ਗ੍ਰੰਥ ਵਿਚ ਜਿਥੇ ਪ੍ਰਕਿਰਤੀ ਚਿਤਰਣ ਸਹਿਜ ਅਤੇ ਉਘੜਵੇਂ ਰੂਪ 'ਚ ਸਾਕਾਰ ਹੋਇਆ ਹੈ ਉੱਥੇ ਪਸ਼ੂਆਂ ਤੇ ਪੰਛੀਆਂ ਦੇ ਸੁਭਾਅ, ਰੂਪਕ ਪੱਖ, ਉਪਮਾ ਨੂੰ ਅਲੰਕਾਰਕ ਸ਼ੈਲੀ ਚ ਸਾਕਾਰ ਕੀਤਾ ਗਿਆ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਸੰਸਾਰ ਦਾ ਅਜਿਹਾ ਮਹਾਨ ਗ੍ਰੰਥ ਹੈ, ਜਿਸ ਦੇ ਉਪਦੇਸ਼ਾਂ 'ਤੇ ਚੱਲ ਕੇ ਮਨੁੱਖ ਆਪਣਾ ਜੀਵਨ ਸੁਧਾਰ ਕੇ, ਨੈਤਿਕ ਕਦਰਾਂ-ਕੀਮਤਾਂ ਦੀ ਪੂੰਜੀ ਸਾਂਭ ਕੇ 'ਲੋਕ ਸੁਖੀਏ ਪਰਲੋਕ ਸੁਹੇਲੇ' ਦਾ ਵਰਦਾਨ ਪ੍ਰਾਪਤ ਕਰ ਸਕਦਾ ਹੈ। ਇਸ ਸਰਬ-ਸਾਂਝੀ ਬਾਣੀ ਦੇ ਗੁਲਦਸਤੇ ਵਿਚ ਸਿੱਖ ਗੁਰੂ ਸਾਹਿਬਾਨ ਤੋਂ ਇਲਾਵਾ ਹਿੰਦੂ, ਮੁਸਲਮਾਨ, ਸਿੱਖ, ਭਗਤਾਂ, ਸੂਫ਼ੀਆਂ ਅਤੇ ਸੰਤਾਂ ਦੀ ਬਾਣੀ ਸ਼ਾਮਲ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅਨੇਕਾਂ ਪਸ਼ੂ-ਪੰਛੀਆਂ, ਕੀਟ-ਪਤੰਗਿਆਂ ਆਦਿ ਦਾ ਜ਼ਿਕਰ ਆਇਆ ਹੈ। ਇਸ ਗ੍ਰੰਥ ਵਿਚ ਜਿਥੇ ਪ੍ਰਕਿਰਤੀ ਚਿਤਰਣ ਸਹਿਜ ਅਤੇ ਉਘੜਵੇਂ ਰੂਪ 'ਚ ਸਾਕਾਰ ਹੋਇਆ ਹੈ ਉੱਥੇ ਪਸ਼ੂਆਂ ਅਤੇ ਪੰਛੀਆਂ ਦੇ ਸੁਭਾਅ, ਰੂਪਕ ਪੱਖ, ਉਪਮਾ ਆਦਿ ਨੂੰ ਅਲੰਕਾਰਕ ਸ਼ੈਲੀ ਵਿਚ ਸਾਕਾਰ ਕੀਤਾ ਗਿਆ ਹੈ। ਗੁਰੂ ਸਾਹਿਬ ਦੀ ਬਾਣੀ ਵਿਚ ਵੀ ਜੀਵ-ਜੰਤੂਆਂ ਬਾਰੇ ਮੁੱਢਲੀ ਅਤੇ ਪ੍ਰਮਾਣਿਕ ਜਾਣਕਾਰੀ ਉਪਲੱਬਧ ਹੈ।
ਅਕਤਿਡਾ
ਅੱਕ ਉੱਪਰ ਰਹਿਣ ਵਾਲਾ ਇਹ ਛੋਟਾ ਜਿਹਾ ਜੀਵ ਹੈ, ਜਿਸ ਨੂੰ ਤਿੱਡਾ ਜਾਂ ਟਿੱਡਾ ਵੀ ਆਖਦੇ ਹਨ। ਇਸ ਦਾ ਰੰਗ ਹਰਾ-ਪੀਲਾ ਹੁੰਦਾ ਹੈ। ਇਸ ਟਿੱਡੇ ਦੀ ਅੱਕ ਦੇ ਬੂਟੇ ਨਾਲ ਅਨਿੱਖੜਵੀਂ ਸਾਂਝ ਹੈ ਪਰ ਇਹ ਉਸੇ ਉੱਪਰ ਰਹਿ ਕੇ ਉਸੇ ਦੀਆਂ ਟਹਿਣੀਆਂ ਨੂੰ ਖਾਂਦਾ ਹੈ।
ਅਕ ਸਿਉ ਪ੍ਰੀਤਿ ਕਰੇ ਅਕਤਿਡਾ ਅਕ ਡਾਲੀ ਬਹਿ ਖਾਇ।। (1286)
ਅਠੂਹਿਆ
ਅਠੂਹਿਆ ਅੱਠ ਪੈਰਾਂ ਵਾਲਾ ਜ਼ਹਿਰੀਲਾ ਕੀੜਾ ਹੈ। ਇਸ ਨੂੰ 'ਅਠੂਹਾਂ' ਜਾਂ 'ਠੂੰਹਾਂ' ਵੀ ਆਖਦੇ ਹਨ। ਇਹ ਬਹੁਤਾ ਰਾਤ ਸਮੇਂ ਨਿਕਲਦਾ ਹੈ। ਇਸ ਦੀ ਖ਼ੁਰਾਕ ਕੀਟ-ਪਤੰਗੇ ਹੁੰਦੇ ਹਨ।
ਮੰਤ੍ਰੀ ਹੋਇ ਅਠੂਹਿਆ ਨਾਗੀ
ਲਗੈ ਜਾਇ।। (148)
ਭੌਰਾ
ਗੁਰਬਾਣੀ 'ਚ ਭੌਰੇ ਦਾ ਵੀ ਜ਼ਿਕਰ ਹੈ, ਜਿਸ ਨੂੰ ਅਲਿ-ਭਵਰ ਤੇ ਭੰਵਰਾ ਵੀ ਆਖਦੇ ਹਨ। ਕਾਲੇ ਰੰਗ ਦਾ ਇਹ ਭੂੰਡ ਫੁੱਲਾਂ ਉੱਪਰ ਮਸਤ ਰਹਿੰਦਾ ਹੈ।
ਬਸੁ ਜਲ ਨਿਤ ਨ ਵਸਤ ਅਲੀਅਲ ਮੇਰ ਚਚਾ ਗੁਨ ਰੇ।। (990)
ਸੱਪ
ਸੱਪ ਘਿਸਰ ਕੇ ਜਾਂ ਰੀਂਘ ਕੇ ਚੱਲਣ ਵਾਲਾ ਜੀਵ ਹੈ, ਜੋ ਲੱਤਾਂ ਤੋਂ ਰਹਿਤ ਹੁੰਦਾ ਹੈ। ਇਹ ਪੇਟ ਦੀਆਂ ਹੱਡੀਆਂ ਦੇ ਜ਼ੋਰ ਨਾਲ ਕਾਫ਼ੀ ਤੇਜ਼ ਚੱਲਦਾ ਹੈ। ਸੰਸਾਰ 'ਚ ਇਸ ਦੀਆਂ 2700 ਕਿਸਮਾਂ ਹਨ। ਇਸ ਦੀ ਲੰਬਾਈ 4 ਇੰਚ ਤੋਂ 30 ਫੁੱਟ ਤਕ ਹੋ ਸਕਦੀ ਹੈ।
ਸਪੁ ਪਿੜਾਈ ਪਾਈਐ ਬਿਖੁ ਅੰਤਰਿ ਮਨਿ ਰੋਗੁ।। (1009)
ਹਾਥੀ
ਇਹ ਸੁੰਡ ਵਾਲਾ ਵੱਡੇ ਕੱਦ ਦਾ ਜਾਨਵਰ ਹੈ। ਇਹ ਸ਼ਾਹੀ ਸਵਾਰੀ ਤੇ ਲੜਾਈ ਵੇਲੇ ਵਰਤਿਆ ਜਾਂਦਾ ਸੀ। ਹਾਥੀ ਦਾ ਵਜ਼ਨ 7 ਹਜ਼ਾਰ ਕਿੱਲੋ, ਰਫ਼ਤਾਰ 40 ਕਿ:ਮੀ/ਘੰਟਾ ਤੇ ਆਯੂ 60-70 ਵਰ੍ਹੇ ਹੁੰਦੀ ਹੈ। ਗੁਰਬਾਣੀ 'ਚ ਇਸ ਨੂੰ ਸਾਰੰਗ, ਹਸੰਤੀ, ਹਸਤੀ, ਹਸਤਨੀ, ਹਸਤ ਲਿਖਿਆ
ਗਿਆ ਹੈ।
ਹਸਤੀ ਘੋੜੇ ਪਾਖਰੇ ਲਸਕਰ
ਲਖ ਅਪਾਰ।। (63)
ਸ਼ੇਰ
ਸ਼ੇਰ ਨੂੰ ਸਿੰਘ, ਸਿੰਘਚ, ਸਿੰਘਾਤਾ, ਸੀਂਹ ਵੀ ਆਖਦੇ ਹਨ। ਸ਼ੇਰ ਮਾਸਾਹਾਰੀ ਜਾਨਵਰ ਹੈ, ਜੋ ਚਾਰ ਤੋਂ ਤੀਹ ਦੇ ਝੁੰਡ 'ਚ ਰਹਿੰਦਾ ਹੈ।
ਰਾਜੇ ਸੀਹ ਮੁਕਦਮ ਕੁਤੇ।। (1288)
ਸੀਚਾਨੇ
ਫ਼ਾਰਸੀ ਭਾਸ਼ਾ ਦੇ ਸ਼ਬਦ 'ਸੀਚਰਾਨਾ' ਤੋਂ 'ਸੀਚਾਨੇ' ਸ਼ਬਦ ਬਣਿਆ ਹੈ। ਇਹ ਲਾਲ ਸਿਰ ਵਾਲਾ ਸ਼ਿਕਾਰੀ ਪੰਛੀ ਹੈ, ਜੋ ਬਾਜ਼ ਤੋਂ ਛੋਟਾ ਤੇ ਸ਼ਿਕਰੇ ਤੋਂ ਵੱਡਾ ਹੁੰਦਾ ਹੈ।
ਸੀਚਾਨੇ ਕਿਉ ਪੰਖੀਆਂ ਜਾਲੀ
ਬਧਿਕ ਹਾਥਿ।। (55)
ਕੁੱਤਾ
ਗੁਰਬਾਣੀ ਵਿਚ ਕੁੱਤੇ ਲਈ ਜੋ ਸ਼ਬਦ ਆਏ ਹਨ, ਉਹ ਸੁਆਨੁ, ਸੁਆਨੀ ਆਦਿ ਹਨ। ਇਹ ਬਘਿਆੜ, ਗਿੱਦੜ ਤੇ ਲੂੰਬੜ ਦੀ ਜਾਤੀ ਦਾ ਜਾਨਵਰ ਹੈ, ਜਿਸ ਨੂੰ ਲੋਕ ਸ਼ਿਕਾਰ ਜਾਂ ਰਾਖੀ ਲਈ ਪਾਲਦੇ ਹਨ। ਇਹ ਬੜਾ ਵਫ਼ਾਦਾਰ ਸਮਝਿਆ ਜਾਂਦਾ ਹੈ। ਸੰਸਾਰ 'ਚ ਇਸ ਦੀਆਂ 400 ਕਿਸਮਾਂ ਹਨ।
ਏਕੁ ਸੁਆਨੁ ਦੁਇ ਸੁਆਨੀ ਨਾਲਿ।। (24)
ਗਾਂ
ਚਾਰ ਟੰਗਾਂ ਤੇ ਦੁੱਧ ਦੇਣ ਵਾਲੇ ਇਸ ਜੀਵ ਨੂੰ ਸੁਰਹੀ, ਸੁਰਾ, ਗਊ ਵੀ ਆਖਦੇ ਹਨ।
ਵੁਛੈ ਘਾਹੁ ਚਰਹਿ ਨਿਤਿ ਸੁਰਹੀ ਸਾਧਨ ਦਹੀ ਵਿਲੋਵੈ।। (150)
ਸੂਰ
ਸੂਰ ਵੀ ਚਾਰ ਲੱਤਾਂ ਵਾਲਾ ਪਸ਼ੂ ਹੈ, ਜੋ ਗੰਦਗੀ ਖਾਂਦਾ ਹੈ ਤੇ ਚਿੱਕੜ 'ਚ ਰਹਿੰਦਾ ਹੈ। ਮੁਸਲਿਮ ਧਰਮ 'ਚ ਇਸ ਨੂੰ ਬੇਹੱਦ ਨਖਿੱਧ ਮੰਨਿਆ ਜਾਂਦਾ ਹੈ।
ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸ ਗਾਇ।। (141)
ਹਿਰਨ
ਇਸ ਨੂੰ ਕਸਤੂਰ, ਹਿਰਣੀ, ਕਸਤੂਰੀ ਆਦਿ ਵੀ ਆਖਦੇ ਹਨ। ਇਕ ਖ਼ਾਸ ਜਾਤੀ ਦੇ ਹਿਰਨ ਦੀ ਨਾਭ ਵਿਚੋਂ ਪ੍ਰਾਪਤ ਹੋਣ ਵਾਲੇ ਇਕ ਸੁਗੰਧਿਤ ਪਦਾਰਥ ਨੂੰ ਵੀ 'ਕਸਤੂਰੀ' ਆਖਦੇ ਹਨ।
ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ।। (14)
ਤੋਤਾ
ਗੁਰਬਾਣੀ ਵਿਚ ਇਸ ਨੂੰ ਸੂਹਟੁ, ਸੂਆ, ਸੂਅਟਾਂ ਆਦਿ ਕਰ ਕੇ ਲਿਖਿਆ ਹੈ। ਇਹ ਹਰੇ ਰੰਗ ਦਾ ਪੰਛੀ ਹੈ, ਜਿਸ ਦੀ ਚੁੰਝ ਛੋਟੀ, ਤਾਕਤਵਰ ਤੇ ਇਹ ਅੱਗਿਓਂ ਕੁੰਡੀ ਹੁੰਦੀ ਹੈ। ਰਾਏ ਤੋਤਾ ਜਾਂ ਹੀਗਮਨ ਤੋਤੇ ਨੂੰ ਲੋਕ ਪਾਲਤੂ ਬਣਾ ਕੇ ਰੱਖਦੇ ਹਨ।
ਸੂਹਟੁ ਪਿੰਜਰਿ ਪ੍ਰੇਮ ਕੈ
ਬੋਲੈ ਬੋਲਣਹਾਰੁ।। (1010)
ਹੰਸ
ਬਤਖ਼ ਦੀ ਜਾਤੀ ਦਾ ਇਹ ਪੰਛੀ ਨਿਰਮਲਤਾ ਤੇ ਬਿਬੇਕ ਦਾ ਪ੍ਰਤੀਕ ਹੈ। ਇਸ ਦੇ ਪੈਰ ਚਿੱਟੇ ਤੇ ਚੁੰਝ ਲਾਲ ਹੁੰਦੀ ਹੈ। ਇਸ ਦੀ ਚੁੰਝ 'ਚ ਖੱਟਾਸ ਹੁੰਦੀ ਹੈ, ਜਿਸ ਨੂੰ ਇਹ ਜਦੋਂ ਦੁੱਧ ਵਿਚ ਪਾਉਂਦਾ ਹੈ ਤਾਂ ਦੁੱਧ ਤੇ ਪਾਣੀ ਵੱਖ ਹੋ ਜਾਂਦੇ ਹਨ।
ਨਾਨਕ ਹੰਸਾ ਆਦਮੀ ਬਧੇ ਜਮਪੁਰਿ ਜਾਹਿ।। (472)
ਘੋੜਾ
ਇਹ ਚੌਪਾਇਆ ਜਾਨਵਰ ਸਵਾਰੀ ਲਈ ਵਰਤਿਆ ਜਾਂਦਾ ਹੈ। ਇਸ ਨੂੰ ਗੁਰਬਾਣੀ 'ਚ ਹੈਵਰ, ਅਸ਼ਵ ਆਦਿ ਲਿਖਿਆ ਗਿਆ ਹੈ। ਹੈਵਰ ਉੱਚੀ ਨਸਲ ਦੇ ਸ੍ਰੇਸ਼ਟ ਘੋੜੇ ਨੂੰ ਵੀ ਆਖਦੇ ਹਨ। ਕਰੀਬ 5000 ਵਰ੍ਹੇ ਤੋਂ ਇਸ ਜੀਵ ਦੀ ਮਨੁੱਖ ਨਾਲ ਸਾਂਝ ਹੈ।
ਘੋੜੇ ਪਾਖਰ ਸੁਇਨੇ ਸਾਖਤਿ ਬੂਝਤੁ ਤੇਰੀ ਵਾਟ।। (16)
ਕਾਂ
ਕਾਲੇ ਰੰਗ ਦਾ ਇਹ ਪੰਛੀ ਕਾਗ, ਕਾਉ, ਕਾਕ ਆਦਿ ਨਾਵਾਂ ਨਾਲ ਗੁਰਬਾਣੀ 'ਚ ਅੰਕਿਤ ਹੈ। ਇਹ ਸਰਬ-ਆਹਾਰੀ ਪੰਛੀ ਮੰਨਿਆ ਜਾਂਦਾ ਹੈ।
ਅੰਤਰਿ ਆਉ ਨ ਬੈਸਹੁ ਕਹੀਐ ਜਿਉ ਸੁੰਵੈ ਘਰਿ ਕਾਉ।। (58)
ਕੀੜਾ
ਫ਼ਾਰਸੀ ਦੇ ਸ਼ਬਦ ਕਿਰਮ ਤੋਂ ਕੀੜਾ ਲਫ਼ਜ਼ ਆਇਆ ਹੈ। ਇਸ ਨੂੰ ਕੀਟ ਵੀ ਆਖਦੇ ਹਨ।
ਕੀੜਾ ਥਾਪਿ ਦੇਇ ਪਾਤਿਸਾਹੀ ਲਸ਼ਕਰ ਕਰੇ ਸੁਆਹ।। (144)
ਕੂੰਜ
ਕਾਸਨੀ ਰੰਗ ਦਾ ਇਹ ਪੰਛੀ ਸਰਦੀਆਂ ਵਿਚ ਗਰਮ ਦੇਸ਼ਾਂ 'ਚ ਆਉਂਦਾ ਹੈ ਤੇ ਗਰਮੀਆਂ ਵਿਚ ਠੰਡੇ ਇਲਾਕਿਆਂ ਵਿਚ ਚਲਾ ਜਾਂਦਾ ਹੈ।
ਅੰਬਰਿ ਕੂੰਜਾ ਕੁਰਲੀਆ ਬਸ ਬਹਿਠੇ ਆਇ ਲੀਉ।। (762)
ਕੋਕਿਲ
ਕੋਕਿਲ ਸ਼ਬਦ ਫ਼ਾਰਸੀ ਦਾ ਹੈ। ਇਹ ਕੋਇਲ ਵਰਗਾ ਪੰਛੀ ਹੈ ਪਰ ਇਸ ਕੇ ਪੰਜੇ ਸਿੱਧੇ ਹੁੰਦੇ ਹਨ।
ਕੋਕਿਲ ਹੋਵਾ ਅੰਬਿ ਬਸਾ ਸਹਜਿ ਸਬਦ ਬੀਚਾਰੁ£ (159)
ਖੋਤਾ
ਖੋਤੇ ਨੂੰ ਖਰ ਤੇ ਗਧਾ ਵੀ ਆਖਦੇ ਹਨ। ਇਹ ਘੋੜੇ ਤੋਂ ਛੋਟਾ ਹੁੰਦਾ ਹੈ। ਅਤੇ ਭਾਰ ਢੋਣ ਦੇ ਕੰਮ ਆਉਂਦਾ ਹੈ।
ਪਾਨਾ ਵਾੜੀ ਹੋਇ ਘਰ ਖਰੁ
ਸਾਰ ਨ ਜਾਣੈ।। (725)
ਗੈਂਡਾ
ਇਹ ਵੱਡੇ ਆਕਾਰ ਦਾ ਜੰਗਲੀ ਜਾਨਵਰ ਹੈ। ਇਸ ਦੇ ਨੱਕ ਉੱਪਰ ਸਿੰਗ ਹੁੰਦਾ ਹੈ। ਇਸ ਦੀ ਖੱਲ ਢਾਲ ਬਣਾਉਣ ਲਈ ਵਰਤੀ ਜਾਂਦੀ ਹੈ।
ਗੈਡਾ ਮਾਰਿ ਹੋਮ ਜਗ ਕੀਏ ਦੇਵਤਿਆਂ ਕੀ ਬਾਣੇ।। (1289)
ਚਕਵੀ
ਚਕਵੀ ਨਾਂ ਸੰਸਕ੍ਰਿਤ ਦੇ ਸ਼ਬਦ ਚਕਵਾਕ ਤੋਂ ਆਇਆ ਹੈ। ਇਸ ਨੂੰ ਸੁਰਖਾਬਣੀ ਵੀ ਆਖਦੇ ਹਨ। ਇਸ ਪੰਖੇਰੂ ਬਾਰੇ ਪ੍ਰਸਿੱਧ ਹੈ ਕਿ ਜੋੜੇ ਵਿਚੋਂ ਇਕ ਮਰ ਜਾਵੇ ਤਾਂ ਦੂਜਾ ਜ਼ਿੰਦਾ ਨਹੀਂ ਰਹਿੰਦਾ। ਇਸ ਦੇ ਖੰਭ ਕਲਗੀਆਂ 'ਚ ਲਾਏ ਜਾਂਦੇ ਹਨ।
ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰ ਜੈਸੀ ਚਕਵੀ ਸੂਰ।। (60)
ਚਰਗਾ
ਇਹ ਇਕ ਸ਼ਿਕਾਰੀ ਪੰਛੀ ਹੈ। ਇਹ ਸ਼ਬਦ ਫ਼ਾਰਸੀ ਭਾਸ਼ਾ ਦੇ ਚਰਗ ਤੋਂ ਨਿਕਲਿਆ ਹੈ। ਇਹ ਪੰਛੀ ਇੱਲ ਨਾਲੋਂ ਥੋੜ੍ਹਾ ਛੋਟੇ ਆਕਾਰ ਦਾ ਹੁੰਦਾ ਹੈ।
ਸੀਹਾ ਬਾਜਾ ਚਰਗਾ ਕੁਹੀਆ ਏਨਾ ਖਵਾਲੇ ਘਾਹ।। (144)
ਬਬੀਹਾ
ਇਸ ਨੂੰ ਪਪੀਹਾ, ਚਾਤਕ, ਚਾਤ੍ਰਿਕ, ਸਾਰੰਗ ਵੀ ਆਖਦੇ ਹਨ। ਬਬੀਹਾ ਇਕ ਮਿੱਠੀ ਆਵਾਜ਼ ਵਾਲਾ ਜਾਨਵਰ ਹੈ, ਬਬੀਹਾ ਆਮ ਤੌਰ 'ਤੇ ਕੀੜੇ-ਪਤੰਗੇ ਦਾ ਆਹਾਰ ਕਰਦਾ ਹੈ। ਇਹ ਮੀਂਹ ਦੀ ਕਣੀ (ਸਵਾਤੀ ਬੂੰਦ) ਦਾ ਆਪਣੀ ਪਿਆਸ ਦੀ ਤ੍ਰਿਪਤੀ ਲਈ ਇੰਤਜ਼ਾਰ ਕਰਦਾ ਤੇ ਲਗਾਤਾਰ ਕੂਕਦਾ ਰਹਿੰਦਾ ਹੈ।
ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਚਾਤ੍ਰਿਕ ਮੇਹ।। (60)
ਮੱਛੀ
ਮੱਛੀ ਨੂੰ ਗੁਰਬਾਣੀ 'ਚ ਮੀਨ ਝਾਗਿ ਆਦਿ ਕਿਹਾ ਗਿਆ ਹੈ। ਇਹ ਜਲ-ਜੀਵ ਹੈ, ਜੋ ਜਲ ਤੋਂ ਬਿਨਾਂ ਮਰ ਜਾਂਦਾ ਹੈ।
ਆਪੇ ਮਾਛੀ ਮਛੁਲੀ ਆਪੇ
ਪਾਣੀ ਜਾਲੁ।। (23)
ਪਸ਼ੂ
ਇਸ ਨੂੰ ਢੋਰ, ਡੰਗਰ, ਜਾਨਵਰ ਵੀ ਆਖਦੇ ਹਨ। ਇਹ ਖੇਤੀਬਾੜੀ ਲਈ ਵਰਤਿਆ ਜਾਂਦਾ ਰਿਹਾ ਹੈ।
ਮਨਮੁਖ ਤਤੁ ਨ ਜਾਵਨੀ ਪਸ਼ੂ ਮਾਹਿ ਸਮਾਨਾ।। (1009)
ਮੋਰ
ਮੋਰ ਖੇਤਾਂ 'ਚ ਰੁੱਖਾਂ ਦੇ ਝੁੰਡਾਂ 'ਚ ਰਹਿਣ ਵਾਲਾ ਜਾਨਵਰ ਹੈ, ਇਸ ਦੀ ਪੂਛ ਰੰਗਦਾਰ ਤੇ ਆਕਰਸ਼ਕ ਹੁੰਦੀ ਹੈ। ਸਾਵਣ ਵਿਚ ਬਾਰਿਸ਼ ਕਾਰਨ ਇਹ ਜਾਨਵਰ ਖ਼ੁਸ਼ੀ 'ਚ ਨੱਚਣ ਲਗਦਾ ਹੈ। ਖ਼ੂਬਸੂਰਤ ਲੰਬੀ ਦੁੰਮ ਕੇਵਲ ਨਰ ਮੋਰ ਦੀ ਹੁੰਦੀ ਹੈ। ਗੁਰਬਾਣੀ ਵਿਚ ਇਸ ਦਾ ਮੋਰੀ, ਮੁਰਲੇ, ਮੋਰਪੰਖ, ਮੋਰਾ, ਮੋਰੁ ਆਦਿ ਨਾਵਾਂ ਨਾਲ ਜ਼ਿਕਰ ਆਇਆ ਹੈ।
- ਮੋਰੀ ਰੁਣਝੁਣ ਲਾਇਆ ਭੈਣੇ ਸਾਵਣੁ ਆਇਆ।। (557)
ਡਾ. ਜਸਬੀਰ ਸਿੰਘ ਸਰਨਾ
99065-66604