਮਾਹਿਰ ਸਨ। ਉਹ ਗੁਰੂ ਤੇਗ ਬਹਾਦਰ ਜੀ ਦੇ ਸਭ ਤੋਂ ਨਜ਼ਦੀਕੀ ਸ਼ਰਧਾਲੂਆਂ ਵਿੱਚੋਂ ਸਨ ਤੇ ਉਹ ਗੁਰੂ ਸਾਹਿਬ ਦੀਆਂ ਸਾਰੀਆਂ ਯਾਤਰਾਵਾਂ ਦੌਰਾਨ ਉਨ੍ਹਾਂ ਦੇ ਨਾਲ ਹੀ ਰਹੇ। ਗੁਰੂ ਜੀ ਨੇ ਆਪਣੇ ਪੰਜ ਹੁਕਮਨਾਮਿਆਂ ਵਿਚ ਉਨ੍ਹਾਂ ਦਾ ਜ਼ਿਕਰ ਆਪਣੇ ਮੁੱਖ ਸਿੱਖ ਵਜੋਂ ਕੀਤਾ ਹੈ। ਗੁਰੂ ਜੀ ਨੇ ਨਾਮੀ ਪੰਡਿਤ ਸ਼ਿਵ ਨਾਰਾਇਣ ਦੀ ਧੀ ਲਾਜਵੰਤੀ ਨਾਲ ਉਨ੍ਹਾਂ ਦਾ ਆਨੰਦ ਕਾਰਜ ਕਰਵਾਇਆ, ਜੋ ਉਸ ਵੇਲੇ ਅੰਤਰਜਾਤੀ ਵਿਆਹ ਸਬੰਧੀ ਵੱਡਾ ਇਨਕਲਾਬੀ ਕਦਮ ਸੀ। ਉਨ੍ਹਾਂ ਦੇ ਆਨੰਦ ਕਾਰਜ ਤੋਂ ਬਾਅਦ ਬੀਬੀ ਲਾਜਵੰਤੀ (ਜਿਨ੍ਹਾਂ ਨੂੰ ਮਾਤਾ ਗੁਜਰੀ ਨੇ ਗੁਰੂ ਘਰ ਦੀ ਸੇਵਾ ਅਤੇ ਭਗਤੀ ਲਈ ‘ਪ੍ਰੇਮੋ’ ਨਾਂ ਦਿੱਤਾ) ਅਤੇ ਭਾਈ ਸਦਾਨੰਦ ਬਕਾਲੇ ਆ ਗਏ ਅਤੇ ਬੇਬੇ ਨਾਨਕੀ ਅਤੇ ਮਾਤਾ ਗੁਜਰੀ ਦੀ ਸੇਵਾ ਵਿਚ ਹੀ ਰਹੇ। ਗੁਰੂ ਸਾਹਿਬ ਭਾਈ ਸਦਾਨੰਦ ਦੇ ਗੁਰੂ ਘਰ ਪ੍ਰਤੀ ਸਮਰਪਣ ਤੋਂ ਬਹੁਤ ਖ਼ੁਸ਼ ਸਨ। ਗੁਰੂ ਜੀ ਦੀ ਅਸੀਸ ਨਾਲ ਉਨ੍ਹਾਂ ਨੂੰ ਦੋ ਪੁੱਤਰਾਂ ਦੀ ਦਾਤ ਵੀ ਪ੍ਰਾਪਤੀ ਹੋਈ।
ਔਖੇ ਸਮਿਆਂ ਦਾ ਸਾਰ ‘ਸ੍ਰੀ ਗੁਰ ਕਥਾ’ ’ਚ ਦਰਜ
ਭਾਈ ਜੈਤਾ ਦੀ ਜਨਮ ਦੀ ਤਾਰੀਕ ਤੇ ਸਥਾਨ ਬਾਰੇ ਭਾਵੇਂ ਸਹਿਮਤੀ ਨਹੀਂ ਹੈ ਪਰ ਸਿੱਖ ਵਿਦਵਾਨਾਂ ਦੀ ਵੱਡੀ ਗਿਣਤੀ ਉਨ੍ਹਾਂ ਦੀ ਜਨਮ ਤਾਰੀਕ 2 ਸਤੰਬਰ, 1661 ਅਤੇ ਜਨਮ ਸਥਾਨ ਪਟਨਾ ਸ਼ਹਿਰ ਮੰਨਦੀ ਹੈ, ਜਿੱਥੇ ਉਹ ਅਤੇ ਉਨ੍ਹਾਂ ਦਾ ਛੋਟਾ ਭਰਾ ਭਾਈ ਸੰਗਤਾ, ਗੋਬਿੰਦ ਰਾਏ ਦੇ ਬਚਪਨ ਦੇ ਦਿਨਾਂ ਦੇ ਸਾਥੀ ਸਨ। ਭਾਈ ਜੈਤਾ ਗੋਬਿੰਦ ਰਾਏ ਤੋਂ ਉਮਰ ਵਿਚ ਵੱਡੇ ਸਨ। ਉਨ੍ਹਾਂ ਦਾ ਭਰਾ ਭਾਈ ਸੰਗਤਾ ਗੋਬਿੰਦ ਰਾਏ ਤੋਂ ਇਕ ਦਿਨ ਛੋਟਾ ਸੀ। ਭਾਈ ਜੈਤਾ ਨੇ ਆਪਣੇ ਪਿਤਾ ਭਾਈ ਸਦਾਨੰਦ ਤੇ ਗੁਰੂ ਘਰ ਨਾਲ ਜੁੜੇ ਹੋਰ ਵਿਦਵਾਨਾਂ ਤੋਂ ਕਈ ਭਾਸ਼ਾਵਾਂ, ਯੁੱਧ-ਕਲਾ, ਘੋੜ-ਸਵਾਰੀ, ਸ਼ਿਕਾਰ, ਤੈਰਾਕੀ, ਮਲਾਹ-ਗਿਰੀ, ਸੰਗੀਤ ਤੇ ਗੁਰਬਾਣੀ ਵਿਚ ਨਿਪੁੰਨਤਾ ਹਾਸਿਲ ਕੀਤੀ। ਉਹ ਰੂਹਾਨੀਅਤ ਵੱਲ ਵੀ ਬਹੁਤ ਝੁਕਾਅ ਰੱਖਦੇ ਸਨ, ਇਸ ਲਈ ਗੁਰੂ ਤੇਗ ਬਹਾਦਰ ਜੀ ਨੇ ਉਨ੍ਹਾਂ ਨੂੰ ‘ਬਿਰੀ ਮੁਰਾਤਬਾ’ (ਕੋਈ ਵਿਸ਼ੇਸ਼ ਕਾਰਜ ਪੂਰਾ ਕਰਨ ਲਈ ਨਿਯੁਕਤ ਮਹਾਨ ਆਤਮਾ) ਦੀ ਉਪਾਧੀ ਦਿੱਤੀ। ਆਪਣੀ ਵਿਦਵਤਾ ਤੇ ਰੂਹਾਨੀਅਤ ਦੀ ਬਦੌਲਤ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਸਭ ਤੋਂ ਔਖੇ ਸਮਿਆਂ ਦੇ ਸਾਰ ਨੂੰ ਆਪਣੀ ਮੂਲ ਸਾਹਿਤਕ ਲੇਖਣੀ ‘ਸ੍ਰੀ ਗੁਰ ਕਥਾ’ ਵਿਚ ਦਰਜ ਕੀਤਾ ਹੈ।
ਸ਼੍ਰੋਮਣੀ ਜਰਨੈਲ ਦੀ ਮਿਲੀ ਉਪਾਧੀ
ਭੰਗਾਣੀ ਦੀ ਜੰਗ ਜਿੱਤਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਨੂੰ ‘ਸ਼੍ਰੋਮਣੀ ਜਰਨੈਲ’ (ਮੁੱਖ ਜਨਰਲ) ਦੀ ਉਪਾਧੀ ਦਿੱਤੀ। ਮਾਤਾ ਪ੍ਰੇਮੋ ਦੀ ਬੇਨਤੀ ’ਤੇ ਉਨ੍ਹਾਂ ਦਾ ਆਨੰਦ ਕਾਰਜ ਭਾਈ ਖ਼ਜ਼ਾਨ ਸਿੰਘ ਰਿਆੜ ਦੀ ਪੁੱਤਰੀ ਬੀਬੀ ਰਾਜ ਰਾਣੀ (ਬਾਅਦ ਵਿਚ ਰਾਜ ਕੌਰ) ਨਾਲ ਕਰਵਾਇਆ। ਉਨ੍ਹਾਂ ਦੇ ਚਾਰ ਪੁੱਤਰ ਭਾਈ ਸੁੱਖਾ, ਭਾਈ ਸੇਵਾ, ਭਾਈ ਗੁਲਜ਼ਾਰ ਤੇ ਭਾਈ ਗੁਰਦਿਆਲ ਹੋਏ। ਉਨ੍ਹਾਂ ਦੇ ਸਾਰੇ ਪੁੱਤਰ ਅਨੰਦਪੁਰ ਵਿਖੇ ਭਾਈ ਜੈਤਾ ਤੇ ਮਾਤਾ ਰਾਜ ਕੌਰ ਦੇ ਕਿਲ੍ਹਾ ਅਨੰਦਗੜ੍ਹ ਦੇ ਪੱਛਮੀ ਪਾਸੇ ਸਥਿਤ ਘਰ ਵਿਚ ਹੀ ਪੈਦਾ ਹੋਏ ਸਨ। ਉਨ੍ਹਾਂ ਦੇ ਘਰ ਦੀ ਇਹ ਇਮਾਰਤ ਇਤਿਹਾਸਕ ਗੁਰਦੁਆਰਿਆਂ ਦੇ ਉਲਟ ਹਾਲੇ ਤਕ ਆਪਣੇ ਮੂਲ ਰੂਪ ’ਚ ਸੁਰੱਖਿਅਤ ਹੈ। ਇਸ ਇਤਿਹਾਸਕ ਘਰ ਦੀ ਇਮਾਰਤ ਦੇ ਨਾਲ ਹੀ ਜਿਸ ਸਥਾਨ ’ਤੇ ਬਾਬਾ ਜੈਤਾ ਜੀ ਤਪ ਕਰਦੇ ਹੁੰਦੇ ਸਨ, ਉੱਥੇ ਭਾਈ ਜੈਤਾ ਦੀ ਯਾਦ ਵਿਚ ਅੱਜ-ਕੱਲ੍ਹ ਪ੍ਰਭਾਵਸ਼ਾਲੀ ਗੁਰਦੁਆਰਾ ਤਪੋ ਅਸਥਾਨ ਸਾਹਿਬ ਉਸਾਰਿਆ ਗਿਆ ਹੈ, ਜਿਸ ਦੀ ਦੇਖਭਾਲ ਬਾਬਾ ਤੀਰਥ ਸਿੰਘ, ਜੋ ਭਾਈ ਜੈਤਾ ਦੀ ਕੁੱਲ ਦੇ ਅੱਠਵੇਂ ਵੰਸ਼ਜ ਹਨ, ਕਰ ਰਹੇ ਹਨ। ਇਸ ਤਪੋ ਅਸਥਾਨ ਦੇ ਨਾਲ ਹੀ ਚੁਰਾਸੀ ਇੱਟਾਂ ਵਾਲੀਆਂ ਪੱਕੀਆਂ ਪੌੜੀਆਂ ਸਥਿਤ ਹਨ। ਜੋ ਉਸ ਵੇਲੇ ਦੇ ਸਤਲੁਜ ਦਰਿਆ, ਜਿਹੜਾ ਅਨੰਦਪੁਰ ਸਾਹਿਬ ਦੀਆਂ ਹੱਦਾਂ ਕੋਲੋਂ ਵਹਿੰਦਾ ਸੀ, ਤੋਂ ਪਾਣੀ ਲਿਆਉਣ ਲਈ ਬਣਾਈਆਂ ਗਈਆਂ ਸਨ। ਭਾਈ ਜੈਤਾ ਜੀ ਦੇ ਵੰਸ਼ਜ ਦੀਆਂ ਲਗਾਤਾਰ ਕੋਸ਼ਿਸ਼ਾਂ ਕਾਰਨ ਇਹ ਪੌੜੀਆਂ ਸੁਰੱਖਿਅਤ ਹਨ, ਜੋ ਉਨ੍ਹਾਂ ਦੇ ਵਿਰਾਸਤੀ ਘਰ ਤੇ ਤਪੋ ਅਸਥਾਨ ਦੇ ਨਾਲ-ਨਾਲ ਸ਼ਾਨਾਮੱਤਾ ਸਿੱਖ ਵਿਰਾਸਤ ਦੀ ਮੂੰਹ ਬੋਲਦੀ ਤਸਵੀਰ ਹਨ।
ਭਾਈ ਜੈਤਾ ਜੀ ਦੇ ਦੋ ਪੁੱਤਰਾਂ ਦੀ ਸ਼ਹੀਦੀ
