ਡੇਰਾ ਡੰਨਾ ਦੀ ਸਥਾਪਨਾ ਸੰਤ ਪੰਜਾਬ ਸਿੰਘ ਦੇ ਸੇਵਕ ਭਾਈ ਦਇਆ ਸਿੰਘ ਨੇ ਪਿੰਡ ਡੰਨਾ ਵਿਖੇ ਧਰਮਸ਼ਾਲਾ ਦੇ ਰੂਪ ’ਚ ਕੀਤੀ। ਉਨ੍ਹਾਂ ਤੋਂ ਬਾਅਦ ਕ੍ਰਮਵਾਰ ਭਾਈ ਗੁਰਮੁਖ ਸਿੰਘ, ਭਾਈ ਤਾਰਾ ਸਿੰਘ, ਭਾਈ ਖੁਸ਼ਹਾਲ ਸਿੰਘ, ਭਾਈ ਗੁਰਦਿੱਤ ਸਿੰਘ, ਸੰਤ ਗੁਰਬਖ਼ਸ਼ ਸਿੰਘ ਤੇ ਅਜੋਕੇ ਮੁਖੀ ਸੰਤ ਤੇਜਵੰਤ ਸਿੰਘ ਸੁਸ਼ੋਭਿਤ ਹਨ। ਇਸੇ ਤਰ੍ਹਾਂ ਡੇਰਾ ਗੁਫ਼ਾ ਮੁਜੱਫ਼ਰਾਬਾਦ ਦੇ ਭਾਈ ਜੋਗਾ ਸਿੰਘ, ਦਇਆ ਸਿੰਘ, ਨਾਰਾਇਣ ਸਿੰਘ ਤੇ ਸ਼ਹੀਦ ਕਿਸ਼ਨ ਸਿੰਘ ਨੇ ਆਪਣੇ ਸਮਿਆਂ ’ਚ ਪਹਾੜ ਦੇਸ਼ ’ਚ ਪ੍ਰਚਾਰ ਕੀਤਾ।

ਡੇਰਾ ਡੰਨਾ ਦੀ ਸਥਾਪਨਾ ਸੰਤ ਪੰਜਾਬ ਸਿੰਘ ਦੇ ਸੇਵਕ ਭਾਈ ਦਇਆ ਸਿੰਘ ਨੇ ਪਿੰਡ ਡੰਨਾ ਵਿਖੇ ਧਰਮਸ਼ਾਲਾ ਦੇ ਰੂਪ ’ਚ ਕੀਤੀ। ਉਨ੍ਹਾਂ ਤੋਂ ਬਾਅਦ ਕ੍ਰਮਵਾਰ ਭਾਈ ਗੁਰਮੁਖ ਸਿੰਘ, ਭਾਈ ਤਾਰਾ ਸਿੰਘ, ਭਾਈ ਖੁਸ਼ਹਾਲ ਸਿੰਘ, ਭਾਈ ਗੁਰਦਿੱਤ ਸਿੰਘ, ਸੰਤ ਗੁਰਬਖ਼ਸ਼ ਸਿੰਘ ਤੇ ਅਜੋਕੇ ਮੁਖੀ ਸੰਤ ਤੇਜਵੰਤ ਸਿੰਘ ਸੁਸ਼ੋਭਿਤ ਹਨ। ਇਸੇ ਤਰ੍ਹਾਂ ਡੇਰਾ ਗੁਫ਼ਾ ਮੁਜੱਫ਼ਰਾਬਾਦ ਦੇ ਭਾਈ ਜੋਗਾ ਸਿੰਘ, ਦਇਆ ਸਿੰਘ, ਨਾਰਾਇਣ ਸਿੰਘ ਤੇ ਸ਼ਹੀਦ ਕਿਸ਼ਨ ਸਿੰਘ ਨੇ ਆਪਣੇ ਸਮਿਆਂ ’ਚ ਪਹਾੜ ਦੇਸ਼ ’ਚ ਪ੍ਰਚਾਰ ਕੀਤਾ।
ਇਸੇ ਤਰ੍ਹਾਂ ਡੇਰਾ ਬੰਦਾ ਸਿੰਘ ਬਹਾਦਰ, ਮੰਗਵਾਲ, ਬਸਨਾੜਾ ਤੇ ਭਾਈ ਪੁਣਛੂ ਵੀ ਪ੍ਰਚਾਰ ਲਈ ਸਰਗਰਮ ਰਹੇ। ਮੁਗ਼ਲ ਰਾਜ ਦੇ ਪਿਛਲੇਰੇ ਵਰ੍ਹਿਆਂ ’ਚ ਜੰਮੂ ਕਸ਼ਮੀਰ ’ਚ ਸਿੱਖਾਂ ਦੀ ਕੁਲ ਆਬਾਦੀ ਕਈ ਸੈਂਕੜੇ ਸੀ। ਮੁਗ਼ਲ ਰਾਜ ਸਮੇਂ ਜੰਮੂ ਕਸ਼ਮੀਰ ’ਚ ਸਿੱਖ ਗੁਰੂ ਸਾਹਿਬਾਨ ਦੇ ਸਿਦਕੀ ਸਿੱਖ ਜਿਨ੍ਹਾਂ ’ਚ ਦੱਤ, ਸੂਦਨ, ਸਾਸਨ, ਸਦਿਆਲ, ਛਿੱਬਰ ਆਦਿ ਘਰਾਣਿਆਂ ਦੇ ਸਿੱਖ ਪਰਿਵਾਰ ਮੌਜੂਦ ਸਨ।
ਭਾਈ ਬ੍ਰਹਮ ਦਾਸ, ਕਮਾਲ ਫ਼ਕੀਰ, ਭਾਈ ਕੱਟੂਸ਼ਾਹ, ਭਾਈ ਮਾਧੌ ਸੋਢੀ, ਮਾਈ ਭਾਗਭਰੀ, ਭਾਈ ਸੇਵਾਦਾਸ, ਭਾਈ ਸਾਂਈਦਾਸ, ਭਾਈ ਮੱਖਣ ਸ਼ਾਹ ਲੁਬਾਣਾ, ਭਾਈ ਝੰਡਾ, ਭਾਈ ਗੜ੍ਹੀਆ ਆਦਿ ਹੋਰ ਵੀ ਕਈ ਮਸੰਦ ਤੇ ਮੰਜੀਆਂ ਦੇ ਮੁਖੀਆਂ ਦੇ ਪਰਿਵਾਰ ਜੰਮੂ ਕਸ਼ਮੀਰ ’ਚ ਮੌਜੂਦ ਸਨ। ਗੁਰੂ ਅਰਜਨ ਸਾਹਿਬ ਦੇ ਸਮੇਂ ਭਾਈ ਮਾਧੋ ਸੋਢੀ ਕਸ਼ਮੀਰ ’ਚ ਇਕ ਸਾਲ ਰਹਿ ਕੇ ਸੈਂਕੜੇ ਲੋਕਾਂ ਨੂੰ ਸਿੱਖੀ ਦੇ ਦਾਇਰੇ ’ਚ ਲੈ ਆਂਦਾ। ਅਫ਼ਗਾਨ ਦੌਰ ਦੇ ਅਖ਼ੀਰ ’ਚ ਸਿੱਖਾਂ ਦੀ ਆਬਾਦੀ ਚਾਰ ਹਜ਼ਾਰ ਤੋਂ ਵੀ ਵਧੀਕ ਸੀ। ਰਾਜਾ ਸੁਖ ਜੀਵਨ ਮੱਲ, ਅਫ਼ਗਾਨੀ ਗਵਰਨਰ (1753-62 ਈ.) ਨੇ ਆਪਣੇ ਨਾਲ ਹਜ਼ਾਰਾਂ ਸਿੱਖ ਫ਼ੌਜੀ ਅਫ਼ਗਾਨੀ ਫ਼ੌਜ ’ਚ ਭਰਤੀ ਕੀਤੇ ਸਨ । ਰਾਜਾ ਸੁਖ ਜੀਵਨ ਮੱਲ ਦੀ ਮੌਤ ਤੋਂ ਬਾਅਦ ਉਹ ਕਸ਼ਮੀਰ ’ਚ ਹੀ ਵੱਸ ਗਏ।
ਲਾਹੌਰ ਦਰਬਾਰ ਵੱਲੋਂ ਨੌਂ ਗਵਰਨਰ ਥਾਪੇ
ਮਹਾਰਾਜਾ ਰਣਜੀਤ ਸਿੰਘ ਨੇ 1800 ਈ. ਵਿਚ ਹੀ ਜੰਮੂ ਫ਼ਤਹਿ ਕਰ ਕੇ ਖ਼ਾਲਸਾ ਰਾਜ ’ਚ ਮਿਲਾ ਲਿਆ। ਸਭ ਤੋਂ ਪਹਿਲਾਂ ਮੀਰੋਵਾਲ, ਨਾਰਲ ਇਲਾਕੇ ਫ਼ਤਹਿ ਕੀਤੇ। ਇਥੋਂ ਦੇ ਮੁਖੀਆਂ ਨੇ 8,000 ਰੁਪਏ ਨਜ਼ਰਾਨੇ ਵਜੋਂ ਸ਼ੇਰੇ-ਏ-ਪੰਜਾਬ ਨੂੰ ਭੇਟ ਕੀਤੇ। ਜਦੋਂ ਜੰਮੂ ਵੱਲ ਆ ਰਹੀਆਂ ਖ਼ਾਲਸਾ ਫ਼ੌਜਾਂ ਦਾ ਪਤਾ ਜੰਮੂ ਰਾਜ ਨੂੰ ਲੱਗਾ ਤਾਂ ਉਸ ਨੇ ਸਿੱਖ ਫ਼ੌਜਾਂ ਦੀ ਰਸਦ ਲਈ 20,000 ਰੁਪਏ ਭੇਟਾ ਕੀਤੇ। ਸ਼ੇਰੇ-ਏ-ਪੰਜਾਬ ਨੇ ਜੰਮੂ ਦੇ ਰਾਜੇ ਨੂੰ ਇਕ ਖਿਲਤ ਬਖ਼ਸ਼ੀ।
ਇਸ ਤੋਂ ਬਾਅਦ ਸ਼ੇਰ-ਏ-ਪੰਜਾਬ ਨੇ ਸਿਆਲਕੋਟ ਆਦਿ ਥਾਂਵਾਂ ਨੂੰ ਸਿੱਖ ਰਾਜ ’ਚ ਮਿਲਾਇਆ। 