ਗੁਰੂ ਜੀ 7 ਦਿਨ ਇੱਥੇ ਰਹੇ ਅਤੇ ਦੀਵਾਨ ਸਜਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਸੀ। ਜਿੱਥੇ ਗੁਰੂ ਤੇਗ ਬਹਾਦਰ ਜੀ ਆ ਕੇ ਬੈਠੇ ਸੀ, ਉਥੇ ਇੱਕ ਥੜ੍ਹਾ ਸੀ ਅਤੇ ਨਾਲ ਹੀ ਢਾਬ (ਛੱਪੜੀ) ਸੀ। ਵਰਤਮਾਨ ਸਮੇਂ ਉਸ ਜਗ੍ਹਾ ਉਤੇ ਸਰੋਵਰ ਬਣਾਇਆ ਗਿਆ ਹੈ।

ਪਿੰਡ ਕਮਾਲਪੁਰ ਵਿਚ ਤਿੰਨ ਗੁਰੂਆਂ ਦਾ ਚਰਨ ਛੋਹ ਗੁਰਦੁਆਰਾ ਸਾਹਿਬ ਸਥਿਤ ਹਨ। ਕਿਹਾ ਜਾਂਦਾ ਹੈ ਕਿ ਚਾਰ ਉਦਾਸੀਆਂ ਕਰਨ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਪਿੰਡ ਕਮਾਲਪੁਰ ਵਿਖੇ ਪਹੁੰਚੇ ਸੀ। ਇਹ ਸਥਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੋਂ ਪਹਿਲਾਂ ਛੇਵੇਂ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਵੀ ਇੱਥੇ ਚਰਨ ਪਾ ਚੁੱਕੇ ਹਨ। ਨੌਵੇਂ ਗੁਰੂ ਤੇਗ ਬਹਾਦਰ ਜੀ ਹੀ ਸਨ ਜਿਨ੍ਹਾਂ ਨੇ ਸਭ ਤੋਂ ਵੱਧ ਯਾਤਰਾਵਾਂ ਕੀਤੀਆਂ ਤੇ ਦੇਸ਼-ਵਿਆਪੀ ਦੌਰੇ ਕੀਤੇ। ਇਨ੍ਹਾਂ ਦੌਰਿਆਂ ਦੀ ਸਿੱਖ ਧਰਮ ਦੇ ਪ੍ਰਚਾਰ ਅਤੇ ਸਿੱਖ ਇਤਿਹਾਸ ਦੇ ਸੰਦਰਭ ’ਚ ਬਹੁਤ ਮਹੱਤਤਾ ਹੈ। ਇਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਗੁਰੂ ਜੀ ਨੇ ਕਿੰਨੀ ਦ੍ਰਿੜ੍ਹਤਾ ਤੇ ਮਿਹਨਤ ਨਾਲ ਧਰਮ ਪ੍ਰਚਾਰ ਕੀਤਾ ਸੀ। ਪੰਜਾਬ ਦੇ ਮਾਲਵਾ ਖੇਤਰ ਦੇ ਅੰਦਰ ਲਗਪਗ ਹਰ ਪਿੰਡ ਗੁਰੂ ਤੇਗ ਬਹਾਦਰ ਜੀ ਦੇ ਪਵਿੱਤਰ ਚਰਨਾਂ ਦੀ ਛੋਹ ਨਾਲ ਵਸਾਇਆ ਹੋਇਆ ਹੈ।
ਇਨ੍ਹਾਂ ਧਰਮ ਪ੍ਰਚਾਰ ਯਾਤਰਾਵਾਂ ਨੂੰ ਜੇ ਉਸ ਸਮੇਂ ਦੇ ਹਾਲਾਤ ਦੇ ਸੰਦਰਭ ’ਚ ਰੱਖ ਕੇ ਦੇਖਿਆ ਜਾਵੇ ਤਾਂ ਬਹੁਤ ਹੈਰਾਨੀ ਹੁੰਦੀ ਹੈ ਕਿ ਗੁਰੂ ਜੀ ਨੇ ਹਾਲਾਤ ਅਨੁਕੂਲ ਨਾ ਹੋਣ ਦੇ ਬਾਵਜੂਦ ਇੰਨੇ ਵੱਡੇ ਪੱਧਰ ’ਤੇ ਧਰਮ ਪ੍ਰਚਾਰ ਕੀਤਾ ਸੀ। ਪੰਜਾਬ ਨਾਲ ਸਬੰਧਿਤ ਗੁਰੂ ਜੀ ਵੱਲੋਂ ਅਧਿਆਤਮਕ ਪ੍ਰਚਾਰ ਹਿੱਤ ਕੀਤੀਆਂ ਯਾਤਰਾਵਾਂ ਦਾ ਜ਼ਿਕਰ ਕਰਦੇ ਹੋਏ ਕਹਿੰਦੇ ਹਨ ਕਿ ਅਸਾਮ ਦੇ ਰਾਜਾ ਬੇਨਤੀ ਮੰਨਦੇ ਹੋਏ ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ 300 ਦੇ ਕਰੀਬ ਸੰਗਤਾਂ ਦਾ ਜਥਾ ਲੈ ਕੇ ਮਾਲਵਾ ਦੇ ਵੱਖ-ਵੱਖ ਥਾਵਾਂ ਉਤੇ ਪਹੁੰਚੇ। ਸੰਗਰੂਰ ਜ਼ਿਲ੍ਹੇ ਦੇ ਕਸਬਾ ਦਿੜ੍ਹਬਾ ਦੇ ਨਾਲ ਲੱਗਦੇ ਪਿੰਡ ਕਮਾਲਪੁਰ ਵਿਖੇ ਸੰਮਤ ਬਿਕਰਮੀ 1722 ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਸੰਗਤ ਸਮੇਤ ਚਰਨ ਪਾਏ ਸੀ। ਧਾਰਮਿਕ ਹਲਕਿਆਂ ਅੰਦਰ ਮੰਨਿਆ ਜਾਂਦਾ ਅਤੇ ਗੁਰਦੁਆਰਾ ਸਾਹਿਬ ਵਿਖੇ ਬੋਰਡ ਉਤੇ ਲਿਖੇ ਇਤਿਹਾਸ ਅਨੁਸਾਰ ਗੁਰੂ ਤੇਗ ਬਹਾਦਰ ਜੀ, ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ, ਮਾਮਾ ਕ੍ਰਿਪਾਲ ਚੰਦ ਜੀ, ਭਾਈ ਸੁਖਨੰਦ ਜੀ, ਭਾਈ ਸੰਗਤੀਆਂ ਜੀ, ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਜੈਤਾ ਜੀ ਅਤੇ ਭਾਈ ਉਦੈ ਜੀ 300 ਦੇ ਕਰੀਬ ਸੰਗਤ ਨਾਲ ਪਿੰਡ ਕਮਾਲਪੁਰ ਵਿਖੇ ਪਹੁੰਚੇ ਸੀ। ਉਸ ਥਾਂ ਉਤੇ 7 ਦਿਨ ਰਹੇ ਅਤੇ ਸੰਗਤਾਂ ਨੂੰ ਨਿਹਾਲ ਕਰਦੇ ਰਹੇ।
ਇਸ ਤੋਂ ਪਹਿਲਾਂ ਗੁਰੂ ਸਾਹਿਬ ਪਿੰਡ ਘਨੌੜ ਜੱਟਾਂ ਵਿਖੇ ਵੀ 2 ਦਿਨ ਠਹਿਰਾ ਕਰਕੇ ਆਏ ਸੀ। 22 ਕੱਤਕ ਬਿਕਰਮੀ 1722 ਨੂੰ ਕਮਾਲਪੁਰ ਪਹੁੰਚੇ ਸੀ। ਗੁਰੂ ਜੀ 7 ਦਿਨ ਇੱਥੇ ਰਹੇ ਅਤੇ ਦੀਵਾਨ ਸਜਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਸੀ। ਜਿੱਥੇ ਗੁਰੂ ਤੇਗ ਬਹਾਦਰ ਜੀ ਆ ਕੇ ਬੈਠੇ ਸੀ, ਉਥੇ ਇੱਕ ਥੜ੍ਹਾ ਸੀ ਅਤੇ ਨਾਲ ਹੀ ਢਾਬ (ਛੱਪੜੀ) ਸੀ। ਵਰਤਮਾਨ ਸਮੇਂ ਉਸ ਜਗ੍ਹਾ ਉਤੇ ਸਰੋਵਰ ਬਣਾਇਆ ਗਿਆ ਹੈ। ਮੰਨਿਆ ਜਾਂਦਾ ਹੈ ਕਿ ਇਸ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਸ਼ਰਧਾਲੂਆਂ ਦੀ ਮਨੋਕਾਮਨਾ ਪੂਰੀ ਹੁੰਦੀ ਹੈ। 29 ਕੱਤਕ ਬਿਕ੍ਰਮੀ 1722 ਨੂੰ ਦਿੜ੍ਹਬਾ ਲਈ ਰਵਾਨਾ ਹੋ ਗਏ ਸੀ। ਇਹ ਅਸਥਾਨ ਇਲਾਕੇ ਦਾ ਸਭ ਤੋਂ ਜ਼ਿਆਦਾ ਸ਼ਰਧਾਪੂਰਵਕ ਮੰਨਿਆ ਜਾਣ ਵਾਲਾ ਗੁਰਦੁਆਰਾ ਸਾਹਿਬ ਕਮਾਲਪੁਰ ਹੈ। ਇਸ ਗੁਰਦੁਆਰਾ ਸਾਹਿਬ ਅੰਦਰ ਹਰ ਸਮੇਂ ਸੰਗਤਾਂ ਦੀਆਂ ਰੌਣਕਾਂ ਲੱਗੀਆਂ ਰਹਿੰਦੀਆਂ ਹਨ। ਸੰਗਤ ਸ਼੍ਰੀ ਗੁਰਦੁਆਰਾ ਸਾਹਿਬ ਅੰਦਰ ਆਪਣੀ ਸ਼ਰਧਾ ਲੈ ਕੇ ਆਉਂਦੇ ਹਨ ਅਤੇ ਗੁਰੂ ਤੇਗ ਬਹਾਦਰ ਦੇ ਬਚਨਾਂ ਅਨੁਸਾਰ ਆਪਣੀਆਂ ਮੁਰਾਦਾਂ ਪੂਰੀਆਂ ਕਰਵਾਉਂਦੇ ਹਨ। ਹਰ ਸੰਗਰਾਂਦ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੇ ਭੋਗ ਪਾਏ ਜਾਂਦੇ ਹਨ ਅਤੇ ਸੰਗਤਾਂ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਨਤਮਸਤਕ ਹੁੰਦੀਆਂ ਹਨ, ਅਰਦਾਸਾਂ ਕਰਦੀਆਂ ਹਨ ਅਤੇ ਆਪਣੀਆਂ ਮੁਰਾਦਾਂ ਪੂਰੀਆਂ ਹੋਣ ’ਤੇ ਗੁਰੂ ਦਾ ਸ਼ੁਕਰਾਨਾ ਕਰਦੀਆਂ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਮਲਕੀਤ ਕੌਰ ਦੇ ਪਤੀ ਸੀਨੀਅਰ ਅਕਾਲੀ ਆਗੂ ਤੇਜਾ ਸਿੰਘ ਕਮਾਲਪੁਰ ਨੇ ਦੱਸਿਆ ਇਸ ਗੁਰਦੁਆਰਾ ਸਾਹਿਬ ਲਈ ਪਟਿਆਲਾ ਦੇ ਰਾਜਾ ਕਰਮ ਸਿੰਘ ਨੇ 75 ਵਿੱਘੇ ਜ਼ਮੀਨ ਦਾਨ ਦਿੱਤੀ ਸੀ ਜਿਸ ਉਤੇ ਗੁਰਦੁਆਰਾ ਸਾਹਿਬ ਬਣਾਏ ਗਏ ਹਨ। ਇਸ ਗੁਰਦੁਆਰਾ ਸਾਹਿਬ ਅੰਦਰ ਹਰ ਵਰਗ ਦੇ ਲੋਕ ਨਤਮਸਤਕ ਹੁੰਦੇ ਹਨ। ਗੁਰਦੁਆਰਾ ਪ੍ਰਬੰਧਰ ਕਮੇਟੀ ਦੇ ਪ੍ਰਧਾਨ ਜਗਵਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਸਮਾਗਮ ਦੇ ਸਬੰਧ ਵਿੱਚ ਨਗਰ ਕੀਰਤਨ ਸਜਾਏ ਜਾਣਗੇ ਜੋ ਕਰੀਬ 2 ਦਰਜਨ ਪਿੰਡਾਂ ਵਿੱਚ ਜਾਣਗੇ।
-ਹਰਮੇਸ਼ ਸਿੰਘ ਮੇਸ਼ੀ, ਦਿੜ੍ਹਬਾ