ਉਸ ਨੇ ਭਾਈ ਜੈਤੇ ਨੂੰ ਕਿਹਾ ਕਿ ਮੈਨੂੰ ਮਾਰ ਕੇ ਮੇਰੀ ਮ੍ਰਿਤਕ ਦੇਹ ਉਥੇ ਰੱਖ ਦੇ । ਭਾਈ ਜੈਤੇ ਨੇ ਇਸੇ ਤਰ੍ਹਾਂ ਹੀ ਕੀਤਾ| ਉਸ ਨੇ ਚਾਂਦਨੀ ਚੌਕ ’ਚੋਂ ਚਾਦਰ ’ਚ ਮ੍ਰਿਤਕ ਦੇਹ ਚੁੱਕੀ ਤੇ ਧੜ ਦਾ ਸਸਕਾਰ ਦਿੱਲੀ ਵਾਲੇ ਆਪਣੇ ਘਰ ਨੂੰ ਅੱਗ ਲਾ ਕੇ ਕਰ ਦਿੱਤਾ ਤੇ ਸੀਸ ਲੈ ਕੇ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਕੋਲ ਪਹੁੰਚ ਗਿਆ| ਗੁਰੂ ਜੀ ਨੇ ਭਾਈ ਜੈਤੇ ਨੂੰ ਗਲ ਨਾਲ ਲਾਇਆ ਤੇ ‘ਰੰਘਰੇਟੇ ਗੁਰੂ ਕਾ ਬੇਟੇ’ ਦਾ ਤੇ ਆਪਣੀ ਫ਼ੌਜ ਦੇ ਕਮਾਂਡਰ ਦਾ ਖ਼ਿਤਾਬ ਦਿੱਤਾ|

ਭਾਈ ਜੈਤਾ ਗੁਰੂ ਗੋਬਿੰਦ ਸਿੰਘ ਜੀ ਦੇ ਪਾਸੋਂ ਅੰਮ੍ਰਿਤ ਛਕਣ ਤੋਂ ਬਾਅਦ ਭਾਈ ਜੀਵਨ ਸਿੰਘ ਬਣਿਆ| ਉਂਝ ਉਨ੍ਹਾਂ ਦਾ ਪਹਿਲਾ ਨਾਮ ਜਯਤਾ ਸੀ| ਇਸ ਨਾਮ ਹੇਠ ਉਨ੍ਹਾਂ ਨੇ ਬਾਣੀ ਵੀ ਲਿਖੀ । ਭਾਈ ਜੀਵਨ ਸਿੰਘ ਦੇ ਨਾਮ ’ਤੇ ਉਨ੍ਹਾਂ ਨੇ ਮਨੁੱਖੀ ਅਧਿਕਾਰ ਤੇ ਇਨਸਾਫ਼ ਲਈ ਅਤੇ ਔਰੰਗਜ਼ੇਬ ਦੀ ਜ਼ਬਰ ਜ਼ੁਲਮ ਵਾਲੀ ਨੀਤੀ ਵਿਰੁੱਧ ਜੰਗ ਲੜੀ । ਉਨ੍ਹਾਂ ਦਾ ਪਿਛੋਕੜ ਕੱਥੂਨੰਗਲ ਨਾਲ ਸੀ ਤੇ ਇਸ ਪਿੰਡ ’ਚੋਂ ਵੱਸੇ ਪਿੰਡ ਰਮਦਾਸ ਵਿਖੇ ਉਨ੍ਹਾਂ ਦਾ ਜਨਮ ਪਿਤਾ ਸਦਾ ਨੰਦ ਤੇ ਮਾਤਾ ਨਾਨਕੀ ਦੇ ਘਰ ਹੋਇਆ। ਮਾਤਾ ਗੁਜਰੀ ਨੇ ਨਾਨਕੀ ਦਾ ਨਾਮ ਪ੍ਰੇਮੋ ਰੱਖ ਦਿੱਤਾ| ਗੁਰੂ ਤੇਗ ਬਹਾਦਰ ਜੀ ਨਾਲ ਭਾਈ ਜੀਵਨ ਸਿੰਘ ਦਾ ਪਰਿਵਾਰ ਦੀਵਾਲੀ ਵੇਖਣ ਕੀਰਤਪੁਰ ਗਿਆ ਤੇ ਉਥੇ ਸ੍ਰੀ ਗੁਰੂ ਹਰਿ ਰਾਇ ਜੀ ਨੇ ਉਨ੍ਹਾਂ ਨੂੰ ‘ ਮਹਾਂਪੁਰਖ ਪਰਕਰਨੀ ਸੂਰਬੀਰ ਥੀਵੇ’ ਦਾ ਵਰ ਦਿੱਤਾ|
ਰੰਗਰੇਟਾ ਨਾਮ ਦਾ ਇਤਿਹਾਸ ਵੀ ਬੜਾ ਅਜੀਬ ਹੈ| ਬਾਦਸ਼ਾਹ ਅਕਬਰ ਨੇ ਮਨੁੱਖਤਾ ਦੀ ਦੁਸ਼ਮਣੀ ਖ਼ਤਮ ਕਰਨ ਲਈ ‘ਦੀਨ ਇਲਾਹੀ’ ਧਰਮ ਚਲਾਇਆ। ਜਿਸ ਅਨੁਸਾਰ ਮੁਸਲਿਮ ਲੜਕਾ ਹਿੰਦੂ ਲੜਕੀ ਤੇ ਹਿੰਦੂ ਲੜਕਾ ਮੁਸਲਿਮ ਲੜਕੀ ਨਾਲ ਵਿਆਹ ਕਰਵਾ ਸਕਦਾ ਸੀ ਤੇ ਦੋਵੇਂ ਆਪੋ-ਆਪਣਾ ਧਰਮ ਵੀ ਬਰਕਰਾਰ ਰੱਖ ਸਕਦੇ ਸਨ| ਇਹ ਦੀਨ ਇਲਾਹੀ ਧਰਮ ਹਿੰਦੂ ਬੁਨਿਆਦ ਪਰਸਤਾਂ,ਮੌਲਵੀਆਂ ਤੇ ਸ਼ੇਖਾਂ ਨੂੰ ਚੁੱਭਣ ਲੱਗ ਪਿਆ। ਸ਼ੇਖ਼ ਮੁਸਲਮਾਨਾਂ ਨੇ ਇਲਾਹੀ ਧਰਮ ਦੀ ਔਲਾਦ ਨੂੰ ‘ਰੰਗੜ’ ਕਿਹਾ। (ਉਸ ਵਕਤ ਬ੍ਰਾਹਮਣ ਪਰੰਪਰਾ ਅਨੁਸਾਰ ਬ੍ਰਾਹਮਣ ਮਾਤਾ ਤੇ ਸ਼ੂਦਰ ਪਿਤਾ ਦੀ ਔਲਾਦ ਨੂੰ ਬ੍ਰਾਹਮਣੀ ਲੋਕ ‘ਚੰਡਾਲ’ ਆਖਦੇ ਸਨ) ਇਲਾਹੀ ਧਰਮ ਦੇ ਪ੍ਰਭਾਵ ਹੇਠ ਜਿਨ੍ਹਾਂ ਬ੍ਰਾਹਮਣ ਲੜਕਿਆਂ ਨੇ ਮੁਸਲਿਮ ਲੜਕੀਆਂ ਨਾਲ ਵਿਆਹ ਕਰਵਾਏ ਸਨ | ਉਨ੍ਹਾਂ ਦੀ ਔਲਾਦ ਨੂੰ ਬ੍ਰਾਹਮਣਾਂ ਨੇ ‘ਰੰਗਰੇਟਾ’ ਕਿਹਾ|
ਨਾਭਾ ਮਹਾਨ ਕੋਸ਼ ਰੰਗਰੇਟੇ ਨੂੰ ਰੰਗੜ ਦਾ ਪੁੱਤਰ ਦੱਸਦਾ ਹੈ। ਉੱਚੀਆਂ ਜਾਤਾਂ ਵਾਲੇ ਰੰਘਰੇਟਾ ਜਾਂ ਰੰਗੜਾਂ ਨੂੰ ਕਮੀਨਾ ਸਮਝਦੀਆਂ ਸਨ| ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਵਿਚਾਰ ਲੋਕਾਂ ਨੂੰ ਦਿਖਾਉਣ ਵਾਸਤੇ ਦੱਬੀ ਕੁਚਲੀ ਜਾਤ ਰੰਘਰੇਟਿਆਂ ਨੂੰ ਆਪਣੇ ਗਲ਼ ਲਾਇਆ ਤੇ ਭਾਈ ਜੈਤੇ ਨੂੰ ‘ਰੰਘਰੇਟਾ ਗੁਰੂ ਕਾ ਬੇਟਾ’ ਦਾ ਖ਼ਿਤਾਬ ਦਿੱਤਾ| ਭਾਈ ਜੈਤੇ ਦਾ ਪਰਿਵਾਰ ਗੁਰੂ ਤੇਗ ਬਹਾਦਰ ਜੀ ਨਾਲ ਰਹਿਣ ਕਰਕੇ ਉਨ੍ਹਾਂ ਨੂੰ ਗਿਆਨ ਹਾਸਲ ਕਰਨ ਦਾ ਵਧੇਰੇ ਮੌਕਾ ਮਿਲਿਆ ਤੇ ਉਨ੍ਹਾਂ ਵਿਦਿਆ ਗ੍ਰਹਿਣ ਕੀਤੀ ਜਿਸ ਵਿੱਚ ਘੋੜ ਸਵਾਰੀ, ਸ਼ਾਸ਼ਤਰ ਵਿਦਿਆ ਤੇ ਸ਼ਿਕਾਰ ਖੇਡਣਾ ਆਦਿ ਸੀ । ਭਾਈ ਜੈਤੇ ਨੇ ਕਈ ਭਾਸ਼ਾਵਾਂ ਜਿਵੇਂ ਸੰਸਕ੍ਰਿਤ, ਬ੍ਰਿਜ, ਫ਼ਾਰਸੀ ਵੀ ਜਾਣੀ। ਉਨ੍ਹਾਂ ਨੇ ਪ੍ਰਕਿਰਤੀ ਤੇ ਤਰਕ ਗਿਆਨ ਵੀ ਹਾਸਲ ਕੀਤਾ| ਉਨ੍ਹਾਂ ਨੇ ਦੁਨੀਆ ਦੀ ਰਾਖੀ ਕਰਨ ਲਈ ਇਲਮ ਵੀ ਸਿੱਖਿਆ ਅਤੇ ਉਸ ਤੇ ਅਮਲ ਕੀਤਾ । ਸਭ ਤੋਂ ਵੱਡੇ ਗਿਆਨ ਉਨ੍ਹਾਂ ਨੇ ਸੱਚ ਦਾ ਪੱਲਾ ਫੜਿਆ| ਸੱਚ ਜਾਣਨ ਵਾਲਾ ਝੂਠ ਤੋਂ ਡਰਦਾ ਨਹੀਂ ਕਿਉਂਕਿ ਸੱਚ ਦੀ ਤਲਵਾਰ ਸਟੀਲ ਦੀ ਤਲਵਾਰ ਨਾਲੋਂ ਕਿਤੇ ਵੱਧ ਤਿੱਖੀ ਹੁੰਦੀ ਹੈ| ਗੁਰੂ ਤੇਗ ਬਹਾਦਰ ਜੀ ਨੇ ਭਾਈ ਜੈਤੇ ਦੀ ਅਕਲ ਤੇ ਹੁਨਰ ਨੂੰ ਪਹਿਚਾਣ ਕੇ ਉਨ੍ਹਾਂ ਨੂੰ ਪੰਜ ਪਿਆਰਿਆਂ ਵਿੱਚ ਰੱਖਿਆ ਸੀ| ਗੁਰੂ ਤੇਗ ਬਹਾਦਰ ਜੀ ਦੀ ਤਾਕਤ ਨੂੰ ਵੱਧਦੀ ਵੇਖ ਔਰੰਗਜ਼ੇਬ ਸਹਾਰ ਨਾ ਸਕਿਆ ਤੇ ਉਸ ਨੇ ਗੁਰੂ ਜੀ ਪਾਸ ਆਪਣੇ ਏਲਚੀ ਭੇਜੇ ਕੇ ਗੁਰੂ ਜੀ ਮੇਰੇ ਦਰਬਾਰ ਵਿੱਚ ਹਾਜ਼ਰ ਹੋਵੇ। ਗੁਰੂ ਜੀ ਆਪਣੇ ਨਾਲ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਨੂੰ ਨਾਲ ਲੈ ਕੇ ਦਿੱਲੀ ਪਹੁੰਚ ਗਏ। ਗੁਰੂ ਜੀ ਨੇ ਜਾਣ ਤੋਂ ਪਹਿਲਾਂ ਭਾਈ ਜੈਤੇ ਤੇ ਭਾਈ ਉਦੈ ਦੀ ਜ਼ਿੰਮੇਵਾਰੀ ਲਾਈ ਕਿ ਉਹ ਦਿੱਲੀ ਦੇ ਹਾਲਾਤ ਨੂੰ ਵਾਚਣ। ਭਾਈ ਜੈਤੇ ਨੂੰ ਇਹ ਵੀ ਜ਼ਿੰਮੇਵਾਰੀ ਦਿੱਤੀ ਗਈ ਕਿ ਉਹ ਸਿੱਖਾਂ ਦੇ ਹੈਡਕੁਆਰਟਰ ਆਨੰਦਪੁਰ ਸਾਹਿਬ ਨਾਲ ਤਾਲਮੇਲ ਰੱਖਣ ਤੇ ਗੁਰੂ ਜੀ ਪਾਸ ਡਾਕ ਪਹੁੰਚਾਉਣ ਦਾ ਕੰਮ ਵੀ ਕਰਦੇ ਰਹਿਣ|
ਹਾਲਾਤ ਨੂੰ ਸਾਹਮਣੇ ਰੱਖਦਿਆਂ ਹੋਇਆਂ ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਭਾਈ ਜੈਤੇ ਨੂੰ ਆਖਿਆ ਕਿ ਉਹ ਤਿਲਕ ਤੇ ਹੋਰ ਸਮੱਗਰੀ ਲੈ ਕੇ ਅਨੰਦਪੁਰ ਜਾਵੇ ਤੇ ਗੋਬਿੰਦ ਰਾਏ ਜੀ ਨੂੰ ਤਿਲਕ ਲਾ ਕੇ ਗੁਰੂ ਥਾਪ ਕੇ ਆਵੇ। ਭਾਈ ਜੈਤੇ ਨੇ ਗੁਰੂ ਜੀ ਦਾ ਹੁਕਮ ਪੂਰਾ ਕੀਤਾ ਅਤੇ ਗੋਬਿੰਦ ਰਾਏ ਨੂੰ ਗੁਰੂ ਥਾਪ ਕੇ ਆਇਆ| ਔਰੰਗਜ਼ੇਬ ਨੇ ਗੁਰੂ ਜੀ ਨੂੰ ਮੁਸਲਿਮ ਧਰਮ ਗ੍ਰਹਿਣ ਕਰਨ ਵਾਸਤੇ ਬੜਾ ਜ਼ੋਰ ਲਾਇਆ ਪਰ ਕਾਮਯਾਬੀ ਨਾ ਮਿਲੇ। ਫਿਰ ਔਰੰਗਜ਼ੇਬ ਨੇ ਗੁਰੂ ਦੇ ਸਾਹਮਣੇ ਮਤੀ ਦਾਸ ਨੂੰ ਆਰੇ ਨਾਲ ਚੀਰਿਆ,ਸਤੀ ਦਾਸ ਨੂੰ ਰੂੰ ਵਿੱਚ ਵਲੇਟਿਆ ਤੇ ਅੱਗ ਲਾ ਕੇ ਸ਼ਹੀਦ ਕੀਤਾ ਤੇ ਭਾਈ ਦਿਆਲਾ ਨੂੰ ਦੇਗ਼ ਵਿੱਚ ਉਬਾਲ ਕੇ ਮੌਤ ਦੇ ਘਾਟ ਉਤਾਰਿਆ| ਔਰੰਗਜ਼ੇਬ ਨੇ ਜਦੋਂ ਵੇਖਿਆ ਕਿ ਗੁਰੂ ਤਾਂ ਡੋਲਦਾ ਹੀ ਨਹੀਂ ਤੇ ਫਿਰ ਉਸ ਜ਼ਾਲਮ ਨੇ ਗੁਰੂ ਜੀ ਦਾ ਸੀਸ ਧੜ ਨਾਲੋਂ ਨਾਲੋਂ ਵੱਖ ਕਰ ਦਿੱਤਾ| ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਖੇ ਸਿੱਖ ਇਕੱਠੇ ਕਰਕੇ ਕਿਹਾ ਕਿ ਹੈ ਕੋਈ ਸੂਰਮਾ ਜੋ ਮੇਰੇ ਪਿਤਾ ਜੀ ਦੀ ਮ੍ਰਿਤਕ ਦੇਹ ਲੈ ਕੇ ਆਵੇ। ਕੋਈ ਨਾ ਉੱਠਿਆ ਤੇ ਫਿਰ ਭਾਈ ਜੈਤਾ ਜੀ ਤੇ ਉਨ੍ਹਾਂ ਦੇ ਪਿਤਾ ਸੱਦਾ ਨੰਦ ਉੱਠੇ ਕਿ ਇਹ ਕੰਮ ਅਸੀਂ ਪੂਰਾ ਕਰਾਂਗੇ ਇਜਾਜ਼ਤ ਦਿੱਤੀ ਜਾਵੇ|
ਇਜਾਜ਼ਤ ਮਿਲਣ ਉਪਰੰਤ ਉਹ ਦਿੱਲੀ ਗਏ ਪਰ ਪਹਿਰਾ ਬੜਾ ਸਖ਼ਤ ਸੀ। ਇਸ ਪ੍ਰਸਥਿਤੀ ਵਿੱਚ ਭਾਈ ਜੈਤੇ ਦੇ ਪਿਤਾ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੀ ਮ੍ਰਿਤਕ ਦੇਹ ਤਾਂ ਹੀ ਚੁੱਕੀ ਜਾ ਸਕਦੀ ਜੇ ਉਨ੍ਹਾਂ ਦੀ ਜਗ੍ਹਾ ਫ਼ੁਰਤੀ ਨਾਲ ਕੋਈ ਹੋਰ ਮ੍ਰਿਤਕ ਦੇਹ ਰੱਖੀ ਜਾਵੇ| ਉਸ ਨੇ ਭਾਈ ਜੈਤੇ ਨੂੰ ਕਿਹਾ ਕਿ ਮੈਨੂੰ ਮਾਰ ਕੇ ਮੇਰੀ ਮ੍ਰਿਤਕ ਦੇਹ ਉਥੇ ਰੱਖ ਦੇ । ਭਾਈ ਜੈਤੇ ਨੇ ਇਸੇ ਤਰ੍ਹਾਂ ਹੀ ਕੀਤਾ| ਉਸ ਨੇ ਚਾਂਦਨੀ ਚੌਕ ’ਚੋਂ ਚਾਦਰ ’ਚ ਮ੍ਰਿਤਕ ਦੇਹ ਚੁੱਕੀ ਤੇ ਧੜ ਦਾ ਸਸਕਾਰ ਦਿੱਲੀ ਵਾਲੇ ਆਪਣੇ ਘਰ ਨੂੰ ਅੱਗ ਲਾ ਕੇ ਕਰ ਦਿੱਤਾ ਤੇ ਸੀਸ ਲੈ ਕੇ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਕੋਲ ਪਹੁੰਚ ਗਿਆ| ਗੁਰੂ ਜੀ ਨੇ ਭਾਈ ਜੈਤੇ ਨੂੰ ਗਲ ਨਾਲ ਲਾਇਆ ਤੇ ‘ਰੰਘਰੇਟੇ ਗੁਰੂ ਕਾ ਬੇਟੇ’ ਦਾ ਤੇ ਆਪਣੀ ਫ਼ੌਜ ਦੇ ਕਮਾਂਡਰ ਦਾ ਖ਼ਿਤਾਬ ਦਿੱਤਾ| ਭਾਈ ਜੈਤਾ ਆਪ ਪਿਛੇ ਮੁਗ਼ਲਾਂ ਦਾ ਮੁਕਾਬਲਾ ਕਰਦਾ ਹੋਇਆ 23 ਦਸੰਬਰ 1707 ਈਸਵੀ ਨੂੰ ਸ਼ਹਾਦਤ ਦਾ ਜਾਮ ਪੀ ਗਿਆ।
-ਪਿਰਥੀਪਾਲ ਸਿੰਘ ਮਾੜੀਮੇਘਾ
98760-78731