1819 ਈ. ’ਚ ਕਸ਼ਮੀਰ ਫ਼ਤਹਿ ਕਰਕੇ ਸਿੱਖ ਰਾਜ ਦਾ ਕੇਸਰੀ-ਨਿਸ਼ਾਨ ਇਸ ਵਾਦੀ ’ਚ ਝੁਲਾ ਦਿੱਤਾ। ਸਿੱਖ ਰਾਜ ਤੋਂ ਪਹਿਲਾਂ ਅਫ਼ਗਾਨ ਰਾਜ ਸਮੇਂ ਕਸ਼ਮੀਰੀਆਂ ਦੀ ਹਾਲਤ ਬੜੀ ਤਰਸਯੋਗ ਸੀ। ਲਾਹੌਰ ਦਰਬਾਰ ਵੱਲੋਂ ਕਸ਼ਮੀਰ ’ਚ ਨੌਂ ਗਵਰਨਰ (1819-1846) ਥਾਪੇ ਗਏ, ਜਿਨ੍ਹਾਂ ’ਚੋਂ ਦੀਵਾਨ ਮੋਤੀ ਰਾਮ, ਦੋ ਵਾਰ ਗਵਰਨਰ ਬਣਿਆ। 1. ਦੀਵਾਨ ਮੋਤੀ ਰਾਮ 2. ਸ. ਹਰੀ ਸਿੰਘ ਨਲੂਆ 3. ਦੀਵਾਨ ਮੋਤੀ ਰਾਮ 4. ਦੀਵਾਨ ਚੂਨੀ ਲਾਲ 5. ਦੀਵਾਨ ਕ੍ਰਿਪਾ ਰਾਮ 6 ਭੀਮਾ ਸਿੰਘ ਅੜਦਲੀ 7. ਸ. ਸ਼ੇਰ ਸਿੰਘ 8. ਸ. ਮੀਹਾਂ ਸਿੰਘ (ਕਰਨਲ) 9. ਸ਼ੇਖ ਗੁਲਾਮ ਮਹੀ-ਉ-ਦੀਨ 10. ਸ਼ੇਖ ਇਮਾਨ-ਉ-ਦੀਨ। ਇਨ੍ਹਾਂ ਸਾਰੇ ਗਵਰਨਰਾਂ ’ਚੋਂ ਸਭ ਤੋਂ ਵੱਧ ਸ. ਹਰੀ ਸਿੰਘ ਨਲੂਆ ਅਤੇ ਸ. ਮੀਹਾਂ ਸਿੰਘ ਨੂੰ ਕਸ਼ਮੀਰੀਆਂ ਨੇ ਬਹੁਤ ਸਤਿਕਾਰ ਦਿੱਤਾ।
ਸ. ਮੀਹਾਂ ਸਿੰਘ ਦੀ ਵਫ਼ਾਦ ਤੇ ਬਾਅਦ ਕਸ਼ਮੀਰੀ ਬੜੇ ਮਾਯੂਸ ਅਤੇ ਰੋ-ਰੋ ਕੇ ਕਹਿੰਦੇ ਸਨ ‘ਕੁੱਤ ਗੁ ਮੀਆਂ ਸਿੰਘ ਕੁੱਤ ਗੁ ਮੀਆਂ ਸਿੰਘ।` (ਮੀਆਂ ਸਿੰਘ ਕਿੱਥੇ ਗਿਆ) ਮਹਾਰਾਜਾ ਰਣਜੀਤ ਸਿੰਘ ਨੇ ‘ਸਿੱਖ ਸਲਤਨਤ’ ਨੂੰ ਚਾਰ ਸੂਬਿਆਂ ’ਚ ਵੰਡਿਆ ਸੀ:1. ਸੂਬਾ-ਏ-ਲਾਹੌਰ 2. ਸੂਬਾ-ਏ-ਮੁਲਤਾਨ, 3. ਸੂਬਾ-ਏ-ਪਿਸ਼ਾਵਰ, 4. ਸੂਬਾ-ਏ-ਕਸ਼ਮੀਰ ਜਨਤੇ ਬੇਨਜ਼ੀਰ। ਹਰ ਸੂਬਾ ਪਰਗਨਿਆਂ (ਜ਼ਿਲ੍ਹਿਆਂ) ’ਚ ਵੰਡਿਆ ਸੀ। ਹਰ ਪਰਗਨਾ ਤਾਲਕਿਆਂ (ਤਹਿਸੀਲਾਂ) ਤੇ ਹਰ 50 ਤੋਂ 100 ਮੋਜ਼ਾਜ਼ (ਪਿੰਡਾਂ) ਵਿਚ ਵੰਡਿਆ ਹੋਇਆ ਸੀ। ਜਦੋਂ ਸਿੱਖਾਂ ਨੇ ਕਸ਼ਮੀਰ ਨੂੰ ਫ਼ਤਹਿ ਕੀਤਾ ਤਾਂ ਕਸ਼ਮੀਰ 36 ਪਰਗਨਿਆਂ ’ਚ ਵੰਡਿਆ ਹੋਇਆ ਸੀ ਪਰ ਸਿੱਖਾਂ ਨੇ ਇਨ੍ਹਾਂ ਦੇ ਘੇਰੇ ਤੇ ਨਾਵਾਂ ਵਿਚ ਥੋੜ੍ਹੀ ਬਹੁਤੀ ਤਬਦੀਲੀ ਕੀਤੀ। ਸਿੱਖ ਰਾਜ ਸਮੇਂ ਕਸ਼ਮੀਰ ਨੂੰ ਦੋ ਮੁੱਖ ਹਿੱਸਿਆਂ ਵਿਚ ਵੰਡਿਆ ਗਿਆ ਸੀ- ਕਾਮਰਾਜ਼ ਅਤੇ ਮਹਿਰਾਜ।
ਸ੍ਰੀਨਗਰ ਦੇ ਹੇਠਾਂ ਸਾਰੇ ਇਲਾਕੇ ਨੂੰ ‘ਕਾਮਰਾਜ਼’ ਤੇ ਸ੍ਰੀਨਗਰ ਤੋਂ ਉਪਰਲੇ ਇਲਾਕੇ ਨੂੰ ‘ਮਹਿਰਾਜ’ ਆਖਿਆ ਜਾਂਦਾ ਸੀ। ਕਸ਼ਮੀਰ ’ਚ ਇਸਲਾਮ ਹਕੂਮਤ ਦੀਆਂ ਅੱਠ ਪੀੜ੍ਹੀਆਂ ਅਤੇ 500 ਸਾਲ (1325-1819 ਈ.) ਦੀ ਤਵਾਰੀਖ਼ ਬਾਅਦ ਖ਼ਾਲਸਾ ਰਾਜ ਕਸ਼ਮੀਰ ’ਚ ਕਾਇਮ ਹੋਇਆ ਸੀ। ਕਸ਼ਮੀਰ ਫ਼ਤਹਿ ਕਰਨ ਤੋਂ ਬਾਅਦ ਅਫ਼ਗਾਨੀਆਂ ਦੀਆਂ 22 ਤੋਪਾਂ ਖ਼ਾਲਸੇ ਦੇ ਹੱਥ ਲੱਗੀਆਂ ਜਿਨ੍ਹਾਂ ਵਿਚੋਂ 18 ਕੰਮ ਦੇ ਯੋਗ ਸਨ। ਇਨ੍ਹਾਂ ਤੋਂ ਇਲਾਵਾ ਹਜ਼ਾਰਾਂ ਤਲਵਾਰਾਂ, ਬੰਦੂਕਾਂ, ਘੋੜੇ ਤੇ ਖੇਮੇਂ ਵੀ ਖ਼ਾਲਸਾ ਫ਼ੌਜਾਂ ਦੇ ਹੱਥ ਲੱਗੇ। ਜਦੋਂ ਸ੍ਰੀਨਗਰ ਸ਼ਹਿਰ ਵਿਚ ਖ਼ਾਲਸਾ ਫ਼ੌਜਾਂ ਦਾਖ਼ਲ ਹੋਈਆਂ ਤਾਂ ਸ਼ਹਿਜ਼ਾਦਾ ਖੜਕ ਸਿੰਘ ਨੇ ਮੁਨਾਦੀ ਕਰਵਾ ਦਿੱਤੀ ਸੀ ਕਿ ਕਸ਼ਮੀਰੀ ਕਿਸੇ ਤਰ੍ਹਾਂ ਵੀ ਘਬਰਾਉਣ ਨਾ ਤੇ ਖ਼ਾਲਸਾ ਫ਼ੌਜਾਂ ਉਨ੍ਹਾਂ ਦੇ ਜਾਨ-ਮਾਲ ਦੀ ਰੱਖਿਆ ਲਈ ਬੜੀਆਂ ਘਾਲਾਂ ਘਾਲ ਕੇ ਕਸ਼ਮੀਰ ਆਈ ਹੈ। ਇੰਜ ਕਸ਼ਮੀਰੀਆਂ ਨੇ ਉਨ੍ਹਾਂ ਫ਼ੌਜਾਂ ਨੂੰ ਖ਼ੁਸ਼ਆਮਦੀਦ ਆਖੀ ।
ਵੰਡ ਦੇ ਪ੍ਰਭਾਵ
1947 ਵਿਚ ਹਿੰਦੁਸਤਾਨ ਦਾ ਬਟਵਾਰਾ, ਹੋਰ ਰਿਆਸਤਾਂ ਵਾਂਗ ਜੰਮੂ ਕਸ਼ਮੀਰ ਵਿਚ ਵੀ ਹੋਇਆ। ਸਤੰਬਰ 1947 ਦੇ ਸ਼ੁਰੂ ਵਿਚ ਹੀ ਪਾਕਿਸਤਾਨ ਨੇ ਕਬਾਇਲੀ ਹਮਲੇ ਨੂੰ ਸੰਗਠਿਤ ਕਰਕੇ ਰਿਆਸਤ ਜੰਮੂ ਕਸ਼ਮੀਰ ਦੇ ਸਰਹੱਦੀ ਇਲਾਕਿਆਂ ਵਿਚ ਕਤਲੋਗ਼ਾਰਤ ਤੇ ਲੁੱਟ-ਮਾਰ ਸ਼ੁਰੂ ਕਰ ਦਿੱਤੀ। 31 ਅਕਤੂਬਰ, 1947 ਨੂੰ ਕਸ਼ਮੀਰ `ਤੇ ਕਬਾਇਲੀ ਹਮਲਾ ਕੀਤਾ ਗਿਆ। 22 ਅਕਤੂਬਰ, 1947 ਨੂੰ ਮੁਜ਼ੱਫ਼ਰਾਬਾਦ ਦੇ ਸਰਹੱਦੀ ਸ਼ਹਿਰ `’ਤੇ ਹਮਲਾ ਕਰਕੇ ਲੁੱਟ-ਮਾਰ ਕੀਤੀ ਤੇ ਕਬਾਇਲੀ ਹਮਲਾਵਰ ਕਸ਼ਮੀਰ ’ਚ ਦਾਖ਼ਲ ਹੋਏ। 22 ਅਕਤੂਬਰ ਤੋਂ 5 ਨਵੰਬਰ, 1947 ਤੱਕ ਸਿੱਖਾਂ ਤੇ ਹਿੰਦੂਆਂ ਦਾ ਕਤਲੇਆਮ ਹੁੰਦਾ ਰਿਹਾ। 15 ਹਮਲਾਵਰਾਂ ਨੇ ਚਿਨਾਰੀ (ਮੁਜ਼ੱਫ਼ਰਾਬਾਦ) `ਤੇ 23 ਅਕਤੂਬਰ ਨੂੰ ਹਮਲਾ ਕਰਕੇ 24 ਅਕਤੂਬਰ ਉੜੀ ਵਿਚ ਦਾਖ਼ਲ ਹੋਏ। ਉੜੀ ਵਿਚ ਹੀ ਰਿਆਸਤੀ ਫ਼ੌਜ ਦੇ ਬ੍ਰਿਗੇਡੀਅਰ ਸ. ਰਾਜਿੰਦਰ ਸਿੰਘ ਦੀ ਕਮਾਨ ਹੇਠ ਮੁਕਾਬਲਾ ਕੀਤਾ ਗਿਆ। ਉਹ 26 ਅਕਤੂਬਰ ਨੂੰ ਸ਼ਹੀਦ ਹੋਏ। ਕਸ਼ਮੀਰੀ ਸਿੱਖ ਕਬਾਇਲੀਆਂ ਨਾਲ ਆਖ਼ਰੀ ਦਮ ਤੱਕ ਲੜਦੇ ਰਹੇ। ਕੇਵਲ ਕਸ਼ਮੀਰ ’ਚ 2,500 ਤੋਂ ਵੱਧ ਸ਼ਹੀਦ ਨਹੀਂ ਹੋਏ ਜਦਕਿ ਮੁਜ਼ੱਫ਼ਰਾਬਾਦ, ਮੀਰਪੁਰ, ਪੁਣਛ ਤੇ ਜੰਮੂ ਵਿਚ ਸ਼ਹੀਦ ਹੋਣ ਵਾਲਿਆਂ ਦੀ ਗਿਣਤੀ-17,500 ਤੋਂ ਵੱਧ ਬਣਦੀ ਹੈ। ਰਿਆਸਤ ਜੰਮੂ ਕਸ਼ਮੀਰ ’ਚ 1947 ’ਚ ਸ਼ਹੀਦ ਹੋਣ ਵਾਲੇ ਸਿੱਖਾਂ ਦੀ ਗਿਣਤੀ 20,000 ਦੇ ਆਸਪਾਸ ਸੀ। ਇਹ ਅੰਕੜੇ ਕੇਵਲ ਸਿੱਖਾਂ ਦੇ ਹਨ, ਕਈ ਹਜ਼ਾਰ ਹਿੰਦੂ ਵੀ ਮਾਰੇ ਗਏ ਜਿਨ੍ਹਾਂ ’ਚੋਂ ਬਹੁਤ ਸਹਿਜਧਾਰੀ ਸਿੱਖ ਸਨ। ਜੇ ਨਾਨਕ ਨਾਮ ਲੇਵਾ ਵੀ ਜਮਾਂ ਕੀਤੇ ਜਾਣ ਤਾਂ ਇਹ ਗਿਣਤੀ ਵਧੀਕ ਤੱਕ ਪੁੱਜਦੀ ਹੈ। ਸ਼ਰਨਾਰਥੀਆਂ ਦੀ ਗਿਣਤੀ 14,000 ਦੇ ਕਰੀਬ ਸੀ। ਆਦਿ ਤੋਂ ਹੀ ਜੰਮੂ ਕਸ਼ਮੀਰ ਵਿਚ ਸਿੱਖਾਂ ਨੇ ‘ਤੋਹੀਦ’ ਦਾ ਝੰਡਾ ਬੁਲੰਦ ਰੱਖਿਆ। ਲਲਤਾ ਦੱਤ ਆਦਿ ਰਾਜੇ ਰਾਜ ਕਰਦੇ ਸਨ। ਸਿੱਖ ਦੱਤ, ਲੋ, ਛਿੱਬਰ, ਮਨਿਹਾਲ, ਸ਼ਾਸਨ, ਬਾਲੀ ਆਦਿ ਇਸੇ ਧਰਤੀ ’ਤੇ ਰਹਿੰਦੇ ਸਨ। ਸ਼ੁਰੂ ਤੋਂ ਰਾਜੇ ਲੋਸ਼ੀਨੇ ਦੱਤ ਦੀ ਸ਼ਾਨ ਦੇ ਅਨੇਕਾਂ ਪਿੰਡ ਬਾਰਾਮੂਲਾ, ਪੁਣਛ, ਮੁਜ਼ੱਫ਼ਰਾਬਾਦ, ਕਸ਼ਮੀਰ ਵਿਚ ਮੌਜੂਦ ਹਨ। ‘ਲੋਲਾਬ’ ਇਸ ਰਾਜੇ ਦੀ ਰਾਜਧਾਨੀ ਸੀ। ਸਿੱਖਾਂ ਨੇ ਕਸ਼ਮੀਰ ਦੀ ਧਰਤੀ ’ਤੇ ਜਿਥੇ ਧਰਮ ’ਤੇ ਸਕਾਫ਼ਤ ਨੂੰ ਬਰਕਰਾਰ ਰੱਖਿਆ ਉਥੇ ਇਸ ਧਰਤੀ ਨੂੰ ਲਹੂ ਨਾਲ ਆਬਸ਼ਾਰ ਕੀਤਾ। ਜੇ ਕੋਈ ਤਵਾਰੀਖ਼ਦਾਨ ਖੁਰਦਬੀਨੀ ਨਿਗਾਹਾਂ ਨਾਲ ਵੇਖੇ ਤਾਂ ਪਤਾ ਚੱਲੇਗਾ ਕਿ ਕਸ਼ਮੀਰ ਦੀ ਤਵਾਰੀਖ਼ ਦਾ ਸਫ਼ਾ-ਸਫ਼ਾ ਪੁਕਾਰੇਗਾ ਕਿ ਵਤਨ ਅਜ਼ੀਜ਼ ਕਸ਼ਮੀਰ ਦੀ ਤਵਾਰੀਖ਼ ਸਿੱਖਾਂ ਨਾਲ ਬੜੇ ਹੱਦ ਤੱਕ ਵਾਬਸਤਾ ਰਹੀ ਹੈ।
ਜੰਮੂ-ਕਸ਼ਮੀਰ ਲਈ ਕੁਰਬਾਨੀਆਂ
ਜਦੋਂ ਬਾਬਰ ਨੇ 1586 ਈ. ਵਿਚ ਮੁਗ਼ਲ ਰਾਜ ਕਾਇਮ ਕੀਤਾ ਤਾਂ ਉਸ ਸਮੇਂ ਵੀ ਕਸ਼ਮੀਰੀਆਂ ਨੂੰ ਦਬੋਚਿਆ ਗਿਆ। ਗੁਰੂ ਨਾਨਕ ਸਾਹਿਬ ਨੇ ਕਸ਼ਮੀਰੀਆਂ ਨੂੰ ਢਾਰਸ ਦਿੱਤੀ। ਮੁਗ਼ਲਾਂ ਤੋਂ ਬਾਅਦ ਜਦੋਂ ਪਠਾਣਾਂ ਨੇ 1748 ਈ. ਵਿਚ ਕਸ਼ਮੀਰ ’ਤੇ ਹਕੂਮਤ ਕੀਤੀ ਤਾਂ ਕਸ਼ਮੀਰੀਆਂ ’ਤੇ ਜ਼ੁਲਮ ਸਿਤਮ ਦਾ ਦੌਰ ਸ਼ੁਰੂ ਹੋ ਗਿਆ। ਗੁਰੂ ਗੋਬਿੰਦ ਸਿੰਘ ਵੱਲੋਂ ਭੇਜੇ ਵਿਸ਼ੇਸ਼ ਪ੍ਰਚਾਰਕ ‘ਸੰਤ ਸਿਪਾਹੀਆਂ’ ਨੇ ਇਸ ਵਾਦੀ ਵਿਚ ਸਰਗਰਮੀ ਨਾਲ ਸਿੱਖੀ ਪ੍ਰਚਾਰ ਕੀਤਾ। ਕਸ਼ਮੀਰੀ ਬ੍ਰਾਹਮਣਾਂ ਅਤੇ ਹੋਰ ਜਾਤਾਂ-ਗੋਤਾਂ ਦੇ ਆਦਮੀਆਂ ਨੂੰ ‘ਖੰਡੇ ਦੀ ਪਾਹੁਲ’ ਦੇ ਕੇ ਸਿੰਘ (ਸ਼ੇਰ ਬਹਾਦਰ) ਬਣਾਇਆ। ਸਿੱਖਾਂ ਦੀ ਸਰਪ੍ਰਸਤੀ ਵਿਚ ਕਸ਼ਮੀਰੀ ਲੋਕਾਂ ਨੇ ਪਠਾਣਾਂ ਦੇ ਜਬਰ-ਜ਼ੁਲਮ ਦਾ ਮੁਕਾਬਲਾ ਕੀਤਾ। ਅਫ਼ਗਾਨ ਦੌਰ ਸਮੇਂ ਅਨੇਕਾਂ ਸਿੱਖਾਂ ਨੇ ਮਾਦਰੇ-ਵਤਨ ਕਸ਼ਮੀਰ ਵਾਸਤੇ ਸ਼ਹੀਦੀ ਜਾਮ ਪੀਤੇ। ਸਿੱਖ ਰਾਜ ਸਮੇਂ ਜਦੋਂ ਕਸ਼ਮੀਰੀਆਂ ਦੀ ਬੇਨਤੀ ’ਤੇ ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਨੂੰ ਆਪਣੀ ਸਲਤਨਤ ਵਿਚ ਮਿਲਾ ਲਿਆ ਤਾਂ ਜਿਥੇ ਆਮ ਕਸ਼ਮੀਰੀਆਂ ਦੀ ਹਾਲਤ ਸੁਧਰੀ ਉਥੇ ਸਿੱਖ ਭਾਈਚਾਰੇ ਦੀ ਹਾਲਤ ਵਿਚ ਬੜਾ ਨਿਖ਼ਾਰ ਆਇਆ। ਸ. ਹਰੀ ਸਿੰਘ ਨਲੂਆ, ਕਰਨਲ ਮੀਹਾਂ ਸਿੰਘ ਆਦਿ ਗਵਰਨਰਾਂ ਸਮੇਂ ਕਸ਼ਮੀਰੀਆਂ ਲਈ ਪੰਜਾਬ ਤੋਂ ਅਨਾਜ ਆਦਿ ਮੰਗਵਾ ਕੇ ਗ਼ਰੀਬ ਲੋਕਾਂ ਵਿਚ ਸਸਤੇ ਭਾਅ ’ਤੇ ਵੰਡਿਆ ਜਾਂਦਾ ਸੀ। ਸਿੱਖ ਰਾਜ ਸਮੇਂ ਹੀ ‘ਨਾਨਕ ਸਰ ਮਟਨ’, ਬੀਜਬਿਹਾੜਾ, ਅਨੰਤਨਾਗ, ਸ੍ਰੀਚੰਦ ਚਿਨਾਰ, ਸ੍ਰੀਨਗਰ, ਛੇਵੀਂ ਪਾਤਸ਼ਾਹੀ ਕਾਠੀ ਦਰਵਾਜ਼ਾ, ਸ਼ਹੀਦ ਗੰਜ, ਬੁੰਗਾ, ਬਾਰਾਮੂਲਾ, ਕਠਾਈ, ਮੁਜ਼ੱਫਰਾਬਾਦ ਆਦਿ ਗੁਰਦੁਆਰਿਆਂ ਦੀ ਹਾਲਤ ਵਿਚ ਕਾਫ਼ੀ ਸੁਧਾਰ ਹੋਇਆ।
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਦਸ ਵਰ੍ਹੇ ਬਾਅਦ ਅੰਗਰੇਜ਼ ਫਰੰਗੀਆਂ ਦੇ ਗ਼ੱਦਾਰ ਡੋਗਰਾ ਰਾਜੇ ਧਿਆਨ ਸਿੰਘ, ਗ਼ੁਲਾਬ ਸਿੰਘ, ਪਹਾੜਾ ਸਿੰਘ ਕਸ਼ਮੀਰ ’ਤੇ ਕਾਬਜ਼ ਹੋ ਗਏ। ਉਸ ਗਦਾਰੀ ਬਦਲੇ ਪਝੰਤਰ ਲੱਖ ਰੁਪਏ (ਜੋ ਸਿੱਖ ਰਾਜ ਦੇ ਖ਼ਜ਼ਾਨਿਆਂ ’ਚੋਂ ਕੱਢਿਆ ਗਿਆ ਸੀ) ਨਾਲ ਕਸ਼ਮੀਰ ਖ਼ਰੀਦਿਆ ਗਿਆ। ਪੰਜਾਬ ਵਿਚ ਜਦੋਂ ਗੁਰਦੁਆਰਾ ਸੁਧਾਰ ਲਹਿਰ ਚੱਲੀ ਅਤੇ ਉਸ ਲਹਿਰ ਦਾ ਅਸਰ ਰਿਆਸਤ ਵਿਚ ਵੀ ਹੋਇਆ। ਅਖ਼ੀਰ ਵਿਚ ਇਹ ਹੀ ਆਖਿਆ ਜਾ ਸਕਦਾ ਹੈ ਕਿ ਜੰਮੂ-ਕਸ਼ਮੀਰ ਲਈ ਸਿੱਖਾਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਨੇ ਇਸ ਖਿੱਤੇ ਵਿਚ ਸਿੱਖਾਂ ਦੇ ਰਾਜਸੀ ਚੜ੍ਹਦੀ ਕਲਾ ਵੀ ਵੇਖੀ ਹੈ ਅਤੇ ਸਿਆਸੀ ਸੂਰਜ ਵੀ ਗਰੂਬ ਹੁੰਦੇ ਵੇਖੇ ਹਨ। ਇਸ ਧਰਤੀ ਦੇ ਪੁਸ਼ਤੈਨੀ ਬੰਦੇ ਹੋਣ ਦੇ ਨਾਤੇ ਉਨ੍ਹਾਂ ਨੂੰ ਆਪਣੇ ਹੱਕਾਂ ਤੋਂ ਵਾਂਝੇ ਰੱਖਿਆ ਗਿਆ ਹੈ। ਸਿੱਖੀ ਸਰੂਪ ਅਤੇ ਕੁਰਬਾਨੀਆਂ ਲਈ ਉਹ ਸਦਾ ਹੋਰਾਂ ਲਈ ਮਾਰਗ ਦਰਸ਼ਨ ਬਣੇ ਰਹਿਣਗੇ।
ਗੁਰੂ ਸਾਹਿਬਾਨ ਨੇ ਬੰਨ੍ਹਿਆ ਸਿੱਖੀ ਦਾ ਮੁੱਢ
ਸਿੱਖਾਂ ਦੀ ਉੱਤਪਤੀ, ਧੰਦੇ (ਕਾਰ-ਵਿਹਾਰ) ਅਤੇ ਵਿਕਾਸ ਦੀ ਸ਼ੁਰੂਆਤ ਸਿੱਖ ਗੁਰੂ ਸਾਹਿਬਾਨ ਦੇ ਸਫ਼ਰਾਂ ਨਾਲ ਹੀ ਹੋਈ ਹੈ। ਅਸਲੋਂ ਰਿਆਸਤ ਵਿਚ ਸਿੱਖਾਂ ਦੀ ਉੱਤਪਤੀ ਦੇ ਮੁੱਖ ਚਾਰ ਵੱਡੇ ਸੋਮੇ ਹਨ। ਪਹਿਲਾਂ ਸਿੱਖਾਂ ਦਾ ਮੁੱਢ ਓਦੋਂ ਬੱਝਾ ਜਦੋਂ ਸਿੱਖ ਗੁਰੂ ਸਾਹਿਬਾਨ ਦੇ ਰਿਆਸਤ ’ਚ ਸਫ਼ਰ ਸ਼ੁਰੂ ਹੋਏ। ਬੰਦਾ ਸਿੰਘ ਬਹਾਦਰ ਦੇ ਸਮੇਂ ਜਦੋਂ ਸਰਕਾਰੀ ਫੁਰਮਾਨ (1712-19) ਸਿੱਖਾਂ ਖ਼ਿਲਾਫ਼ ਜਾਰੀ ਹੋਇਆ ਤਾਂ ਬਹੁਤੇ ਸਿੱਖ ਪਹਾੜ ਦੇਸ਼ ਕਸ਼ਮੀਰ ਵੱਲ ਹੀ ਆ ਗਏ ਸਨ। ਅਫ਼ਗਾਨ ਗਵਰਨਰ ਸਹਿਜਧਾਰੀ ਸਿੱਖ ਰਾਜਾ ਸੁਖਜੀਵਨ ਮੱਲ ਦਾ ਸਮਾਂ ਹੈ, ਜਦੋਂ ਉਸ ਦੀ ਫ਼ੌਜ ਵਿਚ ਸੈਂਕੜੇ ਸਿੱਖ ਭਰਤੀ ਹੋ ਕੇ ਵਾਦੀ ਵਿਚ ਆਏ ਅਤੇ ਉਸ ਦੀ ਮੋਤ ਤੋਂ ਬਾਅਦ ਇਥੇ ਹੀ ਵੱਸ ਗਏ। ਖ਼ਾਲਸਾ ਰਾਜ ਸਮੇਂ ਪੰਜਾਬ ਆਦਿ ਥਾਵਾਂ ਤੋਂ ਸਿੰਘ ਆ ਕੇ ਇੱਥੇ ਵੱਸੇ ਤੇ ਅਨੇਕਾਂ ਬ੍ਰਾਹਮਣ ਤੇ ਹਿੰਦੂ ਸਿੱਖੀ ਕੁਟੰਬ ’ਚ ਸ਼ਾਮਿਲ ਹੋਏ। ਡੋਗਰਾ ਮਹਾਰਾਜਾ ਗੁਲਾਬ ਸਿੰਘ ਦਾ ਹੈ ਜਦੋਂ ਬਹਾਦਰ ਸਿੱਖ ਜਾਣ ਕੇ ਸਿੱਖਾਂ ਨੂੰ ਪਿੰਡਾਂ ਵਿਚ ਜ਼ਮੀਨਾਂ ਅਤੇ ਨੌਕਰੀਆਂ ਦੇ ਕੇ ਪੱਕੇ ਤੌਰ `ਤੇ ਵਸਾਇਆ ਗਿਆ। ਜੰਮੂ ਕਸ਼ਮੀਰ ਵਿਚ ਬਹੁਤੇ ਸਿੱਖਾਂ ਦੇ ਬਜ਼ੁਰਗ ਮਹਿਮੂਦ ਗਜ਼ਨਵੀ ਦੇ ਸਮੇਂ ਮਥੁਰਾ ਆਦਿ ਤੋਂ ਉੱਜੜ ਕੇ ਕਸ਼ਮੀਰ, ਪਹਾੜ ਅਤੇ ਪੋਠੋਹਾਰ ਵਿਚ ਆ ਕੇ ਵੱਸ ਗਏ ਸਨ। ਜੰਮੂ ਕਸ਼ਮੀਰ ਦੇ ਸਿੱਖਾਂ ਦਾ ਪੁਸ਼ਤੈਨੀ ਧੰਦਾ (ਕਾਰ-ਵਿਹਾਰ) ਖੇਤੀਬਾੜੀ ਸੀ। 14 ਜਿਥੇ ਵੀ ਉਹ ਵੱਸੇ ਉਹ ਇਲਾਕੇ ਦੂਰਦਰਾਜ਼ ਅਤੇ ਪੱਛੜੇ, ਬੰਜਰ ਹੋਣ ਕਾਰਨ, ਖੇਤੀਬਾੜੀ ਦੀ ਉਪਜ ਨਾਂ ਦੇ ਬਰਾਬਰ ਸੀ। ਉਨ੍ਹਾਂ ਬੰਜਰ ਤੇ ਜੰਗਲੀ ਜ਼ਮੀਨਾਂ ਨੂੰ ਖੇਤੀਯੋਗ ਬਣਾਇਆ। ਕਈ ਪਰਗਾਨਿਆਂ ਵਿਚ ਪੈਦਾਵਾਰ ਬਹੁਤ ਘੱਟ ਸੀ। ਇਨ੍ਹਾਂ ਸਮਿਆਂ ਵਿਚ ਗ਼ਰੀਬ ਸਿੱਖਾਂ ਦਾ ਵਸੀਲਾ ਵੀ ਨਾ ਕੋਈ ਬਣਿਆ।
• ਡਾ. ਜਸਬੀਰ ਸਿੰਘ ਸਰਨਾ
99065-66604