ਜਦੋਂ ਗੁਰੂ ਜੀ ਮਾਲਵਾ ਵਿਚ ਪਧਾਰੇ ਅਤੇ ਸਮਾਉਂ ਪਿੰਡ ਤੋਂ ਚੱਲ ਕੇ ਭੀਖੀ ਆ ਕੇ ਡੇਰਾ ਕੀਤਾ ਤਾਂ ਉੱਥੋਂ ਦੇ ਚੌਧਰੀ ਦੇਸੂ ਨੇ ਗੁਰੂ ਸਾਹਿਬ ਦੀ ਬਹੁਤ ਸੇਵਾ ਕੀਤੀ। ਇਥੋਂ ਜਾਂਦੇ ਸਮੇਂ ਗੁਰੂ ਸਾਹਿਬ ਨੇ ਦੇਸੂ ਨੂੰ ਪੰਜ ਤੀਰ ਬਖ਼ਸ਼ੇ ਅਤੇ ਬਚਨ ਕੀਤਾ, ‘ਜਦੋਂ ਕੋਈ ਸੰਕਟ ਆਵੇ ਤਾਂ ਇਨ੍ਹਾਂ ਤੀਰਾਂ ਵਿੱਚੋਂ ਇਕ ਤੀਰ ਚਲਾਵੀਂ, ਤੇਰੀਆਂ ਸਾਰੀਆਂ ਮੁਸ਼ਕਿਲਾਂ ਦੂਰ ਹੋ ਜਾਣਗੀਆਂ’।

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ , ਮਾਨਸਾ -ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੋਹ ਪ੍ਰਾਪਤ ਧਰਤ ’ਤੇ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਨੌਵੀਂ ਭੀਖੀ (ਮਾਨਸਾ) ਸੁਸ਼ੋਭਿਤ ਹੈ। ਇਸ ਬਾਰੇ ਗ੍ਰੰਥੀ ਨਿਰਮਲ ਸਿੰਘ ਨੇ ਦੱਸਿਆ ਕਿ ਭੀਖੀ ਪੁਰਾਣਾ ਕਸਬਾ ਹੈ। ਇਸ ਨੂੰ ਭੀਖਾ ਨਾਮੀ ਚਹਿਲ ਜੱਟ ਨੇ ਵਸਾਇਆ ਸੀ। ਜਦੋਂ ਗੁਰੂ ਜੀ ਮਾਲਵਾ ਵਿਚ ਪਧਾਰੇ ਅਤੇ ਸਮਾਉਂ ਪਿੰਡ ਤੋਂ ਚੱਲ ਕੇ ਭੀਖੀ ਆ ਕੇ ਡੇਰਾ ਕੀਤਾ ਤਾਂ ਉੱਥੋਂ ਦੇ ਚੌਧਰੀ ਦੇਸੂ ਨੇ ਗੁਰੂ ਸਾਹਿਬ ਦੀ ਬਹੁਤ ਸੇਵਾ ਕੀਤੀ। ਇਥੋਂ ਜਾਂਦੇ ਸਮੇਂ ਗੁਰੂ ਸਾਹਿਬ ਨੇ ਦੇਸੂ ਨੂੰ ਪੰਜ ਤੀਰ ਬਖ਼ਸ਼ੇ ਅਤੇ ਬਚਨ ਕੀਤਾ, ‘ਜਦੋਂ ਕੋਈ ਸੰਕਟ ਆਵੇ ਤਾਂ ਇਨ੍ਹਾਂ ਤੀਰਾਂ ਵਿੱਚੋਂ ਇਕ ਤੀਰ ਚਲਾਵੀਂ, ਤੇਰੀਆਂ ਸਾਰੀਆਂ ਮੁਸ਼ਕਿਲਾਂ ਦੂਰ ਹੋ ਜਾਣਗੀਆਂ’। ਉਨ੍ਹਾਂ ਇਹ ਵੀ ਬਚਨ ਕੀਤੇ ‘ਇਨ੍ਹਾਂ ਤੀਰਾਂ ਦੀ ਸੇਵਾ ਧੂਫ ਬੱਤੀ ਨਾਲ ਹਰ ਰੋਜ਼ ਕਰੀਂ’। ਗੁਰੂ ਸਾਹਿਬ ਕੁਝ ਦਿਨ ਇਥੇ ਠਹਿਰ ਕੇ ਖਿਆਲਾ ਕਲਾਂ, ਡਿੱਖ, ਮਾਈਸਰਖਾਨਾ ਵਿਚ ਦੀ ਹੁੰਦੇ ਹੋਏ ਮੌੜ ਕਲਾਂ ਦੇ ਪੱਛਮ ਵੱਲ ਜਾ ਉਤਰੇ। ਜਦੋਂ ਭਰਾਈਆਂ ਨੂੰ ਪਤਾ ਲੱਗਾ ਕਿ ਦੇਸੂ ਸੁਲਤਾਨ ਦੀ ਖੂੰਡੀ ਨੂੰ ਛੱਡ ਕੇ ਗੁਰੂ ਸਾਹਿਬ ਦੇ ਤੀਰਾਂ ਦੀ ਸੇਵਾ ਕਰਨ ਲੱਗ ਗਿਆ ਹੈ ਤਾਂ ਉਨ੍ਹਾਂ ਨੂੰ ਬਹੁਤ ਰੰਜਿਸ਼ ਹੋਈ। ਭਰਾਈਆਂ ਨੇ ਦੇਸੂ ਦੀ ਪਤਨੀ ਧਾਈ ਨੂੰ ਸਿਖਾ ਕੇ ਗੁਰੂ ਜੀ ਦੇ ਤੀਰਾਂ ਨੂੰ ਚੁੱਲ੍ਹੇ ਵਿਚ ਸੁਟਵਾ ਦਿੱਤਾ। ਜਦੋਂ ਗੁਰੂ ਸਾਹਿਬ ਮੌੜ ਕਲਾਂ ਵਿਚ ਦੀਵਾਨ ਲਾਈ ਬੈਠੇ ਸਨ ਤਾਂ ਉਨ੍ਹਾਂ ਨੂੰ ਦੇਸੂ ਦੀ ਪਤਨੀ ਧਾਈ ਵੱਲੋਂ ਤੀਰ ਚੁੱਲ੍ਹੇ ਵਿਚ ਪਾਏ ਜਾਣ ਦੀ ਖਬਰ ਮਿਲੀ, ਗੁਰੂ ਜੀ ਨੇ ਬਚਨ ਕੀਤੇ, ‘ਦੇਸੂ ਨੂੰ ਅਸੀਂ ਗੁਰੂ ਨਾਨਕ ਦੇ ਘਰ ਦੀ ਸਿੱਖੀ ਬਖਸ਼ੀ ਸੀ ਪਰ ਉਸ ਤੋਂ ਸੰਭਾਲੀ ਨਹੀਂ ਗਈ’ ਅਸੀਂ ਦੇਸੂ ਨੂੰ ਦੇਸਾਂ ਦਾ ਰਾਜਾ ਬਣਾਉਣਾ ਚਾਹਿਆ ਸੀ ਪਰ ਉਹ ਫੇਰ ਦੇਸੂ ਹੀ ਰਹਿ ਗਿਆ’। ਗੁਰੂ ਜੀ ਨੇ ਬਚਨ ਕੀਤੇ ਕਿ ਦੇਸੂ ਦੀ ਜੜ੍ਹ ਪੁੱਟੀ ਜਾਵੇ। ਮੌੜ ਕਲਾਂ ਦੀ ਸੰਗਤ ਵਿਚ ਦੇਸੂ ਦੇ ਹਿਤੈਸ਼ੀ ਵੀ ਬੈਠੇ ਸਨ, ਉਨ੍ਹਾਂ ਨੂੰ ਯਕੀਨ ਨਾ ਆਇਆ। ਉਹ ਪੰਚਾਇਤ ਦੇ ਰੂਪ ਵਿਚ ਦੇਸੂ ਪਾਸ ਭੀਖੀ ਆਏ, ਦੇਸੂ ਨੇ ਝੂਠ ਬੋਲਿਆ ਕਿ ਉਸ ਨੇ ਅਜਿਹਾ ਨਹੀਂ ਕੀਤਾ। ਗੁਰੂ ਜੀ ਨੇ ਦੂਜੀ ਵਾਰ ਪੰਚਾਇਤ ਨੂੰ ਭੇਜਿਆ ਤੇ ਪੰਜ ਤੀਰਾਂ ਦੀ ਨਿਸ਼ਾਨੀ ਦੱਸ ਕੇ ਕਿਹਾ ਕਿ ਖੁਦ ਤੀਰਾਂ ਨੂੰ ਦੇਖਣ। ਦੂਜੀ ਵਾਰ ਧਾਈ ਨੇ ਪੰਚਾਇਤ ਨੂੰ ਦੇਸੂ ਨਾਲ ਮਿਲਣ ਨਾ ਦਿੱਤਾ। ਇਸ ਵਾਰ ਪੰਚਾਇਤ ਨੂੰ ਯਕੀਨ ਹੋ ਗਿਆ ਕਿ ਉਸ ਨੇ ਜ਼ਰੂਰ ਗੁਰੂ ਸਾਹਿਬ ਦੇ ਤੀਰਾਂ ਦੀ ਬੇ-ਅਦਬੀ ਕੀਤੀ ਹੋਵੇਗੀ। ਕਿਹਾ ਜਾਂਦਾ ਹੈ ਕਿ ਜਦੋਂ ਗੁਰੂ ਜੀ ਦੀਵਾਨ ਲਾਈ ਬੈਠੇ ਸਨ ਤਾਂ ਉਸ ਸਮੇਂ ਦੇਸੂ ਨੇ ਧਾਈ ਦੀ ਚੁੱਕ ਵਿਚ ਆ ਕੇ ਤੀਰ ਸਾੜ ਦਿੱਤੇ। ਅੰਤਰਜਾਮੀ ਗੁਰੂ ਤੇਗ ਬਹਾਦਰ ਸਾਹਿਬ ਦੇ ਉਨ੍ਹਾਂ ਮੂੰਹੋਂ ਸੁੱਤੇ ਸਿੱਧ ਹੀ ਨਿਕਲਿਆ, ‘ਚਹਿਲੋ ਤੁਹਾਡੀ ਜੜ੍ਹ ਪੁੱਟੀ ਜਾਵੇਗੀ’।
ਉਸ ਸਮੇਂ ਚਹਿਲ ਗੋਤ ਦੀ ਇਕ ਲੜਕੀ ਜੋ ਮਾਨ ਪਰਿਵਾਰ ਵਿਚ ਵਿਆਹੀ ਹੋਈ ਸੀ, ਗੁਰੂ ਸਾਹਿਬ ਦੇ ਦਰਬਾਰ ਵਿਚ ਬੈਠੀ ਸੀ, ਉਸ ਨੇ ਕਿਹਾ ਹਜ਼ੂਰ, ਤੁਸੀਂ ਸਾਰੇ ਚਹਿਲਾਂ ਦੀ ਜੜ੍ਹ ਕਿਉਂ ਪੁੱਟਦੇ ਹੋ। ਸਾਰੇ ਚਹਿਲਾਂ ਨੇ ਤੁਹਾਡਾ ਕੀ ਵਿਗਾੜਿਆ ਹੈ, ਗੁਰੂ ਜੀ ਨੇ ਫ਼ਰਮਾਇਆ ਕਿ ਸਾਡਾ ਭਾਵ ਉਨ੍ਹਾਂ ਚਹਿਲਾਂ ਤੋਂ ਹੈ, ਜਿਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਦੇ ਘਰ ਦੀ ਬੇ-ਅਦਬੀ ਕੀਤੀ ਹੈ, ਇਸ ਲਈ ਜੋ ਕਰਨਗੇ ਸੋਈ ਭਰਨਗੇ। ਜਦੋਂ ਦੇਸੂ ਦਾ ਪੁੱਤਰ ਗੈਂਡਾ ਜਵਾਨ ਹੋਇਆ ਤਾਂ ਉਸ ਦੀ ਸ਼ਾਦੀ ਸਤੌਜ ਪਿੰਡ ਵਿਚ ਹੋਈ। ਇਕ ਵਾਰ ਉਥੇ ਗੈਂਡੇ ਦੇ ਸਾਲੇ ਨੇ ਇਕ ਬੰਦਾ ਮਾਰ ਦਿੱਤਾ। ਕਤਲ ਹੋਏ ਆਦਮੀ ਦੇ ਰਿਸ਼ਤੇਦਾਰ ਗੈਂਡੇ ਦੇ ਪਾਸ ਆ ਕੇ ਫ਼ਰਿਆਦੀ ਹੋਏ। ਗੈਂਡੇ ਨੇ ਆਪਣੇ ਸਾਲੇ ਨੂੰ ਸਾਰੇ ਲੋਕਾਂ ਦੇ ਸਾਹਮਣੇ ਬਰਛੀ ਨਾਲ ਮਰਵਾ ਦਿੱਤਾ। ਇਸ ’ਤੇ ਗੈਂਡੇ ਤੇ ਦੂਜੇ ਸਾਲੇ ਪਿੰਡ ਕਣਕਵਾਲ ਭੰਗੂਆਂ ਵਾਲਿਆਂ ਦੀ ਸ਼ਹਿ ’ਤੇ ਭੀਖੀ ਦੇ ਕੋਟ ਦੀਆਂ ਕੰਧਾਂ ਨਾਲ ਰਾਤ ਨੂੰ ਪੌੜੀਆਂ ਲਾ ਕੇ ਅੰਦਰ ਵੜ ਗਏ ਤੇ ਗੈਂਡੇ ਨੂੰ ਕਤਲ ਕਰ ਦਿੱਤਾ। ਪਿੱਛੋਂ ਗੈਂਡੇ ਦੇ ਛੋਟੇ ਬੱਚੇ ਨੂੰ ਸ਼ਰੀਕਾਂ ਨੇ ਜ਼ਹਿਰ ਦੇ ਕੇ ਮਾਰ ਦਿੱਤਾ ਤਾਂ ਜੋ ਉਹ ਵੱਡਾ ਹੋ ਕੇ ਬਦਲਾ ਨਾ ਲੈ ਸਕੇ। ਇਸ ਤਰ੍ਹਾਂ ਦੇਸੂ ਦੀ ਵੰਸ਼ ਭੀਖੀ ਵਿੱਚੋਂ ਖ਼ਤਮ ਹੋ ਗਈ। ਇਲਾਕੇ ਵਿਚ ਇਹ ਰਵਾਇਤ ਹੈ ਕਿ ਦੇਸੂ ਦੀ ਵੰਸ਼ ਦੇ ਖ਼ਾਤਮੇ ਦਾ ਕਾਰਨ ਗੁਰੂ ਸਾਹਿਬ ਦੇ ਅਟੱਲ ਬਚਨ ਸਨ।
ਗ੍ਰੰਥੀ ਨਿਰਮਲ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ ਭੀਖੀ ਪਿੰਡ ਦੇ ਬਾਣੀਆਂ ਨੇ ਵੀ ਗੁਰੂ ਜੀ ਦੀ ਬਹੁਤ ਸੇਵਾ ਕੀਤੀ ਤਾਂ ਗੁਰੂ ਜੀ ਨੇ ਉਨ੍ਹਾਂ ਨੂੰ ਕੇਸ ਦਾੜ੍ਹੀ ਰੱਖਣ ਲਈ ਕਿਹਾ ਤਾਂ ਅੱਗੋਂ ਬਾਣੀਆਂ ਨੇ ਬੇਨਤੀ ਕੀਤੀ ਕਿ ਅਸੀਂ ਕੇਸ ਦਾੜ੍ਹੀ ਤਾਂ ਰੱਖ ਲਵਾਂਗੇ ਪਰ ਸਾਡੀ ਸ਼ਾਦੀ (ਵਿਆਹ) ਨਹੀਂ ਹੋਵੇਗੀ। ਗੁਰੂ ਜੀ ਨੇ ਬਚਨ ਕੀਤਾ ਕਿ ਤੁਸੀਂ ਕੇਸ ਤੇ ਦਾੜ੍ਹੀ ਧਾਰਨ ਕਰੋ, ਤੁਹਾਡੇ ਇਕ ਛੱਡ ਤਿੰਨ-ਤਿੰਨ ਵਿਆਹ ਹੋਣਗੇ। ਗੁਰੂ ਜੀ ਦੇ ਇਹ ਬਚਨ ਅਟੱਲ ਹਨ। ਗ੍ਰੰਥੀ ਭਾਈ ਨਿਰਮਲ ਸਿੰਘ ਨੇ ਦੱਸਿਆ ਕਿ ਇਸ ਵਿਚ ਕੋਈ ਸ਼ੱਕ ਨਹੀਂ ਇਤਿਹਾਸ ਗਵਾਹ ਹੈ। ਨਗਰ ਭੀਖੀ ਵਿਚ ਅੱਜ ਵੀ ਵੱਡੀ ਉਮਰ ਦੇ ਬਾਣੀਏ ਹਨ। ਉਨ੍ਹਾਂ ਕੇਸ, ਦਾੜ੍ਹੀ ਰੱਖੀ ਹੋਈ ਤੇ ਦਸਤਾਰ ਸਜਾ ਕੇ ਰੱਖਦੇ ਹਨ। ਕੁਝ ਅਜਿਹੇ ਪਰਿਵਾਰ ਭੀਖੀ ’ਚ ਬੈਠੇ ਹਨ, ਜਿੰਨ੍ਹਾਂ ਦੇ ਵਿਆਹ ਵੀ ਦੋ ਜਾਂ ਤਿੰਨ ਹੋਏ ਹਨ। ਉਨ੍ਹਾਂ ਦੱਸਿਆ ਕਿ ਇਥੋਂ ਦੇ ਬਾਣੀਏ ਲੋਕਾਂ ਦੀ ਜਿੰਨ੍ਹਾਂ ਨੂੰ ਸਿੰਘ ਬਾਣੀਏ ਕਿਹਾ ਜਾਂਦਾ ਹੈ, ਦੀ ਗੁਰੂ ਘਰ ਪ੍ਰਤੀ ਬਸ਼ਰਧਾ ਹੈ। ਗੁਰਦੁਆਰਾ ਸਾਹਿਬ ਦੇ ਮੈਨੇਜਰ ਭਗਵਾਨ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਭੀਖੀ (ਮਾਨਸਾ) ਵਿਚ ਸ਼ਰਧਾਲੂਆਂ ਦੀ ਸ਼ਰਧਾ ਹੈ। ਇੱਥੇ ਹਰ ਮਹੀਨੇ ਮੱਸਿਆ ਤੇ ਸੰਗਰਾਂਦ ਦਾ ਦਿਹਾੜਾ ਮਨਾਇਆ ਜਾਂਦਾ ਹੈ।