ਭਾਰਤ ਦਾ ਲਗਪਗ ਹਰ ਤੀਰਥ ਅਸਥਾਨ ਹਰਿਦੁਆਰ ਤੋਂ ਲੈ ਕੇ ਗੁਹਾਟੀ ਤਕ ਗੁਰੂ ਜੀ ਦੀ ਚਰਨ-ਛੋਹ ਪ੍ਰਾਪਤ ਹੈ। ਇਨ੍ਹਾਂ ਧਰਮ ਪ੍ਰਚਾਰ ਯਾਤਰਾਵਾਂ ਨੂੰ ਜੇ ਉਸ ਸਮੇਂ ਦੇ ਹਾਲਾਤ ਦੇ ਸੰਦਰਭ ’ਚ ਰੱਖ ਕੇ ਦੇਖਿਆ ਜਾਵੇ ਤਾਂ ਬਹੁਤ ਹੈਰਾਨੀ ਹੁੰਦੀ ਹੈ ਕਿ ਗੁਰੂ ਜੀ ਨੇ ਹਾਲਾਤ ਅਨੁਕੂਲ ਨਾ ਹੋਣ ਦੇ ਬਾਵਜੂਦ ਇੰਨੇ ਵੱਡੇ ਪੱਧਰ ’ਤੇ ਧਰਮ ਪ੍ਰਚਾਰ ਕੀਤਾ ਸੀ। ਇੱਥੇ ਅਸੀਂ ਪੰਜਾਬ ਨਾਲ ਸਬੰਧਿਤ ਗੁਰੂ ਜੀ ਵੱਲੋਂ ਅਧਿਆਤਮਕ ਪ੍ਰਚਾਰ ਹਿੱਤ ਕੀਤੀਆਂ ਯਾਤਰਾਵਾਂ ਦਾ ਜ਼ਿਕਰ ਕਰ ਰਹੇ ਹਾਂ।

ਗੁਰੂ ਨਾਨਕ ਦੇਵ ਜੀ ਤੋਂ ਪਿੱਛੋਂ ਗੁਰੂ ਤੇਗ ਬਹਾਦਰ ਹੀ ਸਨ, ਜਿਨ੍ਹਾਂ ਨੇ ਸਭ ਤੋਂ ਵੱਧ ਯਾਤਰਾਵਾਂ ਕੀਤੀਆਂ ਤੇ ਦੇਸ਼-ਵਿਆਪੀ ਦੌਰੇ ਕੀਤੇ। ਇਨ੍ਹਾਂ ਦੌਰਿਆਂ ਦੀ ਸਿੱਖ ਧਰਮ ਦੇ ਪ੍ਰਚਾਰ ਅਤੇ ਸਿੱਖ ਇਤਿਹਾਸ ਦੇ ਸੰਦਰਭ ’ਚ ਬਹੁਤ ਮਹੱਤਤਾ ਹੈ। ਇਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਗੁਰੂ ਜੀ ਨੇ ਕਿੰਨੀ ਦ੍ਰਿੜਤਾ ਤੇ ਮਿਹਨਤ ਨਾਲ ਧਰਮ ਪ੍ਰਚਾਰ ਕੀਤਾ ਸੀ। ਪੰਜਾਬ ਦੇ ਮਾਲਵਾ ਖੇਤਰ ਦਾ ਤਕਰੀਬਨ ਹਰ ਪਿੰਡ ਗੁਰੂ ਤੇਗ ਬਹਾਦਰ ਜੀ ਦੇ ਪਵਿੱਤਰ ਚਰਨਾਂ ਦੀ ਛੋਹ ਨਾਲ ਵਰੋਸਾਇਆ ਹੋਇਆ ਹੈ। ਭਾਰਤ ਦਾ ਲਗਪਗ ਹਰ ਤੀਰਥ ਅਸਥਾਨ ਹਰਿਦੁਆਰ ਤੋਂ ਲੈ ਕੇ ਗੁਹਾਟੀ ਤਕ ਗੁਰੂ ਜੀ ਦੀ ਚਰਨ-ਛੋਹ ਪ੍ਰਾਪਤ ਹੈ। ਇਨ੍ਹਾਂ ਧਰਮ ਪ੍ਰਚਾਰ ਯਾਤਰਾਵਾਂ ਨੂੰ ਜੇ ਉਸ ਸਮੇਂ ਦੇ ਹਾਲਾਤ ਦੇ ਸੰਦਰਭ ’ਚ ਰੱਖ ਕੇ ਦੇਖਿਆ ਜਾਵੇ ਤਾਂ ਬਹੁਤ ਹੈਰਾਨੀ ਹੁੰਦੀ ਹੈ ਕਿ ਗੁਰੂ ਜੀ ਨੇ ਹਾਲਾਤ ਅਨੁਕੂਲ ਨਾ ਹੋਣ ਦੇ ਬਾਵਜੂਦ ਇੰਨੇ ਵੱਡੇ ਪੱਧਰ ’ਤੇ ਧਰਮ ਪ੍ਰਚਾਰ ਕੀਤਾ ਸੀ। ਇੱਥੇ ਅਸੀਂ ਪੰਜਾਬ ਨਾਲ ਸਬੰਧਿਤ ਗੁਰੂ ਜੀ ਵੱਲੋਂ ਅਧਿਆਤਮਕ ਪ੍ਰਚਾਰ ਹਿੱਤ ਕੀਤੀਆਂ ਯਾਤਰਾਵਾਂ ਦਾ ਜ਼ਿਕਰ ਕਰ ਰਹੇ ਹਾਂ।
ਗੁਰੂ ਤੇਗ ਬਹਾਦੁਰ ਮਾਰਗ
ਗੁਰੂ ਤੇਗ ਬਹਾਦੁਰ ਮਾਰਗ ਸੰਖੇਪ ਵੇਰਵਾ : ਗੁਰੂ ਤੇਗ ਬਹਾਦੁਰ ਜੀ ਦੀਆਂ ਯਾਤਰਾਵਾਂ ਦੇ ਕੁੱਲ 113 ਅਸਥਾਨ ਲਭੇ ਗਏ ਹਨ। ਇਨ੍ਹਾਂ ਵਿੱਚੋਂ ਛੇ ਐਸੇ ਮੁਖ ਅਸਥਾਨ ਬਣਦੇ ਹਨ ਜਿੱਥੇ ਗੁਰੂ ਜੀ ਆਪਣਾ ਮੁਖ ਡੇਰਾ ਲਗਾ ਕੇ ਕਾਫ਼ੀ ਲੰਮਾ ਅਰਸਾ ਰਹੇ ਸਨ। ਇਹ ਛੇ ਅਸਥਾਨ ਹਨ : 1. ਬਾਬਾ ਬਕਾਲਾ : ਇਥੇ ਗੁਰੂ ਜੀ ਗੁਰੂ ਬਣਨ ਤੋਂ ਪਹਿਲਾ ਰਹਿੰਦੇ ਰਹੇ ਸਨ ਅਤੇ ਇਥੇ ਹੀ ਉਨ੍ਹਾਂ ਨੇ ਗੁਰਿਆਈ ਤਿਲਕ ਧਾਰਨ ਕੀਤਾ। 2. ਆਨੰਦਪੁਰ ਸਾਹਿਬ : ਇਸ ਨਗਰ ਦਾ ਪਹਿਲਾਂ ਨਾਂ ਚੱਕ ਨਾਨਕੀ ਸੀ ਅਤੇ ਇਸ ਨੂੰ ਗੁਰੂ ਸਾਹਿਬ ਨੇ ਖੁ਼ਦ ਆਬਾਦ ਕੀਤਾ ਸੀ। 3. ਬਹਾਦੁਰਗੜ : ਇਸ ਦਾ ਪਹਿਲਾ ਨਾਂ ਸੈਫਾਬਾਦ ਸੀ ਅਤੇ ਇੱਥੋਂ ਦਾ ਨਵਾਬ ਸੈਫ ਖਾਂ ਗੁਰੂ ਜੀ ਦਾ ਸ਼ਰਧਾਲੂ ਸੀ ਅਤੇ ਦੋਸਤ ਸੀ। ਗੁਰੂ ਜੀ ਜਦੋਂ ਵੀ ਇੱਧਰ ਆਉਂਦੇ ਸਨ ਤਾਂ ਇੱਥੇ ਹੀ ਠਹਿਰਦੇ ਸਨ। 4. ਧਮਧਾਨ ਸਾਹਿਬ : ਇਹ ਬਾਂਗਰ ਦਾ ਕੇਂਦਰੀ ਅਸਥਾਨ ਸੀ ਅਤੇ ਅੱਜ-ਕੱਲ੍ਹ ਹਰਿਆਣੇ ਦੇ ਜੀਂਦ ਜ਼ਿਲ੍ਹੇ ਵਿਚ ਹੈ। ਪਟਿਆਲੇ ਅਤੇ ਸੰਗਰੂਰ ਜ਼ਿਲ੍ਹੇ ਦੀਆਂ ਕੁਝ ਥਾਵਾਂ ਇੱਥੇ ਰਹਿਣ ਸਮੇਂ ਹੀ ਪਵਿਤਰ ਕੀਤੀਆਂ ਸਨ। 5. ਤਲਵੰਡੀ ਸਾਬੋ ਤਲਵੰਡੀ ਸਾਬੋ ਵਿਖੇ ਰਹਿ ਕੇ ਵੀ ਗੁਰੂ ਸਾਹਿਬ ਨੇ ਬਠਿੰਡੇ ਜ਼ਿਲੇ ਦੀਆਂ ਅਨੇਕਾਂ ਥਾਵਾਂ ਤੇ ਧਰਮ ਪਰਚਾਰ ਕੀਤਾ ਸੀ। 6. ਢਿਲਵਾਂ : ਇੱਥੇ ਕਾਫ਼ੀ ਦਿਨ ਰਹਿ ਕੇ ਗੁਰੂ ਜੀ ਨੇ ਸੰਗਰੂਰ ਇਲਾਕੇ ਦੀਆਂ ਅਨੇਕਾਂ ਥਾਵਾਂ ਤੇ ਧਰਮ ਪਰਚਾਰ ਕੀਤਾ।
ਬਾਕੀ ਥਾਵਾਂ ਦਾ ਸਿਲਸਿਲੇਵਾਰ ਵੇਰਵਾ
1. ਬਾਬਾ ਬਕਾਲਾ 2. ਸਠਿਆਲਾ 3. ਕਾਲੇ ਕੇ 4. ਅੰਮ੍ਰਿਤਸਰ 5. ਵੇਰਕਾ 6. ਵੱਲਾ 7. ਘੁਕੇਵਾਲੀ 8. ਖੇਮਕਰਨ 9. ਚੋਲ੍ਹਾ ਸਾਹਿਬ 10. ਕਰਤਾਰਪੁਰ 11. ਪਲਾਹੀ ਨਗਰ 12. ਚੱਕ ਗੁਰੂ 13. ਹਕੀਮਪੁਰ 14. ਦੁਰਗਾਪੁਰ 15. ਨਵਾਂ ਸ਼ਹਿਰ 16. ਕੀਰਤਪੁਰ ਸਾਹਿਬ 17. ਆਨੰਦਪੁਰ ਸਾਹਿਬ 18. ਭਰਤ ਗੜ੍ਹ 19. ਮਲਿਕ ਪੁਰ ਰੰਘੜਾਂ 20. ਰੋਪੜ 21. ਦੁੱਗਰੀ 22. ਕੋਟਲੀ 23. ਕੁਰਾਲੀ 24. ਮਾਨਪੁਰ 25. ਘੜੂੰਆਂ 26. ਨੰਦਪੁਰ ਕਲੌੜ 27. ਰੈਲੋਂ 28. ਬਹੇੜ 29. ਰੈਲੀ 30. ਬਸੀ ਪਠਾਣਾ 31. ਮਕਾਰੋਂ ਪੁਰ 32. ਭਗੜਾਨਾ 33. ਉਗਾਣੀ 34. ਬਹਾਦੁਰ ਗੜ੍ਹ 35. ਮਹਿਮਦਪੁਰ ਜੱਟਾਂ 36. ਰਾਏ ਪੁਰ 37. ਸੀਲ 38. ਸ਼ੇਖੂਪੁਰ 39. ਹਰਪਾਲ ਪੁਰ 40. ਕਬੂਲਪੁਰ ਹਸਨ ਪੁਰ 41. ਨਨਹੇੜੀ 42. ਬੀਬੀ ਪੁਰ ਖੁਰਦ 43. ਮਗਰ ਸਾਹਿਬ 44. ਬੁੱਧਪੁਰ 45. ਕਰਹਾਲੀ 46. ਪਟਿਆਲਾ 47. ਟਹਿਲਪੁਰ 48. ਖੰਡੋਲੀ 49. ਨੌਲੱਖਾ 50. ਲੰਗ 51. ਆਕੜ 52. ਸੀਭੜੋ 53. ਧੰਗੇੜਾ 54. ਅਗੋਲ 55. ਰੋਹਟਾ 56. ਥੂਹੀ 57. ਰਾਮਗੜ੍ਹ ਬੌੜਾਂ 58. ਗੁਣੀ ਕੇ 59. ਆਲੋਅਰਖ 60. ਭਵਾਨੀਗੜ੍ਹ 61. ਫਗੂਵਾਲਾ 62. ਘਰਾਚੋਂ 63. ਨਾਗਰਾ 64. ਟੱਲ ਘਨੌਰ ਜੱਟਾਂ 65. ਸਮਾਣਾ 66. ਦੋਦੜਾ 67. ਕਮਾਲ ਪੁਰ 68. ਦਿੜਬਾ 69. ਨਨਹੇੜਾ 70. ਬਹਿਰ ਜੱਖ 71. ਮੂਣਕ 72. ਮਕੋਰੜ ਸਾਹਿਬ (ਧਮਧਾਨ ਸਾਹਿਬ) 73. ਗੁਰਣੇ ਕਲਾ 74. ਲੇਹਲ ਕਲਾਂ 75. ਗਾਗਾ 76. ਸੰਘਰੇੜੀ 77. ਗੋਬਿੰਦ ਪੁਰਾ 78. ਬਰ੍ਹੇ 79. ਕੋਟ ਧਰਮੂ 80. ਤਲਵੰਡੀ ਸਾਬੋ 81. ਟਾਹਲਾ ਸਾਹਿਬ 82. ਮੋੜ 83. ਮਾਈਸਰ ਖਾਨਾ 84. ਭੈਣੀ ਬਾਘਾ 85. ਡਿੱਖ 86. ਖਿਆਲਾ ਕਲਾਂ 87. ਜੋਗਾ 88. ਭੂਪਾਲ 89. ਭੀਖੀ 90. ਧਲੇਉ 91. ਸਮਾਂਅ 92. ਕਣਕਵਾਲ ਕਲਾਂ 93. ਗੰਡੂਆਂ 94. ਬੱਛੋਆਣਾ 95. ਖੀਵਾ ਕਲਾਂ 96. ਅਲੀ ਸੇਰ 97. ਪੰਧੇਰ 98. ਹੀਰੋ ਕਲਾਂ 99. ਸ਼ਾਹਪੁਰ 100 ਕੱਟੂ 101. ਧੋਲਾ 102. ਹੰਢਿਆਇਆ 103. ਸੋਹੀਵਾਲ 104. ਰੂੜੇ ਕਲਾਂ 105. ਦੁੱਲਮੀ ਕੀ 106. ਢਿਲਵਾਂ 107. ਫਰਵਾਹੀ 108, ਜੇਖਾ 109. ਜਹੀਗੀਰ ਪੁਰਾ 110. ਬੱਬਨ ਪੁਰ 111. ਰਾਜੋ ਮਾਜਰਾ 112 ਮੁਲੋਵਾਲ 113 ਭੈਣੀ ਮਰਾਝ।
1- ਬਾਬਾ ਬਕਾਲਾ
11 ਅਗਸਤ, 1664 ਈ. ਨੂੰ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ (ਨਾਨਕ) ਦੇ ਤੌਰ ’ਤੇ ਪ੍ਰਗਟ ਹੋਏ ਸਨ। ਉਸ ਸਮੇਂ ਆਪ ਆਪਣੇ ਨਾਨਕਾ ਘਰ ਬਾਬਾ ਬਕਾਲੇ ਵਿਖੇ ਰਹਿ ਰਹੇ ਸਨ। ਭਾਈ ਮੱਖਣ ਸ਼ਾਹ ਲੁਬਾਣਾ ਉਨ੍ਹਾਂ ਦੇ ਮੁੱਖੀ ਸਿੱਖਾਂ ’ਚੋਂ ਪ੍ਰਮੁੱਖ ਸਿੱਖ ਸੀ, ਜਿਸ ਨੇ ਗੁਰੂ ਤੇਗ ਬਹਾਦਰ ਜੀ ਨੂੰ ਗੁਰਿਆਈ ਤਿਲਕ ਲਾਉਣ ਸਮੇਂ ਸਰਗਰਮ ਰੋਲ ਅਦਾ ਕੀਤਾ ਸੀ । ਅਕਤੂਬਰ, 1664 ਈ. ਦੀ ਦੀਵਾਲੀ ਤਕ ਗੁਰੂ ਸਾਹਿਬ ਤਕਰੀਬਨ ਬਾਬਾ ਬਕਾਲਾ ਹੀ ਰਹਿੰਦੇ ਰਹੇ, ਭਾਵੇਂ ਵਿੱਚੋਂ ਕੁਝ ਇਕ ਵਾਰ ਕੀਰਤਪੁਰ ਸਾਹਿਬ ਵਿਖੇ ਸਵਰਗਵਾਸੀ ਗੁਰੂ ਹਰਿ ਕ੍ਰਿਸ਼ਨ ਜੀ ਅਤੇ ਸਵਰਗਵਾਸੀ ਗੁਰੂ ਹਰਿ ਰਾਇ ਜੀ ਦੇ ਪਰਿਵਾਰਾਂ ਨਾਲ ਅਫ਼ਸੋਸ ਸਾਂਝਾ ਕਰਨ ਲਈ ਆਉਂਦੇ ਰਹੇ ਸਨ। ਬਾਬਾ ਬਕਾਲਾ ਵਿਖੇ ਗੁਰੂ ਜੀ ਆਪਣੇ ਪਿਤਾ ਗੁਰੂ ਹਰਿਗੋਬਿੰਦ ਸਾਹਿਬ ਦੇ ਅਕਾਲ ਚਲਾਣੇ (1645) ਸਮੇਂ ਹੀ ਆ ਗਏ ਸਨ ਤੇ ਉਸ ਸਮੇਂ ਤੋਂ ਲੈ ਕੇ ਗੁਰਿਆਈ ਧਾਰਨ ਕਰਨ ਤਕ ਤਕਰਬੀਨ 20 ਸਾਲ ਦੇ ਸਮੇਂ ਤਕ ਇੱਥੇ ਹੀ ਰਹਿੰਦੇ ਰਹੇ ਸਨ। ਇਸ ਲਈ ਬਾਬਾ ਬਕਾਲਾ ਵਿਖੇ ਉਨ੍ਹਾਂ ਨਾਲ ਸਬੰਧਿਤ ਅਨੇਕਾਂ ਅਸਥਾਨ ਤੇ ਰਵਾਇਤਾਂ ਪ੍ਰਚੱਲਿਤ ਹਨ। ਅੱਜ-ਕੱਲ੍ਹ ਉਨ੍ਹਾਂ ਦੀ ਰਿਹਾਇਸ਼ ਵਾਲੀ ਥਾਂ ’ਤੇ ਦੋ ਆਲੀਸ਼ਾਨ ਗੁਰਦੁਆਰੇ ਸਥਾਪਿਤ ਹਨ। ਇਕ ਸ੍ਰੀ ਦਰਬਾਰ ਸਾਹਿਬ ਤੇ ਦੂਸਰਾ ਭੋਰਾ ਸਾਹਿਬ । ਗੁਰਦੁਆਰਾ ਭੋਰਾ ਸਾਹਿਬ ਵਾਲੀ ਥਾਂ ’ਤੇ ਉਹ ਅਕਾਲ ਪੁਰਖ ਦਾ ਸਿਮਰਨ ਕਰਦਿਆਂ ਸਮਾਧੀ ਲਗਾ ਕੇ ਬੈਠਿਆ ਕਰਦੇ ਸਨ। ਇਨ੍ਹਾਂ ਦੋ ਗੁਰਦੁਆਰਿਆਂ ਤੋਂ ਇਲਾਵਾ ਇੱਥੇ ਗੁਰੂ ਹਰਿਗੋਬਿੰਦ ਸਾਹਿਬ ਦੀ ਯਾਦ ’ਚ ਵੀ ਗੁਰਦੁਆਰੇ ਹਨ।
2- ਸਠਿਆਲਾ
ਸਠਿਆਲਾ ਬਾਬਾ ਬਕਾਲਾ ਤੋਂ ਤਿੰਨ ਮੀਲ ਉੱਤਰ ਵੱਲ ਹੈ। ਬਾਬਾ ਬਕਾਲਾ ਵਿਖੇ ਰਹਿੰਦੇ ਹੋਏ ਹੀ ਉਹ ਅਕਸਰ ਇੱਥੇ ਆਇਆ ਕਰਦੇ ਸਨ। ਉਨ੍ਹਾਂ ਦੀ ਯਾਦ ’ਚ ਇੱਥੇ ਗੁਰਦੁਆਰਾ ਨੌਵੀਂ ਪਾਤਸ਼ਾਹੀ ਸੁਸ਼ੋਭਿਤ ਹੈ। ਦੋ ਹੋਰ ਗੁਰਦੁਆਰੇ ਬੁੰਗਾ ਸਾਹਿਬ ਤੇ ਗੁਰਦੁਆਰਾ ਨਾਨਕਸਰ ਵੀ ਇੱਥੇ ਸਥਾਪਿਤ ਹਨ।
3-ਅੰਮ੍ਰਿਤਸਰ
ਗੁਰੂ ਤੇਗ ਬਹਾਦਰ ਜੀ ਨੇ ਬਾਬਾ ਬਕਾਲਾ ਤੋਂ ਅੰਮ੍ਰਿਤਸਰ ਪਹੁੰਚਣ ਦਾ ਪ੍ਰੋਗਰਾਮ ਬਣਾਇਆ ਸੀ ਤਾਂ ਜੋ ਗੁਰਗੱਦੀ ਧਾਰਨ ਕਰਨ ਉਪਰੰਤ ਸਿੱਖ ਧਰਮ ਦੇ ਪ੍ਰਮੁੱਖ ਅਸਥਾਨਾਂ ਉੱਪਰ ਜਾ ਕੇ ਉੱਥੋਂ ਦੀਆਂ ਸਿੱਖ ਸੰਗਤਾਂ ਨੂੰ ਧਰਵਾਸ ਦਿੱਤਾ ਜਾਵੇ। ਗੁਰੂ ਸਾਹਿਬ ਬਾਬਾ ਬਕਾਲਾ ਤੋਂ ਚੱਲ ਕੇ ਕਾਲੇਕੇ ਆਦਿ ਪਿੰਡਾਂ ਵਿੱਚੋਂ ਹੁੰਦੇ ਹੋਏ 22 ਨਵੰਬਰ, 1664 ਈ ਨੂੰ ਅੰਮ੍ਰਿਤਸਰ ਪਹੁੰਚੇ ਸਨ। ਅੰਮ੍ਰਿਤਸਰ ਪਹੁੰਚਣ ’ਤੇ ਗੁਰੂ ਜੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਗਏ। ਪ੍ਰਚੱਲਿਤ ਸਿੱਖ ਰਵਾਇਤ ਅਨੁਸਾਰ ਗੁਰੂ ਜੀ ਦੇ ਇੱਥੇ ਪਹੁੰਚਣ ’ਤੇ ਇੱਥੋਂ ਦੇ ਪੁਜਾਰੀਆਂ ਨੇ ਵੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਰਵਾਜ਼ੇ ਬੰਦ ਕਰ ਦਿੱਤੇ ਸਨ ਅਤੇ ਗੁਰੂ ਸਾਹਿਬ ਅਕਾਲ ਤਖ਼ਤ ਨਾਲ ਲਗਦੇ ਇਕ ਅਸਥਾਨ ’ਤੇ ਬੈਠ ਗਏ ਸਨ। ਇਸ ਅਸਥਾਨ ’ਤੇ ਅੱਜ-ਕੱਲ੍ਹ ਗੁਰਦੁਆਰਾ ਥੜ੍ਹਾ ਸਾਹਿਬ ਸੁਸ਼ੋਭਿਤ ਹੈ।
4- ਵੇਰਕਾ
ਵੇਰਕਾ ਇਸ ਸਮੇਂ ਅੰਮ੍ਰਿਤਸਰ ਸ਼ਹਿਰ ਵਿਚ ਹੀ ਰਲ ਗਿਆ ਹੈ ਪਰ ਪਹਿਲਾਂ ਇਹ ਅਲੱਗ ਪਿੰਡ ਹੁੰਦਾ ਸੀ। ਇੱਥੇ ਮੁੱਖ ਤੌਰ ’ਤੇ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਹੈ ਪਰ ਗੁਰੂ ਤੇਗ ਬਹਾਦਰ ਜੀ ਵੀ ਅੰਮ੍ਰਿਤਸਰ ਆਉਣ ਵੇਲੇ ਇੱਥੇ ਆਏ ਸਨ ਭਾਵੇਂ ਉਨ੍ਹਾਂ ਦੀ ਯਾਦ ’ਚ ਕੋਈ ਗੁਰਦੁਆਰਾ ਨਹੀਂ ਹੈ।
5- ਵੱਲਾ
ਪਿੰਡ ਵੱਲਾ ਅੰਮ੍ਰਿਤਸਰ ਤੋਂ ਉੱਤਰ ਵੱਲ ਚਾਰ ਕੁ ਮੀਲ ਦੀ ਵਿੱਥ ’ਤੇ ਸਥਿਤ ਹੈ। ਸਥਾਨਕ ਰਵਾਇਤਾਂ ਮੁਤਾਬਿਕ ਇੱਥੇ ਮਾਤਾ ਹਰੋ ਜੀ ਸਿੱਖ ਧਰਮ ਦੀ ਪ੍ਰਚਾਰਕ ਸੀ। ਉਸੇ ਦੀ ਬੇਨਤੀ ’ਤੇ ਹੀ ਗੁਰੂ ਸਾਹਿਬ ਇੱਥੇ ਆਏ ਸਨ। ਗੁਰੂ ਜੀ ਪਹਿਲਾਂ-ਪਹਿਲਾਂ ਪਿੰਡ ਤੋਂ ਅੱਧਾ ਕੁ ਮੀਲ ਬਾਹਰਵਾਰ ਰੇਲਵੇ ਲਾਈਨ ਵੱਲ ਗੁਰਦੁਆਰਾ ਦਮਦਮਾ ਸਾਹਿਬ ਵਾਲੀ ਥਾਂ ’ਤੇ ਬੈਠੇ ਸਨ। ਇੱਥੇ ਮਾਤਾ ਹਰੋ ਦੀ ਅਗਵਾਈ ਹੇਠ ਪਿੰਡ ਦੀਆਂ ਸੰਗਤਾਂ ਗੁਰੂ ਜੀ ਨੂੰ ਪਿੰਡ ਅੰਦਰ ਲੈ ਗਈਆਂ। ਸਥਾਨਕ ਰਵਾਇਤ ਅਨੁਸਾਰ ਗੁਰੂ ਜੀ ਨੇ ਪਿੰਡ ਦੀ ਸੇਵਾ-ਭਾਵਨਾ ਤੋਂ ਖ਼ੁਸ਼ ਹੋ ਕੇ ਵਰ ਦਿੱਤਾ ਸੀ ਕਿ ‘ਵੱਲਾ ਗੁਰੂ ਕਾ ਗੱਲਾ’ ਪਿੱਛੋਂ ਇਸ ਥਾਂ ’ਤੇ ਪੱਕਾ ਕੋਠਾ ਬਣਾ ਦਿੱਤਾ ਗਿਆ ਸੀ। ਇਸ ਕਰਕੇ ਇਸ ਦਾ ਨਾਂ ਗੁਰਦੁਆਰਾ ਕੋਠਾ ਸਾਹਿਬ ਹੈ।
6-ਘੂਕੇਵਾਲੀ (ਗੁਰੂ ਕਾ ਬਾਗ਼)
ਪਿੰਡ ਘੂਕੇਵਾਲੀ, ਜਿੱਥੇ ਗੁਰਦੁਆਰਾ ਗੁਰੂ ਕਾ ਬਾਗ਼ ਸਥਿਤ ਹੈ, ਅੰਮ੍ਰਿਤਸਰ ਤੋਂ ਤਕਰੀਬਨ ਬਾਰਾ ਮੀਲ ਉੱਤਰ-ਪੱਛਮ ਵੱਲ ਹੈ।
ਅੰਮ੍ਰਿਤਸਰ-ਅਜਨਾਲਾ ਸੜਕ ’ਤੇ ਸਥਿਤ ਕੁੱਕੜਾਂ ਵਾਲੇ ਪਿੰਡ ਤੋਂ ਉੱਤਰ ਵੱਲ ਸਿਰਫ਼ ਚਾਰ ਕੁ ਮੀਲ ਦੀ ਵਿੱਥ ’ਤੇ ਹੈ। ਇੱਥੇ ਗੁਰੂ ਤੇਗ ਬਹਾਦਰ ਜੀ ਆਏ ਸਨ। ਗੁਰੂ ਜੀ ਦੀ ਯਾਦ ਵਾਲੀ ਇਕ ਜਗ੍ਹਾ ਪਿੰਡ ਦੇ ਅੰਦਰ ਹੈ ਤੇ ਇਕ ਜਗ੍ਹਾ ਪਿੰਡ ਦੇ ਬਾਹਰਵਾਰ ਗੁਰੂ ਕੇ ਬਾਗ਼ ’ਚ ਹੈ। ਗੁਰੂ ਕੇ ਬਾਗ਼ ਵਿਚ ਗੁਰੂ ਤੇਗ ਬਹਾਦਰ ਜੀ ਨੇ ਖੂਹ ਵੀ ਲਗਵਾਇਆ ਸੀ, ਜਿਹੜਾ ਲੰਗਰ ਦੀ ਪੁਰਾਣੀ ਬਿਲਡਿੰਗ ਦੇ ਬਿਲਕੁਲ ਦਰਵਾਜ਼ੇ ਦੇ ਕੋਲ ਸੀ। ਇਸ ਖੂਹ ਦੇ ਅੰਦਰਲੇ ਪਾਸੇ ਗੁਰੂ ਜੀ ਦੇ ਆਪਣੇ ਸਮੇਂ ਦਾ ਇਕ ਪੱਥਰ ਲੱਗਿਆ ਹੋਇਆ ਹੈ। ਇਸ ਪੱਥਰ ਉੱਪਰ ਲਿਖਿਆ ਹੋਇਆ ਹੈ ‘ਟਹਿਲ ਸੇਵਾ ਕਰਵਾਈ ਗੁਰੂ ਤੇਗ ਬਹਾਦਰ ਜੀ।’ ਪਹਿਲਾਂ ਇੱਥੇ ਗੁਰੂ ਅਰਜਨ ਦੇਵ ਜੀ ਆਏ ਸਨ। ਇੱਥੇ ਉਨ੍ਹਾਂ ਨੇ ਕਾਫ਼ੀ ਜ਼ਮੀਨ ਮੁੱਲ ਖ਼ਰੀਦੀ ਸੀ। ਪਿੱਛੋਂ ਜਦੋਂ ਗੁਰੂ ਤੇਗ ਬਹਾਦਰ ਜੀ ਇੱਥੇ ਆਏ ਸਨ ਤਾਂ ਜਿਵੇਂ ਕਿ ਉੱਪਰ ਲਿਖਿਆ ਜਾ ਚੁੱਕਿਆ ਹੈ ਕਿ ਉਨ੍ਹਾਂ ਨੇ ਇਕ ਖੂਹ ਵੀ ਲਗਵਾਇਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਜ਼ਮੀਨ ’ਚ ਬਾਗ਼ ਵੀ ਲਗਵਾਇਆ ਸੀ, ਜਿਸ ਕਰਕੇ ਇਸ ਨੂੰ ਗੁਰੂ ਕਾ ਬਾਗ਼ ਕਰਕੇ ਹੀ ਜਾਣਿਆ ਜਾਂਦਾ ਸੀ।
7-ਖੇਮਕਰਨ
ਖੇਮਕਰਨ ਕਸਬਾ ਅੰਮ੍ਰਿਤਸਰ ਜ਼ਿਲ੍ਹੇ ’ਚ ਪਾਕਿਸਤਾਨ ਦੀ ਬਿਲਕੁਲ ਹੱਦ ਉੱਪਰ ਸਥਿਤ ਹੈ। ਇੱਥੇ ਪਹਿਲਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਆਏ ਸਨ, ਜਿਨ੍ਹਾਂ ਦੀ ਯਾਦ ਵਿਚ ਗੁਰਦੁਆਰਾ ਥੰਮ੍ਹ ਸਾਹਿਬ ਕਸਬੇ ਦੇ ਅੰਦਰ ਸਥਿਤ ਹੈ। ਪਿੱਛੋਂ ਗੁਰੂ ਤੇਗ ਬਹਾਦਰ ਜੀ ਇੱਥੇ ਆਏ ਸਨ। ਉਨ੍ਹਾਂ ਦੀ ਯਾਦ ਵਿਚ ਗੁਰਦੁਆਰਾ ਖੇਮਕਰਨ ਕਸਬੇ ਤੋਂ ਬਿਲਕੁਲ ਬਾਹਰਵਾਰ ਚੜ੍ਹਦੇ ਵੱਲ ਹੈ। ਕਿਹਾ ਜਾਂਦਾ ਹੈ ਕਿ ਗੁਰੂ ਜੀ ਤਰਨਤਾਰਨ, ਖਡੂਰ ਸਾਹਿਬ ਤੇ ਗੋਇੰਦਵਾਲ ਤੋਂ ਹੁੰਦੇ ਹੋਏ ਇੱਥੇ ਪਹੁੰਚੇ ਸਨ। ਖੇਮਕਰਨ ਦਾ ਚੌਧਰੀ ਰਘੂਪਤ ਰਾਇ ਗੁਰੂ ਘਰ ਦਾ ਸ਼ਰਧਾਲੂ ਸੀ। ਉਸ ਦੀ ਬੇਨਤੀ ’ਤੇ ਹੀ ਗੁਰੂ ਸਾਹਿਬ ਇੱਥੇ ਆਏ ਸਨ।
8-ਚੋਲ੍ਹਾ
ਪਿੰਡ ਚੋਲ੍ਹਾ ਪੱਟੀ ਤੋਂ ਸਰਹਾਲੀ ਕਲਾਂ ਰਾਹੀਂ ਦੱਖਣ ਵੱਲ ਬਾਰਾਂ ਕੁ ਕਿਲੋਮੀਟਰ ਦੀ ਵਿੱਥ ’ਤੇ ਹੈ। ਪਹਿਲਾਂ ਇਸ ਪਿੰਡ ਦਾ ਨਾਂ ਭੈਣੀ ਸੀ। ਇੱਥੇ ਪਹਿਲਾਂ ਪਹਿਲ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਆਏ ਸਨ। ਇੱਥੇ ਗੁਰਦੁਆਰਾ ਵੀ ਉਨ੍ਹਾਂ ਦੀ ਹੀ ਯਾਦ ’ਚ ਹੈ। ਇੱਥੋਂ ਦੀ ਇਕ ਮਾਈ ਬਹੁਤ ਹੀ ਵਧੀਆ ਖਾਣਾ ਤਿਆਰ ਕਰ ਕੇ ਗੁਰੂ ਜੀ ਲਈ ਲੈ ਕੇ ਆਈ ਸੀ। ਇਸ ਖਾਣੇ ਨੂੰ ਚੋਲ੍ਹਾ ਕਿਹਾ ਜਾਂਦਾ ਸੀ। ਇਸੇ ਕਰਕੇ ਹੀ ਇਸ ਪਿੰਡ ਦਾ ਨਾ ਚੋਲ੍ਹਾ ਪ੍ਰਚੱਲਿਤ ਹੋ ਗਿਆ।
9-ਕਰਤਾਰਪੁਰ
ਕਰਤਾਰਪੁਰ ਦੁਆਬੇ ਦਾ ਮਸ਼ਹੂਰ ਸਨਅਤੀ ਸ਼ਹਿਰ ਹੈ। ਇਸ ਨੂੰ ਗੁਰੂ ਅਰਜਨ ਦੇਵ ਜੀ ਨੇ ਵਸਾਇਆ ਸੀ। ਗੁਰੂ ਹਰਿਗੋਬਿੰਦ ਸਾਹਿਬ ਨੇ ਇੱਥੇ ਮੁਗ਼ਲ ਫ਼ੌਜਾਂ ਨਾਲ ਲੜਾਈ ਕੀਤੀ ਸੀ। ਗੁਰੂ ਤੇਗ ਬਹਾਦਰ ਜੀ ਦਾ ਸਬੰਧ ਇਸ ਅਸਥਾਨ ਨਾਲ ਬਚਪਨ ਤੋਂ ਹੀ ਸੀ। ਆਪ ਪਿਤਾ ਨਾਲ ਕਰਤਾਰਪੁਰ ਦੀ ਲੜਾਈ ’ਚ ਵੀ ਸ਼ਾਮਿਲ ਸਨ। ਪਿੱਛੋਂ ਮਾਤਾ ਗੁਜਰੀ ਜੀ ਨਾਲ ਵਿਆਹ ਵੀ ਇੱਥੇ ਹੀ ਹੋਇਆ ਸੀ। ਕਰਤਾਰਪੁਰ ਦੇ ਮਾਤਾ ਗੁਜਰੀ ਮੁਹੱਲੇ (ਪੁਰਾਣਾ ਨਾਂ ਰਬਾਬੀਆਂ ਦਾ ਮੁਹੱਲਾ) ਵਿਚ ‘ਗੁਰਦੁਆਰਾ ਵਿਵਾਹ-ਅਸਥਾਨ’ ਹੈ। ਗੁਰੂ ਦੇ ਤੌਰ ’ਤੇ ਪ੍ਰਗਟ ਹੋਣ ਉਪਰੰਤ ਵੀ ਗੁਰੂ ਤੇਗ ਬਹਾਦਰ ਜੀ ਇੱਥੇ ਅਕਸਰ ਆਉਂਦੇ ਰਹਿੰਦੇ ਸਨ।
10- ਪਲਾਹੀ (ਫਗਵਾੜਾ)
ਇਹ ਅਸਥਾਨ ਫਗਵਾੜੇ ਤੋਂ ਪੰਜ ਕਿਲੋਮੀਟਰ ਦੀ ਵਿੱਥ ’ਤੇ ਸਥਿਤ ਹੈ। ਇੱਥੇ ਗੁਰੂ ਹਰਿਗੋਬਿੰਦ ਸਾਹਿਬ ਤੇ ਗੁਰੂ ਹਰਿ ਰਾਇ ਜੀ ਵੀ ਆ ਚੁੱਕੇ ਹਨ। ਗੁਰੂ ਤੇਗ ਬਹਾਦਰ ਜੀ ਇੱਥੇ ਗੁਰੂ ਬਣਨ ਤੋਂ ਪਹਿਲਾਂ ਵੀ ਰਹਿੰਦੇ ਰਹੇ ਸਨ ਤੇ ਗੁਰੂ ਬਣਨ ਤੋਂ ਪਿੱਛੋਂ ਵੀ ਇੱਥੇ ਆਉਂਦੇ ਰਹੇ ਸਨ।
11- ਹਕੀਮਪੁਰ (ਬੰਗਾ)
ਪਿੰਡ ਹਕੀਮਪੁਰ ਪਿੰਡ ਚੱਕ ਗੁਰੂ ਤੋਂ ਛੇ ਕਿਲੋਮੀਟਰ ਤੇ ਬੰਗਾ ਤੋਂ ਅੱਠ ਕਿਲੋਮੀਟਰ ਦੀ ਵਿੱਥ ’ਤੇ ਹੈ । ਪਹਿਲਾਂ ਇੱਥੇ ਗੁਰੂ ਨਾਨਕ ਦੇਵ ਜੀ, ਗੁਰੂ ਹਰਿ ਗੋਬਿੰਦਸਾਹਿਬ ਤੇ ਗੁਰੂ ਹਰਿ ਰਾਇ ਜੀ ਵੀ ਰਹਿ ਚੁੱਕੇ ਸਨ। ਗੁਰੂ ਤੇਗ ਬਹਾਦਰ ਜੀ ਵੀ ਕਾਫ਼ੀ ਸਮਾਂ ਪਰਿਵਾਰ ਸਮੇਤ ਇੱਥੇ ਠਹਿਰੇ ਸਨ।
12-ਚੱਕ ਗੁਰੂ
ਚੱਕ ਗੁਰੂ ਬੰਗਾ ਤੋਂ ਫਗਵਾੜੇ ਵੱਲ ਤੇਰਾਂ ਕਿਲੋਮੀਟਰ ਦੀ ਵਿੱਥ ’ਤੇ ਹੈ। ਬੰਗਾ-ਫਗਵਾੜਾ ਸੜਕ ਉੱਪਰ ਨੌਂ ਕਿਲੋਮੀਟਰ ’ਤੇ ਸਥਿਤ ਪਿੰਡ ਬਹਿਰਾਮਪੁਰ ਤੋਂ ਲਿੰਕ ਰੋਡ ਜਾਂਦੀ ਹੈ। ਇਸ ਦੇ ਲਾਗੇ ਰਾਮੂ ਕਾ ਚੱਕ, ਸਰਾਲਾ ਤੇ ਭਰੋਮਾਜਰਾ ਆਦਿ ਪਿੰਡ ਹਨ। ਇੱਥੇ ਗੁਰੂ ਤੇਗ ਬਹਾਦਰ ਜੀ ਪਰਿਵਾਰ ਸਮੇਤ ਆਏ ਸਨ। ਉਨ੍ਹਾਂ ਦੀ ਯਾਦ ਵਿਚ ਗੁਰਦੁਆਰਾ ਗੁਰ ਪਲਾਹ ਸਾਹਿਬ ਹੈ। ਗੁਰਦੁਆਰਾ ਸਾਹਿਬ ਦੇ ਉੱਤਰ ਵੱਲ ਇਕ ਖੂਹ ਹੈ, ਜਿਸ ਨੂੰ ਮਾਤਾ ਗੁਜਰੀ ਜੀ ਦਾ ਖੂਹ ਕਿਹਾ ਜਾਂਦਾ ਹੈ। ਇੱਥੇ ਗੁਰੂ ਸਾਹਿਬ ਕਾਫ਼ੀ ਦਿਨ ਠਹਿਰੇ ਦੱਸੇ ਜਾਂਦੇ ਹਨ।
13-ਦੁਰਗਾਪੁਰ
ਪਿੰਡ ਦੁਰਗਾਪੁਰ ਨਵਾਂਸ਼ਹਿਰ ਦੇ ਨਾਲ ਹੀ ਲੱਗਦਾ ਹੈ। ਇੱਥੇ ਪਹਿਲਾਂ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਵੀ ਆ ਚੁੱਕੇ ਸਨ। ਗੁਰੂ ਤੇਗ ਬਹਾਦਰ ਜੀ ਦੇ ਆਉਣ ਦੀ ਵੀ ਰਵਾਇਤ ਹੈ। ਇਸ ਗੁਰਦੁਆਰੇ ਦੀ ਸੇਵਾ ਬਾਬਾ ਰਾਮ ਸਿੰਘ ਜੀ ਨਾਮਧਾਰੀ ਮੁਖੀ ਨੇ ਵੀ ਕੀਤੀ ਸੀ। ਭਾਈ ਕਾਨ੍ਹ ਸਿੰਘ ਨੇ ਇਸ ਬਾਰੇ ਇਉਂ ਲਿਖਿਆ ਹੈ, ‘ਦੁਰਗਾਪੁਰ ਜ਼ਿਲ੍ਹਾ ਜਲੰਧਰ, ਤਹਿਸੀਲ ਨਵਾਂਸ਼ਹਿਰ, ਥਾਣਾ ਰਾਹੋਂ ਦਾ ਇਕ ਪਿੰਡ ਜੋ ਰੇਲਵੇ ਸਟੇਸ਼ਨ ਨਵਾਂਸ਼ਹਿਰ ਤੋਂ ਡੇਢ ਮੀਲ ਪੂਰਬ ਵੱਲ ਹੈ। ਇਸ ਪਿੰਡ ਤੋਂ ਲਹਿੰਦੇ ਵੱਲ ਪਾਸੇ ਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਗੁਰਦੁਆਰਾ ਹੈ। ਗੁਰੂ ਜੀ ਜੀਂਦੋਵਾਲ ਤੋਂ ਕੀਰਤਪੁਰ ਜਾਂਦੇ ਹੋਏ ਇੱਥੇ ਠਹਿਰੇ ਸਨ।
14-ਕੀਰਤਪੁਰ ਸਾਹਿਬ
ਕੀਰਤਪੁਰ ਸਾਹਿਬ ਸਿੱਖ ਗੁਰੂ ਸਾਹਿਬਾਨ ਨਾਲ ਸਬੰਧਿਤ ਨਗਰਾਂ ਵਿੱਚੋਂ ਪ੍ਰਮੁੱਖ ਨਗਰ ਹੈ। ਇਹ ਰੋਪੜ-ਆਨੰਦਪੁਰ ਸਾਹਿਬ ਸੜਕ ਉੱਪਰ ਆਨੰਦਪੁਰ ਸਾਹਿਬ ਤੋਂ 9 ਕਿਲੋਮੀਟਰ ਦੀ ਵਿੱਥ ’ਤੇ ਸਥਿਤ ਹੈ। ਸ਼ਿਵਾਲਿਕ ਦੀਆਂ ਪਹਾੜੀਆਂ ਦੇ ਬਿਲਕੁਲ ਪੈਰਾਂ ’ਚ ਸਤਲੁਜ ਦਰਿਆ ਉੱਪਰ ਅਤੇ ਭਾਖੜਾ ਮੇਨ ਨਹਿਰ ਦੇ ਐਨ ਦੋਵਾਂ ਕੰਢਿਆ ਉੱਤੇ ਸਥਿਤ ਹੋਣ ਕਾਰਨ ਇਸ ਦੀ ਭੂਗੋਲਿਕ ਸਥਿਤੀ ਬੜੀ ਹੀ ਰਮਣੀਕ ਹੈ। ਇਹ ਨਗਰ ਗੁਰੂ ਹਰਿਗੋਬਿੰਦ ਸਾਹਿਬ ਦੁਆਰਾ ਵਸਾਇਆ ਗਿਆ ਸੀ। ਇਸ ਦੀ ਸਥਾਪਨਾ 1629-30 ਦੇ ਸਾਲਾਂ ਵਿਚ ਕੀਤੀ ਗਈ ਸੀ। ਬਾਬਾ ਸ੍ਰੀ ਚੰਦ ਜੀ ਨੇ ਇਸ ਦੀ ਮੋੜੀ ਗੱਡੀ ਸੀ ਅਤੇ ਬਾਬਾ ਗੁਰਦਿੱਤਾ ਜੀ ਦੀ ਦੇਖ ਰੇਖ ਹੇਠ ਇੱਥੇ ਵੱਖ-ਵੱਖ ਰਿਹਾਇਸ਼ੀ ਇਮਾਰਤਾਂ ਦੀ ਉਸਾਰੀ ਕਰਵਾਈ ਗਈ ਸੀ। ਬਿੰਦ ਸਾਹਿਬ, ਗੁਰੂ ਹਰਿ ਰਾਇ ਜੀ, ਬਾਬਾ ਗੁਰਦਿੱਤਾ ਤੇ ਬਾਬਾ ਸ੍ਰੀ ਚੰਦ ਜੀ ਨਾਲ ਸਬੰਧਿਤ ਹੋਰ ਵੀ ਧਾਰਮਿਕ ਅਸਥਾਨ ਹਨ।
15-ਆਨੰਦਪੁਰ ਸਾਹਿਬ : ਗੁਰੂ ਤੇਗ ਬਹਾਦੁਰ ਜੀ ਕੀਰਤਪੁਰ ਸਾਹਿਬ ਵਿਖੇ ਹੀ ਸਨ ਕਿ ਉਨ੍ਹਾਂ ਨੂੰ ਉੱਥੇ ਬਿਲਾਸਪੁਰ ਦੇ ਰਾਜਾ ਦੀਪਚੰਦ ਦੇ ਦਿਹਾਂਤ ਦੀ ਖ਼ਬਰ ਮਿਲੀ। ਉਸ ਦੀ ਸਤਾਰਵੀ ਦੀ ਰਸਮ 13 ਮਈ, 1665 ਈ ਨੂੰ ਹੋਈ ਸੀ । ਸਵਰਗਵਾਸੀ ਰਾਜਾ ਦੀਪ ਚੰਦ ਵਿਧਵਾ ਰਾਣੀ ਚੰਪਾ ਦਾ ਸੁਨੇਹਾ ਗੁਰੂ ਜੀ ਨੂੰ ਮਿਲਿਆ ਸੀ ਕਿ ਉਹ ਰਾਜੇ ਦੀ ਸਤਾਰਵੀਂ ਤੇ ਸਾਰੇ ਪਰਿਵਾਰ ਸਮੇਤ ਪਹੁੰਚਣ। ਇਸ ਕਰ ਕੇ ਗੁਰੂ ਤੇਗ ਬਹਾਦੁਰ ਜੀ ਪੂਰੇ ਪਰਿਵਾਰ ਸਮੇਤ 7 ਮਈ ਦੇ ਲਾਗੇ ਤਾਗੇ ਬਿਲਾਸਪੁਰ ਪਹੁੰਚ ਗਏ।
ਇਸ ਤਰ੍ਹਾਂ ਆਨੰਦਪੁਰ ਸਾਹਿਬ ਦਾ ਨਗਰ 19 ਜੂਨ, 1665 ਈ. ਨੂੰ ਗੁਰੂ ਤੇਗ ਬਹਾਦੁਰ ਜੀ ਵੱਲੋਂ ਵਸਾਇਆ ਗਿਆ ਸੀ । ਇਹ ਥਾਂ ਤਿੰਨ ਪਿੰਡਾਂ ਦੀ ਸਾਂਝੀ ਥਾਂ ਸੀ ਜਿਸ ਨੂੰ ਮਾਖੋਵਾਲ ਦਾ ਥੇਹ ਕਿਹਾ ਜਾਂਦਾ ਸੀ। ਇਸ ਦਾ ਪਹਿਲਾਂ ਨਾਂ ਗੁਰੂ ਜੀ ਨੇ ਆਪਣੀ ਮਾਤਾ, ਮਾਤਾ ਨਾਨਕੀ ਜੀ ਦੇ ਨਾਂ ਉੱਪਰ ਚੱਕ ਨਾਨਕੀ ਰੱਖਿਆ ਸੀ ਪਰ ਗੁਰੂ ਤੇਗ ਬਹਾਦੁਰ ਜੀ ਇੱਥੇ ਜ਼ਿਆਦਾ ਸਮਾਂ ਨਹੀਂ ਠਹਿਰ ਸਕੇ ਕਿਉਂਕਿ ਗੁਰੂ ਸਾਹਿਬ ਛੇਤੀ ਹੀ ਇਸੇ ਸਾਲ (1665) ਦੇ ਅਖ਼ੀਰ ਵਿਚ ਭਾਰਤ ਦੇ ਪੂਰਬੀ ਪ੍ਰਦੇਸ਼ਾਂ ਦੀਆਂ ਯਾਤਰਾਵਾਂ ’ਤੇ ਚਲੇ ਗਏ ਸਨ ਜਿੱਥੋਂ ਕਾਫੀ ਸਾਲਾਂ ਬਾਅਦ 1672 ਈ. ਦੇ ਆਰੰਭ ਵਿਚ ਵਾਪਸ ਆਏ ਸਨ ।
16-ਭਰਤਗੜ੍ਹ : ਇਹ ਅਾਨੰਦਪੁਰ ਸਾਹਿਬ-ਰੋਪੜ ਸ਼ੜਕ ਤੋਂ 15 ਕਿਲੋਮੀਟਰ ਆਨੰਦਪੁਰ ਸਾਹਿਬ ਵੱਲ ਹੈ।
17-ਮਲਿਕਪੁਰ ਰੰਘੜਾਂ : ਇਹ ਪਿੰਡ ਭਰਤਗੜ੍ਹ ਅਤੇ ਰੋਪੜ ਦੇ ਵਿਚਕਾਰ ਮੁੱਖ ਸੜਕ ਉੱਪਰ ਹੀ ਸਥਿਤ ਹੈ। ਇਸ ਦੀ ਇਤਿਹਾਸਕ ਮਹੱਤਤਾ ਇਸ ਕਰਕੇ ਬਹੁਤ ਵੱਧ ਗਈ ਹੈ ਕਿ ਭੱਟ-ਵਹੀਆਂ ਅਤੇ ਗੁਰੂ ਕੀਆਂ ਸਾਖੀਆਂ ਨੇ ਗੁਰੂ ਤੇਗ ਬਹਾਦੁਰ ਜੀ ਦੀ ਗ੍ਰਿਫ਼ਤਾਰੀ ਇੱਥੇ ਹੋਈ ਦੱਸੀ ਹੈ।
18-ਰੋਪੜ : ਰੋਪੜ ਪੰਜਾਬ ਦਾ ਜ਼ਿਲ੍ਹਾ ਕੇਂਦਰ ਹੈ। ਇੱਥੇ ਭਾਵੇਂ ਗੁਰੂ ਤੇਗ ਬਹਾਦੁਰ ਜੀ ਦੀ ਯਾਦ ਵਿਚ ਕੋਈ ਗੁਰਦੁਆਰਾ ਨਹੀਂ ਹੈ ਪਰ ਇਥੇ ਰਵਾਇਤ ਪ੍ਰਚੱਲਿਤ ਹੈ ਕਿ ਇਸ ਅਸਥਾਨ ਨੂੰ ਸਾਰੇ ਗੁਰੂ ਸਾਹਿਬਾਨ ਦੀ ਚਰਨ-ਛੋਹ ਪ੍ਰਾਪਤ ਹੈ। ਇੱਥੋਂ ਦਾ ਗੁਰਦੁਆਰਾ ਸਦਾਵਰਤ, ਜੋ ਰੋਪੜ ਤੋਂ ਬਾਹਰਵਾਰ ਕੁਝ ਦੂਰੀ ਤੇ ਸਥਿਤ ਹੈ, ਦਸੇ ਗੁਰੂ ਸਾਹਿਬਾਨ ਦੀ ਯਾਦ ਨੂੰ ਦਰਸਾ ਰਿਰਾ ਹੈ। ਰੋਪੜ ਕਿਉਂਕਿ ਆਨੰਦਪੁਰ ਸਾਹਿਬ ਤੋਂ ਮਾਲਵੇ ਨੂੰ ਜਾਂਦਿਆਂ ਜਾ ਦਿੱਲੀ ਵੱਲ ਜਾਂਦਿਆਂ ਬਿਲਕੁਲ ਮੁੱਖ ਮਾਰਗ ਉੱਪਰ ਸਥਿਤ ਸੀ ਇਸ ਲਈ ਇਹ ਜ਼ਰੂਰੀ ਸੀ ਕਿ ਸਾਰੇ ਗੁਰੂ ਸਾਹਿਬਾਨ ਇਧਰ ਜਾਂਦਿਆਂ ਇੱਥੋਂ ਹੀ ਗੁਜਰਦੇ ਸਨ।
19-ਦੁੱਗਰੀ : ਜਦੋਂ ਰੋਪੜ ਤੋਂ ਬਾਹਮਣ ਮਾਜਰਾ ਅਤੇ ਬੂਰ ਮਾਜਰਾ ਹੋ ਕੇ ਚਮਕੋਰ ਸਾਹਿਬ ਵੱਲ ਜਾਂਦੇ ਹਾਂ ਤਾਂ ਰਸਤੇ ਵਿਚ ਪਿੰਡ ਦੁੱਗਰੀ ਸਥਿਤ ਹੈ। ਇੱਥੇ ਗੁਰੂ ਤੇਗ ਬਹਾਦੁਰ ਜੀ ਦੇ ਆਉਣ ਦੀ ਯਾਦ ਵਿਚ ਇਕ ਸਾਧਾਰਣ (1975) ਜਿਹਾ ਗੁਰਦੁਆਰਾ ਹੈ। ਇਸ ਦੇ ਕੋਲ ਹੀ ਇਕ ਬਰੋਟੇ ਦਾ ਬਹੁਤ ਪੁਰਾਣਾ ਦਰਖੱ਼ਤ ਹੈ। ਇੱਥੋਂ ਦੇ ਲੋਕ ਇਸ ਬਰੋਟੇ ਨੂੰ ਗੁਰੂ ਜੀ ਦੇ ਸਮੇਂ ਦਾ ਦੱਸਦੇ ਹਨ। ਇੱਥੇ ਕੋਈ ਮਾਈ ਭਾਂਤੀ ਸਿੱਖ ਧਰਮ ਦੀ ਪ੍ਰਚਾਰਿਕ ਸੀ।
20- ਕੋਟਲੀ
ਦੁੱਗਰੀ ਤੋਂ ਹੀ ਥੋੜ੍ਹੀ ਜਿਹੀ ਵਿੱਥ ਨਾਲ ਪਿੰਡ ਕੋਟਲੀ ਹੈ। ਇੱਥੇ ਵੀ ਗੁਰੂ ਜੀ ਦੇ ਆਉਣ ਦੀ ਯਾਦ ਵਿਚ ਇਕ ਗੁਰਦੁਆਰਾ ਹੈ। ਸਥਾਨਕ ਰਵਾਇਤਾਂ ਮੁਤਾਬਿਕ ਇੱਥੋਂ ਦਾ ਕੋਈ ਚੌਧਰੀ ਗੁਰੂ ਘਰ ਦਾ ਸ਼ਰਧਾਲੂ ਸੀ। ਉਸ ਨੇ ਗੁਰੂ ਘਰ ਨਾਲ ਕਾਫ਼ੀ ਜ਼ਮੀਨ ਵੀ ਲੁਆ ਰੱਖੀ ਸੀ ਪਰ ਇਹ ਜ਼ਮੀਨ ਅੱਜ-ਕੱਲ੍ਹ ਨਹੀਂ ਹੈ।
21-ਕੁਰਾਲੀ
ਕੁਰਾਲੀ ਰੋਪੜ-ਖਰੜ ਸੜਕ ਉੱਪਰ ਪ੍ਰਸਿੱਧ ਕਸਬਾ ਹੈ। ਇੱਥੇ ਗੁਰੂ ਹਰਿਗੋਬਿੰਦ ਸਾਹਿਬ ਅਤੇ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿਚ ਦੋ ਗੁਰਦੁਆਰੇ ਹਨ।
22-ਗੁਰਦੁਆਰਾ ਪਾਤਸ਼ਾਹੀ ਨੌਵੀਂ ਮਾਨਪੁਰ :ਇਹ ਗੁਰਦੁਆਰਾ ਨੌਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿਚ ਹੈ ਅਤੇ ਰੋਪੜ ਜ਼ਿਲ੍ਹੇ ਦੇ ਪਿੰਡ ਮਾਨਪੁਰ ਵਿਖੇ ਸਥਿਤ ਹੈ। ਮਾਨਪੁਰ ਮੋਰਿੰਡਾ-ਲੁਧਿਆਣਾ ਸੜਕ ’ਤੇ ਮੋਰਿੰਡੇ ਤੋਂ ਛੇ ਕਿਲੋਮੀਟਰ ਦੀ ਵਿੱਥ ’ਤੇ ਹੈ। ਇੱਥੇ ਗੁਰੂ ਤੇਗ ਬਹਾਦਰ ਜੀ ਆਪਣੇ ਕਿਸੇ ਪ੍ਰਚਾਰ ਯਾਤਰਾ ਸਮੇਂ ਆਏ ਦੱਸੇ ਜਾਂਦੇ ਹਨ।
23-ਘੜੂੰਆਂ : ਪਿੰਡ ਘੜੂੰਆ ਮੋਰਿੰਡਾ-ਚੰਡੀਗੜ੍ਹ ਸੜਕ ਉੱਪਰ ਮੋਰਿੰਡਾ ਤੋਂ ਪੰਜ ਕੁ ਕਿਲੋਮੀਟਰ ਦੀ ਵਿੱਥ ’ਤੇ ਸਥਿਤ ਹੈ। ਇੱਥੇ ਦੋ ਗੁਰਦੁਆਰੇ ਹਨ, ਇਕ ਗੁਰੂ ਹਰਿ ਰਾਇ ਜੀ ਦਾ ਤੇ ਦੂਜਾ ਗੁਰੂ ਤੇਗ ਬਹਾਦਰ ਜੀ ਦਾ। ਗੁਰੂ ਹਰਿ ਰਾਇ ਜੀ ਦਾ ਗੁਰਦੁਆਰਾ ਪਿੰਡ ਦੇ ਅੰਦਰ ਹੈ, ਜਦੋਂਕਿ ਨੌਵੇਂ ਪਾਤਸ਼ਾਹ ਦਾ ਪਿੰਡ ਤੋਂ ਬਾਹਰਵਾਰ ਦੋ ਕੁ ਫਰਲਾਂਗ ਦੀ ਵਿੱਥ ’ਤੇ ਹੈ। ਜਦੋਂ ਗੁਰੂ ਜੀ ਇੱਥੇ ਆ ਕੇ ਠਹਿਰੇ ਸਨ ਤਾਂ ਉਸ ਸਮੇਂ ਇੱਥੇ ਇਕ ਵੱਡਾ ਟੋਭਾ ਤੇ ਦਰੱਖ਼ਤਾਂ ਦੇ ਸੰਘਣੇ ਝੁੰਡ ਸਨ। ਇੱਥੋਂ ਦਾ ਇਕ ਸਥਾਨਕ ਤਰਖਾਣ ਬਲਰਾਮ ਗੁਰੂ ਜੀ ਦੀ ਸੇਵਾ ਕਰਨ ਵਾਲੇ ਵਿਅਕਤੀਆਂ ਵਿੱਚੋਂ ਇਕ ਸੀ। ਲੋਕਾਂ ਨੇ ਗੁਰੂ ਜੀ ਦੀ ਆਮਦ ਦੀ ਯਾਦ ਵਿਚ ਪਹਿਲਾਂ ਪਹਿਲ ਇੱਥੇ ਇਕ ਕੱਚਾ ਕੋਠਾ ਪਾ ਦਿੱਤਾ ਸੀ, ਜਿਹੜਾ ਪਿੱਛੋਂ ਪੱਕਾ ਬਣਾ ਦਿੱਤਾ ਗਿਆ ਸੀ। ਅੱਜ-ਕੱਲ੍ਹ ਇਕ ਸੁੰਦਰ ਗੁਰਦੁਆਰਾ ਤੇ ਸਰੋਵਰ ਹੈ। ਲੋਕ ਦੱਸਦੇ ਹਨ ਕਿ ਇਹ ਸਰੋਵਰ ਪਹਿਲੇ ਟੋਭੇ ਵਾਲੀ ਥਾਂ ’ਤੇ ਹੀ ਹੈ ਤੇ ਲੋਕ ਸ਼ਰਧਾ ਨਾਲ ਇਸ ਵਿਚ ਇਸ਼ਨਾਨ ਕਰਦੇ ਹਨ।
23 - ਨੰਦਪੁਰ ਕਲੌੜ : ਨੰਦਪੁਰ ਤੇ ਕਲੋੜ ਪਿੰਡ ਇਕੱਠੇ ਹੋਣ ਕਰਕੇ ਨੰਦਪੁਰ ਕਲੌੜ ਇੱਕੋ ਹੀ ਸੰਯੁਕਤ ਨਾਂ ਨਾਲ ਪ੍ਰਚੱਲਿਤ ਹੈ। ਦੋਵਾਂ ਪਿੰਡਾਂ ਵਿਚਕਾਰ ਸਿਰਫ਼ ਦੋ ਕੁ ਫਰਲਾਂਗ ਦਾ ਹੀ ਫ਼ਾਸਲਾ ਹੈ। ਦੋਵੇਂ ਹੀ ਪਿੰਡਾਂ ਵਿਚ ਗੁਰੂ ਤੇਗ ਬਹਾਦਰ ਜੀ ਦੇ ਗੁਰਦੁਆਰੇ ਹਨ। ਇਹ ਦੋਵੇਂ ਪਿੰਡ ਬੱਸੀ ਪਠਾਣਾਂ ਤੋਂ ਉੱਤਰ ਵੱਲ ਦਸ ਕਿਲੋਮੀਟਰ ਦੀ ਵਿੱਥ ’ਤੇ ਮੁੱਖ ਸੜਕ ਉਪਰ ਸਥਿਤ ਹਨ। ਮੋਰਿੰਡੇ ਵੱਲੋਂ ਵੀ ਰਤਨਗੜ੍ਹ ਤੇ ਹਿੰਮਤਪੁਰੇ ਵਿੱਚੋਂ ਦੀ ਸੜਕ ਨੰਦਪੁਰ ਕਲੌੜ ਨੂੰ ਜਾਂਦੀ ਹੈ। ਇੱਥੇ ਜਿਸ ਥਾਂ ’ਤੇ ਗੁਰੂ ਸਾਹਿਬ ਆ ਕੇ ਠਹਿਰੇ ਸਨ, ਉਹ ਇਕ ਗੁਰੂ ਘਰ ਦੀ ਸ਼ਰਧਾਲੂ ਮਾਈ ਦੀ ਥਾਂ ਸੀ। ਪਿੱਛੋਂ ਇਸ ਮਾਈ ਨੇ ਗੁਰੂ ਜੀ ਦੀ ਯਾਦ ਵਿਚ ਇਕ ਥੜ੍ਹਾ ਬਣਾ ਦਿੱਤਾ ਸੀ।
24-ਰੈਲੋਂ :ਪਿੰਡ ਰੈਲੋਂ ਨੰਦਪੁਰ ਕਲੌੜ ਤੋਂ ਤਿੰਨ ਕਿਲੋਮੀਟਰ ਪੂਰਬ ਵੱਲ ਹੈ। ਸਥਾਨਕ ਰਵਾਇਤ ਹੈ ਕਿ ਰੈਲੋਂ ਪਿੰਡ ਦੀ ਸੰਗਤ ਗੁਰੂ ਸਾਹਿਬ ਨੂੰ ਨੰਦਪੁਰ ਕਲੌੜ ਤੋਂ ਆਪ ਜਾ ਕੇ ਲੈ ਕੇ ਆਈ ਸੀ। ਇੱਥੇ ਗੁਰੂ ਜੀ ਦੀ ਯਾਦ ’ਚ ਗੁਰਦੁਆਰਾ ਹੈ। ਗੁਰਦੁਆਰੇ ਵਿਚ ਇਕ ਲਿਖਤ ਵੀ ਪਈ ਹੈ, ਜਿਸ ਵਿਚ ਇੱਥੇ ਦੀ ਕਿਸੇ ਮਾਈ ਨੂੰ ਪੁੱਤਰ ਦੀ ਦਾਤ ਬਖ਼ਸ਼ਣ ਬਾਰੇ ਲਿਖਿਆ ਹੋਇਆ ਹੈ।
25-ਬਹੇੜ : ਪਿੰਡ ਬਹੇੜ ਸਰਹਿੰਦ-ਚੰਡੀਗੜ੍ਹ ਸੜਕ ਉੱਪਰ ਰੈਲੋਂ ਤੇ ਪੰਜ ਕਿਲੋਮੀਟਰ ਪੂਰਬ ਵੱਲ ਹੈ। ਇੱਥੇ ਗੁਰੂ ਤੇਗ ਬਹਾਦਰ ਜੀ ਦੀ ਆਮਦ ਦੀ ਨਿਸ਼ਾਨੀ ਵਜੋਂ ਇਕ ਗੁਰਦੁਆਰਾ ਸੁਸ਼ੋਭਿਤ ਹੈ। ਸਥਾਨਕ ਰਵਾਇਤ ਹੈ ਕਿ ਇਸ ਪਿੰਡ ਦੇ ਲਾਗਿਓਂ ਦੀ ਉਸ ਸਮੇਂ ਇਕ ਖਰੜ ਵਾਲੀ ਨਦੀ ਲੰਘਦੀ ਸੀ, ਜਿਹੜੀ ਬਰਸਾਤਾਂ ਸਮੇਂ ਪਿੰਡ ਨੂੰ ਬਹੁਤ ਨੁਕਸਾਨ ਪਹੁੰਚਾਉਂਦੀ ਸੀ। ਗੁਰੂ ਜੀ ਨੇ ਸਿੱਖ ਸੰਗਤਾਂ ਨੂੰ ਇਕੱਠਿਆਂ ਕਰ ਕੇ ਪਿੰਡ ਦੇ ਆਲੇ-ਦੁਆਲੇ ਬੰਨ੍ਹ ਉਸਾਰ ਕੇ ਨਦੀ ਦਾ ਮੁਹਾਣ ਮੋੜ ਦਿੱਤਾ ਸੀ।
26- ਰੈਲੀ : ਰੈਲੀ ਪਿੰਡ ਬਹੇੜ ਤੋਂ ਅੱਗੇ ਪੂਰਬ ਵੱਲ ਦੋ ਕਿਲੋਮੀਟਰ ਦੀ ਵਿੱਥ ’ਤੇ ਸਥਿਤ ਹੈ। ਇੱਥੇ ਗੁਰੂ ਸਾਹਿਬ ਪਿੰਡ ਬਹੇੜ ਤੋਂ ਆਏ ਸਨ। ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿਚ ਇਕ ਗੁਰਦੁਆਰਾ ਹੈ ਕਿਉਂਕਿ ਇਹ ਪਿੰਡ ਪਹਿਲਾਂ ਮੁਸਲਿਮ ਆਬਾਦੀ ਵਾਲਾ ਸੀ। ਇਸ ਕਰਕੇ ਇੱਥੇ ਗੁਰਦੁਆਰਾ ਬਣਾਉਣ ਸਮੇਂ ਸਿੱਖਾਂ ਅਤੇ ਮੁਸਲਮਾਨਾਂ ’ਚ ਕੁਝ ਤਕਰਾਰ ਹੋ ਗਿਆ ਸੀ।
27-ਬੱਸੀ ਪਠਾਣਾਂ : ਬੱਸੀ ਪਠਾਣਾਂ ਜ਼ਿਲ੍ਹਾਂ ਫ਼ਤਿਹਗੜ੍ਹ ਸਾਹਿਬ ਦਾ ਪ੍ਰਸਿੱਧ ਤੇ ਪੁਰਾਤਨ ਨਗਰ ਹੈ। ਇਹ ਫ਼ਤਿਹਗੜ੍ਹ ਸਾਹਿਬ ਤੋਂ ਮੋਰਿੰਡਾ ਸੜਕ ਉੱਪਰ ਪੰਜ ਕਿਲੋਮੀਟਰ ਦੀ ਵਿੱਥ ’ਤੇ ਸਥਿਤ ਹੈ। ਇਸ ਦਾ ਪਹਿਲਾ ਨਾਂ ਬਸਤੀ ਮਲਿਕ ਹੈਦਰ ਸੀ। ਪਿੱਛੋਂ ਪਠਾਣ ਸਰਦਾਰਾਂ ਦੀ ਬਸਤੀ ਹੋਣ ਕਰਕੇ ਇਸ ਨੂੰ ਬੱਸੀ ਪਠਾਣਾਂ ਕਿਹਾ ਜਾਣ ਲੱਗ ਪਿਆ ਸੀ। ਇਸ ਅਸਥਾਨ ਦਾ ਸਬੰਧ ਗੁਰੂ ਤੇਗ ਬਹਾਦਰ ਜੀ ਦੀਆਂ ਯਾਤਰਾਵਾਂ ਜਾਂ ਪ੍ਰਚਾਰ ਦੌਰਿਆਂ ਨਾਲ ਨਹੀਂ ਹੈ ਸਗੋਂ ਗੁਰੂ ਜੀ ਦੀ ਗ੍ਰਿਫ਼ਤਾਰੀ ਨਾਲ ਹੈ। ਜਦੋਂ ਗੁਰੂ ਜੀ ਨੂੰ ਰੋਪੜ ਦੇ ਮਲਿਕਪੁਰ ਰੰਘੜਾਂ ਕਸਬੇ ਤੋਂ ਗ੍ਰਿਫ਼ਤਾਰ ਕਰ ਕੇ ਸਰਹਿੰਦ ਲਿਆਂਦਾ ਗਿਆ ਸੀ ਤਾਂ ਇੱਥੋਂ ਬਦਲ ਕੇ ਗੁਰੂ ਸਾਹਿਬ ਨੂੰ ਬੱਸੀ ਪਠਾਣਾਂ ਵਿਚ ਚਾਰ ਮਹੀਨੇ ਨਜ਼ਰਬੰਦ ਕਰ ਕੇ ਰੱਖਿਆ ਗਿਆ ਸੀ। ਇਨ੍ਹਾਂ ਚਾਰ ਮਹੀਨਿਆਂ ’ਚ ਗੁਰੂ ਜੀ ਨੂੰ ਬਹੁਤ ਤਸੀਹੇ ਵੀ ਦਿੱਤੇ ਗਏ ਸਨ।
28-ਭਗੜਾਨਾ : ਪਿੰਡ ਭਗੜਾਨਾ ਰਾਜਪੁਰੇ ਤੋਂ ਅਠਾਰਾ ਕਿਲੋਮੀਟਰ ਪੱਛਮ ਵੱਲ ਹੈ ਤੇ ਜੀਟੀ ਰੋਡ ਤੋਂ ਲਿੰਕ ਰੋਡ ਰਾਹੀਂ ਜੁੜਿਆ ਹੋਇਆ ਹੈ। ਇੱਥੇ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿਚ ਗੁਰਦੁਆਰਾ ਹੈ, ਜੋ ਦਾਦੂ ਮਾਜਰਾ ਤੇ ਭਗੜਾਨਾ ਦੀ ਸਾਂਝੀ ਹੱਦ ਉੱਪਰ ਹੈ। ਗੁਰੂ ਸਾਹਿਬ ਇੱਥੇ ਇਕ ਬਰੋਟੇ ਹੇਠ ਆ ਕੇ ਬੈਠੇ ਸਨ। ਇੱਥੇ ਇਕ ਅਮਰੂ ਬਹਿਰਾ ਤੇ ਦਿਆਲੂ ਜੁਲਾਹਾ ਗੁਰੂ ਸਾਹਿਬ ਦੇ ਸ਼ਰਧਾਲੂ ਸਿੱਖ ਸਨ। ਇੱਥੇ ਮਹਾਰਾਜਾ ਕਰਮ ਸਿੰਘ ਪਟਿਆਲਾ ਨੇ ਗੁਰਦੁਆਰਾ ਬਣਵਾਇਆ ਸੀ ।
29-ਉਗਾਣੀ : ਪਿੰਡ ਉਗਾਣੀ ਰਾਜਪੁਰੇ ਤੇ ਪੱਛਮ ਵੱਲ 10 ਕਿਲੋਮੀਟਰ ਦੀ ਵਿੱਥ ’ਤੇ ਹੈ ਅਤੇ ਜੀਟੀ ਰੋਡ ਤੋਂ ਦੋ ਕਿਲੋਮੀਟਰ ਦੂਰ ਲਿੰਕ ਰੋਡ ਨਾਲ ਜੁੜਿਆ ਹੋਇਆ ਹੈ। ਇੱਥੇ ਤਿੰਨ ਗੁਰੂ ਸਾਹਿਬਾਨ ਗੁਰੂ ਹਰਿਗੋਬਿੰਦ ਸਾਹਿਬ, ਗੁਰੂ ਤੇਗ ਬਹਾਦਰ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਆਏ ਸਨ। ਮਹਾਰਾਜਾ ਕਰਮ ਸਿੰਘ ਜੀ ਨੇ ਇੱਥੇ ਪਹਿਲੋਂ ਪਹਿਲ ਗੁਰਦੁਆਰਾ ਬਣਵਾਇਆ ਸੀ।
30-ਬਹਾਦਰਗੜ੍ਹ : ਬਹਾਦਰਗੜ੍ਹ ਦਾ ਪਹਿਲਾ ਨਾਂ ਸੈਫ਼ਾਬਾਦ ਸੀ, ਜੋ ਪਟਿਆਲਾ ਤੋਂ ਅੱਠ ਕਿਲੋਮੀਟਰ ਦੀ ਵਿੱਥ ’ਤੇ ਪਟਿਆਲਾ-ਰਾਜਪੁਰਾ ਸੜਕ ਉੱਪਰ ਸਥਿਤ ਹੈ। ਇਹ ਨਵਾਬ ਸੈਫ਼ੂਦੀਨ ਜਾਂ ਸੈਫ਼ ਖ਼ਾਨ ਦੀ ਨਿੱਜੀ ਜਾਗੀਰ ਸੀ । ਨਵਾਬ ਸੈਫ਼ੂਦੀਨ ਔਰੰਗਜ਼ੇਬ ਦਾ ਧਰਮ ਦਾ ਭਰਾ ਬਣਿਆ ਹੋਇਆ ਸੀ ਤੇ ਗਵਰਨਰ ਜਾਂ ਸੂਬੇਦਾਰਾਂ ਦੇ ਵੱਡੇ-ਵੱਡੇ ਅਹੁਦਿਆਂ ’ਤੇ ਰਹਿ ਚੁੱਕਿਆ ਸੀ। ਉਹ ਸੂਫ਼ੀ ਤਬੀਅਤ ਦਾ ਵਿਅਕਤੀ ਸੀ। ਇਸ ਲਈ ਉਹ ਰਾਜਨੀਤੀ ਨਾਲੋਂ ਧਰਮ-ਕਰਮ ਦੇ ਕੰਮਾਂ ’ਚ ਜ਼ਿਆਦਾ ਦਿਲਚਸਪੀ ਰੱਖਦਾ ਸੀ। ਇਸੇ ਕਰਕੇ ਹੀ ਉਸ ਦਾ ਗੁਰੂ ਤੇਗ ਬਹਾਦਰ ਜੀ ਨਾਲ ਇੰਨਾ ਸਨੇਹ ਸੀ ਕਿ ਗੁਰੂ ਜੀ ਜਦੋਂ ਵੀ ਇੱਧਰ ਆਉਂਦੇ ਸਨ ਤਾਂ ਨਵਾਬ ਸੈਫ਼ੂਦੀਨ ਕੋਲ ਜ਼ਰੂਰ ਠਹਿਰਦੇ ਸਨ। ਗੁਰੂ ਸਾਹਿਬ ਇੱਥੇ ਕਈ ਵਾਰ ਆਏ ਸਨ ਅਤੇ ਕਾਫ਼ੀ ਲੰਮਾ ਸਮਾਂ ਇੱਥੇ ਠਹਿਰਦੇ ਰਹੇ ਸਨ। ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿਚ ਇੱਥੇ ਦੋ ਗੁਰਦੁਆਰੇ ਇਕ ਗੁਰਦੁਆਰਾ ਕਿਲ੍ਹੇ ਦੇ ਅੰਦਰ ਹੈ ਅਤੇ ਦੂਜਾ ਕਿਲ੍ਹੇ ਦੇ ਬਾਹਰ ਹੈ।
31-ਮਹਿਮਦਪੁਰ ਜੱਟਾਂ : ਪਿੰਡ ਮਹਿਮਦਪੁਰ ਜੱਟਾਂ ਬਹਾਦਰਗੜ੍ਹ ਕਸਬੇ ਦੇ ਨਾਲ ਹੀ ਲੱਗਦਾ ਹੈ। ਇਹ ਨਵਾਬ ਸੈਫ਼ੂਦੀਨ ਦੀ ਆਪਣੀ ਜਾਗੀਰ ਵਿਚ ਹੀ ਸੀ। ਇੱਥੇ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿਚ ਛੋਟਾ ਜਿਹਾ ਗੁਰਦੁਆਰਾ ਹੈ। ਸੰਭਵ ਹੈ ਕਿ ਬਹਾਦਰਗੜ੍ਹ ਵਿਖੇ ਰਹਿਣ ਸਮੇਂ ਹੀ ਗੁਰੂ ਜੀ ਇੱਥੇ ਆਏ ਹੋਣਗੇ।
32-ਰਾਏਪੁਰ : ਇਹ ਪਿੰਡ ਮਹਿਮਦੁਪਰ ਜੱਟਾਂ ਦੇ ਨਾਲ ਸਿਰਫ਼ ਡੇਢ ਕੁ ਕਿਲੋਮੀਟਰ ਦੀ ਵਿੱਥ ’ਤੇ ਹੈ। ਇੱਥੇ ਵੀ ਗੁਰੂ ਜੀ ਦੀ ਯਾਦ ਵਿਚ ਗੁਰਦੁਆਰਾ ਹੈ। ਸਥਾਨਕ ਰਵਾਇਤਾਂ ਅਨੁਸਾਰ ਗੁਰੂ ਜੀ ਦੇ ਪਰਿਵਾਰ ਦੇ ਆਉਣ ਦੀ ਜਾਣਕਾਰੀ ਵੀ ਮਿਲਦੀ ਹੈ।
33-ਸੀਲ : ਇਹ ਪਿੰਡ ਰਾਏਪੁਰ ਤੋਂ ਡੇਢ ਕੁ ਕਿਲੋਮੀਟਰ ਅੱਗੇ ਹੈ ਤੇ ਬਹਾਦਰਗੜ੍ਹ ਦੇ ਖੇਤਰ ’ਚ ਹੀ ਸਥਿਤ ਹੈ। ਇੱਥੇ ਵੀ ਗੁਰੂ ਜੀ ਦੀ ਯਾਦ ਵਿਚ ਗੁਰਦੁਆਰਾ ਹੈ। ਇੱਥੇ ਹੀਂਸ ਦੇ ਬਹੁਤ ਸੰਘਣੇ ਝਾੜ ਸਨ। ਗੁਰੂ ਸਾਹਿਬ ਇਕ ਸੰਘਣੇ ਝਾੜ ਦੇ ਝੁੰਡ ਹੇਠ ਬੈਠੇ ਸਨ। ਇਸ ਕਰਕੇ ਗੁਰੂ ਜੀ ਦੇ ਸਤਿਕਾਰ ਵਜੋਂ ਅੱਜ-ਕੱਲ੍ਹ ਵੀ ਇੱਥੋਂ ਦੇ ਲੋਕ ਹੀਂਸ ਦੇ ਝਾੜਾਂ ਨੂੰ ਵੱਢਦੇ ਨਹੀਂ ਹਨ।
34-ਸ਼ੇਖੂਪੁਰ : ਪਿੰਡ ਸ਼ੇਖੂਪੁਰ ਸ਼ਹਾਦਰਗੜ੍ਹ-ਘਨੌਰ ਸੜਕ ਉੱਪਰ ਬਹਾਦਰਗੜ੍ਹ ਵੱਲੋਂ ਅੱਠ ਕਿਲੋਮੀਟਰ ਦੀ ਵਿੱਥ ’ਤੇ ਸਥਿਤ ਹੈ। ਇੱਥੇ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿਚ ਗੁਰਦੁਆਰਾ ਨਿਰਵਾਣਸਰ ਪਾਤਸ਼ਾਹੀ ਨੌਵੀਂ ਹੈ। ਇਸ ਦੇ ਨਾਲ ਹੀ ਇਕ ਸੁੰਦਰ ਸਰੋਵਰ ਹੈ। 1975-76 ਵਿਚ ਸੰਤ ਪੂਰਨ ਦਾਸ ਇੱਥੋਂ ਦੀ ਸੇਵਾ ਕਰਦੇ ਸਨ। ਹਰਪਾਲਪੁਰ ਇਹ ਪਿੰਡ ਸ਼ੇਖੂਪੁਰ ਤੋਂ ਉੱਤਰ ਵੱਲ ਪੰਜ ਕਿਲੋਮੀਟਰ ਦੀ ਵਿੱਥ ’ਤੇ ਹੈ।
ਗੁਰੂ ਸਾਹਿਬ ਦੇ ਇੱਥੇ ਆਉਣ ਸਮੇਂ ਅੰਬਾਂ ਅਤੇ ਬਰੋਟਿਆਂ ਦੇ ਦਰੱਖ਼ਤ ਸਨ ਅਤੇ ਗੁਰੂ ਸਾਹਿਬ ਇਨ੍ਹਾਂ ਦਰੱਖ਼ਤਾ ਦੀ ਛਾਂ ਹੇਠ ਹੀ ਆ ਕੇ ਬੈਠੇ ਸਨ। ਅੰਬ ਦੇ ਮੌਜੂਦਾ ਦਰੱਖ਼ਤ ਨੂੰ ਸਿਆਮੇ ਵਾਲਾ ਅੰਬ ਕਿਹਾ ਜਾਂਦਾ ਹੈ। ਇਸ ਸਿਆਮੇ ਨਾਂ ਦੀ ਮਾਈ ਨੇ ਹੀ ਗੁਰੂ ਸਾਹਿਬ ਦੀ ਸੇਵਾ ਕੀਤੀ ਸੀ।
35- ਕਬੂਲਪੁਰ ਹਸਨਪੁਰ : ਇਹ ਦੋ ਪਿੰਡ ਕਬੂਲਪੁਰ ਤੇ ਹਸਨਪੁਰ ਬਿਲਕੁਲ ਨਾਲ ਲਗਵੇਂ ਹੀ ਹਨ ਅਤੇ ਦੋਵਾਂ ਨੂੰ ਆਮ ਤੌਰ ’ਤੇ ਇਕੱਠੇ ਨਾਂ ਨਾਲ ਹੀ ਪੁਕਾਰਿਆ ਜਾਂਦਾ ਹੈ ਪਰ ਪਿੰਡਾਂ ਦੀ ਹੱਦਬਸਤ ਵੱਖਰੀ-ਵੱਖਰੀ ਹੈ। ਇਹ ਘਨੌਰ-ਸ਼ੰਭੂ ਸੜਕ ਉੱਪਰ ਪਿੰਡ ਪਿੱਪਲ ਮੰਗੋਲੀ ਤੋਂ ਤਿੰਨ ਕਿਲੋਮੀਟਰ ਦੀ ਵਿੱਥ ’ਤੇ ਸਥਿਤ ਹਨ।
36-ਨਨਹੇੜੀ : ਪਿੰਡ ਨਨਹੇੜੀ ਘਨੌਰ-ਸ਼ੰਭੂ ਸੜਕ ਤੋਂ ਲਿੰਕ ਰੋਡ ਰਾਹੀਂ ਪੰਜ ਕਿਲੋਮੀਟਰ ਦੀ ਵਿੱਥ ’ਤੇ ਘੱਗਰ ਨਦੀ ਦੇ ਐਨ ਕੰਢੇ ਉੱਤੇ ਸਥਿਤ ਹੈ। ਅੰਬਾਲਾ-ਰਾਜਪੁਰਾ ਜੀਟੀ ਰੋਡ ਨਾਲ ਵੀ ਲਿੰਕ ਰੋਡ ਰਾਹੀਂ ਜੁੜਿਆ ਹੋਇਆ ਹੈ। ਇੱਥੇ ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਆਏ ਸਨ। ਗੁਰੂ ਤੇਗ ਬਹਾਦਰ ਜੀ ਦੇ ਸਮੇਂ ਇੱਥੇ ਫਤੇ ਚੰਦ ਨਾਂ ਦਾ ਇਕ ਸਿੰਘ ਪ੍ਰਚਾਰਕ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਆਉਣ ਸਮੇਂ ਕੋਈ ਘੋਗਾ ਨਾਂ ਦਾ ਸਿੱਖ ਪ੍ਰਚਾਰਕ ਸੀ। ਦੋਵੇਂ ਗੁਰੂ ਸਾਹਿਬਾਨ ਦੀ ਯਾਦ ਵਿਚ ਇੱਕੋ ਹੀ ਗੁਰਦੁਆਰਾ ਬਣਿਆ ਹੋਇਆ ਹੈ।
37-ਬੀਬੀਪੁਰ ਖੁਰਦ : ਬੀਬੀਪੁਰ ਖੁਰਦ ਦਾ ਡਾਕਖਾਨਾ ਦੇਵੀਗੜ੍ਹ, ਥਾਣਾ ਜੁਲਕਾ ਤੇ ਜ਼ਿਲ੍ਹਾ ਪਟਿਆਲਾ ਹੈ। ਇਹ ਬੁੱਧਮੁਰ, ਮਗਰ ਸਾਹਿਬ, ਕਰ੍ਹਾ ਸਾਹਿਬ ਅਤੇ ਦੇਵੀਗੜ੍ਹ ਦੇ ਪਿੰਡਾਂ ਵਿਚਕਾਰ ਸਥਿਤ ਹੈ। ਇੱਥੇ ਗੁਰੂ ਤੇਗ ਬਹਾਦਰ ਜੀ ਦੇ ਆਉਣ ਦੀ ਯਾਦ ਵਿਚ ਪਿੰਡ ਤੋਂ ਬਾਹਰਵਾਰ ਤਕਰੀਬਨ ਦੋ ਕੁ ਫਰਲਾਂਗ ਦੀ ਵਿੱਥ ’ਤੇ ਗੁਰਦੁਆਰਾ ਹੈ। ਗੁਰਦੁਆਰੇ ਦੇ ਕੋਲ ਹੀ ਇਕ ਪੁਰਾਣੀ ਖੂਹੀ ਹੈ।
38-ਮਗਰ ਸਾਹਿਬ : ਇਹ ਪਿੰਡ ਬਹਾਦਰਗੜ੍ਹ ਤੋਂ ਪਿਹੋਵਾ ਨੂੰ ਜਾਣ ਵਾਲੇ ਪੁਰਾਣੇ ਰਾਹ ਉੱਤੇ 16 ਕਿਲੋਮੀਟਰ ਦੀ ਵਿੱਥ ’ਤੇ ਹੈ। ਅੱਜ-ਕੱਲ੍ਹ ਇਹ ਪੁਰਾਣਾ ਰਾਹ ਤਾ ਬੰਦ ਹੋ ਗਿਆ ਹੈ ਤੇ ਲਿੰਕ ਰੋਡ ਰਾਹੀਂ ਇਹ ਵੱਖ-ਵੱਖ ਪਿੰਡਾਂ ਨਾਲ ਸਬੰਧਿਤ ਹੈ। ਇਸ ਦਾ ਡਾਕਖਾਨਾ ਮਸ਼ੀਗਨ, ਥਾਣਾ ਜ਼ੁਲਕਾ, ਜ਼ਿਲ੍ਹਾ ਪਟਿਆਲਾ ਹੈ। ਗੁਰੂ ਤੇਗ ਬਹਾਦਰ ਜੀ ਦੀ ਯਾਦ ’ਚ ਇੱਥੇ ਗੁਰਦੁਆਰਾ ਹੈ। ਨਾਲ ਹੀ ਛੋਟਾ ਜਿਹਾ ਪੱਕਾ ਸਰੋਵਰ ਹੈ।