ਭਾਈ ਜੈਤਾ ਉਨ੍ਹਾਂ ਬਹਾਦਰ ਸਿੱਖਾਂ ਵਿੱਚੋਂ ਸਨ, ਜੋ ਸਿਰਸਾ ਨਦੀ ਪਾਰ ਕਰ ਕੇ ਚਮਕੌਰ ਦੀ ਗੜ੍ਹੀ ਤਕ ਜਾ ਪਹੁੰਚੇ ਸਨ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆਪਣੇ ਪਰਿਵਾਰ ਨਾਲ ਅਨੰਦਪੁਰ ਸਾਹਿਬ ਤੋਂ ਚੱਲਣ ਸਮੇਂ ਭਾਈ ਜੈਤਾ ਦੇ ਚਾਰੇ ਪੁੱਤਰ (ਭਾਈ ਸੁੱਖਾ ਸਿੰਘ, ਭਾਈ ਸੇਵਾ ਸਿੰਘ, ਭਾਈ ਗੁਲਜ਼ਾਰ ਸਿੰਘ ਅਤੇ ਭਾਈ ਗੁਰਦਿਆਲ ਸਿੰਘ) ਅਤੇ ਉਨ੍ਹਾਂ ਦੀ ਮਾਤਾ, ਰਾਜ ਕੌਰ (ਭਾਈ ਜੈਤਾ ਦੀ ਪਤਨੀ) ਵੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੀ ਸਨ। ਸਿਰਸਾ ਨਦੀ ਪਾਰ ਕਰਨ ਸਮੇਂ ਮੁਗ਼ਲਾਂ ਅਤੇ ਪਹਾੜੀ ਰਾਜਿਆਂ ਦੀਆਂ ਫ਼ੌਜਾਂ ਨੇ ਧੋਖੇ ਨਾਲ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਨਾਲ ਚੱਲ ਰਹੇ ਜੱਥੇ ’ਤੇ ਪਿੱਛੋਂ ਹਮਲਾ ਕੀਤਾ। ਭਾਈ ਸੁੱਖਾ ਸਿੰਘ ਤੇ ਭਾਈ ਸੇਵਾ ਸਿੰਘ (ਭਾਈ ਜੈਤਾ ਦੇ ਦੋ ਵੱਡੇ ਪੁੱਤਰ) ਨੇ ਸਿਰਸਾ ਨਦੀ ਦੇ ਕੰਢੇ ’ਤੇ ਹੋਈ ਇਸ ਜੰਗ ਵਿਚ ਬੜੀ ਬਹਾਦਰੀ ਨਾਲ ਦੁਸ਼ਮਣ ਦਾ ਮੁਕਾਬਲਾ ਕੀਤਾ। ਇਸ ਜੰਗ ਵਿਚ ਭਾਈ ਜੈਤਾ ਦੀ ਪਤਨੀ ਮਾਤਾ ਰਾਜ ਕੌਰ ਤੇ ਉਨ੍ਹਾਂ ਦੇ ਦੋ ਛੋਟੇ ਪੁੱਤਰ (ਭਾਈ ਗੁਲਜ਼ਾਰ ਸਿੰਘ ਤੇ ਭਾਈ ਗੁਰਦਿਆਲ ਸਿੰਘ) ਸ਼ਹੀਦ ਹੋ ਗਏ ਸਨ। ਭਾਈ ਜੈਤਾ ਦੇ ਵੱਡੇ ਪੁੱਤਰ ਭਾਈ ਸੁੱਖਾ ਸਿੰਘ ਅਤੇ ਭਾਈ ਸੇਵਾ ਸਿੰਘ ਸਿਰਸਾ ਨਦੀ ਪਾਰ ਕਰ ਕੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਨਾਲ ਚਮਕੌਰ ਦੀ ਗੜ੍ਹੀ ਤਕ ਪਹੁੰਚੇ। ਉੱਥੇ ਉਨ੍ਹਾਂ ਦੋਵਾਂ ਨੇ ਬੜੀ ਬਹਾਦਰੀ ਨਾਲ ਦੁਸ਼ਮਣ ਦਾ ਮੁਕਾਬਲਾ ਕੀਤਾ ਅਤੇ ਚਮਕੌਰ ਦੀ ਗੜ੍ਹੀ ਦੀ ਇਤਿਹਾਸਿਕ ਜੰਗ ਵਿਚ ਸ਼ਹਾਦਤ ਦਾ ਜਾਮ ਪੀਤਾ। ਭਾਈ ਜੈਤਾ ਨੇ ਵੀ ਚਮਕੌਰ ਦੀ ਗੜ੍ਹੀ ਦੀ ਜੰਗ ਵਿਚ ਹੀ ਸ਼ਹੀਦੀ ਪ੍ਰਾਪਤ ਕੀਤੀ ਸੀ। ਇਸ ਤਰ੍ਹਾਂ ਭਾਈ ਜੈਤਾ, ਉਨ੍ਹਾਂ ਦੀ ਪਤਨੀ ਤੇ ਉਨ੍ਹਾਂ ਦੇ ਚਾਰ ਪੁੱਤਰਾਂ ਪਿਤਾ ਭਾਈ ਸਦਾਨੰਦ, ਤਾਇਆ ਆਗਿਆ ਰਾਮ ਤੇ ਭਰਾ ਸੰਗਤਾ, ਸਾਰਿਆਂ ਨੇ ਗੁਰੂਆਂ ਦੇ ਦਿਖਾਏ ਮਾਰਗ ’ਤੇ ਚੱਲਦਿਆਂ ਬੜੀ ਬਹਾਦਰੀ ਨਾਲ ਲੜਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ। ਭਾਈ ਨਾਨੂੰ, ਜਿਨ੍ਹਾਂ ਨੇ ਨੌਵੇਂ ਗੁਰੂ ਦਾ ਸੀਸ ਦਿੱਲੀ ਤੋਂ ਅਨੰਦਪੁਰ ਲਿਜਾਣ ਵਿਚ ਭਾਈ ਜੈਤਾ ਦਾ ਸਾਥ ਦਿੱਤਾ ਸੀ, ਨੇ ਵੀ ਚਮਕੌਰ ਦੀ ਗੜ੍ਹੀ ਦੀ ਜੰਗ ’ਚ ਹੀ ਸ਼ਹੀਦੀ ਪ੍ਰਾਪਤ ਕੀਤੀ ਸੀ ਅਤੇ ਇਕ ਹੋਰ ਬਹਾਦਰ ਸਿੱਖ ਭਾਈ ਊਦਾ, ਉਨ੍ਹਾਂ ਨੇ ਵੀ ਭਾਈ ਜੈਤਾ ਦਾ ਸਾਥ ਦਿੱਤਾ ਸੀ, ਨੇ ਭੰਗਾਣੀ ਦੀ ਜੰਗ ਵਿਚ ਸ਼ਹੀਦੀ ਪ੍ਰਾਪਤ ਕੀਤੀ ਸੀ।
ਸੇਵਾ ਦੀ ਸੁਨਹਿਰੀ ਵਿਰਾਸਤ ਨੂੰ ਬਹਾਦਰੀ ਨਾਲ ਰੱਖਿਆ ਕਾਇਮ
ਇਹ ਹਰਗਿਜ਼ ਅਤਿਕਥਨੀ ਨਹੀਂ ਹੋਵੇਗੀ ਕਿ ਭਾਈ ਜੈਤਾ ਨੇ ਆਪਣੇ ਵੱਡ-ਵਡੇਰਿਆਂ ਦੀ ਗੁਰੂ ਘਰ ਪ੍ਰਤੀ ਸਮਰਪਿਤ ਸੇਵਾ ਦੀ ਸੁਨਹਿਰੀ ਵਿਰਾਸਤ ਨੂੰ ਬਹਾਦਰੀ ਨਾਲ ਕਾਇਮ ਰੱਖਿਆ ਅਤੇ ਅੱਗੇ ਤੋਰਿਆ। ਉਨ੍ਹਾਂ ਦੇ ਲਕੜ-ਦਾਦੇ ਭਾਈ ਕਲਿਆਣ ਨੇ ਬਾਬਾ ਬੁੱਢਾ ਜੀ ਦੇ ਨਾਲ ਪਹਿਲੇ ਗੁਰੂ ਬਾਬਾ ਨਾਨਕ ਤੋਂ ਲੈ ਕੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦੇ ਗੁਰੂਕਾਲ ਤਕ ਗੁਰੂ ਘਰ ਦੀ ਨਿਸਵਾਰਥ ਸੇਵਾ ਕੀਤੀ। ਇਸੇ ਤਰ੍ਹਾਂ ਭਾਈ ਜਸਭਾਨ, ਭਾਈ ਅਗਿਆ ਰਾਮ, ਭਾਈ ਸਦਾਨੰਦ (ਕ੍ਰਮਵਾਰ;ਭਾਈ ਜੈਤਾ ਦੇ ਦਾਦਾ, ਤਾਇਆ ਅਤੇ ਪਿਤਾ) ਦੇ ਨਾਂ ਸੱਤਵੇਂ, ਅੱਠਵੇਂ ਅਤੇ ਨੌਵੇਂ ਗੁਰੂਆਂ ਦੇ ਹੁਕਮਨਾਮਿਆਂ ਵਿਚ ਮਿਲਦੇ ਹਨ। ਭਾਈ ਆਗਿਆ ਰਾਮ, ਭਾਈ ਸਦਾਨੰਦ ਤੇ ਭਾਈ ਜੈਤਾ ਗੁਰੂ ਤੇਗ ਬਹਾਦਰ ਜੀ ਨਾਲ ਤਾਉਮਰ ਜੁੜੇ ਰਹੇ ਅਤੇ ਉਨ੍ਹਾਂ ਨੇ ਆਪਣੀ ਜਾਨ ’ਤੇ ਖੇਡ ਕੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਦੇ ਸੀਸ ਤੇ ਧੜ ਨੂੰ ਸੁਰੱਖਿਅਤ ਸੰਭਾਲਿਆ, ਜਿਸ ਕਾਰਨ ਮੁਗ਼ਲ ਹੁਕਮਰਾਨ ਆਪਣੀ ਘਿਨਾਉਣੀ ਰਵਾਇਤ ਮੁਤਾਬਿਕ ਗੁਰੂ ਸਾਹਿਬ ਦੇ ਪਵਿੱਤਰ ਸੀਸ ਅਤੇ ਧੜ ਦਾ ਜਨਤਕ ਪ੍ਰਦਰਸ਼ਨ ਨਾ ਕਰ ਸਕੇ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਮੇਂ ਭਾਈ ਜੈਤਾ ਦਾ ਇਹ ਅਸੀਮ ਬਹਾਦਰੀ ਦਾ ਕਾਰਨਾਮਾ ਤਾਮਾਮ ਧਰਮਾਂ ਦੇ ਇਤਿਹਾਸ ’ਚ ਅਦੁੱਤੀ ਹੈ ਪਰ ਭਾਈ ਜੈਤਾ ਦੀ ਇਸ ਅਸੀਮ ਬਹਾਦਰੀ ਅਤੇ ਉਨ੍ਹਾਂ ਦੇ ਬਜ਼ੁਰਗਾਂ ਤੇ ਪਰਿਵਾਰ ਦੀਆਂ ਲਾਸਾਨੀ ਕੁਰਬਾਨੀਆਂ ਨੂੰ ਇਤਿਹਾਸ ਦੇ ਪੰਨਿਆਂ ਵਿਚ ਜੋ ਸਥਾਨ ਮਿਲਣਾ ਚਾਹੀਦਾ ਹੈ, ਉਸ ਦਾ ਹਾਲੇ ਇੰਤਜ਼ਾਰ ਹੈ।
- ਪ੍ਰੋ. ਰੌਣਕੀ ਰਾਮ
ਪ੍ਰੋਫੈਸਰ ਐਮੇਰਾਈਟਸ (ਆਈਡੀਸੀ ਚੰਡੀਗੜ੍ਹ), ਸਾਬਕਾ ਪ੍ਰੋਫੈਸਰ ਸ਼ਹੀਦ ਭਗਤ ਸਿੰਘ ਚੇਅਰ ਅਤੇ ਡੀਨ ਆਰਟਸ ਫੈਕਲਟੀ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ।