ਜਦੋਂ ਵੀ ਕੋਈ ਮਹਾਂਪੁਰਖ ਉਸ ਸਮੇਂ ਦੇ ਮੌਜੂਦਾ ਨਿਜ਼ਾਮ ਨੂੰ ਲਲਕਾਰਦਾ ਹੈ, ਉਸ ਦੇ ਭੈੜਾਂ ਨੂੰ ਦੁਰਕਾਰਦਾ ਹੈ ਤਾਂ ਮੌਕੇ ਦੀ ਤਾਕਤ ਦਾ ਜ਼ੁਲਮ ਸਹਿਣਾ ਹੀ ਪੈਂਦਾ ਹੈ। ਆਪਣੀਆਂ ਸ਼ਹਾਦਤਾਂ ਵੀ ਦੇਣੀਆਂ ਪੈਂਦੀਆਂ ਹਨ। ਅੱਜ ਤੋਂ ਸਾਢੇ ਤਿੰਨ ਸਦੀਆਂ ਪਹਿਲਾਂ ਅਜਿਹੀ ਮਹਾਨ ਤੇ ਅਨੋਖੀ ਸ਼ਹਾਦਤ ਹੋਈ, ਜਿਸ ਨੇ ਸੰਸਾਰ ’ਚ ਨਵਾਂ ਇਤਿਹਾਸ ਸਿਰਜਿਆ।

ਜਦੋਂ ਵੀ ਕੋਈ ਮਹਾਂਪੁਰਖ ਉਸ ਸਮੇਂ ਦੇ ਮੌਜੂਦਾ ਨਿਜ਼ਾਮ ਨੂੰ ਲਲਕਾਰਦਾ ਹੈ, ਉਸ ਦੇ ਭੈੜਾਂ ਨੂੰ ਦੁਰਕਾਰਦਾ ਹੈ ਤਾਂ ਮੌਕੇ ਦੀ ਤਾਕਤ ਦਾ ਜ਼ੁਲਮ ਸਹਿਣਾ ਹੀ ਪੈਂਦਾ ਹੈ। ਆਪਣੀਆਂ ਸ਼ਹਾਦਤਾਂ ਵੀ ਦੇਣੀਆਂ ਪੈਂਦੀਆਂ ਹਨ। ਅੱਜ ਤੋਂ ਸਾਢੇ ਤਿੰਨ ਸਦੀਆਂ ਪਹਿਲਾਂ ਅਜਿਹੀ ਮਹਾਨ ਤੇ ਅਨੋਖੀ ਸ਼ਹਾਦਤ ਹੋਈ, ਜਿਸ ਨੇ ਸੰਸਾਰ ’ਚ ਨਵਾਂ ਇਤਿਹਾਸ ਸਿਰਜਿਆ। ਇਹ ਸ਼ਹਾਦਤ ਕਿਸੇ ਆਪਣੇ ਅਕੀਦੇ ਖ਼ਾਤਰ ਨਹੀਂ ਸੀ ਸਗੋਂ ਲੋਕਾਈ ਨੂੰ ਆਪਣੀ ਮਰਜ਼ੀ ਦੇ ਅਕੀਦੇ ਅਨੁਸਾਰ ਜਿਊਣ ਦੇ ਹੱਕ ਦੀ ਰਾਖੀ ਲਈ ਸੀ। ਇਹ ਸ਼ਹਾਦਤ ਦੇਣ ਵਾਲੇ ਭਗਤੀ ਤੇ ਸ਼ਕਤੀ ਦਾ ਸੁਮੇਲ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਨ। ਉਨ੍ਹਾਂ ਵੱਲੋਂ ਪਾਈ ਪਿਰਤ ਸਦਕਾ ਅੱਜ ਵੀ ਸੰਸਾਰ ’ਚ ਜਦੋਂ ਤੇ ਜਿੱਥੇ ਵੀ ਮਨੁੱਖੀ ਹੱਕਾਂ ਦਾ ਘਾਣ ਹੁੰਦਾ ਹੈ ਤਾਂ ਲੋਕਾਈ ਦ੍ਰਿੜ੍ਹ ਇਰਾਦੇ ਨਾਲ ਉਸ ਵਿਰੁੱਧ ਆਵਾਜ਼ ਉਠਾਉਂਦੀ ਹੈ। ਗੁਰੂ ਜੀ ਦੇ ਪੈਰੋਕਾਰ ਸੰਸਾਰ ਦੇ ਕਿਸੇ ਵੀ ਖਿੱਤੇ ਵਿਚ ਜਦੋਂ ਕੋਈ ਆਫ਼ਤ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਆਪਣੀਆਂ ਜਾਨਾਂ ਦੀ ਪ੍ਰਵਾਹ ਨਾ ਕਰਦਿਆਂ ਸਹਾਇਤਾ ਲਈ ਅੱਗੇ ਆਉਂਦੇ ਹਨ। ਗੁਰੂ ਜੀ ਦੀਆਂ ਬਖ਼ਸ਼ਿਸ਼ਾਂ ਦੀ ਖ਼ੁਸ਼ਬੂ ਅੱਜ ਵੀ ਸਾਰੇ ਸੰਸਾਰ ਵਿਚ ਫੈਲੀ ਹੋਈ ਹੈ। ਜਿਸ ਵਰਗ ਦੇ ਹੱਕਾਂ ਦੀ ਰਾਖੀ ਲਈ ਗੁਰੂ ਜੀ ਨੇ ਆਪਣੀ ਸ਼ਹਾਦਤ ਦਿੱਤੀ ਸੀ, ਉਹ ਵਰਗ ਉਦੋਂ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਉਨ੍ਹਾਂ ਵੱਲੋਂ ਜ਼ੁਲਮ ਵਿਰੁੱਧ ਲੜਾਈ ’ਚ ਪੂਰੀ ਤਰ੍ਹਾਂ ਸ਼ਾਮਿਲ ਹੋਇਆ ਸੀ। ਹੁਣ ਵੀ ਇਸ ਦੀ ਯਾਦ ਉਨ੍ਹਾਂ ਦੇ ਚੇਤਿਆਂ ’ਚ ਵਸਦੀ ਹੈ।
ਪ੍ਰਭੂ ਭਗਤੀ ’ਚ ਰਹਿੰਦੇ ਲੀਨ
ਗੁਰੂ ਤੇਗ ਬਹਾਦਰ ਜੀ ਦਾ ਪਹਿਲਾ ਨਾਂ ਤਿਆਗ ਮੱਲ ਸੀ। ਉਹ ਸੱਚਮੁੱਚ ਤਿਆਗੀ ਸਨ। ਗੁਰੂ ਜੀ ਗੰਭੀਰ ਸੁਭਾਅ ਦੇ ਸਨ ਤੇ ਹਮੇਸ਼ਾ ਪਰਮਾਤਮਾ ਦੀ ਭਗਤੀ ’ਚ ਲੀਨ ਰਹਿੰਦੇ ਸਨ। ਗੁਰੂ ਹਰਗੋਬਿੰਦ ਸਾਹਿਬ ਨੂੰ ਸਮੇਂ ਦੀ ਸਰਕਾਰ ਨਾਲ ਯੁੱਧ ਕਰਨ ਲਈ ਮਜਬੂਰ ਕੀਤਾ ਗਿਆ। ਇਨ੍ਹਾਂ ਲੜਾਈਆਂ ’ਚ ਸ੍ਰੀ ਤਿਆਗ ਮੱਲ ਜੀ ਨੇ ਤੇਗ ਦੇ ਅਜਿਹੇ ਜੌਹਰ ਵਿਖਾਏ ਕਿ ਉਨ੍ਹਾਂ ਨੂੰ ਤੇਗ ਬਹਾਦਰ ਆਖਿਆ ਜਾਣ ਲੱਗਿਆ। ਉਦੋਂ ਉਹ ਸਿਰਫ਼ 13 ਵਰ੍ਹਿਆਂ ਦੇ ਸਨ, ਜਦੋਂ ਕਰਤਾਰਪੁਰ ਸਾਹਿਬ ਦੇ ਯੁੱਧ ’ਚ ਹਿੱਸਾ ਲਿਆ ਸੀ। ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਅੰਤਲਾ ਸਮਾਂ ਨੇੜੇ ਆਇਆ ਤਾਂ ਉਨ੍ਹਾਂ ਨੇ ਇਨ੍ਹਾਂ ਨੂੰ ਆਖਿਆ ਕਿ ਤੁਸੀਂ ਹੁਣ ਆਪਣੀ ਮਾਤਾ ਜੀ ਤੇ ਧਰਮ ਪਤਨੀ ਨਾਲ ਆਪਣੇ ਨਾਨਕੇ ਪਿੰਡ ਬਕਾਲੇ ਚਲੇ ਜਾਵੋ। ਉਨ੍ਹਾਂ ਨੇ ਬਿਨਾਂ ਕੋਈ ਉਜਰ ਕੀਤਿਆਂ ਹੁਕਮਾਂ ਦੀ ਪਾਲਣਾ ਕੀਤੀ। ਇਹ ਪਹਿਲੀ ਵਾਰ ਹੋਇਆ, ਜਦੋਂ ਕਿਸੇ ਗੁਰੂ ਪੁੱਤਰ ਨੇ ਗੁਰਗੱਦੀ ਉਤੇ ਆਪਣਾ ਹੱਕ ਜਤਾਉਣਾ ਤਾਂ ਦੂਰ ਇਸ ਬਾਰੇ ਸੋਚਿਆ ਵੀ ਨਹੀਂ ਸੀ। ਛੇਵੇਂ ਪਾਤਸ਼ਾਹ ਨੇ ਆਪਣੇ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਦੇ ਸਪੁੱਤਰ ਤੇ ਆਪਣੇ ਪੋਤਰੇ ਹਰਿ ਰਾਏ ਜੀ ਨੂੰ ਗੁਰਗੱਦੀ ਸੌਂਪ ਉਨ੍ਹਾਂ ਨੂੰ ਸੱਤਵੇਂ ਗੁਰੂ ਬਣਾ ਦਿੱਤਾ। ਬਕਾਲੇ ਵਿਖੇ ਆ ਕੇ ਤੇਗ ਬਹਾਦਰ ਸਾਹਿਬ ਹਮੇਸ਼ਾ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ। ਆਪ ਜੀ ਮੋਹ-ਮਾਇਆ ਦਾ ਤਿਆਗ ਕਰ ਕੇ ਚੌਵੀ ਸਾਲ ਬਕਾਲੇ ਗੁੰਮਨਾਮੀ ਦਾ ਜੀਵਨ ਬਸਰ ਕਰਦੇ ਰਹੇ।
ਗੁਰਗੱਦੀ ਦੀ ਬਖ਼ਸ਼ਿਸ਼
ਅੱਠਵੇਂ ਪਾਤਿਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਜੋਤੀ ਜੋਤ ਸਮਾਉਣ ਸਮੇਂ ਦਿੱਲੀ ਵਿਖੇ ‘ਬਾਬਾ ਬਕਾਲੇ’ ਆਖ ਗੁਰਗੱਦੀ ਦੀ ਬਖਸ਼ਿਸ਼ ਕੀਤੀ। ਇਹ ਖ਼ਬਰ ਸੁਣਦਿਆਂ ਹੀ ਉਨ੍ਹਾਂ ਦੇ 22 ਰਿਸ਼ਤੇਦਾਰ ਬਕਾਲੇ ਵਿਖੇ ਆਪੋ-ਆਪਣੀਆਂ ਗੱਦੀਆਂ ਲਗਾ ਕੇ ਬੈਠ ਗਏ ਤੇ ਸਾਰੇ ਆਪਣੇ ਆਪ ਨੂੰ ਨੌਵਾਂ ਗੁਰੂ ਅਖਵਾਉਣ ਲੱਗੇ। ਗੁਰੂ ਤੇਗ ਬਹਾਦਰ ਸਾਹਿਬ ਉਸੇ ਤਰ੍ਹਾਂ ਆਪਣੀ ਵੈਰਾਗਮਈ ਜ਼ਿੰਦਗੀ ’ਚ ਮਸਤ ਰਹੇ। ਭਾਵੇਂ ਉਹ ਜਾਣਦੇ ਸਨ ਕਿ ਗੁਰਗੱਦੀ ਦੀ ਬਖ਼ਸ਼ਿਸ਼ ਉਨ੍ਹਾਂ ਉਤੇ ਹੋਈ ਹੈ ਪਰ ਉਨ੍ਹਾਂ ਇਸ ਬਾਰੇ ਦਾਅਵਾ ਤਾਂ ਕੀ ਕਰਨਾ ਸੀ, ਘਰ ’ਚ ਆਪਣੇ ਮਾਤਾ ਜੀ ਨੂੰ ਵੀ ਜਾਣਕਾਰੀ ਨਹੀਂ ਦਿੱਤੀ। ਇਸ ਤੋਂ ਵੱਡਾ ਤਿਆਗ ਹੋਰ ਕੀ ਹੋ ਸਕਦਾ ਹੈ। ਇਹ ਤਾਂ ਮੱਖਣ ਸ਼ਾਹ ਲੁਬਾਣਾ ਸੀ, ਜਿਸ ਨੇ ਗੁਰੂ ਜੀ ਨੂੰ ਪ੍ਰਗਟ ਕੀਤਾ। ਉਹ ਇਕ ਵਿਉਪਾਰੀ ਸੀ ਤੇ ਸਾਮਾਨ ਨਾਲ ਲੱਦਿਆ ਉਸ ਦਾ ਜਹਾਜ਼ ਤੂਫਾਨ ’ਚ ਘਿਰ ਗਿਆ ਸੀ। ਉਸ ਨੇ ਗੁਰੂ ਨਾਨਕ ਪਾਤਿਸ਼ਾਹ ਅੱਗੇ ਅਰਦਾਸ ਕੀਤੀ ਕਿ ਮੇਰੇ ਬੇੜੇ ਨੂੰ ਬੰਨ੍ਹੇ ਲਾਵੋ। ਇਸ ’ਚ ਸਾਰੀ ਨੇਕ ਕਮਾਈ ਹੈ। ਜਦੋਂ ਉਸ ਦਾ ਜਹਾਜ਼ ਤੂਫ਼ਾਨ ਵਿੱਚੋਂ ਬਾਹਰ ਆ ਗਿਆ ਤਾਂ ਉਸ ਪ੍ਰਣ ਕੀਤਾ ਕਿ ਮੈਂ ਆਪਣੇ ਦਸਵੰਧ ਵਿੱਚੋਂ 500 ਮੋਹਰਾਂ ਗੁਰੂ ਜੀ ਨੂੰ ਭੇਟਾ ਕਰਾਂਗਾ। ਉਹ ਦਿੱਲੀ ਪੁੱਜਿਆ। ਅੱਠਵੇਂ ਪਾਤਸ਼ਾਹ ਜੋਤੀ ਜੋਤ ਸਮਾ ਗਏ ਸਨ ਤੇ ਉਸ ਨੂੰ ਦੱਸਿਆ ਗਿਆ ਕਿ ਹੁਣ ਗੁਰੂ ਬਕਾਲੇ ਹੈ। ਉਹ ਬਕਾਲੇ ਆਇਆ। ਇੱਥੇ 22 ਗੁਰੂ ਬਣੇ ਬੈਠੇ ਸਨ। ਸਭ ਆਪਣੇ ਆਪ ਨੂੰ ਗੁਰੂ ਨਾਨਕ ਦੀ ਗੱਦੀ ਦਾ ਅਸਲੀ ਵਾਰਸ ਆਖ ਰਹੇ ਸਨ। ਸ਼ਾਹ ਜੀ ਨੇ ਪਰਖ ਲਈ ਹਰੇਕ ਅੱਗੇ ਦੋ ਮੋਹਰਾਂ ਰੱਖ ਮੱਥਾ ਟੇਕਿਆ ਪਰ ਉਹ ਸੱਚੇ ਗੁਰੂ ਨੂੰ ਨਾ ਲੱਭ ਸਕਿਆ। ਪੁੱਛ ਪੜਤਾਲ ਤੋਂ ਪਤਾ ਲੱਗਿਆ ਕਿ ਇਕ ਹੋਰ ਦਰਵੇਸ਼ ਵੀ ਹਨ ਜਿਹੜੇ ਰੱਬ ਦੀ ਭਗਤੀ ’ਚ ਲੀਨ ਰਹਿੰਦੇ ਹਨ। ਉਹ ਲੱਭਦਾ ਹੋਇਆ ਉੱਥੇ ਪਹੁੰਚਿਆ ਤੇ ਦੋ ਮੋਹਰਾਂ ਰੱਖ ਕੇ ਮੱਥਾ ਟੇਕਿਆ। ਗੁਰੂ ਜੀ ਨੇ ਅਨੁਭਵ ਕੀਤਾ ਕਿ ਹੁਣ ਆਪਣੇ ਆਪ ਨੂੰ ਪ੍ਰਗਟ ਕਰਨ ਦਾ ਸਮਾਂ ਆ ਗਿਆ ਹੈ। ਜੇ ਅਜਿਹਾ ਨਾ ਕੀਤਾ ਗਿਆ ਤਾਂ ਸਾਰਾ ਪੰਥ ਬਿਖਰ ਜਾਵੇਗਾ। ਉਨ੍ਹਾਂ ਮੱਖਣ ਸ਼ਾਹ ਨੂੰ ਆਖਿਆ, ‘ਭਾਈ ਤੂੰ ਤਾਂ 500 ਮੋਹਰਾਂ ਦਾ ਵਾਅਦਾ ਕੀਤਾ ਸੀ।’ ਫਿਰ ਕੀ ਸੀ, ਮੱਖਣ ਸ਼ਾਹ ਜੀ ਖ਼ੁਸ਼ੀ ਵਿਚ ਇੰਨੇ ਵਿਆਕੁਲ ਹੋਏ ਕਿ ਉਥੇ ਹੀ ਕੋਠੇ ਉਤੇ ਚੜ੍ਹ ਕੇ ਜ਼ੋਰ-ਜ਼ੋਰ ਨਾਲ ਆਖਣ ਲੱਗੇ ‘ਗੁਰੂ ਲਾਧੋ ਰੇ’। ਸਾਰੀ ਸੰਗਤ ਗੁਰੂ ਜੀ ਕੋਲ ਇਕੱਠੀ ਹੋ ਗਈ। ਭਲਾ ਅਖੌਤੀ ਬਣੇ ਗੁਰੂ ਇਹ ਕਿਵੇ ਬਰਦਾਸ਼ਤ ਕਰ ਸਕਦੇ ਸੀ। ਉਨ੍ਹਾਂ ਆਪਣੇ ਮਸੰਦਾਂ ਨਾਲ ਰਲ ਕੇ ਗੁਰੂ ਜੀ ਨੂੰ ਮਾਰਨ ਦੀ ਸਾਜ਼ਿਸ਼ ਰਚੀ। ਇਸ ਦੀ ਅਗਵਾਈ ਉਨ੍ਹਾਂ ਦਾ ਭਤੀਜਾ ਧੀਰਮਲ ਕਰ ਰਿਹਾ ਸੀ। ਮੈਕਾਲਿਫ਼ ਅਨੁਸਾਰ ਸ਼ੀਹਾਂ ਮਸੰਦ ਦੀ ਇਸ ਕੰਮ ਲਈ ਜ਼ਿੰਮੇਵਾਰੀ ਲਗਾਈ ਗਈ। ਉਸ ਨੇ ਆਪਣੇ ਸਾਥੀਆਂ ਨਾਲ ਗੁਰੂ ਜੀ ਉੱਤੇ ਗੋਲੀ ਚਲਾਈ, ਜਿਸ ਨਾਲ ਗੁਰੂ ਜੀ ਜ਼ਖ਼ਮੀ ਹੋ ਗਏ। ਮਸੰਦ ਮੌਕਾ ਤਾੜ ਕੇ ਗੁਰੂ ਜੀ ਅੱਗੇ ਜੋ ਵੀ ਸੰਗਤਾਂ ਦਾ ਚੜ੍ਹਵਾ ਸੀ, ਉਸ ਦੀਆਂ ਗੱਠਾਂ ਬੰਨ੍ਹ ਕੇ ਲੈ ਗਏ। ਗੁਰੂ ਜੀ ਉਨ੍ਹਾਂ ਨੂੰ ਰੋਕਣ ਦੀ ਥਾਂ ਸਗੋਂ ਮੁਸਕਰਾਉਂਦੇ ਰਹੇ। ਜਦੋਂ ਇਸ ਘਟਨਾ ਦਾ ਪਤਾ ਸੰਗਤ ਨੂੰ ਲੱਗਿਆ ਤਾਂ ਉਹ ਮੱਖਣ ਸ਼ਾਹ ਦੀ ਅਗਵਾਈ ਹੇਠ ਧੀਰਮਲ ਕੋਲ ਗਏ। ਸੰਗਤ ਉਸ ਨੂੰ ਤੇ ਸਾਥੀ ਮਸੰਦਾਂ ਨੂੰ ਫੜ ਕੇ ਗੁਰੂ ਜੀ ਕੋਲ ਲੈ ਕੇ ਆਏ। ਧੀਰਮਲ ਨੇ ਸਾਰਾ ਦੋਸ਼ ਸ਼ੀਹਾਂ ਮਸੰਦ ਉਤੇ ਲਾ ਦਿੱਤਾ। ਸੰਗਤ ਨੇ ਉਸ ਦਾ ਸਾਮਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਵੀ ਗੁਰੂ ਜੀ ਦੇ ਹਵਾਲੇ ਕਰ ਦਿੱਤੀ। ਮਸੰਦ ਨੇ ਆਪਣੀ ਗ਼ਲਤੀ ਮੰਨ ਲਈ ਤੇ ਗੁਰੂ ਜੀ ਅੱਗੇ ਮੁਆਫ਼ ਕਰਨ ਲਈ ਤਰਲੇ ਮਾਰਨ ਲੱਗਿਆ। ਗੁਰੂ ਜੀ ਤਾਂ ਰਹਿਮ ਤੇ ਤਿਆਗ ਦੀ ਮੂਰਤ ਸਨ। ਉਨ੍ਹਾਂ ਸੰਗਤਾਂ ਨੂੰ ਮਸੰਦ ਛੱਡ ਦੇਣ ਲਦੀ ਆਖਿਆ। ਸੰਗਤ ਨੇ ਇਸ ਦਾ ਵਿਰੋਧ ਕੀਤਾ। ਗੁਰੂ ਜੀ ਨੇ ਆਖਿਆ, ‘ਪੂਰਨ ਬ੍ਰਹਮ ਗਿਆਨੀ ਗੁਰੂ ਨਾਨਕ ਨੇ ਉਨ੍ਹਾਂ ਨੂੰ ਨਾਮ ਦੀ ਪੂੰਜੀ ਦਿੱਤੀ ਹੋਈ ਹੈ, ਜੋ ਉਨ੍ਹਾਂ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਲਈ ਬਹੁਤ ਹੈ।’ ਗੁਰੂ ਜੀ ਨੇ ਅੱਗੇ ਆਖਿਆ ਕਿ ਮਾਫ਼ੀ ਦੇਣਾ ਬਹੁਤ ਮਹਾਨ ਕਾਰਜ ਹੈ, ਖ਼ਿਮਾ ਜਿਹੀ ਹੋਰ ਕੋਈ ਨੇਕੀ ਨਹੀਂ ਹੈ। ਗੁਰੂ ਜੀ ਦੇ ਹੁਕਮ ਉਤੇ ਸੰਗਤ ਨੇ ਧੀਰਮਲ ਦੀ ਸਾਰੀ ਪੂੰਜੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਪਸ ਕਰ ਦਿੱਤੇ।
ਸੰਗਤ ਨੂੰ ਸ਼ਾਂਤ ਰਹਿਣ ਦਾ ਦਿੱਤਾ ਉਪਦੇਸ਼
ਕੁਝ ਸਮੇਂ ਪਿੱਛੋਂ ਗੁਰੂ ਜੀ ਸ੍ਰੀ ਅੰਮ੍ਰਿਤਸਰ ਦੇ ਦਰਸ਼ਨਾਂ ਨੂੰ ਗਏ। ਇਹ ਉਨ੍ਹਾਂ ਦੀ ਜਨਮਭੂਮੀ ਵੀ ਸੀ। ਉਨ੍ਹਾਂ ਪਵਿੱਤਰ ਸਰੋਵਰ ’ਚ ਇਸ਼ਨਾਨ ਕੀਤਾ। ਜਦੋਂ ਉਹ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਗਏ ਤਾਂ ਮਸੰਦਾਂ ਨੇ ਦੁਆਰ ਬੰਦ ਕਰ ਦਿੱਤੇ। ਦਰਬਾਰ ਸਾਹਿਬ ਦੀ ਉਸਾਰੀ ਉਨ੍ਹਾਂ ਦੇ ਦਾਦਾ ਜੀ ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਰਵਾਈ ਸੀ। ਗੁਰੂ ਜੀ ਨੇ ਕੋਈ ਨਾਰਾਜ਼ਗੀ ਜ਼ਾਹਿਰ ਨਾ ਕੀਤੀ ਸਗੋਂ ਸੰਗਤ ਨੂੰ ਸ਼ਾਂਤ ਰਹਿਣ ਦਾ ਉਪਦੇਸ਼ ਦਿੱਤਾ। ਉਨ੍ਹਾਂ ਪਰਿਕਰਮਾ ਤੋਂ ਬਾਹਰ ਆ ਕੇ ਇਕ ਥੜ੍ਹੇ ਉਤੇ ਬੈਠ ਸੰਗਤਾਂ ਨੂੰ ਉਪਦੇਸ਼ ਦਿੱਤਾ।
ਕੀਰਤਪੁਰ ਸਾਹਿਬ ਲਈ ਰਵਾਨਾ
ਗੁਰੂ ਜੀ ਆਪਣੇ ਪਿਤਾ ਜੀ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਨਗਰੀ ਦੇ ਦਰਸ਼ਨ ਕਰਨ ਦੇ ਇਰਾਦੇ ਨਾਲ ਕੀਰਤਪੁਰ ਸਾਹਿਬ ਰਵਾਨਾ ਹੋਏ। ਸਾਰੇ ਰਾਹ ਉਹ ਪਾਠ ਕਰਦੇ ਤੇ ਸੰਗਤਾਂ ਨੂੰ ਉਪਦੇਸ਼ ਦਿੰਦੇ ਸਨ। ਜਦੋਂ ਉਹ ਕੀਰਤਪੁਰ ਸਾਹਿਬ ਪਹੁੰਚੇ ਤਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਸਵਾਗਤ ਕਰਨ ਦੀ ਥਾਂ ਵਿਰੋਧ ਕੀਤਾ। ਗੁਰੂ ਜੀ ਨੇ ਆਪਣਾ ਕੋਈ ਹੱਕ ਨਾ ਜਤਾਇਆ ਤੇ ਕੀਰਤਪੁਰ ਤੋਂ ਕੋਈ ਛੇ ਮੀਲ ਅੱਗੇ ਜਾ ਕੇ ਡੇਰਾ ਲਾਇਆ। ਇਹ ਵੀ ਉਨ੍ਹਾਂ ਦੇ ਤਿਆਗ ਦੀ ਹੀ ਨਿਸ਼ਾਨੀ ਸੀ। ਪਿੱਛੋਂ ਇਸ ਧਰਤੀ ਨੂੰ ਖ਼ਰੀਦ ਕੇ ਇੱਥੇ ਆਪਣੀ ਮਾਤਾ ਜੀ ਦੇ ਨਾਂ ਉਤੇ ਚੱਕ ਨਾਨਕੀ ਵਸਾਇਆ, ਜੋ ਹੁਣ ਸ੍ਰੀ ਆਨੰਦਪੁਰ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੈ। ਗੁਰੂ ਜੀ ਦੀ ਨਗਰੀ ਜਾਣ ਸੰਗਤ ਇੱਥੇ ਆਪਣਾ ਪੱਕਾ ਵਸੇਵਾ ਕਰਨ ਲੱਗ ਪਈ। ਸਾਰੀਆਂ ਸੰਗਤਾਂ ਇੰਨੀ ਦੂਰ ਗੁਰੂ ਜੀ ਦੇ ਦਰਸ਼ਨਾਂ ਨੂੰ ਨਹੀਂ ਆ ਸਕਦੀਆਂ ਸਨ। ਦੋ ਸਦੀਆਂ ਹੋਣ ਵਾਲੀਆਂ ਸਨ, ਸੰਗਤ ਗੁਰੂ ਜੀ ਦੇ ਦਰਸ਼ਨਾਂ ਲਈ ਨਿੱਤ ਅਰਦਾਸਾਂ ਕਰਦੀ ਸੀ। ਗੁਰੂ ਜੀ ਨੇ ਧਰਮ ਪ੍ਰਚਾਰ ਦੀ ਲੰਬੀ ਯਾਤਰਾ ਉਤੇ ਜਾਣ ਦਾ ਫ਼ੈਸਲਾ ਕਰ ਲਿਆ। ਸੰਗਤ ਨੇ ਇਸ ਦਾ ਵਿਰੋਧ ਕੀਤਾ। ਗੁਰੂ ਜੀ ਨੇ ਉਨ੍ਹਾਂ ਨੂੰ ਰਲ-ਮਿਲ ਰਹਿਣ ਦਾ ਉਪਦੇਸ਼ ਦਿੱਤਾ। ਉਨ੍ਹਾਂ ਇਹ ਵੀ ਭਰੋਸਾ ਦੁਆਇਆ ਕਿ ਮੈਂ ਆਪਣੀ ਯਾਤਰਾ ਪਿੱਛੋਂ ਇਥੇ ਜ਼ਰੂਰ ਆਵਾਂਗਾ। ਲੰਮੀ ਯਾਤਰਾ ਹੋਣ ਕਰਕੇ ਗੁਰੂ ਜੀ ਨੇ ਆਪਣੇ ਪਰਿਵਾਰ ਨੂੰ ਵੀ ਨਾਲ ਲਿਜਾਣ ਦਾ ਫ਼ੈਸਲਾ ਕਰ ਲਿਆ। ਸੰਗਤਾਂ ਦੀ ਇੱਛਾ ਪੂਰਤੀ ਲਈ ਆਪਣੀ ਨਗਰੀ ਨੂੰ ਛੱਡਣਾ ਇਕ ਤਿਆਗ ਹੀ ਸੀ। ਗੁਰੂ ਜੀ ਕੁਰੂਕਸ਼ੇਤਰ, ਆਗਰਾ, ਇਟਾਵਾ ਹੁੰਦੇ ਹੋਏ ਪ੍ਰਯਾਗ ਪਹੁੰਚੇ। ਗੁਰੂ ਜੀ ਨੇ ਇੱਥੇ ਦੋ ਮਹੀਨੇ ਪੜਾਅ ਕੀਤਾ। ਇਥੋਂ ਗੁਰੂ ਜੀ ਬਨਾਰਸ ਹੁੰਦੇ ਹੋਏ ਪਟਨਾ ਪਹੁੰਚੇ। ਇੱਥੇ ਸੰਗਤਾਂ ਨੂੰ ਉਪਦੇਸ਼ ਦਾ ਕੰਮ ਪੂਰਾ ਕਰਨ ਪਿੱਛੋਂ ਗੁਰੂ ਜੀ ਨੇ ਆਪਣੀ ਮਾਤਾ ਜੀ ਕੋਲ ਅੱਗੇ ਜਾਣ ਦੀ ਇੱਛਾ ਪ੍ਰਗਟਾਈ। ਉਨ੍ਹਾਂ ਇਹ ਵੀ ਬੇਨਤੀ ਕੀਤੀ ਕਿ ਮਾਤਾ ਜੀ ਤੁਸੀਂ ਆਪਣੀ ਬਹੂ ਤੇ ਭਰਾ ਨਾਲ ਇੱਥੇ ਹੀ ਰਹੋ। ਇਸ ਹਾਲਤ ਵਿਚ ਉਨ੍ਹਾਂ ਲਈ ਸੈਰ ਕਰਨਾ ਠੀਕ ਨਹੀਂ। ਮਾਤਾ ਜੀ ਤੇ ਉਨ੍ਹਾਂ ਦੇ ਮਹਿਲ ਗੁਜਰੀ ਜੀ ਨੇ ਇਸ ਦਾ ਵਿਰੋਧ ਕੀਤਾ ਪਰ ਗੁਰੂ ਜੀ ਨੇ ਦਲੀਲਾਂ ਨਾਲ ਉਨ੍ਹਾਂ ਨੂੰ ਇੱਥੇ ਰਹਿਣ ਲਈ ਰਾਜ਼ੀ ਕਰ ਲਿਆ। ਗੁਰੂ ਜੀ 45 ਸਾਲਾਂ ਦੇ ਹੋ ਚੁੱਕੇ ਸਨ ਤੇ ਵਿਆਹ ਪਿੱਛੋਂ ਕੋਈ 25 ਵਰ੍ਹਿਆਂ ਪਿੱਛੋਂ ਇਹ ਖ਼ੁਸ਼ੀ ਉਨ੍ਹਾਂ ਨੂੰ ਨਸੀਬ ਹੋਈ ਸੀ। ਦੂਰ-ਦੁਰਾਡੇ ਉਡੀਕ ਰਹੀਆਂ ਸੰਗਤਾਂ ਲਈ ਉਨ੍ਹਾਂ ਇਕ ਹੋਰ ਵੱਡਾ ਤਿਆਗ ਕੀਤਾ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਜਦੋਂ ਬੱਚੇ ਦਾ ਜਨਮ ਹੋਵੇਗਾ, ਉਹ ਇੱਥੇ ਨਹੀਂ ਹੋਣਗੇ। ਗੁਰੂ ਜੀ ਆਸਾਮ ਵਿੱਚ ਸਨ, ਜਦੋਂ ਉਨ੍ਹਾਂ ਦੇ ਪੁੱਤਰ ਹੋਣ ਦੀ ਖੁਸ਼ਖ਼ਬਰੀ ਪ੍ਰਾਪਤ ਹੋਈ। ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਪੋਹ ਸੁਦੀ ਸਤਮੀ ਸੰਮਤ 1723 ਨੂੰ ਪਟਨਾ ਸਾਹਿਬ ਵਿਖੇ ਪ੍ਰਗਟ ਹੋਏ। ਗੁਰੂ ਜੀ ਨੇ ਵਾਪਸ ਆਉਣ ਦੀ ਥਾਂ ਮਿੱਥੇ ਪ੍ਰੋਗਰਾਮ ਅਨੁਸਾਰ ਆਪਣੀ ਯਾਤਰਾ ਜਾਰੀ ਰੱਖੀ ਕਿਉਂਕਿ ਗੁਰੂ ਨਾਨਕ ਸਾਹਿਬ ਦੇ ਕੀਤੇ ਵਾਅਦਿਆਂ ਦੀ ਪੂਰਤੀ ਕਰਨੀ ਸੀ।
ਪੰਜਾਬ ਮੁੜ ਜਾਣ ਦਾ ਕੀਤਾ ਫ਼ੈਸਲਾ
ਆਖਿਆ ਜਾਂਦਾ ਹੈ ਕਿ ਜਦੋਂ ਗੁਰੂ ਜੀ ਆਪਣੀ ਯਾਤਰਾ ਪੂਰੀ ਕਰ ਕੇ ਪਟਨਾ ਵਾਪਸ ਆਏ ਤਾਂ ਬਾਲ ਗੋਬਿੰਦ ਰਾਏ ਤਿੰਨ ਸਾਲ ਦੇ ਹੋ ਗਏ ਸਨ। ਕੁਝ ਸਮਾਂ ਪਟਨਾ ਰਹਿਣ ਪਿੱਛੋਂ ਗੁਰੂ ਜੀ ਨੇ ਮੁੜ ਪੰਜਾਬ ਜਾਣ ਦਾ ਫ਼ੈਸਲਾ ਕੀਤਾ ਤੇ ਆਖਿਆ ਕਿ ਮੈਂ ਸੰਗਤਾਂ ਨੂੰ ਵਾਪਸ ਆਉਣ ਦਾ ਬਚਨ ਦਿੱਤਾ ਹੈ। ਉਹ ਪਰਿਵਾਰ ਨੂੰ ਪਟਨਾ ਸਾਹਿਬ ਹੀ ਰਹਿਣ ਦਾ ਆਦੇਸ਼ ਦੇ ਕੇ ਆਪ ਆਨੰਦਪੁਰ ਸਾਹਿਬ ਆ ਗਏ। ਕੁਝ ਸਮੇਂ ਪਿੱਛੋਂ ਗੁਰੂ ਜੀ ਨੇ ਆਪਣੇ ਪਰਿਵਾਰ ਨੂੰ ਵੀ ਆਨੰਦਪੁਰ ਸਾਹਿਬ ਬੁਲਾ ਲਿਆ। ਇਹ ਸ਼ਹਿਰ ਹੁਣ ਸਿੱਖੀ ਦਾ ਮੁੱਖ ਕੇਂਦਰ ਬਣ ਗਿਆ। ਉਦੋਂ ਦੇਸ਼ ਵਿਚ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦਾ ਰਾਜ ਸੀ। ਉਹ ਆਪਣੇ ਆਪ ਨੂੰ ਕੱਟੜ ਮੁਸਲਮਾਨ ਸਮਝਦਾ ਸੀ। ਉਹ ਸਮਝਦਾ ਸੀ ਕਿ ਧਰਮ ਦੀ ਸੇਵਾ ਇਸ ਦੇ ਪੈਰੋਕਾਰਾਂ ਵਿਚ ਵਾਧੇ ਨਾਲ ਹੀ ਹੋ ਸਕਦੀ ਹੈ ਪਰ ਇਹ ਕਾਰਜ ਉਸ ਨੇ ਧਰਮ ਪ੍ਰਚਾਰ ਜਾਂ ਨੇਕ ਕੰਮਾਂ ਰਾਹੀਂ ਕਰਨ ਦੀ ਥਾਂ ਧੱਕੇਸ਼ਾਹੀ ਨਾਲ ਕਰਨ ਦਾ ਹੁਕਮ ਕਰ ਦਿੱਤਾ। ਗ਼ੈਰ-ਮੁਸਲਮਾਨਾਂ ਉਤੇ ਜ਼ੁਲਮ ਹੋਣ ਲੱਗੇ ਤੇ ਉਨ੍ਹਾਂ ਨੂੰ ਜ਼ਬਰਦਸਤੀ ਇਸਲਾਮ ਕਬੂਲਣ ਲਈ ਮਜਬੂਰ ਕੀਤਾ ਜਾਣ ਲੱਗ ਪਿਆ।
ਕਸ਼ਮੀਰੀ ਲੋਕਾਂ ਨੂੰ ਇਸਲਾਮ ਕਬੂਲ ਕਰਨ ਲਈ ਦਿੱਤੇ ਲਾਲਚ
ਕਸ਼ਮੀਰ ਵਾਦੀ ਵਿਚ ਬਹੁਗਿਣਤੀ ਪੰਡਤਾਂ ਦੀ ਸੀ, ਜਿਹੜੇ ਇਸ ਸੁੰਦਰ ਵਾਦੀ ਵਿਚ ਧਰਮ-ਕਰਮ ਕਰਦੇ ਸਨ। ਔਰੰਗਜ਼ੇਬ ਨੂੰ ਉਕਸਾਇਆ ਗਿਆ ਕਿ ਜੇ ਇਨ੍ਹਾਂ ਕਸ਼ਮੀਰੀ ਪੰਡਤਾਂ ਦਾ ਧਰਮ ਤਬਦੀਲ ਹੋ ਜਾਵੇ ਤਾਂ ਸਾਰੇ ਦੇਸ਼ ਦੇ ਲੋਕਾਂ ਦਾ ਧਰਮ ਬਦਲਿਆ ਜਾ ਸਕਦਾ ਹੈ। ਕਸ਼ਮੀਰ ਦੇ ਲੋਕਾਂ ਨੂੰ ਇਸਲਾਮ ਕਬੂਲ ਕਰਨ ਲਈ ਲਾਲਚ ਦਿੱਤੇ ਗਏ ਤੇ ਧਰਮ ਤਬਦੀਲ ਨਾ ਕਰਨ ਵਾਲਿਆਂ ਉਤੇ ਜ਼ੁਲਮ ਕੀਤੇ ਗਏ। ਕਸ਼ਮੀਰੀ ਪੰਡਤਾਂ ਦਾ ਪੰਡਿਤ ਕਿਰਪਾ ਰਾਮ ਦੀ ਅਗਵਾਈ ਹੇਠ ਇਕ ਪ੍ਰਤੀਨਿਧ ਮੰਡਲ ਦੇਸ਼ ਦੇ ਪ੍ਰਮੁੱਖ ਹਿੰਦੂ ਆਗੂਆਂ ਅਤੇ ਮਹਾਂਪੁਰਖਾਂ ਕੋਲ ਸਹਾਇਤਾ ਲਈ ਪੁੱਜਿਆ ਪਰ ਕਿਸੇ ਬਾਂਹ ਨਾ ਫੜੀ। ਉਨ੍ਹਾਂ ਨੂੰ ਆਖਿਆ ਗਿਆ ਕਿ ਇਸ ਸਮੇਂ ਤੁਹਾਡੀ ਰਾਖੀ ਕੇਵਲ ਗੁਰੂ ਨਾਨਕ ਦੀ ਗੱਦੀ ਦੇ ਨੌਵੇਂ ਵਾਰਿਸ ਗੁਰੂ ਤੇਗ ਬਹਾਦਰ ਸਾਹਿਬ ਹੀ ਕਰ ਸਕਦੇ ਹਨ। ਇਹ ਪ੍ਰਤੀਨਿਧ ਮੰਡਲ ਸਾਰੇ ਪਾਸਿਓਂ ਨਿਰਾਸ਼ ਹੋ ਕੇ ਸ੍ਰੀ ਆਨੰਦਪੁਰ ਸਾਹਿਬ ਗੁਰੂ ਜੀ ਦੀ ਸ਼ਰਨ ਵਿਚ ਆਇਆ। ਗੁਰੂ ਜੀ ਨੇ ਉਨ੍ਹਾਂ ਦੀ ਫ਼ਰਿਆਦ ਨੂੰ ਸੁਣਿਆ ਤੇ ਸੋਚਾਂ ਵਿਚ ਪੈ ਗਏ। ਕੋਲ ਹੀ ਨੌਂ ਸਾਲ ਦੇ ਬਾਲ ਗੋਬਿੰਦ ਰਾਏ ਜੀ ਖੜ੍ਹੇ ਸਨ। ਪੁੱਛਣ ਲੱਗੇ ਕਿ ਗੁਰੂ ਜੀ ਤੁਸੀਂ ਕਿਹੜੀ ਸੋਚ ਵਿਚ ਪਏ ਹੋ? ਇਨ੍ਹਾਂ ਉੱਤੇ ਹੋ ਰਹੇ ਜ਼ੁਲਮ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ। ਗੁਰੂ ਜੀ ਨੇ ਉੱਤਰ ਦਿੱਤਾ, ‘ਇਸ ਜ਼ੁਲਮ ਨੂੰ ਰੋਕਣ ਤੇ ਲੋਕ ਹੱਕਾਂ ਦੀ ਰਾਖੀ ਲਈ ਕਿਸੇ ਮਹਾਨ ਆਤਮਾ ਨੂੰ ਆਪਣੀ ਕਰੁਬਾਨੀ ਦੇਣੀ ਪਵੇਗੀ ਤਾਂ ਜੋ ਲੋਕ ਸ਼ਕਤੀ ਜਾਗ੍ਰਿਤ ਹੋ ਸਕੇ ਤੇ ਇਸ ਜ਼ੁਲਮ ਦਾ ਮੁਕਾਬਲਾ ਅਤੇ ਲੋਕ ਹੱਕਾਂ ਦੀ ਰਾਖੀ ਕੀਤੀ ਜਾ ਸਕੇ।’ ਬਾਲ ਗੋਬਿੰਦ ਰਾਏ ਨੇ ਭੋਲੇਪਣ ਨਾਲ ਆਖਿਆ, ‘ਗੁਰੂ ਜੀ ਤੁਹਾਡੇ ਤੋਂ ਮਹਾਨ ਹੋਰ ਕਿਹੜੀ ਮਹਾਨ ਆਤਮਾ ਹੋ ਸਕਦੀ ਹੈ।’ ਆਪਣੇ ਪੁੱਤਰ ਦੇ ਬਚਨ ਸੁਣ ਗੁਰੂ ਜੀ ਦੇ ਚਿਹਰੇ ਉਤੇ ਮੁਸਕਾਨ ਆ ਗਈ। ਉਨ੍ਹਾਂ ਨੂੰ ਯਕੀਨ ਹੋ ਗਿਆ ਕਿ ਲੋਕ ਸ਼ਕਤੀ ਜਾਗ੍ਰਿਤ ਕਰਨ ਵਾਲਾ ਮਹਾਨ ਯੋਧਾ ਪ੍ਰਗਟ ਹੋ ਗਿਆ ਹੈ। ਗੁਰੂ ਜੀ ਨੇ ਪੰਡਿਤਾਂ ਨੂੰ ਆਖਿਆ, ‘ਜਾਓ ਬਾਦਸ਼ਾਹ ਨੂੰ ਆਖ ਦੇਵੋ ਕਿ ਜੇ ਸਾਡਾ ਗੁਰੂ ਇਸਲਾਮ ਕਬੂਲ ਕਰ ਲਵੇ ਤਾਂ ਅਸੀਂ ਕੀ, ਸਾਰਾ ਦੇਸ਼ ਹੀ ਧਰਮ ਬਦਲਣ ਲਈ ਤਿਆਰ ਹੋ ਜਾਵੇਗਾ।’
ਗੁਰੂ ਜੀ ਦੀ ਗ੍ਰਿਫ਼ਤਾਰੀ
ਗੁਰੂ ਜੀ ਜਾਣੀਜਾਣ ਸਨ। ਉਨ੍ਹਾਂ ਨੂੰ ਪਤਾ ਸੀ ਕਿ ਬਾਦਸ਼ਾਹ ਉਨ੍ਹਾਂ ਨੂੰ ਗ੍ਰਿਫ਼ਤਾਰ ਜ਼ਰੂਰ ਕਰੇਗਾ। ਗੁਰੂ ਜੀ ਨੇ ਫ਼ੈਸਲਾ ਕੀਤਾ ਕਿ ਉਹ ਦਿੱਲੀ ਜਾ ਕੇ ਗ੍ਰਿਫ਼ਤਾਰ ਹੋਣਗੇ ਤੇ ਰਸਤੇ ਵਿਚ ਧਰਮ ਪ੍ਰਚਾਰ ਤੇ ਲੋਕਾਈ ਨੂੰ ਆਪਣੇ ਹੱਕਾਂ ਦੀ ਰਾਖੀ ਲਈ ਸੰਘਰਸ਼ ਲਈ ਤਿਆਰ ਕਰਦੇ ਜਾਣਗੇ। ਉਨ੍ਹਾਂ ਨੇ ਲੰਮਾ ਰਾਹ ਚੁਣਿਆ। ਸ੍ਰੀ ਆਨੰਦਪੁਰ ਸਾਹਿਬ ਤੋਂ ਪਟਿਆਲਾ, ਮਾਲਵਾ, ਰਾਜਸਥਾਨ ਰਾਹੀਂ ਆਗਰੇ ਪੁੱਜੇ, ਜਿੱਥੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਸੰਗਤ ਨੂੰ ਵਾਪਸ ਜਾਣ ਦਾ ਆਦੇਸ਼ ਦਿੱਤਾ ਪਰ ਉਨ੍ਹਾਂ ਦੇ ਬਹੁਤ ਹੀ ਪਿਆਰੇ ਤਿੰਨਾਂ ਸਿੱਖਾਂ ਨੇ ਗੁਰੂ ਜੀ ਨਾਲ ਹੀ ਜਾਣ ਦਾ ਫ਼ੈਸਲਾ ਕੀਤਾ। ਗੁਰੂ ਜੀ ਤੇ ਉਨ੍ਹਾਂ ਦੇ ਸਿੱਖਾਂ ਨੂੰ ਦਿੱਲੀ ਵਿਚ ਚਾਂਦਨੀ ਚੌਕ ਦੀ ਕੋਤਵਾਲੀ ਵਿਚ ਕੈਦ ਕਰ ਦਿੱਤਾ ਗਿਆ। ਗੁਰੂ ਜੀ ਅੱਗੇ ਔਰੰਗਜ਼ੇਬ ਨੇ ਤਿੰਨ ਸ਼ਰਤਾਂ ਰੱਖੀਆਂ। ਸਭ ਤੋਂ ਪਹਿਲਾਂ ਉਨ੍ਹਾਂ ਨੂੰ ਇਸਲਾਮ ਗ੍ਰਹਿਣ ਕਰਨ ਲਈ ਆਖਿਆ ਗਿਆ ਤੇ ਹਰ ਤਰ੍ਹਾਂ ਦੀ ਦੌਲਤ ਤੇ ਸੁੱਖ ਆਰਾਮ ਦੀ ਪੇਸ਼ਕਸ਼ ਕੀਤੀ। ਗੁਰੂ ਜੀ ਦਾ ਉੱਤਰ ਸੀ ਆਪਣੇ ਧਰਮ ਦੀ ਚੋਣ ਹਰੇਕ ਇਨਸਾਨ ਦਾ ਮੁੱਢਲਾ ਹੱਕ ਹੈ। ਇਸੇ ਹੱਕ ਦੀ ਰਾਖੀ ਲਈ ਤਾਂ ਮੈਂ ਇੱਥੇ ਆਇਆ ਹਾ। ਜਦੋਂ ਗੁਰੂ ਜੀ ਨੇ ਸਖ਼ਤੀ ਨਾਲ ਨਾਂਹ ਕੀਤੀ ਤਾਂ ਦੂਜੀ ਸ਼ਰਤ ਰੱਖੀ ਗਈ ਕਿ ਤੁਸੀਂ ਗੁਰੂ ਨਾਨਕ ਦੀ ਗੱਦੀ ਦੇ ਵਾਰਿਸ ਹੋ। ਸਾਰੇ ਤੁਹਾਨੂੰ ਪੈਗੰਬਰ ਮੰਨਦੇ ਹਨ। ਇਸ ਦੇ ਸਬੂਤ ਵਜੋਂ ਕੋਈ ਚਮਤਕਾਰ ਵਿਖਾਵੋ। ਗੁਰੂ ਜੀ ਦਾ ਉਤਰ ਸੀ, ‘ਕਰਾਮਾਤ ਰੱਬੀ ਹੁਕਮਾਂ ਵਿਚ ਦਖ਼ਲ-ਅੰਦਾਜ਼ੀ ਹੈ।’ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਹੁਣ ਤਕ ਕਿਸੇ ਨੇ ਵੀ ਇਹ ਦਖ਼ਲ-ਅੰਦਾਜ਼ੀ ਨਹੀਂ ਕੀਤੀ ਤੇ ਮੈਂ ਵੀ ਨਹੀਂ ਕਰਾਂਗਾ।’ ਗੁਰੂ ਜੀ ਦੇ ਸਖ਼ਤ ਬਚਨਾਂ ਨੂੰ ਸੁਣ ਉਹ ਗੁੱਸੇ ਵਿਚ ਆ ਗਿਆ ਫਿਰ ਤੁਸੀਂ ਮਰਨ ਲਈ ਤਿਆਰ ਹੋ ਜਾਵੋ। ਗੁਰੂ ਜੀ ਦਾ ਉੱਤਰ ਸੀ ਕਿ ਅਸੀਂ ਤਾਂ ਆਏ ਹੀ ਲੋਕ ਹੱਕਾਂ ਦੀ ਰਾਖੀ ਲਈ ਸ਼ਹਾਦਤ ਦੇਣ ਹਾਂ। ਸਾਨੂੰ ਮੌਤ ਤੋਂ ਡਰ ਨਹੀਂ ਲੱਗਦਾ। ਅਸੀਂ ਤੇਰੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਾਂ। ਗੁਰੂ ਜੀ ਦਾ ਸਲੋਕ ਹੈ:
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥
ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ (1427)
ਮੌਤ ਬਾਰੇ ਗੁਰੂ ਜੀ ਦੇ ਬਚਨ ਸਨ:
ਚਿੰਤਾ ਤਾ ਕੀ ਕੀਜੀਐ ਜੋ ਮਨ ਅਨਹੋਨੀ ਹੋਇ॥
ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ॥
ਸਾਥੀਆਂ ਨੂੰ ਧਰਮ ਤਬਦੀਲੀ ਲਈ ਲਾਲਚ
ਗੁਰੂ ਜੀ ਦੇ ਤਿੰਨਾਂ ਸਾਥੀਆਂ ਨੂੰ ਧਰਮ ਤਬਦੀਲ ਕਰਨ ਲਈ ਬਹੁਤ ਲਾਲਚ ਦਿੱਤੇ ਗਏ ਪਰ ਉਹ ਆਪਣੇ ਅਕੀਦੇ ਉਤੇ ਅਟੱਲ ਰਹੇ। ਮੁੜ ਉਨ੍ਹਾਂ ਨੂੰ ਡਰਾਇਆ ਗਿਆ ਧਮਕਾਇਆ ਗਿਆ ਅਤੇ ਬਹੁਤ ਦੁਖਦਾਈ ਮੌਤ ਦਾ ਸਹਿਮ ਪਾਇਆ ਗਿਆ। ਜਦੋਂ ਉਨ੍ਹਾਂ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਰਵਾਇਤ ਅਨੁਸਾਰ ਆਖ਼ਰੀ ਇੱਛਾ ਪੁੱਛੀ ਗਈ ਤਾਂ ਉਨ੍ਹਾਂ ਮੰਗ ਕੀਤੀ ਕਿ ਸਾਨੂੰ ਸ਼ਹੀਦ ਕਰਨ ਸਮੇਂ ਸਾਡਾ ਮੁੱਖ ਗੁਰੂ ਜੀ ਵੱਲ ਰੱਖਿਆ ਜਾਵੇ। ਅੱਜ ਤਕ ਅਸੀਂ ਤੇ ਨਾ ਹੀ ਕਿਸੇ ਹੋ ਸਿੱਖ ਨੇ ਆਪਣੇ ਗੁਰੂ ਜੀ ਨੂੰ ਪਿੱਠ ਵਿਖਾਈ ਹੈ। ਆਖ਼ਰੀ ਸਮੇਂ ਵੀ ਅਸੀਂ ਆਪਣਾ ਮੂੰਹ ਗੁਰੂ ਜੀ ਵੱਲ ਹੀ ਰੱਖਾਂਗੇ। ਤਿੰਨਾਂ ਹੀ ਗੁਰਸਿੱਖਾਂ ਨੂੰ ਬਹੁਤ ਭਿਆਨਕ ਢੰਗ ਨਾਲ ਸ਼ਹੀਦ ਕੀਤਾ ਗਿਆ। ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਗਿਆ। ਭਾਈ ਸਤੀ ਦਾਸ ਦੇ ਸਰੀਰ ਨੂੰ ਰੂੰ ਵਿਚ ਲਪੇਟ ਅੱਗ ਲਗਾਈ ਗਈ ਤੇ ਭਾਈ ਦਿਆਲਾ ਜੀ ਨੂੰ ਪਾਣੀ ਦੀ ਉਭਲਦੀ ਦੇਗ ਵਿਚ ਬਿਠਾਇਆ ਗਿਆ। ਇਨ੍ਹਾਂ ਸਿੱਖਾਂ ਦੇ ਮੁੱਖ ਉਤੇ ਕੋਈ ਡਰ ਜਾਂ ਸਹਿਮ ਨਹੀਂ ਸੀ। ਗੁਰਬਾਣੀ ਦਾ ਜਾਪ ਕਰਦਿਆਂ ਉਨ੍ਹਾਂ ਸ਼ਹੀਦੀ ਪ੍ਰਾਪਤ ਕੀਤੀ। ਬਾਦਸ਼ਾਹ ਨੂੰ ਯਕੀਨ ਸੀ ਕਿ ਇੰਨੀ ਭਿਆਨਕ ਸਜ਼ਾ ਵੇਖ ਸ਼ਾਇਦ ਗੁਰੂ ਜੀ ਸਹਿਮ ਜਾਣਗੇ ਪਰ ਗੁਰੂ ਜੀ ਦੇ ਚਿਹਰੇ ਉਤੇ ਆਤਮ-ਵਿਸ਼ਵਾਸ ਸੀ ਕਿ ਹੁਣ ਲੋਕ ਸ਼ਕਤੀ ਜ਼ਰੂਰ ਪ੍ਰਗਟ ਹੋਵੇਗੀ ਤੇ ਸੰਸਾਰ ਵਿਚ ਜਦੋਂ ਵੀ ਮਨੁੱਖੀ ਹੱਕਾਂ ਦਾ ਘਾਣ ਹੋਇਆ ਤਾਂ ਲੋਕਾਈ ਡਟ ਇਸ ਦਾ ਵਿਰੋਧ ਕਰੇਗੀ।
ਚਾਂਦਨੀ ਚੌਕ ’ਚ ਸੁਸ਼ੋਭਿਤ ਹੈ ਗੁਰਦੁਆਰਾ ਸੀਸਗੰਜ ਸਾਹਿਬ
ਗੁਰੂ ਜੀ ਦਾ ਚਾਂਦਨੀ ਚੌਕ ਵਿਚ 14 ਨਵੰਬਰ 1675 ਨੂੰ ਧੜ ਤੋਂ ਸਿਰ ਅਲੱਗ ਕਰ ਦਿੱਤਾ। ਉਨ੍ਹਾਂ ਦੇ ਸੀਸ ਨੂੰ ਭਾਈ ਜੈਤਾ ਜੀ ਨੇ ਚੁੱਕਿਆ ਤੇ ਸਤਿਕਾਰ ਸਹਿਤ ਲੰਮਾ ਪੈਂਡਾ ਪੂਰਾ ਕਰ ਕੇ ਸ੍ਰੀ ਅਨੰਦਪੁਰ ਸਾਹਿਬ ਲੈ ਕੇ ਪੁੱਜੇ ਤੇ ਦਸਮੇਸ਼ ਪਿਤਾ ਨੇ ਸੰਸਕਾਰ ਕੀਤਾ। ਗੁਰੂ ਜੀ ਦੇ ਧੜ ਨੂੰ ਲੱਖੀ ਵਣਜਾਰਾ ਆਪਣੇ ਘਰ ਲੈ ਗਿਆ ਤੇ ਘਰ ਨੂੰ ਅੱਗ ਲਗਾ ਕੇ ਗੁਰੂ ਜੀ ਦਾ ਅੰਤਿਮ ਸੰਸਕਾਰ ਕੀਤਾ। ਇਹ ਆਖਿਆ ਜਾਂਦਾ ਹੈ ਕਿ ਹੁਣ ਵਾਲੀ ਨਵੀਂ ਦਿੱਲੀ ਦੇ ਬਹੁਤੇ ਹਿੱਸੇ ਦਾ ਮਾਲਕ ਲੱਖੀ ਵਣਜਾਰਾ ਸੀ। ਚਾਂਦਨੀ ਚੌਕ ਵਿਚ ਗੁਰਦੁਆਰਾ ਸੀਸਗੰਜ ਸਾਹਿਬ ਸੁਸ਼ੋਭਿਤ ਹੈ ਅਤੇ ਲੱਖੀ ਵਣਜਾਰੇ ਦੇ ਘਰ ਵਾਲੀ ਥਾਂ ਗੁਰਦੁਆਰਾ ਰਕਾਬ ਗੰਜ ਸਾਹਿਬ ਉਸਾਰਿਆ ਗਿਆ ਹੈ।
ਗੁਰੂ ਜੀ ਦੀ ਬਾਣੀ
ਗੁਰੂ ਜੀ ਕੇਵਲ 54 ਸਾਲ ਦੀ ਉਮਰ ਵਿਚ ਹੀ ਸ਼ਹੀਦ ਹੋ ਗਏ ਪਰ ਸਾਰੇ ਸੰਸਾਰ ਵਿਚ ਲੋਕ ਹੱਕਾਂ ਦੀ ਰਾਖੀ ਲਈ ਲੋਕ ਜਾਗ੍ਰਿਤੀ ਦੀ ਜੋਤ ਜਗਾ ਗਏ। ਗੁਰੂ ਨੇ ਆਪਣੀ ਬਾਣੀ ਰਾਹੀਂ ਲੋਕਾਈ ਨੂੰ ਪਰਮਾਤਮਾ ਦਾ ਨਾਮ ਜਪਦਿਆਂ ਗੁਰੂ ਨਾਨਕ ਸਾਹਿਬ ਵੱਲੋਂ ਬਖਸ਼ੀ ਜੀਵਨ ਜਾਚ ਨੂੰ ਅਪਣਾਉਣ ਦਾ ਉਪਦੇਸ਼ ਦਿੱਤਾ। ਉਨ੍ਹਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਦਰਜ ਕਰ ਕੇ ਸੰਪੂਰਨਤਾ ਦੀ ਬਖ਼ਸ਼ਿਸ਼ ਕੀਤੀ। ਗੁਰੂ ਗ੍ਰੰਥ ਸਾਹਿਬ ਵਿਚ 15 ਰਾਗਾਂ ਵਿਚ ਰਚਿਤ ਗੁਰੂ ਦੇ 59 ਸ਼ਬਦ ਦਰਜ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ 57 ਸਲੋਕ ਆਖ਼ਰੀ ਅੰਗਾਂ ਉੱਤੇ ਸੁਸ਼ੋਭਿਤ ਹਨ। ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਭੋਗ ਇਨ੍ਹਾਂ ਵੈਰਾਗਮਈ ਸਲੋਕਾਂ ਦੇ ਉਚਾਰਨ ਨਾਲ ਪਾਇਆ ਜਾਂਦਾ ਹੈ।
350 ਸਾਲਾ ਸ਼ਹੀਦੀ ਸਾਕਾ
ਸਾਰਾ ਸੰਸਾਰ ਗੁਰੂ ਜੀ ਤੇ ਤਿੰਨਾਂ ਗੁਰਸਿੱਖਾਂ ਦੀ ਸ਼ਹੀਦੀ ਦਾ ਇਸ ਸਾਲ 350ਸਾਲਾ ਸ਼ਹੀਦੀ ਦਿਵਸ ਮਨਾ ਰਿਹਾ ਹੈ। ਇਸ ਦਿਨ ਨੂੰ ਸਾਰੇ ਸੰਸਾਰ ’ਚ ਮਨੁੱਖੀ ਹੱਕਾਂ ਦੇ ਦਿਵਸ ਦੇ ਰੂਪ ’ਚ ਹਰ ਸਾਲ ਮਨਾਇਆ ਜਾਣਾ ਚਾਹੀਦਾ ਹੈ, ਤਾਂ ਜੋ ਲੋਕਾਈ ਇਸ ਮਹਾਨ ਕੁਰਬਾਨੀ ਤੇ ਦਿਵਸ ਦੀ ਮਹਾਨਤਾ ਬਾਰੇ ਜਾਣੂ ਹੋ ਸਕੇ।
- ਡਾ. ਰਣਜੀਤ ਸਿੰਘ