39-ਬੁੱਧਮੁਰ : ਥਾਣਾ ਜੁਲਕਾ ਦਾ ਇਹ ਪਿੰਡ ਪਟਿਆਲਾ-ਪਿਹੋਵਾ ਸੜਕ ਉੱਤੇ ਰੋਹੜ ਤੋਂ ਢਾਈ-ਤਿੰਨ ਕਿਲੋਮੀਟਰ ਟਿਊਕਰ ਵੱਲ ਨੂੰ ਹੈ। ਇੱਥੋਂ ਘੁੜਾਮ ਪੰਜ ਕਿਲੋਮੀਟਰ ਤੇ ਬੀਬੀਪੁਰ ਖੁਰਦ ਦੋ ਕਿਲੋਮੀਟਰ ਦੀ ਵਿੱਥ ’ਤੇ ਹਨ। ਇੱਥੇ ਗੁਰੂ ਤੇਗ ਬਹਾਦਰ ਜੀ ਪ੍ਰਚਾਰ ਕਰਦੇ ਹੋਏ ਆਏ ਸਨ ਤੇ ਪਿੱਛੇ ਉਨ੍ਹਾਂ ਦੀ ਯਾਦ ਵਿਚ ਮਹਾਰਾਜਾ ਕਰਮ ਸਿੰਘ ਪਟਿਆਲਾ ਨੇ ਇੱਥੇ ਗੁਰਦੁਆਰਾ ਮੰਜੀ ਸਾਹਿਬ ਬਣਵਾ ਦਿੱਤਾ ਸੀ। ਨਾਲ ਹੀ ਇਕ ਪੁਰਾਣੀ ਖੂਹੀ ਹੈ।
40-ਕਰਹਾਲੀ : ਕਰਹਾਲੀ ਸਮਾਣਾ ਸ਼ਹਿਰ ਤੋਂ ਅੱਠ ਕਿਲੋਮੀਟਰ ਪੂਰਬ ਵੱਲ ਸਥਿਤ ਹੈ। ਪਟਿਆਲੇ ਤੋਂ 20 ਕਿਲੋਮੀਟਰ ਹੈ। ਇੱਥੋਂ ਦਾ ਡਾਕਖਾਨਾ ਖ਼ਾਸ ਥਾਣਾ ਸਮਾਣਾ, ਤਹਿਸੀਲ ਤੇ ਜ਼ਿਲ੍ਹਾ ਪਟਿਆਲਾ ਹੈ। ਪਹਿਲਾਂ ਇੱਥੇ ਗੁਰੂ ਹਰਿਗੋਬਿੰਦ ਸਾਹਿਬ ਦੇ ਆਉਣ ਦੀ ਵੀ ਰਵਾਇਤ ਹੈ। ਪਿੱਛੋਂ ਗੁਰੂ ਤੇਗ ਬਹਾਦਰ ਜੀ ਪ੍ਰਚਾਰ ਦੌਰਿਆਂ ਸਮੇਂ ਸਮਾਣੇ ਵੱਲੋਂ ਆਏ ਸਨ। ਕਿਹਾ ਜਾਦਾ ਹੈ ਕਿ ਵਰਤਮਾਨ ਗੁਰਦੁਆਰੇ ਵਾਲੀ ਥਾਂ ’ਤੇ ਇਕ ਬਰੇਟਾ ਅਤੇ ਛੱਪੜ ਸੀ ।
41-ਪਟਿਆਲਾ : ਪਟਿਆਲਾ ਅੱਜ ਪੰਜਾਬ ਦਾ ਇਕ ਜ਼ਿਲ੍ਹਾ ਕੇਂਦਰ ਹੈ ਤੇ ਪਹਿਲਾਂ ਇਹ ਇਕ ਰਿਆਸਤ ਦੀ ਰਾਜਧਾਨੀ ਹੁੰਦਾ ਸੀ। ਜਿਸ ਸਮੇਂ ਗੁਰੂ ਤੇਗ ਬਹਾਦਰ ਜੀ ਇੱਥੇ ਆਏ ਸਨ ਤਾਂ ਉਸ ਸਮੇਂ ਪਟਿਆਲਾ ਨਹੀਂ ਹੁੰਦਾ ਸੀ। ਇੱਥੇ ਕੁਝ ਛੋਟੇ-ਛੋਟੇ ਪਿੰਡ ਜਾਂ ਮਾਜਰੀਆਂ ਸਨ। ਇੱਥੇ ਇਸ ਸਮੇਂ ਗੁਰੂ ਜੀ ਦੀ ਯਾਦ ਵਿਚ ਦੋ ਗੁਰਦੁਆਰੇ ਹਨ। ਇਕ ਸ਼ਹਿਰ ਦੇ ਚੜ੍ਹਦੇ ਵੱਲ ਹੈ ਜਿੱਥੇ ਗੁਰਦੁਆਰਾ ਮੋਤੀ ਬਾਗ਼ ਬਣਿਆ ਹੋਇਆ ਹੈ। ਦੂਸਰੀ ਥਾਂ ਸ਼ਹਿਰ ਤੋਂ ਸਰਹਿੰਦ ਨੂੰ ਜਾਂਦੀ ਸੜਕ ਉੱਪਰ ਹੈ, ਇਸ ਨੂੰ ਗੁਰਦੁਆਰਾ ਦੂਖ ਨਿਵਾਰਣ ਸਾਹਿਬ ਕਿਹਾ ਜਾਂਦਾ ਹੈ। ਮੂਲ ਰੂਪ ਵਿਚ ਇਸ ਥਾਂ ਲਹਿਲ ਪਿੰਡ ਸੀ । ਗੁਰੂ ਜੀ ਪਿੰਡ ਲਹਿਲ ਦੀ ਜੂਹ ਵਿਚ ਆ ਕੇ ਠਹਿਰੇ ਸਨ। ਇੱਥੋਂ ਦੇ ਗੁਰਦੁਆਰੇ ਪਟਿਆਲਾ ਸ਼ਹਿਰ ਦੇ ਹੋਂਦ ਵਿਚ ਆਉਣ ਤੋਂ ਪਿੱਛੇ ਬਣੇ ਹਨ।
42-ਟਹਿਲਪੁਰਾ : ਪਿੰਡ ਟਹਿਲਪੁਰਾ ਪਟਿਆਲਾ-ਰਾਜਪੁਰਾ ਸੜਕ ਤੋਂ ਦੌਣ ਕਲਾਂ ਵਾਲੇ ਮੋੜ ਤੋਂ ਮੁੜ ਕੇ ਪੱਛਮ ਵੱਲ ਦਸ ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਹੈ। ਲਗਪਗ ਇੰਨੀ ਹੀ ਦੂਰ ਪਟਿਆਲਾ-ਸਰਹਿੰਦ ਸੜਕ ਤੋਂ ਉੱਤਰ ਵੱਲ ਹੈ। ਭਾਈ ਕਾਨ੍ਹ ਸਿੰਘ ਅਨੁਸਾਰ ਜਦੋਂ ਗੁਰੂ ਸਾਹਿਬ ਇੱਥੇ ਆਏ ਸਨ ਤਾਂ ਉਸ ਸਮੇਂ ਇਹ ਪਿੰਡ ਨਹੀਂ ਸੀ। ਇਹ ਪਿੰਡ ਤਾਂ ਪਿੱਛੋਂ ਸੰਮਤ 1887 ਬਿ. ਮੁਤਾਬਿਕ ਸੰਨ 1830 ਈ ਵਿਚ ਆਬਾਦ ਹੋਇਆ ਹੈ। ਇੱਥੇ ਪਿੱਪਲਾਂ ਦੇ ਸੰਘਣੇ ਝੁੰਡਾਂ ਦੇ ਹੇਠ ਗੁਰੂ ਸਾਹਿਬ ਦਾ ਡੇਰਾ ਸੀ। ਅੰਦਾਜ਼ਾ ਹੈ ਕਿ ਗੁਰੂ ਸਾਹਿਬ ਬਹਾਦਰਗੜ੍ਹ ਰਹਿਣ ਸਮੇਂ ਇਨ੍ਹਾਂ ਪਿੰਡਾਂ ਦੇ ਦੌਰਿਆਂ ਉੱਪਰ ਆਉਂਦੇ ਸਨ। ਪਿੱਛੋਂ ਮਹਾਰਾਜਾ ਕਰਮ ਸਿੰਘ ਨੇ ਇੱਥੇ ਛੋਟਾ ਜਿਹਾ ਗੁਰਦੁਆਰਾ ਬਣਾ ਦਿੱਤਾ ਸੀ।
43 - ਨੌਲੱਖਾ : ਪਿੰਡ ਨੌਲੱਖਾ ਪਟਿਆਲਾ-ਸਰਹਿੰਦ ਸੜਕ ਉੱਪਰ ਪਟਿਆਲੇ ਤੋਂ ਵੀਹ ਕਿਲੋਮੀਟਰ ਦੀ ਵਿੱਥ ’ਤੇ ਹੈ। ਗੁਰੂ ਜੀ ਪਰਿਵਾਰ ਨਾਲ ਇੱਥੇ ਆਏ ਸਨ। ਇਸ ਥਾਂ ਦਾ ਨਾਂ ਨੌਲੱਖਾ ਪੈ ਜਾਣ ਦਾ ਕਾਰਨ ਸੀ ਕਿ ਇੱਥੇ ਗੁਰੂ ਜੀ ਦੀ ਹਜ਼ੂਰੀ ਵਿਚ ਕਿਸੇ ਵਣਜਾਰੇ ਨੇ ਨੌਂ ਮਨਸੂਰੀ ਟਕੇ ਭੇਟ ਕੀਤੇ ਅਤੇ ਉਸ ਨੇ ਅਰਦਾਸ ਕੀਤੀ ਸੀ ਕਿ ਉਸ ਦੀ ਤੁੱਛ ਜਿਹੀ ਭੇਟ ਮਨਜ਼ੂਰ ਕਰ ਲਈ ਜਾਵੇ। ਗੁਰੂ ਸਾਹਿਬ ਨੇ ਇਸ ਦੇ ਜਵਾਬ ਵਿਚ ਕਿਹਾ ਸੀ ਕਿ ਇਹ ਨੌਂ ਟਕੇ ਨੌਂ ਲੱਖ ਰੁਪਏ ਦੇ ਬਰਾਬਰ ਹਨ ਤੇ ਉਹ ਵਣਜਾਰਾ ਤਾਂ ਲੱਖੀ ਸ਼ਾਹ ਵਣਜਾਰਾ ਹੋਵੇਗਾ। ਇਸੇ ਹੀ ਭਵਿੱਖਬਾਣੀ ਤੋਂ ਇਸ ਥਾਂ ਦਾ ਨਾ ਨੌਲੱਖਾ ਸ਼ੁਰੂ ਹੋ ਗਿਆ। ਗੁਰੂ ਸਾਹਿਬ ਦੇ ਜਾਣ ਪਿੱਛੋਂ ਸੰਤ ਜੈਮਲ ਦਾਸ ਨੇ ਇੱਥੇ ਗੁਰਦੁਆਰੇ ਦੀ ਸੇਵਾ ਕਰਵਾਈ ਸੀ। ਗੁਰਦੁਆਰੇ ਦੇ ਪਿਛਲੇ ਪਾਸੇ ਉਸ ਦੀ ਯਾਦ ’ਚ ਵੀ ਇਕ ਥੜ੍ਹਾ ਉਸਾਰਿਆ ਹੋਇਆ ਹੈ।
44-ਆਕੜ : ਇਹ ਥਾਂ ਪਟਿਆਲਾ-ਸਰਹਿੰਦ ਸੜਕ ਅਤੇ ਪਟਿਆਲਾ-ਰਾਜਪੁਰਾ ਮੁੱਖ ਸੜਕ ਦੇ ਬਿਲਕੁਲ ਵਿਚਕਾਰਲੀ ਸਥਿਤੀ ਵਿਚ ਹੈ। ਕੌਲੀ ਤੋਂ ਇਸ ਪਿੰਡ ਲਈ ਲਿੰਕ ਰੋਡ ਜਾਂਦੀ ਹੈ। ਗੁਰਦੁਆਰਾ ਪਿੰਡ ਤੋਂ ਬਾਹਰਵਾਰ ਉੱਤਰ ਵੱਲ ਦੋ ਕੁ ਫਰਲਾਂਗ ਦੀ ਵਿੱਥ ’ਤੇ ਹੈ। ਗੁਰਦੁਆਰੇ ਦਾ ਨਾਂ ਗੁਰਦੁਆਰਾ ਨਿੰਮ ਸਾਹਿਬ ਪਾਤਸ਼ਾਹੀ ਨੌਵੀਂ ਹੈ। ਸਥਾਨਕ ਰਵਾਇਤ ਅਨੁਸਾਰ ਇਥੇ ਗੁਰੂ ਸਾਹਿਬ ਇਕ ਨਿੰਮ ਦੇ ਦਰੱਖ਼ਤ ਹੇਠ ਬੈਠੇ ਸਨ। ਇਹ ਨਿੰਮ ਹੁਣ ਵੀ ਖੜ੍ਹੀ ਹੈ। ਇੱਥੋਂ ਦੇ ਇਕ ਤਰਖਾਣ ਸਿੱਖ ਨੇ ਗੁਰੂ ਜੀ ਦੀ ਸੇਵਾ ਕੀਤੀ ਸੀ। ਸਾਲ 1924 ’ਚ ਇੱਥੇ ਗੁਰਦੁਆਰਾ ਬਣਿਆ।
45-ਲੰਗ : ਪਿੰਡ ਲੰਗ ਪਟਿਆਲਾ ਸ਼ਹਿਰ ਤੋਂ ਪਟਿਆਲਾ-ਅਮਲੋਹ ਸੜਕ ਉੱਪਰ ਸੱਤ ਕੁ ਕਿਲੋਮੀਟਰ ਦੀ ਵਿੱਥ ’ਤੇ ਹੈ। ਇੱਥੇ ਗੁਰੂ ਤੇਗ ਬਹਾਦਰ ਜੀ ਪਟਿਆਲਾ ਜਾਂ ਬਹਾਦਰਗੜ੍ਹ ਰਹਿਣ ਸਮੇਂ ਆਏ ਸਨ। ਉਨ੍ਹਾਂ ਦੀ ਯਾਦ ਵਿਚ ਗੁਰਦੁਆਰਾ ਦੁਖਭੰਜਨ ਪਾਤਸ਼ਾਹੀ ਨੌਵੀਂ ਬਣਿਆ ਹੋਇਆ ਹੈ। ਮਹਾਰਾਜਾ ਕਰਮ ਸਿੰਘ ਨੇ ਇਹ ਗੁਰਦੁਆਰਾ ਬਣਾਇਆ ਸੀ ਅਤੇ ਇਸ ਦੇ ਖ਼ਰਚੇ ਲਈ ਕੁਝ ਜ਼ਮੀਨ ਵੀ ਭੇਟਾ ਕੀਤੀ ਸੀ। ਪਿੱਛੋਂ ਵੀ ਵੱਖ-ਵੱਖ ਸਮੇਂ ਇਸ ਅਸਥਾਨ ਦੇ ਨਾਂ ਜ਼ਮੀਨ ਲੱਗਦੀ ਰਹੀ ਸੀ ਪਰ ਅੱਜ-ਕੱਲ੍ਹ ਇਸ ਪਾਸ ਬਹੁਤ ਹੀ ਥੋੜ੍ਹੀ ਜ਼ਮੀਨ ਹੈ।
46-ਸੀਂਭੜੋ : ਪਿੰਡ ਸੀਂਭੜੋ ਤੇ ਆਲੋਵਾਲ ਦੋਵੇਂ ਨਾਲ-ਨਾਲ ਹੀ ਲਗਵੇਂ ਹਨ ਅਤੇ ਇਨ੍ਹਾਂ ਵਿਚਕਾਰ ਦੀ ਸਿਰਫ਼ ਇਕ ਨਾਲਾ ਹੀ ਵਗਦਾ ਹੁੰਦਾ ਸੀ। ਜਿਸ ਥਾਂ ’ਤੇ ਗੁਰੂ ਤੇਗ ਬਹਾਦਰ ਜੀ ਆ ਕੇ ਬੈਠੇ ਸਨ, ਉਹ ਦੋਵਾਂ ਪਿੰਡਾਂ ਦੀ ਸਾਂਝੀ ਥਾਂ ਸੀ। ਸਥਾਨਕ ਰਵਾਇਤ ਅਨੁਸਾਰ ਉਸ ਸਮੇਂ ਇੱਥੇ ਬਹੁਤ ਵੱਡਾ ਬਰੋਟਾ ਤੇ ਢਾਬ ਸੀ। ਇਹ ਅਸਥਾਨ ਪਿੰਡਾਂ ਤੋਂ ਹਟ ਕੇ ਦੋ ਕੁ ਫਰਲਾਂਗ ਦੀ ਵਿੱਥ ’ਤੇ ਹੈ ਅਤੇ ਪਟਿਆਲਾ ਤੋਂ ਸੱਤ ਕਿਲੋਮੀਟਰ ਹੈ। ਇੱਥੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਹੈ, ਜੋ ਮਹਾਰਾਜਾ ਕਰਮ ਸਿੰਘ ਪਟਿਆਲਾ ਨੇ ਬਣਵਾਇਆ ਸੀ। ਗੁਰਦੁਆਰੇ ਦੇ ਨਾਂ ਪਹਿਲਾਂ ਕਾਫੀ ਜ਼ਮੀਨ ਸੀ ਪਰ ਹੁਣ ਨਹੀਂ ਹੈ। ਇਸ ਦਾ ਝਗੜਾ ਵੀ ਚੱਲਦਾ ਰਿਹਾ ਸੀ।
47- ਰੋਹਟਾ : ਰੋਹਟਾ ਸਾਹਿਬ ਦਾ ਗੁਰਦੁਆਰਾ ਰੋਹਟੇ ਪਿੰਡ ਤੋਂ ਪੂਰਬ ਵੱਲ ਦੋ ਫਰਲਾਂਗ ਬਾਹਰਵਾਰ ਸੂਏ ਉੱਪਰ ਸਥਿਤ ਹੈ। ਇਹ ਸੂਆ ਨਾਭੇ ਦੇ ਰੋਹਟੀ ਦੇ ਪੁਲਾਂ ਤੋਂ ਨਿਕਲਦਾ ਹੈ। ਰੋਹਟੀ ਦੇ ਪੁਲਾਂ ਤੋਂ ਗੁਰਦੁਆਰਾ ਦੱਖਣ-ਪੂਰਬ ਵੱਲ ਸੂਏ-ਸੂਏ ਜਾ ਕੇ ਤਿੰਨ ਕੁ ਫਰਲਾਂਗ ਦੀ ਵਿੱਥ ’ਤੇ ਹੈ। ਇਹ ਥਾਂ ਰੋਹਟਾ ਅਤੇ ਰੋਹਟੀ ਖ਼ਾਸ ਦੀ ਸਾਂਝੀ ਹੱਦ ਉੱਪਰ ਇਕ ਥੇਹ ਉੱਪਰ ਹੈ। ਇਸ ਥੇਹ ਉੱਪਰ ਜਦੋਂ ਗੁਰੂ ਤੇਗ ਬਹਾਦਰ ਜੀ ਆਏ ਸਨ ਤਾਂ ਇੱਥੇ ਦਰੱਖ਼ਤਾਂ ਦੀ ਇਕ ਸੰਘਣੀ ਝਿੜੀ ਸੀ। ਪਿੱਛੋਂ ਇਸ ਝਿੜੀ ਵਿਚ ਗੁਰੂ ਸਾਹਿਬ ਦੀ ਯਾਦ ਵਿਚ ਇੱਥੋਂ ਦੇ ਕੁਝ ਜੁਲਾਹਿਆਂ ਨੇ ਥੜ੍ਹਾ ਜਿਹਾ ਬਣਾ ਦਿੱਤਾ ਸੀ ਤੇ ਉਸ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਸੀ।
48-ਥੂਹੀ : ਪਿੰਡ ਥੂਹੀ ਨਾਭਾ ਤੇ ਮੈਕਸੀਮਮ ਸਕਿਓਰਿਟੀ ਜੇਲ੍ਹ ਕੋਲੋਂ ਜਾਂਦੀ ਸੜਕ ਉੱਪਰ ਨਾਭੇ ਤੋਂ ਸੱਤ ਕਿਲੋਮੀਟਰ ਦੀ ਵਿੱਥ ’ਤੇ ਹੈ। ਇਸ ਦਾ ਡਾਕਖਾਨਾ ਖ਼ਾਸ, ਤਹਿਸੀਲ ਨਾਭਾ ਤੇ ਜ਼ਿਲ੍ਹਾ ਪਟਿਆਲਾ ਹੈ। ਇੱਥੇ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿਚ ਗੁਰਦੁਆਰਾ ਹੈ, ਜਿਹੜਾ 1968 ਵਿਚ ਬਣਾਇਆ ਗਿਆ ਸੀ। ਪਹਿਲਾਂ ਸਿਰਫ਼ ਇੱਥੇ ਇਕ ਕੱਚਾ ਕੋਠਾ ਹੀ ਹੁੰਦਾ ਸੀ। ਉਸੇ ਵਿਚ ਪਾਠ ਬਗ਼ੈਰਾ ਹੁੰਦਾ ਸੀ।
49-ਰਾਮਗੜ੍ਹ ਬੌੜਾਂ : ਰਾਮਗੜ੍ਹ ਬੌੜਾ ਦੋ ਪਿੰਡ ਹਨ ਰਾਮਗੜ੍ਹ ਅਤੇ ਬੌੜਾਂ। ਦੋਵਾਂ ਦੇ ਵਿਚਕਾਰ ਗੁਰੂ ਤੇਗ ਬਹਾਦਰ ਜੀ ਦੀ ਯਾਦ ’ਚ ਸਾਂਝਾ ਗੁਰਦੁਆਰਾ ਬਾਉਲੀ ਸਾਹਿਬ ਪਾਤਸ਼ਾਹੀ ਨੌਵੀਂ ਹੈ। ਇਹ ਪਿੰਡ ਨਾਭੇ ਤੋਂ ਨਾਭਾ-ਭਵਾਨੀਗੜ੍ਹ ਸੜਕ ਉੱਪਰ ਤਿੰਨ ਕਿਲੋਮੀਟਰ ਦੀ ਵਿੱਥ ਉੱਤੇ ਹੈ। ਗੁਰਦੁਆਰੇ ਅੰਦਰ ਇਕ ਬੋਰਡ ਉੱਪਰ ਲਿਖ ਕੇ ਰੱਖਿਆ ਹੋਇਆ ਹੈ। ਇਸ ਲਿਖਤ ਅਨੁਸਾਰ ਇਸ ਬਾਉਲੀ ਸਾਹਿਬ ਦੀ ਸੇਵਾ ਸੰਮਤ 1926 ਬਿ. ਮੁਤਾਬਕ ਸੰਨ 1869 ਈ ਵਿਚ ਮਹਾਰਾਜਾ ਨਾਭਾ ਭਰਪੂਰ ਸਿੰਘ ਅਤੇ ਉਸ ਦੀ ਮਹਾਰਾਣੀ ਸ਼ਿਵ ਕੌਰ ਨੇ ਕਰਵਾਈ ਸੀ। ਅੱਜ-ਕੱਲ੍ਹ ਕਾਫ਼ੀ ਜ਼ਮੀਨ ਗੁਰਦੁਆਰੇ ਦੇ ਨਾਂ ਹੈ ਤੇ ਇਸ ਦਾ ਸਾਰਾ ਪ੍ਰਬੰਧ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਕੋਲ ਹੈ।
50-ਗੁਣੀ ਕੇ : ਪਿੰਡ ਗੁਣੀ ਕੇ ਨਾਭਾ-ਭਵਾਨੀਗੜ੍ਹ ਸੜਕ ਉੱਪਰ ਲਿੰਕ ਰੋਡ ਰਾਹੀਂ ਜਾ ਕੇ ਨਾਭੇ ਤੋਂ ਸੱਤ ਕੁ ਕਿਲੋਮੀਟਰ (ਪਿੰਡ ਰਾਮਗੜ੍ਹ ਬੌੜਾਂ ਲੰਘ ਕੇ) ਦੀ ਵਿੱਥ ’ਤੇ ਹੈ। ਇਸ ਦਾ ਡਾਕਖਾਨਾ ਖ਼ਾਸ, ਥਾਣਾ ਤੇ ਤਹਿਸੀਲ ਨਾਭਾ, ਜ਼ਿਲ੍ਹਾ ਪਟਿਆਲਾ ਹੈ। ਗੁਰੂ ਤੇਗ ਬਹਾਦਰ ਜੀ ਇੱਥੇ ਇਕ ਢਾਬ ਦੇ ਕਿਨਾਰੇ ਉੱਪਰ ਠਹਿਰੇ ਸਨ। ਇਸ ਢਾਬ ਨੂੰ ਸਿੱਧਾ ਵਾਲੀ ਢਾਬ ਵੀ ਕਿਹਾ ਜਾਂਦਾ ਹੈ। ਇਸ ਦੇ ਨਾਲ ਹੀ ਇਕ ਥੇਹ ਸੀ। ਇਸੇ ਥੇਹ ਤੇ ਢਾਬ ਦੇ ਨੇੜੇ ਗੁਰੂ ਜੀ ਦੀ ਆਮਦ ਦੀ ਯਾਦ ਵਿਚ ਗੁਰਦੁਆਰਾ ਬਣਿਆ ਹੋਇਆ ਹੈ। ਪਹਿਲਾਂ-ਪਹਿਲਾਂ ਇੱਥੇ ਸਿਰਫ਼ ਇਕ ਥੜ੍ਹਾ ਹੀ ਸੀ।
51-ਆਲੋਅਰਖ : ਪਿੰਡ ਆਲੋਅਰਖ ਨਾਭਾ-ਭਵਾਨੀਗੜ੍ਹ ਸੜਕ ਉੱਪਰ ਪੱਛਮ ਵੱਲ ਦੋ ਕੁ ਫਰਲਾਂਗ ਦੀ ਵਿੱਥ ਉੱਤੇ ਸਥਿਤ ਹੈ। ਇਸ ਪਿੰਡ ਦਾ ਡਾਕਖ਼ਾਨਾ ਭਵਾਨੀਗੜ੍ਹ ਜ਼ਿਲ੍ਹਾ ਸੰਗਰੂਰ ਹੈ। ਗੁਰੂ ਜੀ ਨੇ ਇੱਥੇ ਇਕ ਸੰਘਣੀ ਝਿੜੀ ਤੇ ਖੂਹ ਉੱਪਰ ਡੇਰਾ ਲਾਇਆ ਸੀ। ਇੱਥੇ ਨਾਲ ਹੀ ਇਕ ਸੰਤ ਦੀ ਕੁਟੀਆ ਸੀ। ਇਸੇ ਸੰਤ ਦੇ ਪ੍ਰੇਮ ਸਦਕਾ ਗੁਰੂ ਜੀ ਇੱਥੇ ਠਹਿਰੇ ਸਨ। ਇਸ ਥਾਂ ’ਤੇ ਇਸ ਸਮੇਂ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਹੈ, ਜਿਸ ਨੂੰ ਇਲਾਕੇ ਦੀਆਂ ਸੰਗਤਾਂ ਨੇ ਸੰਮਤ 1966 ਬਿ ਮੁਤਾਬਿਕ ਸੰਨ 1909 ਈ. ਵਿਚ ਬਣਾਇਆ ਸੀ। 52-ਭਵਾਨੀਗੜ੍ਹ : ਭਵਾਨੀਗੜ੍ਹ ਜ਼ਿਲ੍ਹਾ ਸੰਗਰੂਰ ਦੀ ਤਹਿਸੀਲ ਹੈ ਅਤੇ ਪਟਿਆਲਾ-ਸੰਗਰੂਰ ਜਾਂ ਪਟਿਆਲਾ-ਸੁਨਾਮ ਸੜਕ ਉੱਪਰ ਸਥਿਤ ਹੈ। ਇੱਥੇ ਗੁਰੂ ਤੇਗ ਬਹਾਦਰ ਜੀ ਦੀ ਯਾਦ ’ਚ ਗੁਰਦੁਆਰਾ ਸੁਸ਼ੋਭਿਤ ਹੈ। ਇਸ ਦਾ ਪ੍ਰਬੰਧ ਲੋਕਲ ਕਮੇਟੀ ਕਰਦੀ ਹੈ। ਭਵਾਨੀਗੜ੍ਹ ਦਾ ਪੁਰਾਣਾ ਨਾਂ ਢੋਡੇ ਸੀ ਪਰ ਬਾਬਾ ਆਲਾ ਸਿੰਘ ਵੱਲੋਂ ਇੱਥੇ ਕਿਲ੍ਹਾ ਬਣਾਏ ਜਾਣ ਕਰਕੇ ਅਤੇ ਉਸ ਕਿਲ੍ਹੇ ਦਾ ਨਾਂ ਭਵਾਨੀ (ਦੇਵੀ) ਦੇ ਨਾਂ ਰੱਖੇ ਜਾਣ ਕਰਕੇ ਇਸ ਦਾ ਨਾਂ ਭਵਾਨੀਗੜ੍ਹ ਪ੍ਰਚੱਲਿਤ ਹੋ ਗਿਆ ਸੀ। ਅੱਜ-ਕੱਲ੍ਹ ਗੁਰਦੁਆਰੇ ਦੇ ਨਾਂ ਕਾਫੀ ਜ਼ਮੀਨ ਹੈ।
53-ਫੱਗੂਵਾਲਾ : ਪਿੰਡ ਫੱਗੂਵਾਲਾ ਭਵਾਨੀਗੜ੍ਹ ਤੋਂ ਅੱਗੇ ਸੰਗਰੂਰ ਵੱਲ ਤਕਰੀਬਨ ਪੰਜ ਕਿਲੋਮੀਟਰ ਦੀ ਵਿੱਥ ’ਤੇ ਹੈ। ਗੁਰੂ ਤੇਗ ਬਹਾਦਰ ਜੀ ਦੇ ਆਉਣ ਦੀ ਥਾਂ ਪਿੰਡ ਤੋਂ ਬਾਹਰਵਾਰ ਦੋ ਕੁ ਫਰਲਾਂਗ ਦੀ ਵਿੱਥ ’ਤੇ ਭਵਾਨੀਗੜ੍ਹ-ਸੁਨਾਮ ਸੜਕ ਉੱਪਰ ਹੈ। ਇਸ ਸਮੇਂ ਇੱਥੇ ਬਹੁਤ ਸੁੰਦਰ ਗੁਰਦੁਆਰਾ ਹੈ। ਭਾਵੇਂ ਫੱਗੂਵਾਲਾ ਗੁਰੂ ਸਾਹਿਬ ਦੇ ਵੇਲੇ ਨਹੀਂ ਸੀ ਪਰ ਅੱਜ ਇਹ ਪਿੰਡ ਫੱਗੂਵਾਲੇ ਦਾ ਹੀ ਗੁਰਦੁਆਰਾ ਅਖਵਾਉਂਦਾ ਹੈ।
