ਇਤਿਹਾਸਕ ਥੜ੍ਹਾ ਅਤੇ ਖੂਹੀ ਅੱਜ ਵੀ ਮੌਜੂਦ ਹਨ : ਇਸ ਅਸਥਾਨ ’ਤੇ ਬਾਬਾ ਸੈਫ ਖਾਂ ਜੀ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਿਰਾਜਮਾਨ ਹੋਣ ਲਈ ਬਣਵਾਇਆ ਗਿਆ ਥੜ੍ਹਾ ਅਤੇ ਇਸ਼ਨਾਨ ਪਾਣੀ ਲਈ ਲਗਵਾਈ ਖੂਹੀ ਅੱਜ ਵੀ ਮੌਜੂਦ ਹਨ। ਪਟਿਆਲਾ ਦੇ ਮਹਾਰਾਜਾ ਕਰਮ ਸਿੰਘ ਵਲੋਂ 1883 ਬਿਕ੍ਰਮੀ ਸੰਮਤ 1826 ਈ: ’ਚ ਕਿਲ੍ਹਾ ਬਹਾਦਰਗੜ੍ਹ ਦੇ ਅੰਦਰ ਅਤੇ ਕਿਲ੍ਹੇ ਤੋਂ ਬਾਹਰ ਗੁਰੂ ਅਸਥਾਨਾਂ ਦੀ ਸੇਵਾ ਕਰਵਾਈ ਗਈ ਸੀ ਅਤੇ ਇਸ ਨਗਰ ਦਾ ਨਾਮ ਸੈਫਾਬਾਦ ਤੋਂ ਬਦਲ ਕੇ ਬਹਾਦਰਗੜ੍ਹ ਰੱਖ ਦਿੱਤਾ ਸੀ।

ਹਰਜੀਤ ਸਿੰਘ ਨਿੱਝਰ, ਪੰਜਾਬੀ ਜਾਗਰਣ, ਬਹਾਦਰਗੜ੍ਹ : ਕਿਲ੍ਹਾ ਬਹਾਦਰਗੜ੍ਹ (ਪਟਿਆਲਾ) ਵਿਖੇ ਪਾਤਸ਼ਾਹੀ ਨੌਵੀਂ ਦਾ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਅੱਜ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਪਵਿੱਤਰ ਯਾਦ ਨੂੰ ਆਪਣੀ ਬੁੱਕਲ ’ਚ ਸਮੋਈ ਬੈਠਾ ਹੈ। ‘ਹਿੰਦ ਦੀ ਚਾਦਰ’, ‘ਧਰਮ ਰਖਿਅਕ’, ‘ਤਿਲਕ ਜੰਝੂ ਦੇ ਰਾਖੇ’ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਪਵਿੱਤਰ ਅਸਥਾਨ ’ਤੇ ਆਪਣੇ ਮੁਰੀਦ ਨਵਾਬ ਸੈਫਦੀਨ (ਬਾਬਾ ਸੈਫ ਖਾਂ) ਜੀ ਦੀ ਬੇਨਤੀ ’ਤੇ ਦੋ ਵਾਰ ਪਧਾਰੇ ਸਨ। ਨਵਾਬ ਸੈਫਦੀਨ (ਬਾਬਾ ਸੈਫ ਖਾਂ) ਅੱਲਾ ਦਾ ਇੱਕ ਨੇਕ ਬੰਦਾ ਸੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਅਨਿਨ ਸ਼ਰਧਾਲੂ ਸੀ ਜਿਨ੍ਹਾਂ ਦੀ ਬੇਨਤੀ ’ਤੇ ਗੁਰੂ ਸਾਹਿਬ ਦਾ ਇਸ ਧਰਤੀ ’ਤੇ ਆਉਣਾ ਹੁੰਦਾ ਹੈ। ਪਹਿਲੀ ਵਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੋਂ 25 ਅੱਸੂ, 1722 ਬਿ:, 1665 ਈ: ਨੂੰ ਦੁਸਹਿਰਾ ਦੇਖ ਕੇ ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ ਅਤੇ ਹੋਰ ਤਕਰੀਬਨ 300 ਸਿੱਖਾਂ ਭਾਈ ਨੱਥੂ ਰਾਮ ਦਾ ਰਬਾਬੀ ਜੱਥਾ ਅਤੇ ਕਿਰਪਾਲ ਚੰਦ ਜੀਆਂ ਸਮੇਤ ਸੰਗਤਾਂ ਨਾਲ ਸੱਚ ਧਰਮ ਦਾ ਪ੍ਰਚਾਰ ਕਰਦੇ ਹੋਏ ਕੀਰਤਪੁਰ ਸਾਹਿਬ, ਘਨੌਲੀ, ਰੋਪੜ, ਕਲੌੜ, ਉਗਾਣਾ ਸਰਾਏ, ਨੌ ਲੱਖਾ, ਟਹਿਲਪੁਰਾ ਪੁੱਜੇ ਸਨ ਤਾਂ ਇਥੋਂ ਗੁਰੂ ਜੀ ਦਾ ਮੁਰੀਦ ਨਵਾਬ ਸੈਫਦੀਨ (ਬਾਬਾ ਸੈਫ ਖਾਂ) ਗੁਰੂ ਜੀ ਨੂੰ ਬੇਨਤੀ ਕਰਕੇ ਆਪਣੇ ਨਗਰ ਸੈਫਾਬਾਦ (ਬਹਾਦਰਗੜ੍ਹ) ਲੈ ਆਇਆ ਅਤੇ ਇੱਥੇ ਗੁਰੂ ਸਾਹਿਬ ਨੇ ਪੰਚਵਟੀ ਬਾਗ ’ਚ ਡੇਰਾ ਕੀਤਾ। ਗੁਰੂ ਜੀ ਇਸ ਫੇਰੀ ਦੌਰਾਨ ਇਥੇ ਨੌ ਦਿਨ ਰਹੇ ਜਿਸ ਦੌਰਾਨ ਨਵਾਬ ਸੈਫ ਖਾਂ ਨੇ ਗੁਰੂ ਜੀ ਨੂੰ ਆਪਣੇ ਮਹਿਲ ਲੈ ਜਾ ਕੇ ਟਹਿਲ ਸੇਵਾ ਕੀਤੀ ਅਤੇ ਸੌਗਾਤਾਂ ਭੇਟ ਕੀਤੀਆਂ। ਨਵਾਬ ਸੈਫਦੀਨ (ਬਾਬਾ ਸੈਫ ਖਾਂ) ਨੂੰ ਉਪਦੇਸ਼ ਦੇ ਕੇ ਗੁਰੂ ਜੀ ਅੱਗੇ ਦੁਖਨਿਵਾਰਨ ਸਾਹਿਬ (ਲਹਿਲ), ਅਵਲੋਵਾਲ ਹੁੰਦੇ ਹੋਏ ਆਸਾਮ ਨੂੰ ਚੱਲੇ ਗਏ।
ਦੂਸਰੀ ਫੇਰੀ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਸ਼ਮੀਰੀ ਪੰਡਤਾਂ ਦੀ ਪੁਕਾਰ ਸੁਣ ਕੇ ਹਿੰਦੂ ਧਰਮ ਦੀ ਰੱਖਿਆ ਕਰਨ ਅਤੇ ਔਰੰਗਜੇਬ ਦੇ ਜੁਲਮ ਦੇ ਹੜ੍ਹ ਨੂੰ ਠੱਲ ਪਾਉਣ ਲਈ 11 ਹਾੜ 1732 ਬਿ: ਨੂੰ ਕੁਝ ਸਿਦਕੀ ਸਿੱਖਾਂ ਦੀਵਾਨ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲ ਦਾਸ ਜੀ, ਭਾਈ ਗੁਰਦਿੱਤਾ ਜੀ, ਭਾਈ ਊਦਾ ਜੀ ਰਾਠੌੜ ਸਮੇਤ ਸ੍ਰੀ ਅਨੰਦਪੁਰ ਸਾਹਿਬ ਤੋਂ ਚਾਲੇ ਪਾ ਕੇ ਅਨੇਕ ਨਗਰਾਂ ਨੂੰ ਭਾਗ ਲਾਉਂਦੇ ਹੋਏ ਸੰਗਤਾਂ ਨੂੰ ਆਤਮਿਕ ਗਿਆਨ ਦੀ ਦਾਤ ਬਖਸ਼ਦੇ ਹੋਏ ਆਪਣੇ ਮੁਰੀਦ ਨਵਾਬ ਸੈਫਦੀਨ (ਬਾਬਾ ਸੈਫ ਖਾਂ) ਅਤੇ ਸੰਗਤਾਂ ਦੇ ਪ੍ਰੇਮ ਵੱਸ 16 ਹਾੜ੍ਹ 1732 ਬਿ: ਨੂੰ ਸੈਫਾਬਾਦ (ਬਹਾਦਰਗੜ੍ਹ) ਵਿਖੇ ਆਣ ਬਿਰਾਜੇ ਸਨ ਅਤੇ ਚੋਮਾਸੇ ਦੇ ਤਿੰਨ ਮਹੀਨੇ ਦੋ ਦਿਨ ਰਹਿ ਕੇ ਇਸ ਧਰਤੀ ਨੂੰ ਭਾਗ ਲਾਏ। ਇਸ ਦੌਰਾਨ ਹੀ ਕਿਲ੍ਹੇ ਅੰਦਰਲੇ ਇਸ ਅਸਥਾਨ ’ਤੇ ਗੁਰੂ ਸਾਹਿਬ ਨੇ ਆਪਣੇ ਮੁਰੀਦ ਬਾਬਾ ਸੈਫ ਖਾਂ ਨਾਲ ਵੀ ਮੁਲਾਕਾਤਾਂ ਕਰਕੇ ਉਸ ਨੂੰ ਨਿਹਾਲ ਕੀਤਾ ਸੀ।
ਇਤਿਹਾਸਕ ਥੜ੍ਹਾ ਅਤੇ ਖੂਹੀ ਅੱਜ ਵੀ ਮੌਜੂਦ ਹਨ : ਇਸ ਅਸਥਾਨ ’ਤੇ ਬਾਬਾ ਸੈਫ ਖਾਂ ਜੀ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਿਰਾਜਮਾਨ ਹੋਣ ਲਈ ਬਣਵਾਇਆ ਗਿਆ ਥੜ੍ਹਾ ਅਤੇ ਇਸ਼ਨਾਨ ਪਾਣੀ ਲਈ ਲਗਵਾਈ ਖੂਹੀ ਅੱਜ ਵੀ ਮੌਜੂਦ ਹਨ। ਪਟਿਆਲਾ ਦੇ ਮਹਾਰਾਜਾ ਕਰਮ ਸਿੰਘ ਵਲੋਂ 1883 ਬਿਕ੍ਰਮੀ ਸੰਮਤ 1826 ਈ: ’ਚ ਕਿਲ੍ਹਾ ਬਹਾਦਰਗੜ੍ਹ ਦੇ ਅੰਦਰ ਅਤੇ ਕਿਲ੍ਹੇ ਤੋਂ ਬਾਹਰ ਗੁਰੂ ਅਸਥਾਨਾਂ ਦੀ ਸੇਵਾ ਕਰਵਾਈ ਗਈ ਸੀ ਅਤੇ ਇਸ ਨਗਰ ਦਾ ਨਾਮ ਸੈਫਾਬਾਦ ਤੋਂ ਬਦਲ ਕੇ ਬਹਾਦਰਗੜ੍ਹ ਰੱਖ ਦਿੱਤਾ ਸੀ। ਬਾਅਦ ’ਚ ਕਾਰਸੇਵਾ ਵਾਲੇ ਬਾਬਾ ਅਮਰੀਕ ਸਿੰਘ ਜੀ ਵਲੋਂ ਇਸ ਅਸਥਾਨ ’ਤੇ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦਾ ਨਿਰਮਾਣ ਕਰਵਾਇਆ ਗਿਆ।
ਕਮਾਂਡੋ ਟ੍ਰੇਨਿੰਗ ਸੈਂਟਰ ਅਧੀਨ ਹੈ ਗੁਰਦੁਆਰਾ ਸਾਹਿਬ ਦਾ ਪ੍ਰਬੰਧ : ਕਮਾਂਡੋ ਟ੍ਰੇਨਿੰਗ ਸੈਂਟਰ ਦੇ ਡੀਐਸਪੀ ਹਰਦੀਪ ਸਿੰਘ ਬਡੂੰਗਰ ਅਤੇ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਜਸਪਾਲ ਸਿੰਘ ਨੇ ਦੱਸਿਆ ਕਿ ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਕਿਲ੍ਹੇ ਅੰਦਰ ਸੰਚਾਲਿਤ ਕਮਾਂਡੋ ਟ੍ਰੇਨਿੰਗ ਸੈਂਟਰ ਦੇ ਅਧੀਨ ਹੈ। ਕਮਾਂਡੋ ਟ੍ਰੇਨਿੰਗ ਸੈਂਟਰ ਦੇ ਕਮਾਂਡੈਂਟ ਅਤੇ ਡੀਐਸਪੀ ਦੀ ਦੇਖਰੇਖ ਹੇਠ ਸਮੁੱਚੇ ਪ੍ਰਬੰਧਾਂ ਲਈ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਹੋਈ ਹੈ। ਇਸ ਅਸਥਾਨ ’ਤੇ ਸੰਗਰਾਂਦ, ਗੁਰਪੁਰਬ ਹੋਰ ਸਾਰੇ ਧਾਰਮਿਕ ਦਿਹਾੜੇ ਬਹੁਤ ਸ਼ਰਧਾ ਨਾਲ ਮਨਾਏ ਜਾਂਦੇ ਹਨ ਅਤੇ ਇਨ੍ਹਾਂ ਮੌਕਿਆਂ ’ਤੇ ਵਿਸ਼ੇਸ਼ ਧਾਰਮਿਕ ਦੀਵਾਨ ਸਜਾਏ ਜਾਂਦੇ ਹਨ।
ਸੰਗਤ ਗੁਰਦੁਆਰਾ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਤੋਂ ਵਾਂਝੀ ਹੈ ਸੰਗਤ : ਭਾਵੇਂ ਕਿ ਕਮਾਂਡੋ ਟ੍ਰੇਨਿੰਗ ਸੈਂਟਰ ਵਲੋਂ ਗੁਰਦੁਆਰਾ ਸਾਹਿਬ ਦਾ ਸਮੁੱਚਾ ਪ੍ਰਬੰਧ ਸੁਚੱਜੇ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਪਰ ਬਾਹਰਲੀ ਸੰਗਤ ਇਸ ਗੁਰੂ ਅਸਥਾਨ ਦੇ ਖੁੱਲ੍ਹੇ ਦਰਸ਼ਨ ਦੀਦਾਰਿਆਂ ਤੋਂ ਵਾਂਝੀ ਹੈ। ਕਿਲ੍ਹੇ ਅੰਦਰ ਪੁਲਿਸ ਦੇ ਟ੍ਰੇਨਿੰਗ ਕੈਂਪ ਚਲਦੇ ਰਹਿੰਦੇ ਹਨ ਅਤੇ ਸੁਰੱਖਿਆ ਕਾਰਨਾਂ ਕਰਕੇ ਬਾਹਰਲੀ ਸੰਗਤ ਲਈ ਕਿਲ੍ਹੇ ਦੇ ਗੇਟ ’ਤੇ ਐਂਟਰੀ ਕਰਵਾਉਣੀ ਜ਼ਰੂਰੀ ਹੈ। ਇਸ ਸਾਲ ਜਦੋਂ ਕਿ ਸਮੁੱਚਾ ਸਿੱਖ ਪੰਥ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸਾਕੇ ਦੀ ਸ਼ਤਾਬਦੀ ਮਨਾ ਰਿਹਾ ਹੈ ਤਾਂ ਸੰਗਤ ਲਈ ਗੁਰੂ ਸਹਿਬ ਦੇ ਇਸ ਚਰਨ ਛੋਹ ਪ੍ਰਾਪਤ ਅਸਥਾਨ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਲਈ ਕੋਈ ਤਰਕ ਸੰਗਤ ਹੱਲ ਲੱਭਣਾ ਚਾਹੀਦਾ ਹੈ।