ਭਾਈ ਲੱਖੀ ਸ਼ਾਹ ਵਣਜਾਰਾ ਸਿੱਖ ਇਤਿਹਾਸ ਦੇ ਉਹ ਮਹਾਨ ਨਾਇਕ ਹਨ, ਜਿਨ੍ਹਾਂ ਦਾ ਨਾਮ ਨਾ ਸਿਰਫ਼ ਉਨ੍ਹਾਂ ਦੀ ਅਥਾਹ ਦੌਲਤ ਤੇ ਵਪਾਰਕ ਸੂਝ-ਬੂਝ ਲਈ ਜਾਣਿਆ ਜਾਂਦਾ ਹੈ ਸਗੋਂ ਸਭ ਤੋਂ ਵੱਧ ਉਨ੍ਹਾਂ ਦੀ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਪ੍ਰਤੀ ਅਟੁੱਟ ਸ਼ਰਧਾ ਤੇ ਅਦੁੱਤੀ ਕੁਰਬਾਨੀ ਲਈ ਸੁਨਹਿਰੀ ਅੱਖਰਾਂ ’ਚ ਦਰਜ ਹੈ।

ਭਾਈ ਲੱਖੀ ਸ਼ਾਹ ਵਣਜਾਰਾ ਸਿੱਖ ਇਤਿਹਾਸ ਦੇ ਉਹ ਮਹਾਨ ਨਾਇਕ ਹਨ, ਜਿਨ੍ਹਾਂ ਦਾ ਨਾਮ ਨਾ ਸਿਰਫ਼ ਉਨ੍ਹਾਂ ਦੀ ਅਥਾਹ ਦੌਲਤ ਤੇ ਵਪਾਰਕ ਸੂਝ-ਬੂਝ ਲਈ ਜਾਣਿਆ ਜਾਂਦਾ ਹੈ ਸਗੋਂ ਸਭ ਤੋਂ ਵੱਧ ਉਨ੍ਹਾਂ ਦੀ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਪ੍ਰਤੀ ਅਟੁੱਟ ਸ਼ਰਧਾ ਤੇ ਅਦੁੱਤੀ ਕੁਰਬਾਨੀ ਲਈ ਸੁਨਹਿਰੀ ਅੱਖਰਾਂ ’ਚ ਦਰਜ ਹੈ। ਉਹ ਸਾਧਾਰਨ ਵਣਜਾਰਾ ਭਾਈਚਾਰੇ ਨਾਲ ਸਬੰਧਿਤ ਹੋਣ ਦੇ ਬਾਵਜੂਦ ਆਪਣੀ ਮਿਹਨਤ ਤੇ ਇਮਾਨਦਾਰੀ ਨਾਲ ਵੱਡੇ ਕਾਰੋਬਾਰੀ ਬਣੇ ਪਰ ਉਨ੍ਹਾਂ ਦੀ ਅਸਲ ਪਛਾਣ ਗੁਰੂ ਘਰ ਦੇ ਨਿਸ਼ਕਾਮ ਸੇਵਕ ਵਜੋਂ ਬਣੀ। ਉਨ੍ਹਾਂ ਦਾ ਜੀਵਨ ਦਰਸਾਉਂਦਾ ਹੈ ਕਿ ਧਰਮ ਤੇ ਸੇਵਾ ਦੀ ਭਾਵਨਾ ਕਿਸੇ ਵੀ ਆਰਥਿਕ ਜਾਂ ਸਮਾਜਿਕ ਰੁਤਬੇ ਤੋਂ ਉੱਪਰ ਹੁੰਦੀ ਹੈ।
ਵਣਜਾਰੇ ਤੋਂ ‘ਸ਼ਾਹ’ ਤਕ ਦਾ ਸਫ਼ਰ
ਭਾਈ ਲੱਖੀ ਸ਼ਾਹ ਦਾ ਜਨਮ 4 ਜੁਲਾਈ 1580 ਈ. ਨੂੰ ਹੋਇਆ। ਉਨ੍ਹਾਂ ਦਾ ਜੱਦੀ ਪਿੰਡ ਪਾਕਿਸਤਾਨ ਦੇ ਮੁਜ਼ੱਫਰਗੜ੍ਹ ਜ਼ਿਲ੍ਹੇ ’ਚ ਖੈਰਪੁਰ ਸੀ। ਉਹ ਯਦੋਬੰਸੀ ਰਾਜਪੂਤ ਪਰਿਵਾਰ ਦੇ ਭਾਈ ਗੋਧੂ ਰਾਮ ਦੇ ਸਪੁੱਤਰ ਸਨ। ‘ਸ਼ਾਹ’ ਜਾਂ ‘ਰਾਇ’ ਦਾ ਖ਼ਿਤਾਬ ਉਨ੍ਹਾਂ ਨੂੰ ਉਨ੍ਹਾਂ ਦੇ ਵਪਾਰਕ ਰੁਤਬੇ ਕਾਰਨ ਮਿਲਿਆ, ਜਿਸ ਦਾ ਅਰਥ ‘ਰਾਜਾ’ ਜਾਂ ‘ਮੁਖੀ’ ਹੁੰਦਾ ਹੈ। ਵਣਜਾਰਾ ਭਾਈਚਾਰੇ ਨਾਲ ਸਬੰਧਿਤ ਹੋਣ ਕਾਰਨ ਉਨ੍ਹਾਂ ਦਾ ਜੀਵਨ ਲਗਾਤਾਰ ਇਕ ਥਾਂ ਤੋਂ ਦੂਜੀ ਥਾਂ ਜਾਣ ਵਾਲਾ ਸੀ। ਉਹ ਕਾਫ਼ਲਿਆਂ ਦੇ ਰੂਪ ’ਚ ਵਪਾਰ ਕਰਦੇ ਸਨ ਅਤੇ ਏਸ਼ੀਆ ਦੇ ਵੱਡੇ ਵਪਾਰੀਆਂ ਵਿਚ ਗਿਣੇ ਜਾਂਦੇ ਸਨ। ਆਪਣੇ ਕਾਰ-ਵਪਾਰ ਦੇ ਸਿਲਸਿਲੇ ’ਚ ਉਹ ਦਿੱਲੀ ਦੇ ਨੇੜੇ ਰਾਇਸੀਨਾ ਪਿੰਡ (ਜਿੱਥੇ ਅੱਜ ਰਾਸ਼ਟਰਪਤੀ ਭਵਨ ਸਥਿਤ ਹੈ) ਵਿਚ ਆ ਵਸੇ ਸਨ। ਉਹ ਨਾ ਸਿਰਫ਼ ਵੱਡੇ ਵਪਾਰੀ ਸਨ ਸਗੋਂ ਉਦਾਰ ਮਾਨਵਤਾਵਾਦੀ ਵੀ ਸਨ। ਉਨ੍ਹਾਂ ਨੇ ਵਪਾਰੀਆਂ ਅਤੇ ਆਮ ਲੋਕਾਂ ਦੀ ਸਹੂਲਤ ਲਈ ਕਈ ਥਾਵਾਂ ’ਤੇ ਤਲਾਬ, ਖੂਹ ਅਤੇ ਸਰਾਵਾਂ (ਕਾਰਵਾਂ ਸਰਾਏ) ਬਣਵਾਈਆਂ। ਇਸ ਤੋਂ ਇਲਾਵਾ ਉਹ ਮੁਗ਼ਲ ਫੌਜ ਨੂੰ ਵੀ ਸਾਮਾਨ ਸਪਲਾਈ ਕਰਦੇ ਸਨ, ਜੋ ਉਨ੍ਹਾਂ ਦੇ ਵੱਡੇ ਕਾਰੋਬਾਰ ਦਾ ਸੰਕੇਤ ਹੈ। ਉਨ੍ਹਾਂ ਦੇ ਵਣਜਾਰਾ ਹੋਣ ਦੇ ਬਾਵਜੂਦ ਦਿੱਲੀ ’ਚ ਉਨ੍ਹਾਂ ਦੀ ਜ਼ਮੀਨ-ਜਾਇਦਾਦ ਸੀ ਤੇ ਉਹ ਚਾਰ ਪਿੰਡਾਂ ਦੇ ਮਾਲਕ ਸਨ।
ਗੁਰੂ ਸਾਹਿਬ ਦੇ ਧੜ ਦਾ ਸਸਕਾਰ
ਭਾਈ ਲੱਖੀ ਸ਼ਾਹ ਵਣਜਾਰਾ ਦਾ ਸਿੱਖ ਇਤਿਹਾਸ ਵਿਚ ਸਭ ਤੋਂ ਮਹਾਨ ਯੋਗਦਾਨ 11 ਨਵੰਬਰ 1675 ਈ. ਨੂੰ ਹੋਈ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨਾਲ ਜੁੜਿਆ ਹੋਇਆ ਹੈ। ਜਦੋਂ ਮੁਗ਼ਲ ਹਾਕਮਾਂ ਨੇ ਚਾਂਦਨੀ ਚੌਕ (ਦਿੱਲੀ) ਵਿਚ ਜਨਤਕ ਤੌਰ ’ਤੇ ਗੁਰੂ ਤੇਗ ਬਹਾਦਰ ਜੀ ਦਾ ਸੀਸ ਕਲਮ ਕੀਤਾ, ਤਾਂ ਮੁਗ਼ਲ ਫੌਜ ਦੇ ਡਰੋਂ ਕੋਈ ਵੀ ਸਿੱਖ ਜਾਂ ਆਮ ਨਾਗਰਿਕ ਗੁਰੂ ਜੀ ਦੇ ਪਵਿੱਤਰ ਸਰੀਰ (ਧੜ) ਨੂੰ ਚੁੱਕਣ ਦੀ ਹਿੰਮਤ ਨਹੀਂ ਕਰ ਸਕਿਆ। ਮੁਗ਼ਲ ਸਰਕਾਰ ਦੀ ਸਖ਼ਤੀ ਕਾਰਨ ਖੁੱਲ੍ਹੇ ਵਿਚ ਸਸਕਾਰ ਕਰਨਾ ਅਸੰਭਵ ਸੀ ਅਤੇ ਕਿਸੇ ਨੂੰ ਵੀ ਨੇੜੇ ਆਉਣ ਦੀ ਇਜਾਜ਼ਤ ਨਹੀਂ ਸੀ। ਇਸ ਨਾਜ਼ੁਕ ਸਮੇਂ ਵਿਚ ਭਾਈ ਲੱਖੀ ਸ਼ਾਹ ਨੇ ਅਦੁੱਤੀ ਹਿੰਮਤ ਤੇ ਯੋਜਨਾਬੰਦੀ ਦਾ ਪ੍ਰਦਰਸ਼ਨ ਕੀਤਾ। ਜਿਸ ਦਿਨ ਗੁਰੂ ਜੀ ਨੂੰ ਸ਼ਹੀਦ ਕੀਤਾ ਗਿਆ, ਉਸ ਦਿਨ ਉਨ੍ਹਾਂ ਦੇ ਰੂੰ (ਕਪਾਹ) ਨਾਲ ਭਰੇ ਹੋਏ ਗੱਡੇ ਚਾਂਦਨੀ ਚੌਕ ਵਿੱਚੋਂ ਲੰਘ ਰਹੇ ਸਨ। ਭਾਈ ਲੱਖੀ ਸ਼ਾਹ ਨੇ ਆਪਣੇ ਪੁੱਤਰਾਂ ਭਾਈ ਨਗਾਹੀਆ ਤੇ ਭਾਈ ਧੂਮਾ ਦੀ ਮਦਦ ਨਾਲ ਹਿੰਮਤੀ ਕਾਰਵਾਈ ਨੂੰ ਅੰਜਾਮ ਦਿੱਤਾ। ਉਨ੍ਹਾਂ ਨੇ ਰੂੰ ਦੇ ਗੱਡਿਆਂ ਨੂੰ ਅਜਿਹੇ ਢੰਗ ਨਾਲ ਲੰਘਾਇਆ ਕਿ ਜਿਵੇਂ ਤੇਜ਼ ਹਨੇਰੀ ਜਾਂ ਭੀੜ ਕਾਰਨ ਭਗਦੜ ਮਚ ਗਈ ਹੋਵੇ। ਇਸ ਹਫੜਾ-ਦਫੜੀ ਦਾ ਫਾਇਦਾ ਉਠਾਉਂਦਿਆਂ ਉਹ ਗੁਰੂ ਜੀ ਦੇ ਧੜ ਨੂੰ ਇਕ ਗੱਡੇ ਵਿਚ ਚੜ੍ਹਾਉਣ ’ਚ ਕਾਮਯਾਬ ਹੋ ਗਏ ਅਤੇ ਚੋਰੀ-ਛਿਪੇ ਇਸ ਨੂੰ ਦਿੱਲੀ ਦੇ ਨੇੜੇ ਆਪਣੇ ਪਿੰਡ ਰਾਇਸੀਨਾ ਵਿਚ ਸਥਿਤ ਘਰ ਲੈ ਗਏ।
ਸਸਕਾਰ ਲਈ ਘਰ ਨੂੰ ਲਾ ਦਿੱਤੀ ਅੱਗ
ਮੁਗ਼ਲ ਫ਼ੌਜ ਦੀ ਤਲਾਸ਼ੀ ਤੋਂ ਬਚਣ ਅਤੇ ਗੁਰੂ ਜੀ ਦਾ ਸਸਕਾਰ ਸ਼ਰਧਾ ਨਾਲ ਕਰਨ ਲਈ ਭਾਈ ਲੱਖੀ ਸ਼ਾਹ ਨੇ ਇਕ ਹੋਰ ਮਹਾਨ ਕੁਰਬਾਨੀ ਦਿੱਤੀ। ਉਨ੍ਹਾਂ ਨੇ ਆਪਣੇ ਘਰ ਨੂੰ ਹੀ ਅੱਗ ਲਗਾ ਦਿੱਤੀ। ਉਨ੍ਹਾਂ ਨੇ ਘਰ, ਗੱਡਾ ਅਤੇ ਰੂੰ ਆਦਿ ਨੂੰ ਅੱਗ ਦੇ ਹਵਾਲੇ ਕਰ ਦਿੱਤਾ, ਤਾਂ ਜੋ ਇਹ ਪ੍ਰਭਾਵ ਦਿੱਤਾ ਜਾ ਸਕੇ ਕਿ ਇਹ ਅੱਗ ਕਿਸੇ ਹਾਦਸੇ ਕਾਰਨ ਲੱਗੀ ਹੈ ਅਤੇ ਇਸ ਤਰ੍ਹਾਂ ਗੁਰੂ ਸਾਹਿਬ ਦੇ ਧੜ ਦਾ ਰਾਜ਼ਦਾਰੀ ਵਿਚ ਸਸਕਾਰ ਹੋ ਗਿਆ। ਆਪਣੇ ਪਿਆਰੇ ਘਰ ਅਤੇ ਵੱਡਮੁੱਲੇ ਸਾਮਾਨ ਨੂੰ ਅੱਗ ਲਗਾਉਣਾ ਗੁਰੂ ਪ੍ਰਤੀ ਉਨ੍ਹਾਂ ਦੀ ਅਥਾਹ ਸ਼ਰਧਾ ਤੇ ਕੁਰਬਾਨੀ ਦਾ ਸਿਖ਼ਰ ਸੀ।
ਗੁਰਦੁਆਰਾ ਰਕਾਬਗੰਜ ਸਾਹਿਬ
ਜਿਸ ਸਥਾਨ ’ਤੇ ਭਾਈ ਲੱਖੀ ਸ਼ਾਹ ਵਣਜਾਰਾ ਨੇ ਆਪਣੇ ਘਰ ਨੂੰ ਅੱਗ ਲਗਾ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਾਵਨ ਧੜ ਦਾ ਸਸਕਾਰ ਕੀਤਾ ਸੀ, ਉਹ ਸਥਾਨ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਵਜੋਂ ਪ੍ਰਸਿੱਧ ਹੈ। ਭਾਈ ਲੱਖੀ ਸ਼ਾਹ ਨੇ ਸਸਕਾਰ ਕਰਨ ਤੋਂ ਬਾਅਦ ਕੁਝ ਅਸਥੀਆਂ ਨੂੰ ਇਕ ਗਾਗਰ ’ਚ ਪਾ ਕੇ ਉੱਥੇ ਹੀ ਦਬ ਦਿੱਤਾ। ਇਸ ਤੋਂ ਬਾਅਦ ਉਹ ਬਾਕੀ ਬਚੀਆਂ ਅਸਥੀਆਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ, ਆਨੰਦਪੁਰ ਸਾਹਿਬ ਪਹੁੰਚੇ ਅਤੇ ਗੁਰੂ ਸਾਹਿਬ ਨੂੰ ਸਾਰੀ ਘਟਨਾ ਬਾਰੇ ਜਾਣੂ ਕਰਵਾਇਆ। ਸੰਨ 1783 ਈ. ਵਿਚ ਜਦੋਂ ਸਰਦਾਰ ਬਘੇਲ ਸਿੰਘ ਦੀ ਅਗਵਾਈ ’ਚ ਸਿੱਖ ਫ਼ੌਜਾਂ ਨੇ ਦਿੱਲੀ ’ਤੇ ਕਬਜ਼ਾ ਕੀਤਾ ਤਾਂ ਭਾਈ ਲੱਖੀ ਸ਼ਾਹ ਦੇ ਘਰ ਦੀ ਨਿਸ਼ਾਨਦੇਹੀ ਕਰਵਾਈ ਗਈ ਅਤੇ ਉਸ ਪਵਿੱਤਰ ਸਥਾਨ ’ਤੇ ਗੁਰੂਧਾਮ ਉਸਰਵਾਇਆ ਗਿਆ, ਜੋ ਅੱਜ ਲੱਖਾਂ ਸ਼ਰਧਾਲੂਆਂ ਦੀ ਆਸਥਾ ਦਾ ਕੇਂਦਰ ਹੈ। ਇਹ ਗੁਰਦੁਆਰਾ ਭਾਈ ਲੱਖੀ ਸ਼ਾਹ ਵਣਜਾਰਾ ਦੀ ਕੁਰਬਾਨੀ ਦਾ ਸਦੀਵੀ ਪ੍ਰਤੀਕ ਹੈ।
ਸੇਵਾ ਤੇ ਲੋਕ ਭਲਾਈ
ਭਾਈ ਲੱਖੀ ਸ਼ਾਹ ਵਣਜਾਰਾ ਨੇ ਸਿਰਫ਼ ਗੁਰੂ ਘਰ ਦੀ ਹੀ ਸੇਵਾ ਨਹੀਂ ਕੀਤੀ ਸਗੋਂ ਆਮ ਲੋਕਾਂ ਦੀ ਭਲਾਈ ਲਈ ਵੀ ਅਨੇਕ ਕਾਰਜ ਕੀਤੇ। ਉਨ੍ਹਾਂ ਨੇ ਆਪਣੇ ਵਪਾਰਕ ਰੂਟਾਂ ’ਤੇ ਕਈ ਥਾਵਾਂ ਉੱਤੇ ਜਲ ਸਰੋਤ (ਤਲਾਬ, ਖੂਹ) ਬਣਵਾਏ, ਤਾਂ ਜੋ ਰਾਹਗੀਰਾਂ, ਵਪਾਰੀਆਂ ਅਤੇ ਪਸ਼ੂਆਂ ਨੂੰ ਪਾਣੀ ਦੀ ਕੋਈ ਕਮੀ ਨਾ ਰਹੇ। ਇਨ੍ਹਾਂ ਪੁਰਾਤਤਵ ਪ੍ਰਮਾਣਾਂ ਦੇ ਅਵਸ਼ੇਸ਼ ਅੱਜ ਵੀ ਦੇਸ਼ ਦੇ ਕਈ ਹਿੱਸਿਆਂ ਵਿਚ ਮਿਲਦੇ ਹਨ। ਰਾਤ ਦੇ ਠਹਿਰਨ ਲਈ ਬਣਵਾਈਆਂ ਗਈਆਂ ਕਾਰਵਾਂ ਸਰਾਏ (ਸਰਾਵਾਂ) ਵੀ ਉਨ੍ਹਾਂ ਦੇ ਲੋਕ ਭਲਾਈ ਦੇ ਕਾਰਜਾਂ ਦਾ ਹਿੱਸਾ ਸਨ। ਇਨ੍ਹਾਂ ਸਹੂਲਤਾਂ ਨੇ ਉਨ੍ਹਾਂ ਦੇ ਸਮੇਂ ਵਿਚ ਵਪਾਰ ਤੇ ਸਫ਼ਰ ਨੂੰ ਵਧੇਰੇ ਆਰਾਮਦਾਇਕ ਬਣਾਇਆ।
ਸ਼ਾਨਦਾਰ ਮਿਸਾਲ
ਭਾਈ ਲੱਖੀ ਸ਼ਾਹ ਵਣਜਾਰਾ ਦਾ ਜੀਵਨ ਮਹਾਨ ਕਾਰੋਬਾਰੀ ਤੇ ਇਕ ਸਮਰਪਿਤ ਸਿੱਖ ਦੀ ਸ਼ਾਨਦਾਰ ਮਿਸਾਲ ਹੈ। ਉਹ ਇਕ ਰਾਜਾ (ਖ਼ਿਤਾਬ ਕਾਰਨ) ਹੋਣ ਦੇ ਬਾਵਜੂਦ ਗੁਰੂ ਘਰ ਦੇ ਨਿਮਾਣੇ ਸੇਵਕ ਵਜੋਂ ਜੀਏ। ਉਨ੍ਹਾਂ ਨੇ ਨਾ ਸਿਰਫ਼ ਗੁਰੂ ਜੀ ਦੇ ਸ਼ਹੀਦ ਧੜ ਦਾ ਸਸਕਾਰ ਕਰਨ ਦੀ ਅਦੁੱਤੀ ਸੇਵਾ ਕੀਤੀ ਸਗੋਂ ਆਪਣੇ ਘਰ ਦੀ ਕੁਰਬਾਨੀ ਦੇ ਕੇ ਦੁਨੀਆ ਨੂੰ ਦੱਸਿਆ ਕਿ ਸ਼ਰਧਾ ਤੇ ਸਿੱਖੀ ਸਿਧਾਂਤਾਂ ਦੀ ਰਾਖੀ ਲਈ ਉਹ ਕਿਸੇ ਵੀ ਕੀਮਤ ਦੀ ਪਰਵਾਹ ਨਹੀਂ ਕਰਦੇ। ਭਾਈ ਲੱਖੀ ਸ਼ਾਹ ਵਣਜਾਰਾ ਜੀ ਦਾ ਨਾਂ ਸਿੱਖ ਇਤਿਹਾਸ ਵਿਚ ਭਾਈ ਮੱਖਣ ਸ਼ਾਹ ਲੁਬਾਣਾ ਦੇ ਨਾਲ ਮਹਾਨ ਅਤੇ ਦਲੇਰ ਸਿੱਖਾਂ ਦੀ ਕਤਾਰ ਵਿਚ ਲਿਆ ਜਾਂਦਾ ਹੈ, ਜਿਨ੍ਹਾਂ ਨੇ ਸਭ ਤੋਂ ਔਖੇ ਸਮੇਂ ਵਿੱਚ ਗੁਰੂ ਘਰ ਪ੍ਰਤੀ ਆਪਣੀ ਨਿਸ਼ਠਾ ਦਾ ਸਬੂਤ ਦਿੱਤਾ। ਉਨ੍ਹਾਂ ਦਾ ਜੀਵਨ ਅੱਜ ਵੀ ਸਾਨੂੰ ਧਰਮ, ਸੇਵਾ ਅਤੇ ਸੱਚਾਈ ਲਈ ਕੁਰਬਾਨੀ ਦੇਣ ਦੀ ਪ੍ਰੇਰਨਾ ਦਿੰਦਾ ਹੈ। ਉਨ੍ਹਾਂ ਦਾ ਦੇਹਾਂਤ 7 ਜੂਨ 1680 ਈ. ਨੂੰ ਦਿੱਲੀ ਵਿਚ ਹੋਇਆ।
ਭਾਈ ਲੱਖੀ ਸ਼ਾਹ ਵਣਜਾਰਾ ਦੀ ਇਤਿਹਾਸਕ ਹਵੇਲੀ
ਭਾਈ ਲੱਖੀ ਸ਼ਾਹ ਵਣਜਾਰਾ ਦਾ ਨਾਂ ਸਿੱਖ ਇਤਿਹਾਸ ਦੇ ਉਨ੍ਹਾਂ ਮਹਾਨ ਸ਼ਰਧਾਲੂਆਂ ਵਿੱਚ ਦਰਜ ਹੈ, ਜਿਨ੍ਹਾਂ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਉਪਰੰਤ ਉਨ੍ਹਾਂ ਦੇ ਪਾਵਨ ਸਰੀਰ ਦਾ ਸਸਕਾਰ ਕਰਨ ਲਈ ਆਪਣਾ ਘਰ ਤੱਕ ਸਾੜ ਦਿੱਤਾ ਸੀ। ਇਸ ਮਹਾਨ ਕੁਰਬਾਨੀ ਦੇ ਚਸ਼ਮਦੀਦ ਗਵਾਹ ਉਨ੍ਹਾਂ ਦੀਆਂ ਇਤਿਹਾਸਕ ਨਿਸ਼ਾਨੀਆਂ ਹਨ, ਜਿਨ੍ਹਾਂ ਵਿੱਚੋਂ ਇਕ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਨੇੜੇ ਪਿੰਡ ਸਰਾਏ ਵਣਜਾਰਾ ’ਚ ਸਥਿਤ ਉਨ੍ਹਾਂ ਦੀ ਪੁਰਾਤਨ ਹਵੇਲੀ ਵੀ ਹੈ। ਇਹ ਹਵੇਲੀ ਅੱਜ ਵੀ ਉਸ ਮਹਾਨ ਵਪਾਰੀ ਅਤੇ ਗੁਰੂ ਦੇ ਪਿਆਰੇ ਸਿੱਖ ਦੇ ਜੀਵਨ, ਵਪਾਰ ਅਤੇ ਕਾਰਜਾਂ ਦੀ ਗਵਾਹੀ ਭਰਦੀ ਹੈ। ਭਾਈ ਲੱਖੀ ਸ਼ਾਹ ਵਣਜਾਰਾ ਲੁਬਾਣਾ ਭਾਈਚਾਰੇ ਨਾਲ ਸਬੰਧ ਰੱਖਦੇ ਸਨ ਅਤੇ ਏਸ਼ੀਆ ਦੇ ਮਹਾਨ ਵਪਾਰੀਆਂ ਵਿਚ ਗਿਣੇ ਜਾਂਦੇ ਸਨ। ਉਨ੍ਹਾਂ ਨੇ ਕਈ ਥਾਵਾਂ ’ਤੇ ਰਾਹਗੀਰਾਂ ਅਤੇ ਵਪਾਰੀਆਂ ਦੀ ਸਹੂਲਤ ਲਈ ਸਰਾਵਾਂ, ਤਲਾਬ ਅਤੇ ਖੂਹ ਬਣਵਾਏ ਸਨ, ਜਿਸ ਕਾਰਨ ਉਹਨਾਂ ਨੂੰ ਲੋਕ ‘ਸ਼ਾਹ’ ਭਾਵ ਰਾਜਾ ਕਹਿ ਕੇ ਸਤਿਕਾਰਦੇ ਸਨ। ਰਾਜਪੁਰਾ ਨੇੜੇ ਸਥਿਤ ਪਿੰਡ ‘ਸਰਾਏ ਵਣਜਾਰਾ’ ਵੀ ਉਨ੍ਹਾਂ ਵੱਲੋਂ ਵਸਾਈ ਗਈ ਅਜਿਹੀ ਹੀ ਸਰਾਏ (ਕਾਰਵਾਂਸਰਾਏ) ਸੀ, ਜੋ ਵਪਾਰਕ ਮਾਰਗ ’ਤੇ ਮਹੱਤਵਪੂਰਨ ਠਹਿਰਾਅ ਹੁੰਦੀ ਸੀ।
ਹਵੇਲੀ ਦੀ ਇਤਿਹਾਸਕ ਮਹੱਤਤਾ
ਪਿੰਡ ਸਰਾਏ ਵਣਜਾਰਾ ਵਿਚ ਸਥਿਤ ਇਹ ਹਵੇਲੀ ਇਕ ਸਮੇਂ ਭਾਈ ਲੱਖੀ ਸ਼ਾਹ ਵਣਜਾਰਾ ਦੀ ਵਪਾਰਕ ਚੌਕੀ ਅਤੇ ