29 ਨਵੰਬਰ ਨੂੰ ਇਹਨਾਂ ਦੀਵਾਨਾਂ ਦੀ ਸੰਪੂਰਨਤਾ ਗੁਰਦੁਆਰਾ ਸੀਸ ਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਵੇਗੀ। ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਪਰਿਵਾਰਾਂ ਦੇ ਨਾਲ ਪਹੁੰਚ ਕੇ ਗੁਰੂ ਸਾਹਿਬ ਦੀ ਲਸਾਨੀ ਸ਼ਹਾਦਤ ਨੂੰ ਨਮਨ ਕੀਤਾ ਜਾਵੇ।

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਗੁਰਦੁਆਰਾ ਬਿਬਾਨਗੜ੍ਹ ਸਾਹਿਬ ਸ੍ਰੀ ਕੀਰਤਪੁਰ ਸਾਹਿਬ ਸਿੱਖ ਇਤਿਹਾਸ ਵਿੱਚ ਸਭ ਤੋਂ ਪਵਿੱਤਰ ਅਤੇ ਪਾਕ ਅਸਥਾਨ ਹੈ ਇੱਥੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਕੇ ਰੰਗਰੇਟੇ ਗੁਰੂ ਕੇ ਬੇਟੇ ਬਾਬਾ ਜੀਵਨ ਸਿੰਘ ਜੀ ਇਸ ਅਸਥਾਨ ’ਤੇ ਪਹੁੰਚੇ ਸੀ। ਇਸ ਅਸਥਾਨ ’ਤੇ ਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਦਿੱਲੀ ਵਿਖੇ 11 ਨਬੰਬਰ 1675 ਨੂੰ ਸ਼ਹਾਦਤ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਕੇ ਭਾਈ ਜੈਤਾ ਜੀ ਆਏ ਸਨ। ਉਸ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਪਵਿੱਤਰ ਸੀਸ ਲੈਣ ਲਈ ਨਾਲ ਮਾਤਾ ਗੁਜਰੀ ਜੀ ਮਾਤਾ ਨਾਨਕੀ ਜੀ ਉਨ੍ਹਾਂ ਦੇ ਨਾਲ ਸੀਸ ਲੈ ਕੇ ਸਿੱਖ ਸੰਗਤਾਂ ਦੇ ਨਾਲ ਬਿਬਾਨ ਦੇ ਰੂਪ ਵਿੱਚ ਇੱਥੋਂ ਚਾਲੇ ਪਾਏ ਸਨ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਸਸਕਾਰ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਕੀਤਾ ਸੀ। ਇਹ ਅਸਥਾਨ ਪੂਜਨੀਕ ਅਤੇ ਯਾਦਗਾਰ ਹੈ ਦਿੱਲੀ ਦੀ ਸਿੱਖ ਸੰਗਤ ਇੱਥੇ ਆ ਕੇ ਵੱਡੀ ਸੇਵਾ ਕਰਦੀ ਹੈ ਅਤੇ ਪਿਛਲੇ ਤਿੰਨ ਮਹੀਨੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਅਸਥਾਨ ਦੀ ਕਾਰ ਸੇਵਾ ਬਾਬਾ ਬਚਨ ਸਿੰਘ ਜੀ ਬਾਬਾ ਮਹਿੰਦਰ ਸਿੰਘ ਜੀ ਦਿੱਲੀ ਵਾਲਿਆਂ ਵੱਲੋਂ ਕਰਵਾਈ ਜਾ ਰਹੀ ਸੀ ਉਨ੍ਹਾਂ ਵੱਲੋਂ ਬਹੁਤ ਹੀ ਘੱਟ ਸਮੇਂ ਵਿੱਚ ਇਹ ਖੂਬਸੂਰਤ ਇਮਾਰਤ ਦੀ ਸੇਵਾ ਕੀਤੀ ਗਈ ਜਿਸ ਵਿੱਚ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਮੁਰੰਮਤ ਚਾਰਦੀਵਾਰੀ ਦਰਬਾਰ ਸਾਹਿਬ ਦੇ ਪੀੜੇ ਗਰਨਾਈਟ ਪੱਥਰ 50 ਹਜ਼ਾਰ ਇੰਟਰਲਾਕ ਨਵਾਂ ਰੰਗ ਰੋਗਨ ਅਤੇ ਨਵਾਂ ਕਲਸ਼ ਚੜ੍ਹਾਇਆ ਗਿਆ। ਇਤਿਹਾਸਕ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਜਿੱਥੇ ਪਿਛਲੇ ਕਈ ਦਿਨਾਂ ਤੋਂ ਸੇਵਾ ਚੱਲ ਰਹੀ ਸੀ, ਮੁਕੰਮਲ ਹੋ ਗਈ ਹੈ ਅਤੇ 350 ਸਾਲਾ ਸ਼ਹੀਦੀ ਸਮਾਗਮਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਦੌਰਾਨ ਉਨ੍ਹਾਂ ਦੱਸਿਆ ਕਿ 21 ਨਵੰਬਰ ਤੋਂ ਲੰਗਰਾਂ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ 29 ਨਵੰਬਰ ਤੱਕ ਲੰਗਰ ਚੱਲਦੇ ਰਹਿਣਗੇ। ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਆਸ ਪਾਸ ਸੁੰਦਰ ਪੰਡਾਲ ਸਜਾਏ ਹੋਏ ਸਨ ਅਤੇ ਸੰਗਤਾਂ ਦੀ ਆਮਦ ਨੂੰ ਦੇਖਦਿਆਂ ਹੋਇਆ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਕੀ ਹੈ ਇਤਿਹਾਸ
ਧਾਰਮਿਕ ਨਗਰੀ ਕੀਰਤਪੁਰ ਸਾਹਿਬ ਵਿੱਚ ਸਥਿਤ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਦੇ ਅਸਥਾਨ ’ਤੇ 11 ਨਵੰਬਰ 1675 ਈਸਵੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਭਾਈ ਜੈਤਾ ਜੀ ਜੋ ਅੰਮ੍ਰਿਤ ਛਕਣ ਤੋਂ ਬਾਅਦ ਬਾਬਾ ਜੀਵਨ ਸਿੰਘ ਜੀ ਬਣ ਗਏ ਸਨ ਉਹਨਾਂ ਵੱਲੋਂ ਗੁਰੂ ਜੀ ਦਾ ਸੀਸ ਇਸ ਅਸਥਾਨ ’ਤੇ ਲਿਆ ਕੇ ਸੁਸ਼ੋਭਿਤ ਕੀਤਾ ਗਿਆ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸੁਨੇਹਾ ਭੇਜਿਆ ਗਿਆ ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਅਤੇ ਸੰਗਤਾਂ ਦੇ ਨਾਲ ਇਸ ਅਸਥਾਨ ’ਤੇ ਪਹੁੰਚੇ ਅਤੇ ਬਿਬਾਨ ਦੇ ਰੂਪ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸੀਸ ਕੀਰਤਨ ਕਰਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਸਤਿਕਾਰ ਸਹਿਤ ਸਸਕਾਰ ਕੀਤਾ ਗਿਆ, ਉਦੋਂ ਤੋਂ ਇਸ ਗੁਰਦੁਆਰਾ ਸਾਹਿਬ ਦਾ ਨਾਂ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਪ੍ਰਚਲਿਤ ਹੋ ਗਿਆ। ਇਹ ਗੁਰਦੁਆਰਾ ਮੁੱਖ ਬਾਜ਼ਾਰ ਕੀਰਤਪੁਰ ਸਾਹਿਬ ਵਿਖੇ ਸਥਿਤ ਹੈ ਜਿਸ ਦੇ ਸੁੰਦਰੀਕਰਨ ਦੀ ਸੇਵਾ ਮੁਕੰਮਲ ਹੋਣ ਤੋਂ ਬਾਅਦ ਇੱਥੋਂ ਵਿਸ਼ਾਲ ਨਗਰ ਕੀਰਤਨ ਉਸ ਤਰੀਕੇ ਸਜਾਇਆ ਜਾਵੇਗਾ ਜਿਸ ਤਰੀਕੇ ਦੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੰਗਤਾਂ ਦੇ ਨਾਲ ਕੀਰਤਨ ਕਰਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਵਿਖੇ ਰਵਾਨਾ ਹੋਏ ਸਨ। ਸ਼ਹੀਦੀ ਸਮਾਗਮਾਂ ਨੂੰ ਲੈ ਕੇ ਇਸ ਅਸਥਾਨ ’ਤੇ ਵੱਡੇ ਪੱਧਰ ’ਤੇ ਤਿਆਰੀਆਂ ਹੋ ਰਹੀਆਂ ਹਨ। ਪੰਜਾਬ ਸਰਕਾਰ ਵੱਲੋਂ ਵੀ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਬੀਬਾਨਗੜ੍ਹ ਸਾਹਿਬ ਸ੍ਰੀ ਕੀਰਤਪੁਰ ਸਾਹਿਬ ਤੋਂ ਕੱਢਿਆ ਜਾ ਰਿਹਾ ਹੈ ਜੋ ਗੁਰਦੁਆਰਾ ਸੀਸ ਗੰਜ ਸਾਹਿਬ ਤੱਕ ਜਾਵੇਗਾ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਾਜ਼ਰੀ ਭਰਨਗੇ।
ਕਿਹੜੇ ਪ੍ਰੋਗਰਾਮ ਰਹਿਣਗੇ ਖਾਸ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ੁੱਕਰਵਾਰ 21 ਨਵੰਬਰ ਨੂੰ ਗੁਰਦੁਆਰਾ ਸਾਹਿਬ ਦੀ ਸੇਵਾ ਸੰਪੂਰਨ ਹੋਣ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਮੁੜ ਤੋਂ ਕਰਵਾਇਆ ਗਿਆ ਜਿਸ ਵਿੱਚ ਜਥੇਦਾਰ ਕੁਲਦੀਪ ਸਿੰਘ ਗੜਗੱਜ, ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਬਾਬਾ ਬਚਨ ਸਿੰਘ ਕਾਰ ਸੇਵਾ ਦਿੱਲੀ, ਦਲਜੀਤ ਸਿੰਘ ਭਿੰਡਰ,ਅਮਰਜੀਤ ਸਿੰਘ ਚਾਵਲਾ, ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਕਿਲਾ ਸ੍ਰੀ ਅਨੰਦਗੜ੍ਹ ਸਾਹਿਬ ਬਾਬਾ ਗੁਰਦੇਵ ਸਿੰਘ,ਬਾਬਾ ਅਵਤਾਰ ਸਿੰਘ, ਬਾਬਾ ਮਹਿੰਦਰ ਸਿੰਘ, ਬਾਬਾ ਗੁਲਜਾਰ ਸਿੰਘ, ਬਾਬਾ ਮੰਗਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਮੌਜੂਦ ਸਨ, ਇਸ ਦੌਰਾਨ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਦਬ ਅਤੇ ਸਤਿਕਾਰ ਨਾਲ ਮਨਾਈ ਜਾ ਰਹੀ ਹੈ ਜਿਸ ਵਿੱਚ ਗੁਰਿਆਈ ਦਿਵਸ ਦੇ ਰੂਪ ਵਿੱਚ 23 ਨਵੰਬਰ ਸ਼ਹੀਦੀ ਦਿਵਸ 25 ਨਵੰਬਰ ਤੱਕ ਅਤੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਅਸਥਾਨ ਤੇ 28 ਨਵੰਬਰ ਨੂੰ ਮਹਾਨ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਭਾਈ ਪਿੰਦਰਪਾਲ ਸਿੰਘ, ਭਾਈ ਹਰਜਿੰਦਰ ਸਿੰਘ ਸ੍ਰੀ ਨਗਰ ਵਾਲੇ ਰਾਤ ਨੂੰ ਦੀਵਾਨ ਵਿੱਚ ਹਾਜ਼ਰੀ ਭਰਨਗੇ ਅਤੇ ਸਾਰੀ ਰਾਤ ਦੀਵਾਨ ਸੱਜਣਗੇ ਜਿਸ ਵਿੱਚ ਪੰਥ ਦੇ ਮਹਾਨ ਕੀਰਤਨੀਏ ਰਾਗੀ ਢਾਡੀ ਅਤੇ ਕਵੀਸ਼ਰ ਹਾਜ਼ਰੀ ਭਰਨਗੇ। ਇਸ ਤੋਂ ਇਲਾਵਾ ਅੰਮ੍ਰਿਤ ਵੇਲੇ ਸਮੂਹ ਨਿਹੰਗ ਜਥੇਬੰਦੀਆਂ ਖਾਲਸੇ ਜਾਹੋ ਜਲਾਲ ਦੇ ਨਾਲ 29 ਨਵੰਬਰ ਨੂੰ ਨਗਰ ਕੀਰਤਨ ਕੱਢਣਗੇ ਜੋ ਗੁਰੂ ਜੀ ਦੇ ਉਸ ਸਮੇਂ ਦੀ ਪਵਿੱਤਰ ਯਾਦ ਨੂੰ ਦਰਸਾਉਂਦੇ ਹੋਏ ਕੀ ਕਿਵੇਂ ਉਸ ਸਮੇਂ ਗੁਰੂ ਸਾਹਿਬ ਮਾਤਾ ਗੁਜਰ ਕੌਰ ਮਾਤਾ ਨਾਨਕੀ ਜੀ ਸਮੇਤ ਸਿੱਖ ਸੰਗਤਾਂ ਨਾਲ ਗੁਰਦੁਆਰਾ ਸੀਸ ਗੰਜ ਸਾਹਿਬ ਪਹੁੰਚੇ ਸਨ। 29 ਨਵੰਬਰ ਨੂੰ ਇਹਨਾਂ ਦੀਵਾਨਾਂ ਦੀ ਸੰਪੂਰਨਤਾ ਗੁਰਦੁਆਰਾ ਸੀਸ ਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਵੇਗੀ। ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਪਰਿਵਾਰਾਂ ਦੇ ਨਾਲ ਪਹੁੰਚ ਕੇ ਗੁਰੂ ਸਾਹਿਬ ਦੀ ਲਸਾਨੀ ਸ਼ਹਾਦਤ ਨੂੰ ਨਮਨ ਕੀਤਾ ਜਾਵੇ।