ਗੀਤਾ ਵਿਚ ਦਰਸਾਇਆ ਗਿਆ ਹੈ ਕਿ ਹਰ ਵਿਅਕਤੀ ਨੂੰ ਪ੍ਰਕਿਰਤੀ ਤੋਂ ਪ੍ਰਾਪਤ ਗੁਣਾਂ ਦੇ ਅਧੀਨ ਹੋ ਕੇ ਹੀ ਕਰਮ ਕਰਨੇ ਪੈਂਦੇ ਹਨ। ਇਸ ਲਈ ਕੋਈ ਵੀ ਵਿਅਕਤੀ ਇਕ ਪਲ ਲਈ ਵੀ ਬਿਨਾਂ ਕਰਮ ਕੀਤੇ ਨਹੀਂ ਰਹਿ ਸਕਦਾ। ਵਿਧਾਤਾ ਨੇ ਸਾਰੇ ਜੀਵਾਂ ਲਈ ਕਰਮ ਕਰਦੇ ਰਹਿਣ ਦੀ ਲਾਜ਼ਮੀਅਤ ਕੀਤੀ ਹੋਈ ਹੈ।
ਗੀਤਾ ਵਿਚ ਦਰਸਾਇਆ ਗਿਆ ਹੈ ਕਿ ਹਰ ਵਿਅਕਤੀ ਨੂੰ ਪ੍ਰਕਿਰਤੀ ਤੋਂ ਪ੍ਰਾਪਤ ਗੁਣਾਂ ਦੇ ਅਧੀਨ ਹੋ ਕੇ ਹੀ ਕਰਮ ਕਰਨੇ ਪੈਂਦੇ ਹਨ। ਇਸ ਲਈ ਕੋਈ ਵੀ ਵਿਅਕਤੀ ਇਕ ਪਲ ਲਈ ਵੀ ਬਿਨਾਂ ਕਰਮ ਕੀਤੇ ਨਹੀਂ ਰਹਿ ਸਕਦਾ। ਵਿਧਾਤਾ ਨੇ ਸਾਰੇ ਜੀਵਾਂ ਲਈ ਕਰਮ ਕਰਦੇ ਰਹਿਣ ਦੀ ਲਾਜ਼ਮੀਅਤ ਕੀਤੀ ਹੋਈ ਹੈ। ਇਸੇ ਕਰਕੇ ਪਹਿਲੇ ਸਾਹ ਤੋਂ ਲੈ ਕੇ ਆਖ਼ਰੀ ਸਾਹ ਤੱਕ ਜੀਵ ਦੀ ਇਸ ਵਿਚ ਸ਼ਮੂਲੀਅਤ ਦੇਖੀ ਜਾ ਸਕਦੀ ਹੈ। ਕਰਮ ਮੁਤਾਬਕ ਹੀ ਕਿਸਮਤ ਦਾ ਨਿਰਮਾਣ ਹੁੰਦਾ ਹੈ। ਉੱਚੇ-ਸੁੱਚੇ ਕਰਮਾਂ ਦਾ ਫਲ ਸੁਖਦਾਇਕ ਤੇ ਮਾੜੇ ਕਰਮਾਂ ਦਾ ਫਲ ਦੁਖਦਾਇਕ ਹੁੰਦੇ ਰਹਿਣਾ ਹੀ ਕਿਸਮਤ ਦੀ ਰੂਪਰੇਖਾ ਹੈ। ਸਦਗੁਣੀ ਕਰਮ ਹੀ ਮਨੁੱਖ ਦੀ ਮਹਾਨਤਾ ਦਾ ਕਾਰਨ ਬਣਦੇ ਹਨ, ਜਦਕਿ ਅਵਗੁਣੀ ਕਰਮ ਮਨੁੱਖ ਦੇ ਪਤਨ ਦਾ ਕਾਰਨ ਬਣਦੇ ਹਨ।
ਸੋ, ਮਨੁੱਖ ਜਨਮ ਤੋਂ ਨਹੀਂ ਸਗੋਂ ਆਪਣੇ ਸੱਚੇ-ਸੁੱਚੇ ਤੇ ਨੇਕ ਕਰਮਾਂ ਨਾਲ ਹੀ ਮਹਾਨ ਬਣ ਸਕਦਾ ਹੈ ਜਦਕਿ ਬੁਰੇ ਕਰਮਾਂ ਨਾਲ ਉਹ ਤ੍ਰਿਸਕਾਰ ਦਾ ਪਾਤਰ ਬਣ ਜਾਂਦਾ ਹੈ। ਕਿਹੜੇ ਕਰਮ ਦਾ ਫਲ ਕਿੰਨਾ, ਕਿਵੇਂ ਅਤੇ ਕਦੋਂ ਮਿਲੇਗਾ, ਇਹ ਪਰਮਾਤਮਾ ’ਤੇ ਨਿਰਭਰ ਕਰਦਾ ਹੈ। ਗੀਤਾ ਵਿਚ ਸ੍ਰੀਕ੍ਰਿਸ਼ਨ ਨੇ ਇਸ ਨੂੰ ਸਪਸ਼ਟ ਕੀਤਾ ਹੈ ਕਿ ਸਿਰਫ਼ ਕਰਮ ਕਰਨ ਦਾ ਅਧਿਕਾਰ ਮਨੁੱਖ ਦਾ ਹੈ ਪਰ ਉਸ ਦੇ ਫਲ ਦਾ ਨਿਰਧਾਰਨ ਕਰਨ ਦਾ ਨਹੀਂ। ਇਸ ਲਈ ਮਨੁੱਖ ਨੂੰ ਚਾਹੀਦਾ ਹੈ ਕਿ ਨਿਸ਼ਕਾਮ ਕਰਮਯੋਗੀ ਦੀ ਤਰ੍ਹਾਂ ਕਰਮਸ਼ੀਲ ਰਹੇ ਅਤੇ ਫਲ ਦੀ ਇੱਛਾ ਨਾ ਕਰੇ। ਆਪਣੇ ਕੀਤੇ ਗਏ ਕਰਮ ਅਤੇ ਉਸ ਦੇ ਫਲ ਨੂੰ ਪਰਮਾਤਮਾ ’ਤੇ ਛੱਡ ਦੇਵੇ ਕਿਉਂਕਿ ਮਨੁੱਖ ਦੇ ਸਾਰੇ ਨੇਕ ਤੇ ਬੁਰੇ ਕਰਮਾਂ ਦਾ ਲੇਖਾ-ਜੋਖਾ ਅਤੇ ਉਨ੍ਹਾਂ ਫਲ ਪ੍ਰਦਾਨ ਕਰਨ ਦੀ ਅਧਿਕਾਰ ਪਰਮਾਤਮਾ ਨੇ ਆਪਣੇ ਕੋਲ ਰੱਖਿਆ ਹੋਇਆ ਹੈ। ਉੱਚੇ-ਸੁੱਚੇ ਕਰਮਾਂ ਵਿਚ ਪਰਉਪਕਾਰ, ਉੱਤਮ ਚਰਿੱਤਰ, ਸੱਚ ਬੋਲਣਾ, ਅਹਿੰਸਾ, ਮਿੱਠੀ ਬੋਲੀ, ਮਰਿਆਦਾ ਅਤੇ ਹੋਰਾਂ ਦੀ ਨਿੰਦਾ ਤੋਂ ਬਚਣਾ ਆਦਿ ਹਨ। ਕਲੰਕ ਰਹਿਤ ਸੇਵਾ ਅਤੇ ਦਾਨ ਕਰਮ ਮਨੁੱਖੀ ਜੀਵਨ ਦੇ ਦੋ ਅਜਿਹੇ ਥੰਮ੍ਹ ਹਨ ਜੋ ਮਨੁੱਖ ਦੀ ਆਤਮਸ਼ੁੱਧੀ ਦੇ ਕਾਰਕ ਹਨ। ਗੀਤਾ ਵਿਚ ਕਾਮ, ਕਰੋਧ ਅਤੇ ਲੋਭ ਤੋਂ ਪ੍ਰੇਰਿਤ ਕਰਮਾਂ ਨੂੰ ਨਰਕਗਾਮੀ ਦੱਸਿਆ ਗਿਆ ਹੈ। ਇਨ੍ਹਾਂ ਨੂੰ ਤਿਆਗ ਕੇ ਧਰਮ, ਸੱਚ ਅਤੇ ਭਗਤੀ ਦੇ ਪੱਧਰ ਨੂੰ ਅਪਣਾਉਂਦੇ ਹੋਏ ਸਦਾ ਮੋਕਸ਼ ਦੇ ਮਾਰਗ ’ਤੇ ਅੱਗੇ ਵਧਣਾ ਹੀ ਮਨੁੱਖੀ ਜੀਵਨ ਦੀ ਸਾਰਥਕਤਾ ਲਈ ਜ਼ਰੂਰੀ ਦੱਸਿਆ ਗਿਆ ਹੈ।
-ਐੱਸਐੱਨ ਦੁਬੇ ‘ਸਨੇਹੀ’।