54-ਘਰਾਚੋ : ਪਿੰਡ ਘਰਾਚੋ ਭਵਾਨੀਗੜ੍ਹ-ਸੁਨਾਮ ਸੜਕ ਉੱਪਰ ਤਕਰੀਬਨ ਛੇ ਮੀਲ ਦੀ ਵਿੱਥ ’ਤੇ ਹੈ। ਇਸ ਦਾ ਡਾਕਖਾਨਾ ਖ਼ਾਸ, ਤਹਿਸੀਲ ਤੇ ਜ਼ਿਲ੍ਹਾ ਸੰਗਰੂਰ ਹੈ। ਇੱਥੇ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿਚ ਗੁਰਦੁਆਰਾ ਦੇਸਿਆਣਾ ਪਾਤਸ਼ਾਹੀ ਨੌਵੀਂ ਹੈ। ਇਹ ਪਿੰਡ ਦੇ ਉੱਤਰ ਵਾਲੇ ਪਾਸੇ ਹੈ। ਦੇਸਿਆਣਾ ਨਾਂ ਇੱਥੋਂ ਦੇ ਕਿਸੇ ਭਾਈ ਦੇਸੂ ਦੇ ਨਾਂ ’ਤੇ ਪਿਆ ਹੈ। ਉਸ ਨੇ ਆਪਣੀ ਜ਼ਮੀਨ ਵਿਚ ਗੁਰੂ ਸਾਹਿਬ ਦਾ ਠਹਿਰਾਅ ਕੀਤਾ ਸੀ ਅਤੇ ਉੱਥੇ ਹੀ ਗੁਰਦੁਆਰਾ ਬਣਵਾ ਦਿੱਤਾ ਸੀ।
55-ਨਾਗਰਾ : ਪਿੰਡ ਨਾਗਰਾ ਭਵਾਨੀਗੜ੍ਹ-ਸੁਨਾਮ ਸੜਕ ਉੱਪਰ ਭਵਾਨੀਗੜ੍ਹ ਤੋਂ 15 ਕਿਲੋਮੀਟਰ ਦੀ ਵਿੱਥ ’ਤੇ ਹੈ। ਮੇਨ ਸੜਕ ਨਾਲੋਂ ਡੇਢ ਕੁ ਕਿਲੋਮੀਟਰ ਹਟਵਾਂ ਹੈ। ਗੁਰੂ ਤੇਗ ਬਹਾਦਰ ਜੀ ਤੋਂ ਪਹਿਲਾਂ ਇੱਥੇ ਗੁਰੂ ਹਰਿਗੋਬਿੰਦ ਸਾਹਿਬ ਵੀ ਆਏ ਸਨ। ਭਾਵੇਂ ਇਸ ਸਮੇਂ ਗੁਰੂ ਤੇਗ ਬਹਾਦਰ ਜੀ ਦਾ ਗੁਰਦੁਆਰਾ ਇੱਥੇ ਨਹੀਂ ਹੈ ਪਰ ਪਹਿਲਾਂ ਇਹ ਸੀ।
56-ਟੱਲ-ਘਨੌੜ ਜੱਟਾਂ : ਪਿੰਡ ਟੱਲ-ਘਨੌੜ ਜੱਟਾਂ ਭਵਾਨੀਗੜ੍ਹ ਤੋਂ ਪੂਰਬ ਵੱਲ 10 ਕਿਲੋਮੀਟਰ ਸਮਾਣੇ ਤੋਂ 15 ਕਿਲੋਮੀਟਰ ਅਤੇ ਸੁਨਾਮ ਤੋਂ 20 ਕਿਲੋਮੀਟਰ ਦੀ ਵਿੱਥ ’ਤੇ ਹੈ। ਇਸ ਦੇ ਨੇੜੇ ਹੀ ਘਨੌੜ ਰਾਜਪੂਤਾਂ ਦਾ ਪਿੰਡ ਵੀ ਹੈ। ਇਸ ਲਈ ਇਹ ਜੱਟਾਂ ਦਾ ਪਿੰਡ ਹੋਣ ਕਰਕੇ ਘਨੌੜ ਜੱਟਾਂ ਕਿਹਾ ਜਾਣ ਲੱਗ ਪਿਆ। ਰਾਜਪੂਤ ਰੰਘੜਾਂ ਦੀ ਘਨੌੜ ਜੱਟਾਂ ਨਾਲ ਦੁਸ਼ਮਣੀ ਸੀ। ਇਸ ਲਈ ਆਪਸ ’ਚ ਹਮਲੇ ਹੁੰਦੇ ਰਹਿੰਦੇ ਸਨ। ਘਨੌੜ ਜੱਟਾਂ ਨੇ ਆਪਣੇ ਪਿੰਡ ਦੇ ਬਾਹਰ ਇਕ ਟੱਲ ਲਮਕਾ ਲਿਆ ਸੀ। ਜਦੋਂ ਬਾਹਰਲਾ ਹਮਲਾ ਹੁੰਦਾ ਸੀ ਤਾਂ ਇਸ ਟੱਲ ਨੂੰ ਖੜਕਾ ਕੇ ਸਭ ਨੂੰ ਸਾਵਧਾਨ ਕਰ ਦਿੱਤਾ ਜਾਂਦਾ ਸੀ। ਇਸ ਕਰਕੇ ਇਸ ਪਿੰਡ ਦਾ ਨਾਂ ਟੱਲ-ਘਨੌੜ ਜੱਟਾਂ ਚਾਲੂ ਹੋ ਗਿਆ। ਇੱਥੇ ਤਿੰਨ ਗੁਰੂ ਸਾਹਿਬਾਨ ਆਏ ਹਨ ਗੁਰੂ ਨਾਨਕ ਦੇਵ ਜੀ, ਗੁਰੂ ਹਰਿਗੋਬਿੰਦ ਸਾਹਿਬ ਤੇ ਗੁਰੂ ਤੇਗ ਬਹਾਦਰ ਜੀ। ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਅਲੱਗ ਹੈ, ਜਦੋਂਕਿ ਬਾਕੀ ਦੋ ਗੁਰੂ ਸਾਹਿਬਾਨ ਦਾ ਗੁਰਦੁਆਰਾ ਇਕੱਠਾ ਹੈ। ਇਹ ਪਿੰਡ ਦੇ ਪੱਛਮ ਵੱਲ ਨਹਿਰ ਦੇ ਉੱਪਰ ਹੈ।
57-ਸਮਾਣਾ :ਸਮਾਣਾ ਜ਼ਿਲ੍ਹਾ ਪਟਿਆਲਾ ਦੀ ਤਹਿਸੀਲ ਤੇ ਮਸ਼ਹੂਰ ਪੁਰਾਤਨ ਸ਼ਹਿਰ ਹੈ। ਕਿਸੇ ਸਮੇਂ ਸਮਾਣਾ ਇਕ ਰਾਜ ਦੀ ਰਾਜਧਾਨੀ ਵੀ ਰਿਹਾ ਸੀ।
58-ਦੋਦੜਾ : ਪਿੰਡ ਦੋਦੜਾ ਸਮਾਣੇ ਤੋਂ ਸਿੱਧਾ ਚਾਰ ਕਿਲੋਮੀਟਰ ਗੜੀ ਨਜ਼ੀਰ ਤੋਂ ਪੰਜ ਕਿਲੋਮੀਟਰ ਅਤੇ ਕਮਾਲਪੁਰ ਤੋਂ ਅੱਠ ਕਿਲੋਮੀਟਰ ਦੀ ਵਿੱਥ ’ਤੇ ਹੈ। ਇਸ ਦਾ ਡਾਕਖਾਨਾ ਕੁਲਾਰਾਂ, ਥਾਣਾ ਤੇ ਤਹਿਸੀਲ ਸਮਾਣਾ ਅਤੇ ਜ਼ਿਲ੍ਹਾ ਪਟਿਆਲਾ ਹੈ। ਇੱਥੇ ਗੁਰੂ ਸਾਹਿਬ ਇਕ ਪਿੱਪਲ ਦੇ ਦਰੱਖ਼ਤ ਹੇਠਾਂ ਆ ਕੇ ਬੈਠੇ ਸਨ। ਇਸ ਪਿੱਪਲ ਦੇ ਦਰੱਖ਼ਤ ਦਾ ਨਿਸ਼ਾਨ ਹੁਣ ਵੀ ਹੈ। ਪਹਿਲਾਂ-ਪਹਿਲਾਂ ਇਸ ਪਿੱਪਲ ਹੇਠਾਂ ਗੁਰੂ ਜੀ ਦੀ ਯਾਦ ’ਚ ਥੜ੍ਹਾ ਹੀ ਬਣਾਇਆ ਹੋਇਆ ਸੀ। ਫਿਰ ਕੁਝ ਕਮਰੇ ਪਾ ਕੇ ਗੁਰਦੁਆਰਾ ਬਣਾ ਦਿੱਤਾ ਗਿਆ।
59- ਕਮਾਲਪੁਰ : ਪਿੰਡ ਕਮਾਲਪੁਰ ਸਮਾਣਾ-ਸੂਲਰ ਘਰਾਂਟਾਂ ਵਾਲੀ ਸੜਕ ਉੱਪਰ ਹੈ। ਇੱਥੋਂ ਦਾ ਡਾਕਖ਼ਾਨਾ ਖ਼ਾਸ, ਥਾਣਾ ਦਿੜਬਾ, ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਹੈ। ਪਹਿਲਾਂ ਇੱਥੇ ਗੁਰੂ ਨਾਨਕ ਦੇਵ ਜੀ ਦੇ ਆਉਣ ਦੀ ਵੀ ਰਵਾਇਤ ਹੈ। ਉਨ੍ਹਾਂ ਦੀ ਜਗ੍ਹਾ ਇੱਥੇ ਇਕ ਟਿੱਬੀ ਉੱਪਰ ਸੀ। ਪਿੱਛੋਂ ਗੁਰੂ ਤੇਗ ਬਹਾਦਰ ਜੀ ਵੀ ਇਸੇ ਟਿੱਬੀ ਉੱਪਰ ਆ ਕੇ ਬਿਰਾਜੇ ਸਨ। ਇਸੇ ਟਿੱਬੀ ’ਤੇ ਪਿੱਛੋਂ ਸਰਹਿੰਦੀ ਛੋਟੀਆਂ ਇੱਟਾਂ ਦੀ ਇਕ ਮੰਜੀ ਸਾਹਿਬ ਬਣਾ ਦਿੱਤੀ ਗਈ ਸੀ। ਇਸ ਦੇ ਕੋਲ ਹੀ ਇਕ ਛੋਟੀ ਖੂਹੀ ਵੀ ਹੈ। ਪਿੱਛੋਂ ਇੱਥੇ ਕੁਝ ਉਦਾਸੀ ਸਾਧੂਆਂ ਦੇ ਆ ਕੇ ਕਾਬਜ਼ ਹੋ ਜਾਣ ਕਾਰਨ ਇਹ ਗੁਰਦੁਆਰਾ ਸਾਧਾਂ ਦੇ ਡੇਰੇ ਵਿਚ ਬਦਲ ਗਿਆ।
60-ਦਿੜਬਾ : ਪਿੰਡ ਦਿੜਬਾ ਕਮਾਲਪੁਰ ਤੋਂ ਦੱਖਣ ਵੱਲ ਪੰਜ ਕਿਲੋਮੀਟਰ ’ਤੇ ਹੈ। ਇੱਥੋਂ ਦਾ ਡਾਕਖਾਨਾ ਖ਼ਾਸ, ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਹੈ। ਇਹ ਪਿੰਡ ਪਾਤੜਾਂ-ਮਹਿਲਾਂ ਸੜਕ ਉੱਪਰ ਹੈ। ਇੱਥੇ ਉੱਚੀਆਂ-ਉੱਚੀਆਂ ਦੈੜਾਂ (ਟਿੱਬੀਆਂ) ਹੋਣ ਕਰਕੇ ਇਸ ਦਾ ਨਾਂ ਦੈੜਾਂ ਤੋਂ ਵਿਗੜ ਕੇ ਦਿੜਬਾ ਪ੍ਰਚੱਲਿਤ ਹੋ ਗਿਆ। ਗੁਰੂ ਤੇਗ ਬਹਾਦਰ ਜੀ ਇੱਥੇ ਇਕ ਢਾਬ ਦੇ ਕਿਨਾਰੇ ਬਰੋਟਿਆਂ ਦੇ ਰੁੱਖਾਂ ਹੇਠਾਂ ਆ ਕੇ ਬੈਠੇ ਸਨ। ਪਿੱਛੋਂ ਇਸੇ ਹੀ ਥਾਂ ’ਤੇ ਪਿੰਡਾਂ ਦੀਆਂ ਸਿੱਖ ਸੰਗਤਾਂ ਨੇ ਗੁਰਦੁਆਰਾ ਬਣਾ ਦਿੱਤਾ, ਜਿਸ ਦਾ ਨਾਂ ਗੁਰਦੁਆਰਾ ਸੈਂਤਿਆਣਾ ਪਾਤਸ਼ਾਹੀ ਨੌਵੀਂ ਹੈ। ਸੈਤਿਆਣਾ ਇਸ ਢਾਬ ਦਾ ਨਾਂ ਸੀ । ਇਸੇ ਦੇ ਨਾਂ ’ਤੇ ਹੀ ਗੁਰਦੁਆਰੇ ਦਾ ਨਾਂ ਚਾਲੂ ਹੋ ਗਿਆ ਹੈ।
61-ਨਨਹੇੜਾ : ਪਿੰਡ ਨਨਹੇੜਾ ਸਮਾਣਾ-ਸ਼ਤਰਾਣਾ ਸੜਕ ਉੱਪਰ ਸਮਾਣੇ ਵੱਲੋਂ 18 ਕਿਲੋਮੀਟਰ ਦੀ ਵਿੱਥ ’ਤੇ ਹੈ । ਇਸ ਦਾ ਡਾਕਖ਼ਾਨਾ ਹਰਚੰਦਪੁਰਾ, ਥਾਣਾ ਘੱਗਾ, ਤਹਿਸੀਲ ਤੇ ਜ਼ਿਲ੍ਹਾ ਪਟਿਆਲਾ ਹੈ। ਇੱਥੋਂ ਦੋਦੜਾ 16 ਕਿਲੋਮੀਟਰ ਤੇ ਪਾਤੜਾਂ 19 ਕਿਲੋਮੀਟਰ ਦੀ ਦੂਰੀ ’ਤੇ ਹਨ। ਗੁਰੂ ਤੇਗ ਬਹਾਦਰ ਜੀ ਇੱਥੇ ਪ੍ਰਚਾਰ ਦੌਰੇ ਸਮੇਂ ਆਏ ਸਨ। ਉਨ੍ਹਾਂ ਦੀ ਯਾਦ ’ਚ ਇੱਥੇ ਗੁਰਦੁਆਰਾ ਸਾਹਿਬ ਵੀ ਸੀ, ਜਿਹੜਾ ਉਦਾਸੀ ਸੰਤਾਂ ਦੇ ਪ੍ਰਬੰਧ ਹੇਠ ਸੀ। ਇਸ ਗੁਰਦੁਆਰੇ ਦੇ ਨਾਂ ਜੀਂਦ ਅਤੇ ਕੈਥਲ ਦੇ ਹੁਕਮਰਾਨਾਂ ਵੱਲੋਂ ਜ਼ਮੀਨ ਵੀ ਲਗਵਾਈ ਹੋਈ ਸੀ ਪਰ ਗੁਰਦੁਆਰਾ ਸੁਧਾਰ ਲਹਿਰ ਵੇਲੇ ਸਿੱਖਾਂ ਅਤੇ ਉਦਾਸੀਆਂ ਵਿਚ ਝਗੜਾ ਹੋ ਜਾਣ ਕਰਕੇ ਇੱਥੋਂ ਦੇ ਉਦਾਸੀਆਂ ਨੇ ਇਸ ਗੁਰਦੁਆਰੇ ਦਾ ਸੰਕਲਪ ਬਿਲਕੁਲ ਬਦਲ ਦਿੱਤਾ ਹੈ। ਅੱਜ ਭਾਵੇਂ ਸ਼੍ਰੋਮਣੀ ਕਮੇਟੀ ਇਸ ਗੁਰਦੁਆਰੇ ਦਾ ਕੇਸ ਜਿੱਤ ਚੁੱਕੀ ਹੈ ਪਰ ਅਜੇ ਤਕ ਇਸ ਦਾ ਕਬਜ਼ਾ ਲੈਣਾ ਬਾਕੀ ਹੈ।
62-ਬਹਿਰ ਜੱਖ : ਇਹ ਪਿੰਡ ਖਨੌਰੀ-ਕੈਥਲ ਪੱਕੀ ਸੜਕ ਉੱਪਰ ਸਥਿਤ ਅਰਨੋ ਪਿੰਡ ਤੋਂ ਲਿੰਕ ਰੋਡ ਰਾਹੀਂ ਪੱਛਮ ਵੱਲ ਤਿੰਨ ਕਿਲੋਮੀਟਰ ’ਤੇ ਹੈ। ਖਨੌਰੀ ਤੋਂ ਅਰਨੋ ਨੌਂ ਕਿਲੋਮੀਟਰ ਅਤੇ ਕੈਥਲ 22 ਕਿਲੋਮੀਟਰ ਹੈ। ਬਹਿਰ ਜੱਖ ਦਾ ਡਾਕਖ਼ਾਨਾ ਖ਼ਾਸ, ਥਾਣਾ ਘੱਗਾ, ਤਹਿਸੀਲ ਸਮਾਣਾ ਤੇ ਜ਼ਿਲ੍ਹਾ ਪਟਿਆਲਾ ਹੈ। ਹਿੰਦੂ ਮਿਥਿਹਾਸ ਅਨੁਸਾਰ ਇਸ ਪਿੰਡ ਦਾ ਨਾਮਕਰਨ ਮਹਾਭਾਰਤ ਦੇ ਯੁੱਧ ਤੋਂ ਚਾਲੂ ਹੋਇਆ ਹੈ। ਜਦੋਂ ਗੁਰੂ ਤੇਗ ਬਹਾਦਰ ਜੀ ਇੱਥੇ ਧਰਮ ਪ੍ਰਚਾਰ ਕਰਦੇ ਹੋਏ ਆਏ ਸਨ ਤਾਂ ਇੱਥੋਂ ਦੇ ਇਕ ਤਰਖਾਣ ਸਿੱਖ ਨੇ ਗੁਰੂ ਸਾਹਿਬ ਦੀ ਬਹੁਤ ਸੇਵਾ ਕੀਤੀ ਸੀ। ਇਸੇ ਤਰਖਾਣ ਸਿੱਖ ਨੂੰ ਗੁਰੂ ਸਾਹਿਬ ਨੇ ਇਸ ਇਲਾਕੇ ਦਾ ਪ੍ਰਚਾਰਕ ਨੀਅਤ ਕਰ ਦਿੱਤਾ ਸੀ ।
63-ਮੂਣਕ : ਕਸਬਾ ਮੂਣਕ ਜਾਖ਼ਲ-ਪਾਤੜਾਂ ਸੜਕ ਉੱਪਰ ਸਥਿਤ ਹੈ। ਇਹ ਜਾਖ਼ਲ ਤੋਂ ਸੱਤ ਕਿਲੋਮੀਟਰ ਤੇ ਪਾਤੜਾਂ ਤੋਂ 16 ਕਿਲੋਮੀਟਰ ਦੀ ਵਿੱਥ ’ਤੇ ਹੈ। ਇਸ ਦਾ ਡਾਕਖ਼ਾਨਾ ਤੇ ਥਾਣਾ ਖ਼ਾਸ, ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਹੈ। ਇੱਥੇ ਪਟਿਆਲਾ ਰਿਆਸਤ ਵੱਲੋਂ ਉਸਾਰਿਆ ਗਿਆ ਇਕ ਕਿਲ੍ਹਾ ਵੀ ਸੀ, ਜਿਹੜਾ ਹੁਣ ਖੰਡਰਾਤਾਂ ਦੇ ਰੂਪ ਵਿਚ ਹੈ। ਇਸ ਦਾ ਨਾਂ ਕਿਲ੍ਹਾ ਅਕਾਲਗੜ੍ਹ ਸੀ। ਗੁਰੂ ਤੇਗ ਬਹਾਦਰ ਜੀ ਇੱਥੇ ਧਰਮ ਪ੍ਰਚਾਰ ਕਰਦੇ ਹੋਏ ਆਏ ਸਨ। ਉਨ੍ਹਾਂ ਦੀ ਆਮਦ ਦੀ ਯਾਦ ’ਚ ਗੁਰਦੁਆਰਾ ਅਕਾਲਗੜ੍ਹ ਸਾਹਿਬ ਹੈ। ਇਸ ਨੂੰ 1953 ਵਿਚ ਸਰਦਾਰ ਹਰਚੰਦ ਸਿੰਘ ਜੇਜੀ, ਚੂੜਲ ਨਿਵਾਸੀ ਨੇ ਆਪਣੀ ਹਿੰਮਤ ਨਾਲ ਬਣਵਾਇਆ ਸੀ।
65- ਮਕੋਰੜ ਸਾਹਿਬ : ਪਿੰਡ ਮਕੋਰੜ ਸਾਹਿਬ ਮੂਣਕ ਤੋਂ ਸੱਤ ਕਿਲੋਮੀਟਰ ਦੀ ਵਿੱਥ ’ਤੇ ਹੈ ਤੇ ਇੱਥੋਂ ਧਮਧਾਨ ਸਾਹਿਬ 16 ਕਿਲੋਮੀਟਰ ਅੱਗੇ (ਹਰਿਆਣੇ ਵਿਚ) ਰਹਿ ਜਾਂਦਾ ਹੈ। ਇਸ ਦਾ ਡਾਕਖਾਨਾ ਖ਼ਾਸ, ਥਾਣਾ ਮੂਣਕ, ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਹੈ। ਗੁਰੂ ਤੇਗ ਬਹਾਦਰ ਜੀ ਸੰਭਵ ਤੌਰ ’ਤੇ ਧਮਧਾਨ ਸਾਹਿਬ ਨੂੰ ਆਉਣ-ਜਾਣ ਸਮੇਂ ਜਾਂ ਧਮਧਾਨ ਸਾਹਿਬ ਵਿਖੇ ਰਹਿਣ ਸਮੇਂ ਇਸ ਪਿੰਡ ਵਿਚ ਪਧਾਰੇ ਸਨ। ।
65-ਧਮਧਾਨ ਸਾਹਿਬ (ਹਰਿਆਣਾ) : ਧਮਧਾਨ ਸਾਹਿਬ, ਹਰਿਆਣਾ ਪ੍ਰਾਂਤ, ਜ਼ਿਲ੍ਹਾ ਜੀਂਦ ਤੇ ਤਹਿਸੀਲ ਨਰਵਾਣਾ ਦਾ ਪ੍ਰਸਿੱਧ ਨਗਰ ਹੈ। ਇਸ ਦਾ ਡਾਕਖ਼ਾਨਾ ਖ਼ਾਸ ਤੇ ਥਾਣਾ ਨਰਵਾਣਾ ਹੈ। ਇੱਥੋਂ ਬਹਿਰ ਜੱਖ 20 ਕਿਲੋਮੀਟਰ, ਮੀਹਾਂ ਸਿੰਘ ਵਾਲਾ ਸੱਤ ਕਿਲੋਮੀਟਰ, ਮਕੋਰੜ ਸਾਹਿਬ ਬਾਰਾਂ ਕਿਲੋਮੀਟਰ ਹੈ। ਹਰਿਆਣਾ ਬਣਨ ਤੋਂ ਪਹਿਲਾਂ ਇਸ ਇਲਾਕੇ ਨੂੰ ਪੰਜਾਬ ਵਿਚ ਬਾਂਗਰ ਦੇ ਇਲਾਕੇ ਦੇ ਤੌਰ ’ਤੇ ਜਾਣਿਆ ਜਾਂਦਾ ਸੀ। ਗੁਰੂ ਤੇਗ ਬਹਾਦਰ ਜੀ ਨੇ ਮਾਲਵਾ ਖੇਤਰ ਦਾ ਦੌਰਾ ਕਰਨ ਸਮੇਂ ਹੀ ਬਾਂਗਰ ਖੇਤਰ ਦਾ ਵੀ ਦੌਰਾ ਕੀਤਾ ਸੀ। ਧਮਧਾਨ ਸਾਹਿਬ ਸਮੁੱਚੇ ਬਾਂਗਰ ਇਲਾਕੇ ਦਾ ਕੇਂਦਰੀ ਅਸਥਾਨ ਬਣਾਇਆ ਗਿਆ ਸੀ। ਗੁਰੂ ਸਾਹਿਬ ਨੇ ਆਪਣਾ ਮੁੱਖ ਡੇਰਾ ਇੱਥੇ ਰੱਖਿਆ ਸੀ ਤੇ ਇੱਥੋਂ ਆਲੇ-ਦੁਆਲੇ ਦੇ ਪਿੰਡਾਂ ਵਿਚ ਪ੍ਰਚਾਰ ਦੌਰਿਆਂ ’ਤੇ ਜਾਂਦੇ ਸਨ।
66-ਗੁਰਣੇ ਕਲਾਂ : ਪਿੰਡ ਗੁਰਣੇ ਕਲਾ ਲਹਿਰਾ-ਜਾਖ਼ਲ ਸੜਕ ਉੱਪਰ ਇਕ ਕਿਲੋਮੀਟਰ ਲਿੰਕ ਰੋਡ ਰਾਹੀਂ ਜੁੜਿਆ ਹੋਇਆ ਹੈ। ਇਹ ਲਹਿਰੇ ਤੋਂ ਛੇ ਕਿਲੋਮੀਟਰ ਤੇ ਜਾਖਲ ਤੋਂ ਨੌਂ ਕਿਲੋਮੀਟਰ ਦੀ ਵਿੱਥ ’ਤੇ ਹੈ। ਇਸ ਦਾ ਡਾਕਖ਼ਾਨਾ ਬਲਹਿਰਾ, ਥਾਣਾ ਮੂਨਕ, ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਹੈ। ਇੱਥੇ ਗੁਰੂ ਤੇਗ ਬਹਾਦਰ ਜੀ ਪ੍ਰਚਾਰ ਕਰਦੇ ਹੋਏ ਆਏ ਸਨ। ਉਨ੍ਹਾਂ ਦੀ ਯਾਦ ’ਚ ਛੋਟਾ ਜਿਹਾ ਗੁਰਦੁਆਰਾ ਹੈ। ਗੁਰਦੁਆਰੇ ਦੀ ਇਮਾਰਤ ਕੋਈ ਬਹੁਤੀ ਵਧੀਆ ਨਹੀਂ ਹੈ।
67-ਲੇਹਲ ਕਲਾਂ : ਪਿੰਡ ਲੇਹਲ ਜਾਂ ਲੇਲ੍ਹ ਕਲਾਂ ਗੁਰਣੇ ਕਲਾਂ ਤੋਂ ਸੱਤ ਕਿਲੋਮੀਟਰ ਤੇ ਮੂਨਕ ਤੋਂ ਦਸ ਕਿਲੋਮੀਟਰ ਦੀ ਵਿੱਥ ’ਤੇ ਹੈ। ਇਸ ਦਾ ਡਾਕਖ਼ਾਨਾ ਖ਼ਾਸ, ਥਾਣਾ ਮੂਨਕ, ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਹੈ। ਇੱਥੇ ਗੁਰੂ ਤੇਗ ਬਹਾਦਰ ਜੀ ਦੇ ਆਉਣ ਦੀ ਰਵਾਇਤ ਬੜੀ ਤਕੜੀ ਹੈ। ਗੁਰੂ ਜੀ ਦੀ ਸੇਵਾ ਇੱਥੋਂ ਦੇ ਇਕ ਅੜਕ ਨਾਂ ਦੇ ਕਿਸਾਨ ਨੇ ਕੀਤੀ ਸੀ। ਇਸ ਅੜਕ ਨੂੰ ਗੁਰੂ ਜੀ ਨੇ ਨਾਮ-ਬਾਣੀ ਦਾ ਅਭਿਆਸ ਕਰਨ ਦੀ ਪ੍ਰੇਰਨਾ ਦਿੱਤੀ ਸੀ। ਇਸੇ ਦੀ ਵੰਸ਼ ਹੀ ਅੱਜ ਪਿੰਡ ਵਿਚ ਵੱਧ-ਫੁੱਲ ਰਹੀ ਹੈ। ਗੁਰੂ ਤੇਗ ਬਹਾਦਰ ਜੀ ਦੇ ਆਰਾਮ ਕਰਨ ਵਾਲੀ ਥਾਂ ਇਕ ਰੇਤਲੇ ਟਿੱਬੇ ਉੱਪਰ ਸੀ, ਜੋ ਪਿੰਡ ਦੇ ਬਾਹਰਵਾਰ ਕੁਝ ਦੂਰੀ ਦੀ ਵਿੱਥ ’ਤੇ ਹੈ।
68-ਗਾਗਾ : ਗਾਗਾ ਆਮ ਤੌਰ ’ਤੇ ਲਹਿਰਾ-ਗਾਗਾ ਦੇ ਸੰਯੁਕਤ ਨਾਂ ਨਾਲ ਜ਼ਿਆਦਾ ਮਸ਼ਹੂਰ ਹੈ ਕਿਉਂਕਿ ਇਹ ਦੋਵੇਂ ਨੇੜੇ-ਨੇੜੇ ਹੀ ਸਥਿਤ ਹਨ। ਇਹ ਸੰਘਰੇੜੀ ਤੋਂ ਗਿਆਰਾਂ ਕਿਲੋਮੀਟਰ ਅਤੇ ਗੁਰਣਿਆਂ ਤੋਂ 16 ਕਿਲੋਮੀਟਰ ਦੂਰ ਹੈ। ਇਸ ਦਾ ਡਾਕਖ਼ਾਨਾ ਤੇ ਥਾਣਾ ਲਹਿਰਾ, ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਹੈ। ਇੱਥੇ ਗੁਰੂ ਤੇਗ ਬਹਾਦਰ ਜੀ ਦੇ ਆਉਣ ਦੀ ਯਾਦ ਵਿਚ ਗੁਰਦੁਆਰਾ ਗੁਰੂਸਰ ਸਾਹਿਬ ਪਾਤਸ਼ਾਹੀ ਨੌਵੀਂ ਹੈ। ਇਹ ਗਾਗਾ ਪਿੰਡ ਤੋਂ ਪੱਛਮ ਵੱਲ ਇਕ ਫਰਲਾਂਗ ਦੀ ਵਿੱਥ ’ਤੇ ਇਕ ਢਾਬ ਦੇ ਕਿਨਾਰੇ ਉੱਪਰ ਹੈ। ਹੁਣ ਇਸ ਢਾਬ ਨੂੰ ਇਕ ਸਰੋਵਰ ਵਿਚ ਬਦਲਿਆ ਜਾ ਚੁੱਕਿਆ ਹੈ।
69-ਸੰਘਰੇੜੀ : ਸੰਘਰੇੜੀ ਪਿੰਡ ਗੋਬਿੰਦਪੁਰੇ ਤੋਂ ਤਿੰਨ ਕਿਲੋਮੀਟਰ ਤੇ ਗਾਗਾ ਤੋਂ ਬਾਰਾਂ ਕਿਲੋਮੀਟਰ ਦੂਰ ਹੈ। ਇਸ ਦਾ ਡਾਕਖ਼ਾਨਾ ਤੇ ਥਾਣਾ ਬਰੇਟਾ, ਤਹਿਸੀਲ ਤੇ ਜ਼ਿਲ੍ਹਾ ਮਾਨਸਾ ਹੈ। ਇੱਥੇ ਗੁਰੂ ਤੇਗ ਬਹਾਦਰ ਜੀ ਆਏ ਸਨ ਅਤੇ ਉਨ੍ਹਾਂ ਦੀ ਯਾਦ ਵਿਚ ਇੱਥੇ ਇਕ ਗੁਰਦੁਆਰਾ ਸਥਿਤ ਹੈ।
70-ਗੋਬਿੰਦਪੁਰਾ : ਪਿੰਡ ਗੋਬਿੰਦਪੁਰਾ ਬੱਤੋਆਣੇ ਤੋਂ ਪਿੰਡ ਦਾਤੇਵਾਸ ਰਾਹੀਂ ਗਿਆਰਾਂ ਕਿਲੋਮੀਟਰ ਦੀ ਵਿੱਥ ’ਤੇ ਹੈ। ਇਸ ਦਾ ਡਾਕਖਾਨਾ ਅਤੇ ਥਾਣਾ ਬਰੇਟਾ, ਤਹਿਸੀਲ ਤੇ ਜ਼ਿਲ੍ਹਾ ਮਾਨਸਾ ਹੈ। ਇੱਥੇ ਗੁਰੂ ਤੇਗ ਬਹਾਦਰ ਜੀ ਪ੍ਰਚਾਰ ਦੌਰੇ ਸਮੇਂ ਆਏ ਸਨ ਅਤੇ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਵੀ ਇੱਥੇ ਆਏ ਸਨ। ਅੱਜ-ਕੱਲ੍ਹ ਇੱਥੇ ਜੋ ਗੁਰਦੁਆਰਾ ਹੈ, ਉਹ ਦੋਵੇਂ ਗੁਰੂ ਸਾਹਿਬਾਨ ਦੀ ਯਾਦ ਵਿਚ ਬਣਿਆ ਹੋਇਆ ਹੈ। 70-ਬਰ੍ਹੇ : ਪਿੰਡ ਬਰ੍ਹੇ ਜਾਂ ਬਰਾਂ ਕੋਟ ਧਰਮੂ ਤੋਂ 14 ਕਿਲੋਮੀਟਰ ਅਤੇ ਬੁਢਲਾਢੇ ਤੋਂ ਸੰਤ ਕਿਲੋਮੀਟਰ ਦੀ ਵਿੱਥ ’ਤੇ ਹੈ। ਇੱਥੋਂ ਦਾ ਡਾਕਖ਼ਾਨਾ ਖ਼ਾਸ, ਥਾਣਾ ਬੋਹਾ, ਤਹਿਸੀਲ ਤੇ ਜ਼ਿਲ੍ਹਾ ਮਾਨਸਾ ਹੈ। ਗੁਰੂ ਸਾਹਿਬ ਇਲਾਕੇ ਵਿਚ ਧਰਮ ਪ੍ਰਚਾਰ ਕਰਦੇ ਹੋਏ ਇਸ ਪਿੰਡ ਵਿਚ ਆਏ ਸਨ। ਵੱਖ-ਵੱਖ ਲਿਖਤਾਂ ਵਿਚ ਆਏ ਜ਼ਿਕਰ ਮੁਤਾਬਿਕ ਇੱਥੇ ਤੇਗ ਬਹਾਦਰ ਜੀ ਨੇ ਚੁਮਾਸਾ (ਜੇਠ, ਹਾੜ, ਸਾਉਣ ਅਤੇ ਭਾਦੋਂ ਦੇ ਚਾਰ ਮਹੀਨੇ) ਕੱਟਿਆ ਸੀ।
71-ਕੋਟ ਧਰਮੂ (ਸੂਲੀਸਰ) : ਪਿੰਡ ਕੋਟ ਧਰਮੂ ਮਾਨਸਾ ਤੋਂ 14 ਕਿਲੋਮੀਟਰ ਅਤੇ ਬਰ੍ਹੇ ਪਿੰਡ ਤੋਂ ਵੀ ਤਕਰੀਬਨ ਇੰਨੀ ਹੀ ਦੂਰ ਹੈ। ਇਸ ਦਾ ਡਾਕਖ਼ਾਨਾ ਖ਼ਾਸ, ਥਾਣਾ, ਤਹਿਸੀਲ ਤੇ ਜ਼ਿਲ੍ਹਾ ਮਾਨਸਾ ਹੈ। ਇੱਥੇ ਗੁਰੂ ਤੇਗ ਬਹਾਦਰ ਜੀ ਇਸ ਇਲਾਕੇ ਵਿਚ ਪ੍ਰਚਾਰ ਕਰਦੇ ਹੋਏ ਆ ਕੇ ਠਹਿਰੇ ਸਨ। ਇੱਥੋਂ ਦੇ ਕੁਝ ਲੁਟੇਰਿਆਂ ਵੱਲੋਂ ਗੁਰੂ ਜੀ ਦਾ ਇਕ ਘੋੜਾ ਚੁਰਾ ਲੈਣ ਕਰਕੇ ਉਹ ਲੁਟੇਰੇ ਫੜੇ ਗਏ ਅਤੇ ਉਹ ਸ਼ਰਮ ਦੇ ਮਾਰੇ ਸਭ ਲੋਕਾਂ ਦੇ ਸਾਹਮਣੇ ਸੂਲੀ ’ਤੇ ਚੜ੍ਹ ਕੇ ਮਰ ਗਏ ਸੀ। ਇਸ ਕਰਕੇ ਇੱਥੋਂ ਦੇ ਗੁਰਦੁਆਰੇ ਦਾ ਨਾਂ ਗੁਰਦੁਆਰਾ ਸੂਲੀਸਰ ਪਾਤਸ਼ਾਹੀ ਨੌਵੀਂ ਹੈ।
72-ਤਲਵੰਡੀ ਸਾਬੋ ਕੀ : ਤਲਵੰਡੀ ਸਾਬੋ ਕੀ ਨੂੰ ਦਮਦਮਾ ਸਾਹਿਬ ਵੀ ਕਿਹਾ ਜਾਂਦਾ ਹੈ। ਇਹ ਸਿੱਖਾਂ ਦੇ ਪੰਜ ਤਖ਼ਤਾਂ ਵਿੱਚੋਂ ਇਕ ਮਹੱਤਵਪੂਰਨ ਤਖ਼ਤ ਹੈ। ਅੱਜ-ਕੱਲ੍ਹ ਪ੍ਰਬੰਧਕੀ ਤੌਰ ’ਤੇ ਇਹ ਅਸਥਾਨ ਬਠਿੰਡਾ ਜ਼ਿਲ੍ਹੇ ਦੀ ਇਕ ਤਹਿਸੀਲ ਹੈ। ਇੱਥੇ ਤਿੰਨ ਗੁਰੂ ਸਾਹਿਬਾਨ ਆਏ ਹਨ। ਗੁਰੂ ਨਾਨਕ ਦੇਵ ਜੀ, ਗੁਰੂ ਤੇਗ ਬਹਾਦੁਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ।
73-ਟਾਹਲਾ ਸਾਹਿਬ : ਪਿੰਡ ਟਾਹਲਾ ਸਾਹਿਬ ਮੌੜ ਮੰਡੀ ਤੋਂ ਤਿੰਨ ਕੁ ਕਿਲੋਮੀਟਰ ਦੱਖਣ ਵੱਲ ਹੈ। ਇਸ ਦਾ ਡਾਕਖ਼ਾਨਾ ਮੌੜ ਮੰਡੀ, ਤਹਿਸੀਲ ਤੇ ਜ਼ਿਲ੍ਹਾ ਬਠਿੰਡਾ ਹੈ। ਇਸ ਪਿੰਡ ਦਾ ਪਹਿਲਾਂ ਨਾਂ ਕੁਝ ਤੇ ਰਾਜਗੜ੍ਹ ਵੀ ਰਿਹਾ ਹੈ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਇਸ ਇਲਾਕੇ ਵਿਚ ਧਰਮ ਪ੍ਰਚਾਰ ਕਰਦੇ ਹੋਏ ਇੱਥੇ ਆਏ ਸਨ ਤਾਂ ਉਹ ਇਕ ਢਾਬ ਦੇ ਕਿਨਾਰੇ ਟਾਹਲੀ ਦੇ ਵੱਡੇ ਦਰੱਖ਼ਤ ਹੇਠ ਬੈਠੇ ਸਨ। ਟਾਹਲੀ ਦੇ ਵੱਡੇ ਆਕਾਰ ਨੂੰ ਦੇਖ ਕੇ ਸਿੱਖ ਸੰਗਤਾਂ ਉਸ ਨੂੰ ਟਾਹਲਾ ਕਹਿਣ ਲੱਗ ਪਈਆਂ। ਗੁਰੂ ਜੀ ਦੀ ਪਵਿੱਤਰ ਯਾਦ ਜੁੜੀ ਹੋਣ ਕਰਕੇ ਟਾਹਲਾ ਸਾਹਿਬ ਕਿਹਾ ਜਾਣ ਲੱਗ ਪਿਆ। ਅੱਜ-ਕੱਲ੍ਹ ਇਸ ਪਿੰਡ ਦਾ ਨਾਂ ਟਾਹਲਾ ਸਾਹਿਬ ਹੈ।
74-ਮੌੜ ਮੰਡੀ : ਮੌੜ ਮੰਡੀ ਕਸਬਾ ਮਾਨਸਾ-ਬਠਿੰਡਾ ਸੜਕ ਉੱਪਰ ਮਾਨਸਾ ਤੋਂ ਤਕਰੀਬਨ 15 ਕਿਲੋਮੀਟਰ ਦੀ ਵਿੱਥ ’ਤੇ ਸਥਿਤ ਹੈ। ਮੌੜ ਮੰਡੀ ਆਧੁਨਿਕ ਕਸਬੇ ਦਾ ਨਾਂ ਹੈ, ਜਦੋਂਕਿ ਮੌੜ ਪਿੰਡ ਇਸ ਤੋਂ ਇਕ ਪਾਸੇ ਮੁੱਖ ਸੜਕ ਉੱਪਰ ਸਥਿਤ ਹੈ। ਇੱਥੋਂ ਦਾ ਡਾਕਖ਼ਾਨਾ ਖ਼ਾਸ, ਥਾਣਾ ਖ਼ਾਸ ਮੌੜ ਮੰਡੀ, ਤਹਿਸੀਲ ਤੇ ਜ਼ਿਲ੍ਹਾ ਬਠਿੰਡਾ ਹੈ। ਮੌੜ ਪਿੰਡ ਇਕ ਮੌੜ ਨਾਂ ਦੇ ਮਾਨ ਗੋਤ ਦੇ ਜੱਟ ਨੇ ਵਸਾਇਆ ਸੀ। ਇਹ ਜੱਟ ਕਬੀਲਾ ਗੁਰੂ ਹਰਿ ਗੋਬਿੰਦ ਸਾਹਿਬ ਦੇ ਸਮੇਂ ਤੋਂ ਹੀ ਸਿੱਖ ਧਰਮ ਵਿਚ ਸ਼ਾਮਿਲ ਹੋ ਚੁੱਕਿਆ ਸੀ। ਮੌੜ ਦੀ ਵੰਸ਼ ਵਿੱਚੋਂ ਨਥੂ, ਲੱਲਾ, ਰਘੂ, ਮਿਰਜ਼ਾ ਤੇ ਆਸਾ ਗੁਰੂ ਤੇਗ ਬਹਾਦਰ ਜੀ ਦੇ ਸ਼ਰਧਾਵਾਨ ਸਿੱਖ ਸਨ। ਸਥਾਨਕ ਰਵਾਇਤ ਅਨੁਸਾਰ ਇਹ ਇਲਾਕਾ ਗੁਰੂ ਸਾਹਿਬ ਸਮੇਂ ਗ਼ੈਰ-ਆਬਾਦ ਤੇ ਜੰਗਲੀ ਸੀ। ਪਿੰਡ ਦੇ ਲੋਕ ਸੂਰਜ ਛਿਪਣ ਤੋਂ ਪਿੱਛੋਂ ਪਿੰਡ ਤੋਂ ਬਾਹਰ ਨਹੀਂ ਸੀ ਨਿਕਲਦੇ। ਅਗਿਆਨਤਾ ਕਾਰਨ ਉਨ੍ਹਾਂ ਨੂੰ ਜੰਗਲ ਵਿਚ ਭੂਤਾਂ, ਜਿਨ੍ਹਾਂ ਤੇ ਪਰੇਤਾਂ ਦਾ ਵਾਸਾ ਮਹਿਸੂਸ ਹੁੰਦਾ ਸੀ। ਗੁਰੂ ਸਾਹਿਬ ਨੇ ਇਸ ਇਲਾਕੇ ਵਿਚ ਵਿਚਰਦਿਆਂ ਬਾਹਰ ਜੰਗਲਾਂ ਵਿਚ ਹੀ ਡੇਰਾ ਲਾਇਆ ਹੋਇਆ ਸੀ। ਲੋਕ ਹੈਰਾਨ ਹੋ ਕੇ ਪੁੱਛਦੇ ਸਨ ਕਿ ਬਾਹਰ ਜਿਹੜੇ ਜਿੰਨ-ਪਰੇਤ ਰਹਿੰਦੇ ਸਨ, ਉਹ ਕਿੱਥੇ ਗਏ। ਗੁਰੂ ਜੀ ਦੇ ਸਾਥੀ ਸਿੱਖ ਅੱਗੋਂ ਉਸੇ ਲਹਿਜ਼ੇ ’ਚ ਜਵਾਬ ਦਿੰਦੇ ਕਹਿੰਦੇ ਸਨ ਕਿ ਉਨ੍ਹਾਂ ਸਭ ਨੂੰ ਗੁਰੂ ਸਾਹਿਬ ਨੇ ਮਾਰ ਭਜਾਇਆ ਹੈ। ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿਚ ਇੱਥੇ ਗੁਰਦੁਆਰਾ ਸਾਹਿਬ ਮੌੜ ਕਲਾਂ ਪਾਤਸ਼ਾਹ ਨੌਵੀਂ ਹੈ। ਗੁਰਦੁਆਰੇ ਦੇ ਨਾਂ ਪਟਿਆਲਾ ਰਿਆਸਤ ਵੱਲੋਂ ਕਾਫ਼ੀ ਜ਼ਮੀਨ ਲਗਵਾਈ ਹੋਈ ਹੈ ਪਰ ਜ਼ਮੀਨ ਜ਼ਿਆਦਾ ਉਪਜਾਊ ਨਾ ਹੋਣ ਕਾਰਨ ਚੰਗੀ ਆਮਦਨ ਵਾਲੀ ਨਹੀਂ ਹੈ। ਸਾਖੀ ਪੋਥੀ ਵਿਚ ਦਿਓ ਦੀ ਕਥਾ ’ਤੇ ਹੀ ਸਾਰਾ ਜ਼ੋਰ ਲਾਇਆ ਪਿਆ ਹੈ, ਜਿਹੜਾ ਮੰਨਣਯੋਗ ਨਹੀਂ ਹੈ।
75-ਮਾਈਸਰ ਖਾਨਾ : ਪਿੰਡ ਮਾਈਸਰ ਖਾਨਾ ਸੁਨਾਮ-ਬਠਿੰਡਾ ਸੜਕ ਉੱਪਰ ਮੌੜ ਮੰਡੀ ਤੋਂ ਨੌਂ ਕਿਲੋਮੀਟਰ ਅੱਗੇ ਹੈ। ਬਠਿੰਡਾ ਇੱਥੋਂ 32 ਕਿਲੋਮੀਟਰ ਅੱਗੇ ਰਹਿ ਜਾਂਦਾ ਹੈ। ਜਿਵੇਂ ਨਾਂ ਤੋਂ ਹੀ ਸਪੱਸ਼ਟ ਹੈ ਕਿ ਇੱਥੇ ਦੇਵੀ ਮਾਈ ਦਾ ਸਰੋਵਰ (ਤਲਾਬ) ਹੋਣ ਕਰਕੇ ਮਾਈ ਦਾ ਸਰ ਬੋਲਦੇ ਸਨ। ਇਸ ਮਾਈ ਦੇ ਸਰ ਉੱਪਰ ਕਿਸੇ ਸਿੱਧੂ ਗੋਤ ਦੇ ਜੱਟ ਖਾਨਾ ਨੇ ਪਿੰਡ ਆਬਾਦ ਕਰ ਲਿਆ ਜਿਸ ਨੂੰ ਇਕ ਸੰਯੁਕਤ ਨਾਂ ਮਾਈਸਰ ਖਾਨਾ ਨਾਲ ਜਾਣਿਆ ਜਾਣ ਲੱਗ ਪਿਆ। ਇੱਥੇ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿਚ ਗੁਰਦੁਆਰਾ ਮੰਜੀ ਸਾਹਿਬ ਹੈ। ਭੈਣੀ 76-ਬਾਘਾ : ਪਿੰਡ ਭੈਣੀ ਬਾਘਾ ਸੁਨਾਮ-ਬਠਿੰਡਾ ਸੜਕ ਉੱਪਰ ਖ਼ਿਆਲਾ ਕਲਾਂ ਤੋਂ ਸੱਤ ਕਿਲੋਮੀਟਰ ਅੱਗੇ ਹੈ। ਇਸ ਦਾ ਡਾਕਖਾਨਾ ਖ਼ਾਸ, ਥਾਣਾ, ਤਹਿਸੀਲ ਤੇ ਜ਼ਿਲ੍ਹਾ ਮਾਨਸਾ ਹੈ। ਇੱਥੇ ਗੁਰੂ ਤੇਗ ਬਹਾਦਰ ਜੀ ਦੀ ਪਵਿੱਤਰ ਆਮਦ ਦੀ ਯਾਦ ’ਚ ਦੋ ਗੁਰਦੁਆਰੇ ਹਨ। ਇਕ ਗੁਰਦੁਆਰਾ ਰਕਾਬਸਰ ਸਾਹਿਬ ਅਤੇ ਦੂਸਰਾ ਗੁਰਦੁਆਰਾ ਪਿਪਲਸਰ ਸਾਹਿਬ। ਸਥਾਨਕ ਰਵਾਇਤ ਅਨੁਸਾਰ ਇੱਥੇ ਗੁਰੂ ਸਾਹਿਬ ਨੇ ਪਿੰਡ ਦੇ ਇਕ ਚਮਿਆਰ ਕੋਲੋਂ ਆਪਣੇ ਘੋੜੇ ਦੀ ਰਕਾਬ ਠੀਕ ਕਰਵਾਈ ਸੀ। ਰਕਾਬ ਠੀਕ ਕਰਨ ਵਾਲਾ ਚਮਿਆਰ ਗੁਰੂ ਸਾਹਿਬ ਦਾ ਹੀ ਸਿੱਖ ਬਣ ਗਿਆ ਸੀ। ਗੁਰੂ ਸਾਹਿਬ ਨੇ ਉਸ ਦੀ ਸ਼ਰਧਾ ਦੇਖ ਕੇ ਉਸ ਨੂੰ ਸਿੱਖ ਸੰਗਤ ਵਿਚ ਪ੍ਰਮੁੱਖ ਥਾਂ ਦਿੱਤੀ ਸੀ। ਇਸ ਕਰਕੇ ਇਸ ਪਿੰਡ ਦੇ ਸਾਰੇ ਚਮਿਆਰ ਸਿੱਖ ਧਰਮ ਨੂੰ ਮੰਨਣ ਵਾਲੇ ਹਨ। ਗੁਰਦੁਆਰਾ ਪਿਪਲਸਰ ਵਾਲੀ ਥਾਂ ’ਤੇ ਗੁਰੂ ਸਾਹਿਬ ਇਕ ਪਿੱਪਲ ਹੇਠ ਖੜ੍ਹੇ ਸਨ। ਇਸ ਜ਼ਮੀਨ ਦੇ ਮਾਲਕ ਜਥੇਦਾਰ ਸਰਬਣ ਸਿੰਘ ਨੇ ਇਕ ਬਿੱਘਾ ਜ਼ਮੀਨ ਦੇ ਕੇ ਇੱਥੇ ਗੁਰਦੁਆਰਾ ਬਣਵਾਇਆ ਸੀ।
77-ਡਿੱਖ : ਪਿੰਡ ਡਿੱਖ ਭੈਣੀ ਬਾਘਾ ਤੋਂ 16 ਕਿਲੋਮੀਟਰ ਦੀ ਵਿੱਥ ’ਤੇ ਹੈ। ਇੱਥੋਂ ਅੱਗੇ ਮੌੜ ਗਿਆਰਾਂ ਕਿਲੋਮੀਟਰ ਦੀ ਵਿੱਥ ’ਤੇ ਹੈ। ਡਿੱਖ ਦਾ ਡਾਕਖ਼ਾਨਾ ਖ਼ਾਸ, ਥਾਣਾ ਬਾਲਿਆਂਵਾਲੀ, ਤਹਿਸੀਲ ਰਾਮਪੁਰਾ ਫੂਲ ਅਤੇ ਜ਼ਿਲ੍ਹਾ ਬਠਿੰਡਾ ਹੈ। ਇੱਥੇ ਗੁਰੂ ਤੇਗ ਬਹਾਦਰ ਜੀ ਇਲਾਕੇ ਵਿਚ ਪ੍ਰਚਾਰ ਦੌਰਾ ਕਰਦੇ ਹੋਏ ਆਏ ਸਨ ਪਰ ਇੱਥੇ ਗੁਰਦੁਆਰਾ 1917 ਤੋਂ ਪਿੱਛੇ ਹੀ ਬਣਿਆ ਹੈ। ਇਲਾਕੇ ਦੀ ਸੰਗਤ ਨੇ ਲੀਕਲ ਸਿੰਘ ਨੰਬਰਦਾਰ ਦੀ ਅਗਵਾਈ ਹੇਠ ਇਕ ਟਿੱਬੇ ਹੇਠੋਂ ਪੁਰਾਣਾ ਥੜ੍ਹਾ ਨਿਕਾਲਿਆ ਸੀ। ਇਸ ਥੜ੍ਹੇ ਬਾਰੇ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਇਹ ਗੁਰੂ ਤੇਗ ਬਹਾਦਰ ਜੀ ਦੇ ਬੈਠਣ ਵਾਲੀ ਥਾਂ ਉੱਪਰ ਬਣਾਇਆ ਗਿਆ ਸੀ। ਇਸ ਥੜੇ ਉੱਪਰ ਗੁਰਦੁਆਰਾ ਮੰਜਾ ਸਾਹਿਬ ਉਸਾਰਿਆ ਗਿਆ। ਸਾਲ 1943 ਈ ਦੇ ਨੇੜੇ-ਤੇੜੇ ਇੱਥੇ ਇਕ ਖੂਹੀ ਲਗਵਾਈ ਗਈ ਸੀ, ਜਿਸ ਦਾ ਪਾਣੀ ਬਹੁਤ ਸੁਆਦ ਸੀ। ਪਿੰਡ ਦਾ ਪਾਣੀ ਖਾਰਾ ਹੋਣ ਕਰਕੇ ਘਰ ਇਸੇ ਖੂਹੀ ਦਾ ਪਾਣੀ ਵਰਤਦੇ ਹਨ।
78-ਖਿਆਲਾ ਕਲਾਂ : ਪਿੰਡ ਖਿਆਲਾ ਕਲਾਂ ਸੁਨਾਮ-ਮਾਨਸਾ ਸੜਕ ਉੱਪਰ ਭੀਖੀ ਤੋਂ ਬਾਰਾਂ ਕਿਲੋਮੀਟਰ ਦੀ ਦੂਰੀ ’ਤੇ ਹੈ। ਇੱਥੋਂ ਅੱਗੇ ਮਾਨਸਾ ਸੱਤ ਕਿਲੋਮੀਟਰ ਰਹਿ ਜਾਂਦਾ ਹੈ। ਇਸ ਦਾ ਡਾਕਖਾਨਾ ਖ਼ਾਸ, ਤਹਿਸੀਲ ਤੇ ਜ਼ਿਲ੍ਹਾ ਮਾਨਸਾ ਹੈ। ਇੱਥੇ ਗੁਰੂ ਜੀ ਦੀ ਯਾਦ ਵਿਚ ਤਿੰਨ ਗੁਰਦੁਆਰੇ ਹਨ। ਇਕ ਗੁਰਦੁਆਰਾ ਮਹੰਤਾਂ ਵਾਲਾ ਹੈ ਜੋ ਨਿਹੰਗ ਸਿੰਘਾਂ ਦੇ ਕਬਜ਼ੇ ਵਿਚ ਹੈ। ਦੂਸਰਾ ਗੁਰਦੁਆਰਾ ਤੀਰਸਰ ਹੈ। ਇੱਥੇ ਗੁਰੂ ਸਾਹਿਬ ਨੇ ਤੀਰ ਨਾਲ ਖੂਹ ਲਗਵਾਉਣ ਦੀ ਸ਼ੁਰੂਆਤ ਕੀਤੀ ਸੀ। ਇਸ ਖੂਹ ਨਾਲ ਪਿੰਡ ਦੀ ਪਾਣੀ ਦੀ ਕਿੱਲਤ ਦੂਰ ਹੋ ਗਈ ਸੀ। ਇਸ ਦਾ ਪਾਣੀ ਬਹੁਤ ਸੁਆਦ ਸੀ। ਹੁਣ ਇਸ ਥਾਂ ਤੇ ਗੁਰਦੁਆਰਾ ਤੀਰਸਰ ਪਾਤਸ਼ਾਹੀ ਨੌਵੀਂ ਹੈ। ਇਹ ਬਸ ਅੱਡੇ ਤੋਂ ਇਕ ਫਰਲਾਂਗ ਦੀ ਵਿੱਥ ’ਤੇ ਹੈ। ਤੀਸਰਾ ਗੁਰਦੁਆਰਾ ਬੇਰੀ ਸਾਹਿਬ ਹੈ। ਇੱਥੇ ਬੜਾ ਪੁਰਾਣਾ ਬੇਰੀ ਦਾ ਦਰੱਖ਼ਤ ਹੈ।
79-ਜੋਗਾ : ਪਿੰਡ ਜੋਗਾ ਬਰਨਾਲਾ-ਮਾਨਸਾ ਸੜਕ ਉੱਤੇ ਬਰਨਾਲੇ ਤੋਂ 24 ਕਿਲੋਮੀਟਰ ਅਤੇ ਮਾਨਸਾ ਤੋਂ ਪਿੱਛੇ ਵੱਲ 28 ਕਿਲੋਮੀਟਰ ਦੀ ਵਿੱਥ ’ਤੇ ਹੈ। ਅਲੀਸ਼ੇਰ ਤੋਂ ਜੋਗਾ 9 ਕਿਲੋਮੀਟਰ ਦੀ ਦੂਰੀ ’ਤੇ ਹੈ। ਇਸ ਦੀ ਤਹਿਸੀਲ ਮਾਨਸਾ ਤੇ ਜ਼ਿਲ੍ਹਾ ਬਠਿੰਡਾ ਹੈ। ਅਸਲ ਵਿਚ ਜੋਗਾ ਤੇ ਰੱਲਾ ਦੋਵੇਂ ਇਕੱਠੇ ਹੀ ਨੇੜੇ-ਨੇੜੇ ਪਿੰਡ ਹਨ। ਸਾਖੀ ਪੋਥੀ ਅਤੇ ਭਾਈ ਕਾਨ੍ਹ ਸਿੰਘ ਨਾਭਾ ਦੀਆਂ ਲਿਖਤਾਂ ਤੋਂ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਵੇਲੇ ਸਿਰਫ਼ ਰੱਲਾ ਪਿੰਡ ਹੀ ਸੀ, ਜੋਗਾ ਨਹੀਂ ਸੀ। ਜੋਗਾ ਪਿੰਡ ਤਾਂ ਗੁਰੂ ਤੇਗ ਬਹਾਦਰ ਜੀ ਦੀ ਬਖ਼ਸ਼ਿਸ ਨਾਲ ਬੰਨ੍ਹਿਆ ਗਿਆ ਸੀ।
80-ਭੂਪਾਲ : ਪਿੰਡ ਭੂਪਾਲ ਜੋਗੇ ਰੱਲੇ ਤੋਂ ਅੱਗੇ ਗਿਆਰਾਂ ਕਿਲੋਮੀਟਰ ਦੀ ਵਿੱਥ ’ਤੇ ਹੈ। ਇਸ ਦੀ ਤਹਿਸੀਲ ਤੇ ਜ਼ਿਲ੍ਹਾ ਮਾਨਸਾ ਹੈ। ਇਲਾਕੇ ਵਿਚ ਪ੍ਰਚਾਰ ਦੌਰਾ ਕਰਦੇ ਹੋਏ ਗੁਰੂ ਸਾਹਿਬ ਭੂਪਾਲ ਪਿੰਡ ਵਿਚ ਆ ਕੇ ਠਹਿਰੇ ਸਨ।
81-ਭੀਖੀ : ਕਸਬਾ ਭੀਖੀ ਇਸ ਸਮੇਂ ਸੁਨਾਮ-ਬਠਿੰਡਾ ਜਾਂ ਸੁਨਾਮ-ਮਾਨਸਾ ਸੜਕ ਉੱਪਰ ਸੁਨਾਮ ਤੋਂ 25 ਕਿਲੋਮੀਟਰ ਅਤੇ ਮਾਨਸਾ ਤੋਂ ਸੁਨਾਮ ਵੱਲ 16 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਇੱਥੋਂ ਦਾ ਥਾਣਾ ਤੇ ਡਾਕਖਾਨਾ ਖ਼ਾਸ, ਤਹਿਸੀਲ ਤੇ ਜ਼ਿਲ੍ਹਾ ਮਾਨਸਾ ਹੈ। ਇੱਥੇ ਗੁਰੂ ਤੇਗ ਬਹਾਦਰ ਜੀ ਇਸ ਇਲਾਕੇ ਵਿਚ ਧਰਮ ਪ੍ਰਚਾਰ ਕਰਦੇ ਹੋਏ ਆਏ ਸਨ।
82-ਧਲੇਓ : ਪਿੰਡ ਧਲੇਓ ਜਾਂ ਧਲੇਵਾਂ ਭੀਖੀ ਤੋਂ ਛੇ ਕਿਲੋਮੀਟਰ ਦੀ ਵਿੱਥ ’ਤੇ ਹੈ। ਇਸ ਦਾ ਡਾਕਖਾਨਾਂ ਹੋਡਲ ਕਲਾਂ, ਥਾਣਾ, ਤਹਿਸੀਲ ਅਤੇ ਜ਼ਿਲ੍ਹਾ ਮਾਨਸਾ ਹੈ। ਇੱਥੇ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿਚ ਗੁਰਦੁਆਰਾ ਹੈ, ਜੋ ਸੰਮਤ 1973 ਬਿ ਮੁਤਾਬਕ ਸੰਨ 1916 ਈ. ਵਿਚ ਬਣਾਇਆ ਗਿਆ ਸੀ। ਇਸ ਗੁਰਦੁਆਰੇ ਨੂੰ ਬਣਵਾਉਣ ਵਿਚ ਪਿੰਡ ਰਾਇ ਸਿੰਘ ਵਾਲਾ (ਨੇੜੇ ਸਕਰੌਦੀ ਸਿੰਘਾਂ ਦੀ) ਦੇ ਕਿਸੇ ਸਰਦਾਰ ਰਣਬੀਰ ਸਿੰਘ ਦਾ ਕਾਫ਼ੀ ਹੱਥ ਸੀ। ਪਹਿਲਾਂ ਰਿਆਸਤ ਪਟਿਆਲਾ ਵੱਲੋਂ ਇਸ ਗੁਰਦੁਆਰੇ ਨੂੰ 120 ਰੁਪਏ ਸਾਲਾਨਾ ਮਿਲਦੇ ਸਨ। ਇੱਥੇ ਕੋਈ ਸੰਤ ਰਹਿੰਦਾ ਸੀ, ਜੋ ਗੁਰੂ ਸਾਹਿਬ ਦੇ ਦਰਸ਼ਨਾਂ ਦਾ ਅਭਿਲਾਖੀ ਸੀ। ਉਸ ਨਾਲ ਗੁਰੂ ਜੀ ਦੀ ਵਿਚਾਰ-ਚਰਚਾ ਹੋਈ ਸੀ। ਗੁਰਦੁਆਰੇ ਦਾ ਨਾਂ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਹੈ।
83-ਸਮਾਂਅ : ਪਿੰਡ ਸਮਾਂਅ (ਸਮਾਯ) ਖੀਵਾ ਵੱਡਾ ਤੇ ਚਾਰ ਕਿਲੋਮੀਟਰ ਅਤੇ ਭੀਖੀ ਤੋਂ ਦੋ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਇਸ ਦਾ ਡਾਕਖਾਨਾ ਖ਼ਾਸ, ਤਹਿਸੀਲ ਤੇ ਜ਼ਿਲ੍ਹਾ ਮਾਨਸਾ ਹੈ। ਗੁਰੂ ਸਾਹਿਬ ਇਸ ਇਲਾਕੇ ਵਿਚ ਧਰਮ ਪ੍ਰਚਾਰ ਕਰਦੇ ਹੋਏ ਇਸ ਪਿੰਡ ਵਿਚ ਆ ਕੇ ਠਹਿਰੇ ਸਨ।
84-ਕਣਕਵਾਲ ਕਲਾਂ : ਪਿੰਡ ਕਣਕਵਾਲ ਕਲਾਂ, ਧਲੇਓ ਤੋਂ ਬਾਰਾ ਕਿਲੋਮੀਟਰ, ਗੰਡੂਆਂ ਤੋਂ ਸੱਤ ਕਿਲੋਮੀਟਰ ਅਤੇ ਗਾਗੇ ਤੋਂ ਬਾਰਾਂ ਕਿਲੋਮੀਟਰ ਦੀ ਵਿੱਥ ’ਤੇ ਸਥਿਤ ਹੈ। ਇਸ ਦਾ ਡਾਕਖਾਨਾ ਧਰਮਗੜ੍ਹ, ਥਾਣਾ ਤੇ ਤਹਿਸੀਲ ਸੁਨਾਮ ਅਤੇ ਜ਼ਿਲ੍ਹਾ ਸੰਗਰੂਰ ਹੈ। ਗੁਰੂ ਤੇਗ ਬਹਾਦਰ ਜੀ ਇੱਥੇ ਧਰਮ ਪ੍ਰਚਾਰ ਕਰਦੇ ਹੋਏ ਆਏ ਸਨ। ਉਨ੍ਹਾਂ ਦੀ ਯਾਦ ਵਿਚ ਪਿੰਡ ਤੋਂ ਦੋ ਫਰਲਾਂਗ ਦੀ ਦੂਰੀ ’ਤੇ ਬਾਹਰਵਾਰ ਵਗਦੇ ਸੂਏ ਉੱਪਰ ਇਕ ਸੁੰਦਰ ਗੁਰਦੁਆਰਾ ਸਥਿਤ ਹੈ। ਇਸ ਨੂੰ ਗੁਰਦੁਆਰਾ ਪਾਤਸ਼ਾਹੀ ਨੌਵੀਂ ਕਿਹਾ ਜਾਂਦਾ ਹੈ।
85- ਗੰਡੂਆਂ : ਪਿੰਡ ਗੰਡੂਆਂ ਸੁਨਾਮ ਦੇ ਨੇੜੇ ਦਸ ਕੁ ਕਿਲੋਮੀਟਰ ਦੀ ਵਿੱਥ ’ਤੇ ਹੈ। ਇਹ ਛਾਜਲੀ ਤੋਂ ਸੱਤ ਕਿਲੋਮੀਟਰ ਉੱਤਰ ਵੱਲ ਸਥਿਤ ਹੈ। ਇਸ ਦਾ ਡਾਕਖਾਨਾ ਖ਼ਾਸ, ਥਾਣਾ ਤੇ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਹੈ। ਗੁਰੂ ਸਾਹਿਬ ਇਸ ਇਲਾਕੇ ਵਿਚ ਧਰਮ ਪ੍ਰਚਾਰ ਕਰਦੇ ਹੋਏ ਆਏ ਸਨ। ਗੁਰੂ ਜੀ ਦੀ ਯਾਦ ਵਿਚ ਗੁਰੂ ਤੇਗ ਬਹਾਦਰ ਜੀ ਦਾ ਗੁਰਦੁਆਰਾ ਹੈ। ਗੁਰੂ ਤੇਗ ਬਹਾਦਰ ਜੀ ਤੋਂ ਪਹਿਲਾਂ ਗੁਰੂ ਹਰਿਗੋਬਿੰਦ ਸਾਹਿਬ ਵੀ ਇੱਥੇ ਆਏ ਸਨ।
86-ਬੱਛੋਆਣਾ : ਪਿੰਡ ਬੱਛੋਆਣਾ ਬੁਢਲਾਢੇ ਤੋਂ ਦਸ ਕਿਲੋਮੀਟਰ ਦੀ ਵਿੱਥ ’ਤੇ ਹੈ। ਇਸ ਦਾ ਡਾਕਖ਼ਾਨਾ ਖ਼ਾਸ, ਥਾਣਾ ਬੁਢਲਾਢਾ, ਤਹਿਸੀਲ ਤੇ ਜ਼ਿਲ੍ਹਾ ਮਾਨਸਾ ਹੈ। ਜਦੋਂ ਗੁਰੂ ਸਾਹਿਬ ਬਰ੍ਹੇ ਪਿੰਡ ਵਿਚ ਰਹਿ ਰਹੇ ਸਨ, ਉਸ ਸਮੇਂ ਇੱਥੇ ਪ੍ਰਚਾਰ ਦੌਰੇ ’ਤੇ ਆਏ ਸਨ।
87-ਖੀਵਾ ਕਲਾਂ : ਖੀਵੇ ਕਈ ਹਨ, ਜਿਵੇਂ ਸਜਾਦੇ ਵਾਲਾ ਖੀਵਾ, ਦਿਆਲ ਵਾਲਾ ਖੀਵਾ ਅਤੇ ਮੀਆਂ ਸਿੰਘ ਵਾਲਾ ਬੀਵਾ। ਖੀਵਾਂ ਕਲਾਂ ਜਾਂ ਖੀਵਾ ਵੰਡਾ ਉਕਤ ਤਿੰਨ ਖੀਵਿਆਂ ਤੋਂ ਅਲੱਗ ਪਿੰਡ ਹੈ। ਇਹ ਭੀਖੀ-ਬਰਨਾਲਾ ਸੜਕ ਨਾਲ ਭੀਖੀ ਤੋਂ ਤਿੰਨ ਕਿਲੋਮੀਟਰ ਦੀ ਵਿੱਥ ’ਤੇ ਇਕ ਕਿਲੋਮੀਟਰ ਲੰਮੀ ਲਿੰਕ ਰੋਡ ਨਾਲ ਜੁੜਿਆ ਹੋਇਆ ਹੈ। ਇੱਥੇ ਦੇ ਇਕ ਜਟੂ ਸਿੰਘ ਨਾਂ ਦੇ ਵਿਅਕਤੀ ਨੇ ਗੁਰੂ ਸਾਹਿਬ ਦੀ ਬਹੁਤ ਸੇਵਾ ਕੀਤੀ ਸੀ। ਜਿੰਨਾ ਚਿਰ ਗੁਰੂ ਸਾਹਿਬ ਇਸ ਇਲਾਕੇ ਵਿਚ ਰਹੇ ਸਨ। ਜੱਟੂ ਸਿੰਘ ਗੁਰੂ ਸਾਹਿਬ ਦੇ ਘੋੜਿਆਂ ਨੂੰ ਘਾਹ-ਪੰਠਿਆਂ ਦੀ ਅਤੇ ਲੰਗਰ ਲਈ ਲੱਕੜਾਂ ਦੀ ਸੇਵਾ ਕਰਦਾ ਰਿਹਾ ਸੀ। ਗੁਰੂ ਸਾਹਿਬ ਨੇ ਉਸ ਦੀ ਸੇਵਾ ਤੋਂ ਖ਼ੁਸ਼ ਹੋ ਕੇ ਉਸ ਨੂੰ ਇਸ ਇਲਾਕੇ ਦਾ ਮੁੱਖ ਪ੍ਰਚਾਰਕ ਥਾਪ ਦਿੱਤਾ ਤੇ ਵਰ ਦਿੱਤਾ ਸੀ ਕਿ ਉਸ ਨੂੰ ਇੱਥੋਂ ਦੀਆਂ ਸੰਗਤਾਂ ਵੱਲੋਂ ਦੂਹਰਾ ਵਰਤਾਓ ਮਿਲਦਾ ਰਹੇਗਾ। ਦੂਹਰੇ ਵਰਤਾਓ ਦਾ ਮਤਲਬ ਹੈ ਕਿ ਇਕ ਵਰਤਾਓ ਉਸ ਨਾਲ ਹੋਵੇਗਾ ਇਲਾਕੇ ਦਾ ਵਸਨੀਕ ਹੋਣ ਕਰਕੇ ਅਤੇ ਦੂਸਰਾ ਵਰਤਾਓ ਹੋਵੇਗਾ ਗੁਰੂ ਜੀ ਦਾ ਪ੍ਰਚਾਰਕ ਹੋਣ ਕਰਕੇ। ਉਸ ਦੇ ਖ਼ਾਨਦਾਨ ਨੂੰ ਵੀ ਅੱਜ ਤਕ ਦੂਹਰੇ ਵਰਤਾਰੇ ਮਿਲਦੇ ਰਹੇ ਹਨ।
87-ਅਲੀ ਸ਼ੇਰ : ਪਿੰਡ ਅਲੀ ਸ਼ੇਰ ਪੰਧੇਰ ਤੋਂ ਛੇ ਕਿਲੋਮੀਟਰ ਦੱਖਣ ਵੱਲ ਸਥਿਤ ਹੈ। ਇਸ ਦੀ ਤਹਿਸੀਲ ਮਾਨਸਾ ਅਤੇ ਜ਼ਿਲ੍ਹਾ ਬਠਿੰਡਾ ਹੈ। ਗੁਰੂ ਸਾਹਿਬ ਪੰਧੇਰਾਂ ਤੋਂ ਆਉਂਦੇ ਹੋਏ ਇੱਧਰ ਆਏ ਸਨ । ਜਿਸ ਥਾਂ ‘ਤੇ ਗੁਰੂ ਸਾਹਿਬ ਠਹਿਰੇ ਸਨ ਉੱਥੇ ਝਿੜੀ ਅਤੇ ਢਾਬ ਸੀ । ਇਸ ਦੇ ਨੇੜੇ ਉੱਚਾ ਟਿੱਬਾ ਸੀ। ਇਸ ਟਿੱਬੇ ਨੂੰ ਖਾਲਸਾ ਟਿੱਬਾ ਵੀ ਕਿਹਾ ਜਾਂਦਾ ਹੈ। ਇਸ ਥਾਂ ’ਤੇ ਪਿੱਛੋਂ ਗੁਰਦੁਆਰਾ ਉਸਾਰ ਦਿੱਤਾ ਗਿਆ ਸੀ । ਗੁਰਦੁਆਰੇ ਦੇ ਨੇੜੇ ਹੀ ਇਕ ਕਰੀਰ ਦਾ ਪੁਰਾਣਾ ਦਰੱਖ਼ਤ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਗੁਰੂ ਸਾਹਿਬ ਦੇ ਸਮੇਂ ਦਾ ਹੀ ਹੈ।
88-ਪੰਧੇਰ : ਪਿੰਡ ਪੰਧੇਰ ਢਿਲਵਾਂ ਤੋਂ 22 ਕਿਲੋਮੀਟਰ ਅਤੇ ਅਲੀਸ਼ੇਰ ਤੇ ਪੰਜ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਇਸ ਦੀ ਤਹਿਸੀਲ ਬਰਨਾਲਾ ਤੇ ਜ਼ਿਲਾ ਸੰਗਰੂਰ ਹੈ। ਪਿੰਡ ਪੰਧੇਰ ਵਿਖੇ ਇਕ ਘੁਮਿਆਰ ਸਿੱਖ ਸੀ ਜੋ ਸਿੱਖ ਧਰਮ ਦਾ ਪਰਚਾਰਕ ਸੀ । ਗੁਰੂ ਤੇਗ ਬਹਾਦਰ ਜੀ ਜਦੋ ਇਸ ਇਲਾਕੇ ਵਿਚ ਧਰਮ ਪ੍ਰਚਾਰ ਕਰ ਕੇ ਫਿਰ ਰਹੇ ਸਨ ਤਾਂ ਇਕ ਘੁਮਿਆਰ ਸਿੱਖ ਗੁਰੂ ਜੀ ਦੀ ਸੇਵਾ ਵਿਚ ਹਰ ਸਮੇਂ ਹਾਜ਼ਰ ਰਹਿੰਦਾ ਸੀ। ਉਸ ਦੀ ਸੇਵਾ ਤੋਂ ਹੀ ਪਰਸੰਨ ਹੋ ਕੇ ਗੁਰੂ ਜੀ ਉਸ ਦੇ ਘਰ ਆਏ ਸਨ ਅਤੇ ਉਸ ਦਾ ਹਾਲ ਚਾਲ ਪੁੱਛ ਕੇ ਅੱਗੇ ਚਲੇ ਗਏ ਸਨ। ਇਸੇ ਘੁਮਿਆਰ ਸਿੱਖ ਦੇ ਘਰ ਹੀ ਗੁਰਦੁਆਰਾ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਇਕ ਖੂਹ ਹੈ।
89-ਹੀਰੋਂ ਕਲਾਂ : ਪਿੰਡ ਹੀਰੋਂ ਕਲਾਂ, ਸ਼ਾਹਪੁਰ ਤੋਂ ਝਾੜੋਂ ਵਿਚੋਂ ਦੀ ਛੇ ਕਿਲੋਮੀਟਰ ’ਤੇ ਹੈ। ਇਸ ਦੇ ਗੁਆਂਢ ਵਿਚ ਕਣਕਵਾਲ ਪੰਜ ਕਿਲੋਮੀਟਰ ਅਤੇ ਗੰਡੂਆਂ ਸੱਤ ਕਿਲੋਮੀਟਰ ‘ਤੇ ਹਨ। ਇੱਥੋਂ ਦਾ ਡਾਕਖਾਨਾ ਖਾਸ, ਥਾਣਾ ਭੀਖੀ, ਤਹਿਸੀਲ ਮਾਨਸਾ ਤੇ ਜ਼ਿਲ੍ਹਾ ਪਟਿਆਲਾ ਹੈ। ਇੱਥੇ ਜਦੋਂ ਗੁਰੂ ਤੇਗ ਬਹਾਦਰ ਜੀ ਆਏ ਸਨ ਤਾਂ ਉਹ ਪਿੰਡ ਦੇ ਬਾਹਰਵਾਰ ਦੱਖਣ ਵੱਲ ਤਕਰੀਬਨ ਡੇਢ ਕਿਲੋਮੀਟਰ ਦੀ ਦੂਰੀ ‘ਤੇ ਬੈਠੇ ਸਨ । ਇੱਥੋਂ ਦੇ ਗੁਰਦੁਆਰੇ ਦਾ ਨਾਂ ਗੁਰਦੁਆਰਾ ਕੰਵਲਸਰ ਪਾਤਸ਼ਾਹੀ ਨੌਵੀਂ ਹੈ।
90-ਸ਼ਾਹਪੁਰ : ਪਿੰਡ ਸ਼ਾਹਪੁਰ ਸੁਨਾਮ-ਭੀਖੀ ਸੜਕ ਉੱਤੇ ਚੀਮਾਂ ਕਸਬੇ ਤੋਂ ਉੱਤਰ ਵੱਲ ਤਿੰਨ ਕੁ ਕਿਲੋਮੀਟਰ ਦੀ ਵਿੱਥ ’ਤੇ ਲਿੰਕ ਰੋਡ ਰਾਹੀਂ ਜੁੜਿਆ ਹੋਇਆ ਹੈ। ਇਸ ਦਾ ਡਾਕਖਾਨਾ ਖਾਸ, ਤਹਿਸੀਲ ਤੇ ਜਿਲਾ ਸੰਗਰੂਰ ਹੈ। ਇੱਥੇ ਗੁਰੂ ਤੇਗ ਬਹਾਦਰ ਜੀ ਪ੍ਰਚਾਰ ਦੌਰਾ ਕਰਦੇ ਹੋਏ ਆਏ ਸਨ। ਉਨ੍ਹਾਂ ਦੀ ਯਾਦ ਵਿਚ ਪਿੰਡ ਦੇ ਵਿਚ ਹੀ ਗੁਰਦੁਆਰਾ ਹੈ। ਇਸ ਦੀ ਉਸਾਰੀ ਸੰਮਤ 1980 ਬਿ. ਮੁਤਾਬਕ ਸੰਨ 1923 ਈ. ਵਿਚ ਹੋਈ ਸੀ । ਗੁਰਦੁਆਰੇ ਦੇ ਨਾਲ ਹੀ ਜਦੋਂ ਸਰੋਵਰ ਦੀ ਪੁਟਾਈ ਕੀਤੀ ਜਾ ਰਹੀ ਸੀ ਤਾਂ ਵਿਚੋਂ ਇਕ ਥੜ੍ਹਾ ਨਿਕਲਿਆ ਸੀ । ਲੋਕ ਇਸ ਥੜ੍ਹੇ ਨੂੰ ਗੁਰੂ ਜੀ ਦੀ ਯਾਦ ਹੀ ਮੰਨਦੇ ਹਨ ।
91-ਕੱਟੂ : ਪਿੰਡ ਕੱਟੂ ਸੇਖੇ ਤੋਂ ਦੱਖਣ ਵੱਲ ਪੰਜ ਕਿਲੋਮੀਟਰ ਦੀ ਵਿੱਥ ’ਤੇ ਹੈ। ਗੁਰੂ ਸਾਹਿਬ ਸੇਖੇ ਤੋਂ ਇੱਥੇ ਆਏ ਸਨ। ਇੱਥੇ ਇਕ ਸੰਤ ਮਹਾਤਮਾ ਧਿਆਨ ਦਾਸ ਰਹਿੰਦਾ ਸੀ । ਉਸ ਨੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ ਸੀ । ਇੱਥੇ ਗੁਰੂ ਜੀ ਕਾਫੀ ਦਿਨ ਰਹੇ ਮਾਲੂਮ ਹੁੰਦੇ ਹਨ ਕਿਉਂਕਿ ਇੱਥੇ ਗੁਰੂ ਸਾਹਿਬ ਸਿੱਖ ਸੰਗਤਾਂ ਦੇ ਵੱਡੇ-ਵੱਡੇ ਦੀਵਾਨ ਲਗਾਉਂਦੇ ਸਨ । ਇਨ੍ਹਾਂ ਦੀਵਾਨਾਂ ਵਿਚ ਹੀ ਗੁਰੂ ਜੀ ਨੇ ਇਸ ਗੱਲ ਦਾ ਖੰਡਨ ਕੀਤਾ ਸੀ ਕਿ ਪਰਮਾਤਮਾ ਦੀ ਖੋਜ ਲਈ ਜੰਗਲਾਂ ਵਿਚ ਜਾਣ ਦੀ ਲੋੜ ਹੈ।
92-ਧੌਲਾ : ਪਿੰਡ ਧੌਲਾ ਹੁੰਢਿਆਇਆ ਦੇ ਨੇੜੇ ਹੀ ਪੰਜ ਕਿਲੋਮੀਟਰ ਦੀ ਦੂਰੀ ’ਤੇ ਹੈ। ਇਸ ਦੀ ਤਹਿਸੀਲ ਬਰਨਾਲਾ ਅਤੇ ਜ਼ਿਲ੍ਹਾ ਸੰਗਰੂਰ ਹੈ । ਪਿੰਡ ਨੇੜੇ-ਨੇੜੇ ਹੋਣ ਕਰ ਕੇ ਗੁਰੂ ਸਾਹਿਬ ਇਕੋ ਸਮੇਂ ਸਭ ਪਿੰਡਾਂ ਵਿਚ ਵਿਚਰਦੇ ਰਹਿੰਦੇ ਸਨ। ਇਹ ਕਹਿਣਾ ਔਖਾ ਹੁੰਦਾ ਹੈ ਕਿ ਗੁਰੂ ਸਾਹਿਬ ਪਹਿਲਾਂ ਜਿਹੜੇ ਪਿੰਡ ਵਿਚ ਆਏ ਸਨ ਤੇ ਪਿੱਛੇ ਕਿਹੜੇ ਪਿੰਡ ਵਿਚ ਗਏ ਸਨ ਕਿਉਂਕਿ ਹੱਢਿਆਇਆ ਗਲਘੋਟੂ ਦੀ ਬਿਮਾਰੀ ਤੋਂ ਪੀੜਿਤ ਸੀ । ਇਸ ਲਈ ਧੌਲਾ ਵੀ ਜਰੂਰ ਹੀ ਅਜਿਹੀ ਗ੍ਰਿਫ਼ਤ ਵਿਚ ਵਸਿਆ ਹੋਵੇਗਾ। ਇੱਥੇ ਜਿਹੜਾ ਗੁਰਦੁਆਰਾ ਹੈ ਉਹ ਧੌਲਾ ਅਤੇ ਹੱਢਿਆਇਆ ਦੀ ਸਾਂਝੀ ਹੱਦ ਉੱਪਰ ਹੈ। ਹੁਣ ਇਹ ਗੁਰਦੁਆਰਾ ਸ਼੍ਰੋਮਣੀ ਕਮੇਟੀ ਪਾਸ ਹੈ।
93-ਹੰਢਿਆਇਆ : ਪਿੰਡ ਹੰਢਿਆਇਆ ਬਰਨਾਲਾ-ਮਾਨਸਾ ਸੜਕ ਉੱਪਰ ਬਰਨਾਲੇ ਤੋਂ ਛੇ ਕੁ ਕਿਲੋਮੀਟਰ ਦੀ ਵਿੱਥ ’ਤੇ ਹੈ। ਤਹਿਸੀਲ ਬਰਨਾਲਾ ਅਤੇ ਜ਼ਿਲ੍ਹਾ ਸੰਗਰੂਰ ਹੈ। ਜਦੋਂ ਗੁਰੂ ਸਾਹਿਬ ਇਸ ਇਲਾਕੇ ਵਿਚ ਧਰਮ ਪ੍ਰਚਾਰ ਕਰਦੇ ਸਨ ਤਾਂ ਗੁਰੂ ਜੀ ਦੀ ਮਹਿਮਾ ਚਾਰੇ ਪਾਸੇ ਫੈਲ ਗਈ ਸੀ। ਲੋਕਾਂ ਵਿਚ ਇਹ ਵਿਸ਼ਵਾਸ ਫੈਲ ਗਿਆ ਸੀ ਕਿ ਜਿਸ ਪਿੰਡ ਵਿਚ ਗੁਰੂ ਸਾਹਿਬ ਜਾਂਦੇ ਹਨ ਉੱਥੇ ਕੋਈ ਬਿਮਾਰੀ ਨਹੀਂ ਪੈਂਦੀ। ਜਿਵੇਂ ਕਿ ਪਿੱਛੇ ਦੇਖਿਆ ਹੈ ਕਿ ਕਈ ਪਿੰਡਾਂ ਵਿਚ ਗੁਰੂ ਜੀ ਨੇ ਲੋਕਾਂ ਵਿਚ ਫੈਲੀਆਂ ਬਿਮਾਰੀਆਂ ਦਾ ਇਲਾਜ ਕੀਤਾ ਸੀ। ਹੰਢਿਆਇ ਵੀ ਇਕ ਵਿਸ਼ੇਸ਼ ਕਿਸਮ ਦੀ ਗਲਘੋਟੂ ਬਿਮਾਰੀ ਫੈਲੀ ਹੋਈ ਸੀ । ਇਸ ਕਰਕੇ ਹੱਢਿਆਇ ਦੇ ਲੋਕ ਗੁਰੂ ਜੀ ਨੂੰ ਇੱਥੇ ਲੈ ਕੇ ਆਏ ਸਨ। ਗੁਰੂ ਜੀ ਨੇ ਲੋਕਾਂ ਦਾ ਇਲਾਜ ਕੀਤਾ । ਜਿੱਥੇ ਗੁਰੂ ਸਾਹਿਬ ਆ ਕੇ ਬੈਠੇ ਸਨ ਉੱਥੇ ਟਾਹਲੀਆਂ ਦਾ ਇਕ ਸੰਘਣਾ ਝੁੰਡ ਸੀ। ਇੱਥੇ ਹੀ ਕੁੰਭੜਵਾਲ ਦੀ ਸੰਗਤ ਆ ਕੇ ਟਹਿਲ ਸੇਵਾ ਕਰਦੀ ਸੀ । ਇੱਥੇ ਗੁਰੂ ਜੀ ਦੀ ਯਾਦ ਵਿਚ ਗੁਰਦੁਆਰਾ ਬਣਿਆ ਹੋਇਆ ਹੈ।
94-ਸੋਹੀਵਾਲ : ਪਿੰਡ ਸੋਹੀਵਾਲ ਬਰਨਾਲਾ-ਤਪਾ ਸੜਕ ਉੱਤੇ ਦਸ ਕਿਲੋਮੀਟਰ ਬਰਨਾਲੋ ਤੋਂ ਦੂਰ ਹੈ। ਧੌਲੇ ਤੋਂ ਛੇ ਕਿਲੋਮੀਟਰ ਹੈ। ਜਿੱਥੇ ਗੁਰੂ ਸਾਹਿਬ ਆ ਕੇ ਠਹਿਰੇ ਸਨ. ਉੱਥੇ ਇਕ ਢਾਬ ਅਤੇ ਜੰਡਾਂ ਕਰੀਰਾਂ ਦਾ ਸੰਘਣਾ ਝੁੰਡ ਸੀ। ਇਹ ਦਰੱਖ਼ਤ ਹੁਣ ਵੀ ਹਨ। ਗੁਰਦੁਆਰੇ ਦੀ ਸੇਵਾ ਰਾਮਦਾਸੀਏ ਸਿੱਖ ਕਰਦੇ ਹਨ ।
96-ਰੂੜੇ ਕਲਾਂ :ਪਿੰਡ ਰੂੜੇ ਕਲਾ ਬਰਨਾਲਾ-ਮਾਨਸਾ ਸੜਕ ਉੱਪਰ ਬਰਨਾਲੇ ਤੇ ਗਿਆਰਾ ਮੀਲ ਤੇ ਹੰਢਿਆਇ ਤੇ ਸੱਤ ਮੀਲ ਉੱਤਰ ਵੱਲ ਹੈ। ਇਸ ਦੀ ਤਹਿਸੀਲ ਬਰਨਾਲਾ ਤੇ ਜ਼ਿਲਾ ਸੰਗਰੂਰ ਹੈ। ਇੱਥੇ ਗੁਰੂ ਤੇਗ ਬਹਾਦੁਰ ਜੀ ਦੇ ਆਉਣ ਦੀ ਯਾਦ ਵਿਚ ਗੁਰਦੁਆਰਾ ਸਥਿਤ ਹੈ। ਗੁਰਦੁਆਰੇ ਵਾਲੀ ਥਾਂ ‘ਤੇ ਪਹਿਲਾਂ ਇਕ ਭਾਰੀ ਕਿਲਾ ਅਤੇ ਡੂੰਘੀ ਢਾਬ ਹੁੰਦੀ ਸੀ। ਇਸ ਢਾਬ ਨੂੰ ਇੱਥੋਂ ਦੇ ਲੋਕ ਪਹਿਲਾਂ ਤੋਂ ਹੀ ਗੁਰੂ ਸਰ ਢਾਬ ਕਹਿੰਦੇ ਹੁੰਦੇ ਸਨ । ਵੈਸੇ ਇਸ ਤੋਂ ਨੇੜਲੇ ਇਕ ਹੋਰ ਪਿੰਡ ਦੁਨੇ ਕੇ ਕੋਟ ਦੀ ਢਾਬ ਨੂੰ ਵੀ ਗੁਰੂ ਸਰ ਢਾਬ ਕਹਿੰਦੇ ਹਨ। ਪਿਛਲੇ ਕੁਝ ਹੀ ਸਾਲਾਂ ਤੇ ਪਿੰਡ ਦੀਆਂ ਸੰਗਤਾਂ ਦੇ ਉਦਮ ਨਾਲ ਪਿੰਡ ਰੂੜੇਕਿਆਂ ਦਾ ਗੁਰਦੁਆਰਾ ਬਣਿਆ ਹੈ।
97-ਦੁੱਲਮੀ ਕੀ : ਪਿੰਡ ਦੁੱਲਮੀ ਕੀ ਢਿਲਵਾਂ ਤੋਂ ਪੰਜ ਕਿਲੋਮੀਟਰ ਦੀ ਦੂਰੀ ‘ਤੇ ਛੋਟਾ ਜਿਹਾ ਪਿੰਡ ਹੈ। ਇਹ ਤਪਾ ਢਿਲਵਾਂ ਪੱਖੋ ਸੜਕ ਨਾਲ ਲਿੰਕ ਰੋਡ ਰਾਹੀਂ ਜੁੜਿਆ ਹੋਇਆ ਹੈ। ਇਥੇ ਗੁਰੂ ਸਾਹਿਬ ਢਿਲਵਾਂ ਰਹਿੰਦੇ ਹੋਏ ਆਇਆ ਕਰਦੇ ਸਨ । ਉਨ੍ਹਾਂ ਦੀ ਯਾਦ ਵਿਚ ਇੱਥੇ ਪੁਰਾਣੀ ਢਾਬ ਦੇ ਕਿਨਾਰੇ ਛੋਟਾ ਜਿਹਾ ਗੁਰਦੁਆਰਾ ਹੈ ਅਤੇ ਨਾਲ ਲਗਵੀਂ ਇਕ ਛੋਟੀ ਜਿਹੀ ਖੂਹੀ ਵੀ ਹੈ। ਇਕ ਪੁਰਾਣੀ ਬੇਰੀ ਦਾ ਦਰੱਖਤ ਹੈ, ਜਿਸ ਨੂੰ ਗੁਰੂ ਸਾਹਿਬ ਦੇ ਸਮੇਂ ਦੇ ਦੱਸਿਆ ਜਾਂਦਾ ਹੈ। ਮੁਰੱਬਾ ਬੰਦੀ ਵੇਲੇ ਹੀ ਗੁਰਦੁਆਰੇ ਦਾ ਵਰਤਮਾਨ ਸਰੂਪ ਹੋਂਦ ਵਿਚ ਆਇਆ ਸੀ।
98- ਢਿਲਵਾਂ : ਪਿੰਡ ਢਿਲਵਾਂ ਅਤੇ ਮੌੜ ਨੇੜੇ-ਨੇੜੇ ਹੀ ਹੋਣ ਕਰ ਕੇ ਇਕੋ ਸੰਯੁਕਤ ਨਾਂ ਢਿਲਵਾਂ ਮੌੜ ਨਾਲ ਹੀ ਪੁਕਾਰੇ ਜਾਂਦੇ ਹਨ । ਬਰਨਾਲੇ ਤੋਂ ਤਪੇ ਵਿਚੋਂ ਦੀ ਜੋ ਸੜਕ ਪੱਖੇ ਨੂੰ ਜਾਂਦੀ ਹੈ ਢਿਲਵਾਂ ਮੌੜ ਉਸ ਉੱਪਰ ਸਥਿਤ ਹਨ। ਇਸ ਦੀ ਤਹਿਸੀਲ ਬਰਨਾਲਾ ਤੇ ਜ਼ਿਲਾ ਸੰਗਰੂਰ ਹੈ। ਢਿਲਵਾਂ ਵਿਖੇ ਇਕ ਮਧੋਅ ਨਾਮੀ ਸਿੱਖ ਗੁਰੂ ਘਰ ਦਾ ਪ੍ਰਚਾਰਕ ਸੀ । ਜਦੋਂ ਗੁਰੂ ਤੇਗ ਬਹਾਦੁਰ ਜੀ ਇੱਥੇ ਧਰਮ ਪਰਚਾਰ ਕਰ ਰਹੇ ਸਨ ਤਾਂ ਮਧੋਅ ਪਿੰਡ ਦੇ ਲੋਕਾਂ ਨੂੰ ਨਾਲ ਲੈ ਕੇ ਗੁਰੂ ਜੀ ਨੂੰ ਲਿਆਉਣ ਲਈ ਗਿਆ ਸੀ। ਇੱਥੇ ਆ ਕੇ ਗੁਰੂ ਸਾਹਿਬ ਕਾਫੀ ਸਮਾਂ ਠਹਿਰੇ ਸਨ। ਅਸਲ ਵਿਚ ਢਿਲਵਾਂ ਪਿੰਡ ਵਿਖੇ ਗੁਰੂ ਜੀ ਨੇ ਆਪਣਾ ਮੁੱਖ ਡੇਰਾ ਰੱਖਿਆ ਹੋਇਆ ਸੀ ਅਤੇ ਇੱਥੋਂ ਆਲੇ ਦੁਆਲੇ ਦੇ ਪਿੰਡਾਂ ਵਿਚ ਧਰਮ ਪ੍ਰਚਾਰ ਕਰਨ ਜਾਂਦੇ ਸਨ।
99- ਸੇਖਾ : ਪਿੰਡ ਸੇਖਾ ਧੂਰੀ ਬਰਨਾਲਾ ਸੜਕ ਉੱਪਰ ਧੂਰੀ ਤੋਂ 17 ਕਿਲੋਮੀਟਰ ਦੀ ਵਿੱਥ ਤੇ ਹੈ। ਇਸ ਦਾ ਡਾਕਖਾਨਾ ਖਾਸ, ਤਹਿਸੀਲ ਬਰਨਾਲਾ ਤੇ ਜਿਲਾ ਸੰਗਰੂਰ ਹੈ। ਇੱਥੇ ਜਦੋਂ ਗੁਰੂ ਤੇਗ ਬਹਾਦੁਰ ਜੀ ਆਏ ਸਨ ਤਾਂ ਉਨ੍ਹਾਂ ਦਾ ਡੇਰਾ ਇੱਥੋਂ ਦੇ ਬੈਰਾਗੀ ਸੰਤਾਂ ਦੇ ਡੇਰੇ ਦੇ ਨੇੜੇ ਹੀ ਇਕ ਉੱਚੇ ਟਿੱਬੇ ਉੱਪਰ ਸੀ । ਇੱਥੋਂ ਦੇ ਲੋਕ ਜਵੰਧਾ ਗੋਤ ਦੇ ਜੱਟ ਸਨ ਅਤੇ ਉਨ੍ਹਾਂ ਦਾ ਸਰਦਾਰ ਤਿਰਲੋਕਾ ਸੀ। ਇਹ ਵੀ ਪਤਾ ਲਗਦਾ ਹੈ ਕਿ ਇੱਥੋਂ ਆਲੇ ਦੁਆਲੇ ਜਵੰਧਿਆਂ ਦੇ ਬਾਈ ਪਿੰਡ ਸਨ । ਇਹ ਲੋਕ ਭਾਵੇਂ ਬੈਰਾਗੀ ਮੱਤ ਦੇ ਧਾਰਨੀ ਸਨ ਪਰ ਗੁਰੂ ਸਾਹਿਬ ਨੇ ਇਨ੍ਹਾਂ ਵਿਚ ਸਿੱਖ ਧਰਮ ਦਾ ਪ੍ਰਚਾਰ ਕਰ ਕੇ ਇਨ੍ਹਾਂ ਨੂੰ ਸਿੱਖ ਬਣਾ ਲਿਆ ਸੀ ਜਿਸ ਤੋਂ ਬੈਰਾਗੀ ਸੰਤ ਬਹੁਤ ਦੁੱਖੀ ਸਨ। ਭਾਵੇਂ ਪਿੰਡ ਦਾ ਮੁੱਖੀ ਤਿਰਲੋਕਾ ਬੈਰਾਗੀ ਸੰਤਾਂ ਨਾਲ ਹੀ ਰਿਹਾ ਸੀ ਪਰ ਸਾਰੇ ਇਲਾਕੇ ਦੇ ਜਵੰਧੇ ਜੱਟ ਸਾਰੇ ਹੀ ਸਿੱਖ ਬਣ ਗਏ ਸਨ। ਗੁਰੂ ਸਾਹਿਬ ਨੇ ਉਨ੍ਹਾਂ ਨੂੰ ਵਰ ਦਿੱਤਾ ਸੀ ਕਿ ਉਹ ਜਿੱਥੇ ਵੀ ਜਾ ਕੇ ਵਸਣਗੇ ਉੱਥੇ ਹੀ ਬਹੁਤ ਵਧਣ ਫੁਲਣਗੇ।
100-ਜਹਾਂਗੀਰਪੁਰ : ਪਿੰਡ ਜਹਾਂਗੀਰਪੁਰ ਜਾਂ ਜਹਾਂਗੀਰਾ ਬੱਬਨਪੁਰ ਦੇ ਨੇੜੇ ਹੀ ਤਿੰਨ ਕੁ ਕਿਲੋਮੀਟਰ ਦੀ ਵਿੱਥ ‘ਤੇ ਹੈ । ਬੰਬਾਲ ਅਤੇ ਘਨੌਰ ਪਿੰਡਾਂ ਦੀ ਸਾਂਝੀ ਜਮੀਨ ਉੱਪਰ ਜਹਾਂਗੀਰਾ ਪਿੰਡ ਵਸਿਆ ਹੋਇਆ ਹੈ ਜਿਸ ਸਮੇਂ ਗੁਰੂ ਤੇਗ ਬਹਾਦੁਰ ਜੀ ਇੱਥੇ ਵਿਚਰ ਰਹੇ ਸਨ ਭਾਵੇਂ ਉਸ ਸਮੇਂ ਜਹਾਂਗੀਰਪੁਰ ਪਿੰਡ ਵਸਿਆ ਨਹੀਂ ਸੀ ਪਰ ਪਿੱਛੋਂ ਇਹ ਪਿੰਡ ਗੁਰੂ ਜੀ ਦੀ ਠਹਿਰਣ ਵਾਲੀ ਥਾਂ ਦੇ ਨੇੜੇ ਹੀ ਵੱਸ ਗਿਆ ਸੀ । ਜਿੱਥੇ ਗੁਰੂ ਸਾਹਿਬ ਠਹਿਰੇ ਸਨ ਇੱਥੇ ਬਹੁਤ ਸੰਘਣਾ ਝਾੜ ਰੱਖਿਆ ਹੋਇਆ ਸੀ। ਇਸ ਦੇ ਨਾਲ ਹੀ ਇਕ ਢਾਬ ਵੀ ਸੀ । ਇੱਥੇ ਗੁਰੂ ਸਾਹਿਬ ਨੇ ਇਲਾਕੇ ਦੀਆਂ ਸੰਗਤਾਂ ਦੀ ਪਾਣੀ ਦੀ ਕਿੱਲਤ ਦੂਰ ਕਰਨ ਲਈ ਇਕ ਖੂਹ ਵੀ ਲਗਵਾਇਆ ਸੀ। ਇੱਥੋਂ ਦਾ ਇਕ ਘੁਨਾ ਜਿੰਮੀਦਾਰ ਗੁਰੂ ਘਰ ਦਾ ਸ਼ਰਧਾਲੂ ਸੀ ਜਿਹੜਾ ਗੁਰੂ ਸਾਹਿਬ ਸਮੇਂ ਇਸ ਇਲਾਕੇ ਵਿਚ ਧਰਮ ਪਰਚਾਰ ਕਰਦਾ ਸੀ। ਇੱਥੇ ਗੁਰਦੁਆਰਾ 1925 ਵਿਚ ਬਣਾਇਆ ਗਿਆ ਹੈ। ਪਹਿਲਾਂ ਇਸ ਝਾੜ ਦੀ ਵੈਸੇ ਹੀ ਮੰਨਤਾ ਹੁੰਦੀ ਸੀ ਅਤੇ ਜੰਡ ਦੇ ਦਰੱਖ਼ਤ ਉੱਤੇ ਹੀ ਨਿਸ਼ਾਨ ਸਾਹਿਬ ਠਹਿਰਾਇਆ ਹੋਇਆ ਸੀ।
101-ਬੱਬਨਪੁਰ :ਪਿੰਡ ਬੱਬਨਪੁਰ ਸੰਗਰੂਰ-ਧੂਰੀ-ਮਾਲੇਰਕੋਟਲਾ ਸੜਕ ਉੱਪਰ ਧੂਰੀ ਤੋਂ ਪੰਜ ਕਿਲੋਮੀਟਰ ਅੱਗੇ ਅਤੇ ਇੱਥੋਂ ਦਸ ਕਿਲੋਮੀਟਰ ਮਾਲੇਰਕੋਟਲਾ ਅੱਗੇ ਰਹਿ ਜਾਂਦਾ ਹੈ। ਇਸ ਦਾ ਡਾਕਖਾਨਾ ਭਸੌੜ, ਤਹਿਸੀਲ ਮਾਲੇਰਕੋਟਲਾ ਤੇ ਜਿਲਾ ਸੰਗਰੂਰ ਹੈ । ਧੂਰੀ-ਮਾਲੇਰਕੋਟਲਾ ਸੜਕ ਉੱਪਰ ਨਹਿਰ ਦੇ ਬੱਬਨਪੁਰ ਵਾਲੇ ਪੁਲ ਬਹੁਤ ਮਸ਼ਹੂਰ ਹਨ। ਇਸ ਇਲਾਕੇ ਵਿਚ ਵਿਚਰਦੇ ਹੋਏ ਗੁਰੂ ਤੇਗ ਬਹਾਦੁਰ ਜੀ ਪਿੰਡ ਬੱਬਨਪੁਰ ਵੀ ਪਿੰਡ ਦੀਆਂ ਸੰਗਤਾਂ ਨੂੰ ਧਰਮ ਉੱਪਰ ਉਪਦੇਸ਼ ਦੇਣ ਆਏ ਸਨ । ਪਿੰਡ ਦੇ ਬਾਹਰ ਵਾਰ ਦੱਖਣ ਵੱਲ ਦੋ ਕੁ ਫਰਲਾਂਗ ਦੀ ਵਿੱਥ ‘ਤੇ ਗੁਰੂ ਜੀ ਦੀ ਯਾਦ ਵਿਚ ਗੁਰਦੁਆਰਾ ਸਥਿਤ ਹੈ। ਇੱਥੋਂ ਦੇ ਪਵਿੱਤਰ ਸਰੋਵਰ ਦੀ ਨੀਂਹ ਮਾਲੇਰਕੋਟਲਾ ਦੇ ਨਵਾਬ ਇਫ਼ਤਖਾਰ ਖਾਂ ਨੇ ਰੱਖੀ ਸੀ । ਲੋਕਾਂ ਦੀ ਸ਼ਰਧਾ ਹੈ ਕਿ ਇਸ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰਨ ਨਾਲ ਹਿਰਦਾ ਸ਼ੁੱਧ ਹੋ ਜਾਂਦਾ ਹੈ।
102-ਰਾਜੋਮਾਜਰਾ : ਰਾਜੋਮਾਜਰਾ, ਕਾਂਝਲਾ, ਕੱਟੂ, ਮੂਲੋਵਾਲ ਆਦਿ ਇਹ ਸਾਰੇ ਪਿੰਡ ਨੇੜੇ-ਨੇੜੇ ਹੀ ਹਨ। ਇਹ ਕਹਿਣਾ ਔਖਾ ਹੈ ਕਿ ਗੁਰੂ ਤੇਗ ਬਹਾਦਰ ਜੀ ਕਿੱਥੇ ਪਹਿਲਾਂ ਆਏ ਅਤੇ ਕਿੱਥੇ ਪਿੱਛੋਂ । ਅਸਲ ਵਿਚ ਇਸ ਇਲਾਕੇ ਵਿਚ ਗੁਰੂ ਸਾਹਿਬ ਕਾਫੀ ਸਮਾਂ ਠਹਿਰੇ ਮਾਲੂਮ ਹੁੰਦੇ ਹਨ । ਰਾਜੋਮਾਜਰਾ ਧੂਰੀ ਤੋਂ ਛੇ ਮੀਲ ਅਤੇ ਮੂਲੋਵਾਲ ਤੋਂ ਚਾਰ ਮੀਲ ਦੀ ਦੂਰੀ ’ਤੇ ਹੈ। ਇਸ ਦੀ ਤਹਿਸੀਲ ਮਾਲੇਰਕੋਟਲਾ ਅਤੇ ਜ਼ਿਲ੍ਹਾ ਸੰਗਰੂਰ ਹੈ। ਇੱਥੇ ਗੁਰਦੁਆਰਾ ਗੁਰੂਸਰ ਸਾਹਿਬ ਪਾਤਸ਼ਾਹੀ ਨੌਵੀਂ ਹੈ।
103-ਕਾਂਝਲਾ : ਪਿੰਡ ਕਾਂਝਲਾ ਸੰਗਰੂਰ ਤੋਂ ਛੇ ਮੀਲ ਅਤੇ ਧੂਰੀ ਤੋਂ ਸਾਢੇ ਅੱਠ ਮੀਲ ਦੀ ਦੂਰੀ ’ਤੇ ਹੈ। ਇਸ ਦੀ ਤਹਿਸੀਲ ਮਾਲੇਰਕੋਟਲਾ ਤੇ ਜ਼ਿਲ੍ਹਾ ਸੰਗਰੂਰ ਹੈ । ਇੱਥੇ ਤਿੰਨ ਗੁਰੂ ਸਾਹਿਬਾਨ ਆਏ ਸਨ : ਗੁਰੂ ਨਾਨਕ ਦੇਵ ਜੀ ਗੁਰੂ ਹਰਿਗੋਬਿੰਦ ਸਾਹਿਬ ਅਤੇ ਗੁਰੂ ਤੇਗ ਬਹਾਦਰ ਜੀ। ਇਸ ਤੋਂ ਸਾਬਿਤ ਹੁੰਦਾ ਹੈ ਕਿ ਇਹ ਪਿੰਡ ਜਾਂ ਇੱਥੋਂ ਦੇ ਲੋਕ ਗੁਰੂ ਨਾਨਕ ਦੇਵ ਜੀ ਤੋਂ ਹੀ ਸਿੱਖ ਧਰਮ ਨਾਲ ਜੁੜ ਚੁੱਕੇ ਸਨ। ਇਸ ਪਿੰਡ ਵਿਚੋਂ ਗੁਰੂ ਹਰਿਗੋਬਿੰਦ ਸਾਹਿਬ ਦੀਆਂ ਲੜਾਈਆਂ ਲਈ ਬਹੁਤ ਸਹਾਇਤਾ ਮਿਲੀ ਸੀ। ਇਸ ਇਲਾਕੇ ਵਿਚ ਭਾਵੇਂ ਸਨਿਆਸੀ ਤੇ ਬੈਰਾਗੀ ਸਾਧਾਂ ਦਾ ਬਹੁਤ ਅਸਰ ਸੀ ਜਿਹੜੇ ਸਿੱਖ ਧਰਮ ਦੀ ਵਿਰੋਧਤਾ ਕਰਦੇ ਸਨ। ਉਨ੍ਹਾਂ ਸਾਧਾ ਕਰ ਕੇ ਹੀ ਇੱਥੇ ਕਈ ਉਲਟੀਆਂ-ਸਿੱਧੀਆਂ ਗੱਲਾਂ ਜੋ ਉੱਕਾ ਹੀ ਤਰਕਹੀਣ ਹਨ ਫੈਲੀਆਂ ਹੋਈਆਂ ਹਨ। ਗੁਰੂ ਤੇਗ ਬਹਾਦਰ ਜੀ ਇਸ ਇਲਾਕੇ ਵਿਚ ਵਿਚਰਦੇ ਹੋਏ ਇੱਥੇ ਵੀ ਠਹਿਰੇ ਸਨ। ਗੁਰੂ ਜੀ ਨੇ ਪਿੰਡ ਵਿਚ ਫੈਲੀ ਹੋਈ ਕੋਹੜ ਦੀ ਬਿਮਾਰੀ ਤੋਂ ਲੋਕਾਂ ਦਾ ਇਲਾਜ ਕੀਤਾ ਸੀ। ਕੋਹੜ ਦੇ ਬਿਮਾਰ ਲੋਕਾ ਕੋਲ ਕੋਈ ਨਹੀਂ ਸੀ ਜਾਂਦਾ ਪਰ ਗੁਰੂ ਤੇਗ ਬਹਾਦਰ ਜੀ ਇੱਥੇ ਆਪ ਰਹੇ ਅਤੇ ਕੋਹੜੀ ਲੋਕਾਂ ਦੇ ਕੋਲ ਜਾ ਕੇ ਉਨ੍ਹਾਂ ਦਾ ਇਲਾਜ ਕੀਤਾ।
104-ਭੈਣੀ ਮਰ੍ਹਾਝ :
ਪਿੰਡ ਭੈਣੀ ਮਰ੍ਹਾਝ ਸੰਗਰੂਰ-ਬਰਨਾਲਾ ਸੜਕ ਉੱਪਰ ਸਥਿਤ ਬਡਬਰ ਪਿੰਡ ਤੇ ਲਿੰਕ ਰੋਡ ਨਾਲ ਜੁੜਿਆ ਹੋਇਆ ਹੈ। ਇੱਥੇ ਰਾਜੇ ਮਾਜਰਾ ਅੱਠ ਕਿਲੋਮੀਟਰ ਤੇ ਕਾਂਝਲਾ ਸੱਤ ਕਿਲੋਮੀਟਰ ਹੈ। ਇਸ ਦਾ ਡਾਕਖਾਨਾ ਖਾਸ, ਤਹਿਸੀਲ ਬਰਨਾਲਾ ਤੇ ਜ਼ਿਲ੍ਹਾ ਸੰਗਰੂਰ ਹੈ। ਗੁਰੂ ਤੇਗ ਬਹਾਦੁਰ ਜੀ ਇੱਥੇ ਇਕ ਝਿੜੀ ਵਿਚ ਆ ਕੇ ਠਹਿਰੇ ਸਨ। ਇਸ ਦੇ ਪਾਸ ਇਕ ਢਾਬ ਸੀ। ਇੱਥੇ ਜੰਡਾਂ ਦੇ ਬਹੁਤ ਦਰੱਖਤ ਸਨ। ਇਸੇ ਥਾਂ ’ਤੇ ਪਿੱਛੋਂ ਗੁਰਦੁਆਰਾ ਬਣਾਇਆ ਗਿਆ ਅਤੇ ਢਾਬ ਨੂੰ ਸਰੋਵਰ ਵਿਚ ਬਦਲ ਦਿੱਤਾ ਗਿਆ । ਇਸ ਨੂੰ ਗੁਰਦੁਆਰਾ ਰਾਮਸਰ ਪਾਤਸ਼ਾਹੀ ਨੌਵੀਂ ਕਹਿੰਦੇ ਸਨ ਜਿੱਥੇ ਗੁਰੂ ਸਾਹਿਬ ਦਾ ਘੋੜਾ ਬਿਮਾਰ ਹੋ ਗਿਆ ਸੀ।
105-ਮੂਲੋਵਾਲ : ਪਿੰਡ ਮੂਲੋਵਾਲ ਧੂਰੀ-ਬਰਨਾਲਾ ਸੜਕ ਉੱਪਰ ਸਥਿਤ ਹੈ। ਧੂਰੀ ਤੋਂ 11 ਕਿਲੋਮੀਟਰ ਅਤੇ ਬਰਨਾਲੇ ਤੋਂ ਧੂਰੀ ਵੱਲ 22 ਕਿਲੋਮੀਟਰ ਹੈ। ਡਾਕਖਾਨਾ ਖ਼ਾਸ ਤਹਿਸੀਲ ਮਾਲੇਰਕੋਟਲਾ ਤੇ ਜ਼ਿਲ੍ਹਾ ਸੰਗਰੂਰ ਹੈ। ਜਦੋਂ ਗੁਰੂ ਜੀ ਇੱਥੇ ਆਏ ਸਨ ਤਾਂ ਉਹ ਬਾਹਰਵਾਰ ਇਕ ਵੀਰਾਨ ਪਏ ਖੂਹ ਉੱਤੇ ਠਹਿਰੇ ਸਨ। ਪਿੰਡ ਵਿਚ ਪਾਣੀ ਦੀ ਬਹੁਤ ਕਿੱਲਤ ਸੀ। ਜਦੋਂ ਪਿੰਡ ਦੇ ਲੋਕ ਗੁਰੂ ਸਾਹਿਬ ਕੋਲ ਆਏ ਤਾਂ ਗੁਰੂ ਜੀ ਨੇ ਪਾਣੀ ਦੀ ਕਿੱਲਤ ਦੂਰ ਕਰਨ ਲਈ ਪਿੰਡ ਦੀ ਸੰਗਤ ਨੂੰ ਇਸ ਵੀਰਾਨ ਖੂਹ ਨੂੰ ਫਿਰ ਤੋਂ ਚਾਲੂ ਕਰਨ ਲਈ ਕਿਹਾ। ਖੂਹ ਵਿੱਚੋਂ ਮਿੱਟੀ ਪੁੱਟੀ ਗਈ ਅਤੇ ਬਹੁਤ ਡੂੰਘਾ ਕੀਤਾ ਗਿਆ। ਡੂੰਘੇ ਖੂਹ ਦਾ ਪਾਣੀ ਉਪਰਲੀ ਤਹਿ ਦੇ ਪਾਣੀ ਨਾਲੋਂ ਜ਼ਿਆਦਾ ਸੁਆਦ ਹੁੰਦਾ ਹੈ। ਇਸ ਤਰ੍ਹਾਂ ਖੂਹ ਨੂੰ ਡੂੰਘਾ ਕਰ ਕੇ ਉਸ ਵਿੱਚੋਂ ਪਾਣੀ ਕੱਢਿਆ ਗਿਆ। ਇਸ ਨਾਲ ਪਿੰਡ ਦੀ ਪਾਣੀ ਦੀ ਕਿੱਲਤ ਵੀ ਦੂਰ ਹੋ ਗਈ ਕਿਉਂਕਿ ਸਾਰਾ ਪਿੰਡ ਗੁਰੂ ਜੀ ਦਾ ਸ਼ਰਧਾਲੂ ਹੋ ਚੁੱਕਿਆ ਸੀ ਅਤੇ ਸਭ ਲੋਕਾਂ ਨੇ ਮਿਲ ਕੇ ਖੂਹ ਦੀ ਸੇਵਾ ਕੀਤੀ ਸੀ ਇਸ ਲਈ ਗੁਰੂ ਜੀ ਨੇ ਪਿੰਡ ਦੇ ਮੁਖੀ ਵਿਅਕਤੀਆਂ ਨੂੰ ਸਿਰੋਪਾਓ ਦੇ ਤੌਰ ’ਤੇ ਪੱਗਾਂ ਪਹਿਨਾਈਆਂ। ਇੱਥੋਂ ਦਾ ਇਕ ਚੌਧਰੀ ਗੋਇੰਦਾ ਸੀ। ਉਸ ਦੇ ਪਰਿਵਾਰ ਦੇ ਭਾਵੇਂ ਸੱਤ ਘਰ ਸਨ ਪਰ ਖੂਹ ਦੀ ਸੇਵਾ ਕਰਨ ਵਿਚ ਇਕੱਲੇ ਗੋਇੰਦੇ ਨੇ ਕੰਮ ਕੀਤਾ ਸੀ। ਗੁਰੂ ਜੀ ਨੇ ਉਸ ਦੇ ਸੱਤੇ ਘਰਾਂ ਦੇ ਨਾਂ ਹੀ ਪੱਗੜੀਆਂ ਦੇ ਦਿੱਤੀਆਂ। ਗੁਰੂ ਜੀ ਇੱਥੇ ਕਾਫ਼ੀ ਦਿਨ ਰਹੇ ਮਾਲੂਮ ਹੁੰਦੇ ਹਨ। ਸਾਖੀ ਪੋਥੀ ਅਨੁਸਾਰ ਗੁਰੂ ਜੀ ਇੱਥੇ ਨੌਂ ਦਿਨ ਰਹੇ ਸਨ। ਸਾਰੇ ਪਿੰਡ ਨੇ ਸੇਵਾ ਕੀਤੀ ਸੀ। ਗੁਰੂ ਸਾਹਿਬ ਨੇ ਜਾਣ ਸਮੇਂ ਇੱਥੇ ਭਾਈ ਨਾਨੂੰ ਨੂੰ ਧਰਮ ਪ੍ਰਚਾਰ ਦੀ ਸੇਵਾ ਸੌਂਪੀ ਸੀ। ਅੱਜ-ਕੱਲ੍ਹ ਬਹੁਤ ਸੁੰਦਰ ਗੁਰਦੁਆਰਾ ਹੈ, ਜਿਸ ਦਾ ਪ੍ਰਬੰਧ ਸੰਤ ਰਣਜੀਤ ਸਿੰਘ ਮਸਤੂਆਣਾ ਦੀ ਸੰਪਰਦਾ ਪਾਸ ਹੈ। ਇੱਥੇ ਕੁਝ ਲਿਖਤੀ ਕਾਗਜ਼ ਵੀ ਪਏ ਹਨ। ਇਨ੍ਹਾਂ ’ਤੇ ਗੁਰੂ ਜੀ ਦੇ ਆਉਣ ਦਾ ਸਾਲ ਸੰਮਤ 1720 ਬਿ. ਦਾ ਹੈ । ਜੋ ਸੰਨ 1663 ਈ. ਬਣਦਾ ਹੈ ਪਰ ਗੁਰੂ ਸਾਹਿਬ 1664 ਈ. ਵਿਚ ਗੁਰੂ ਬਣੇ ਸਨ। ਇਸ ਲਈ ਇਹ ਲਿਖਤਾਂ ਪਿੱਛੋਂ ਦੇ ਕਿਸੇ ਵਿਅਕਤੀ ਦੀਆਂ ਪ੍ਰਤੀਤ ਹੁੰਦੀਆਂ ਹਨ।
-ਡਾ. ਸੁਖਦਿਆਲ ਸਿੰਘ
98158-80539
----------------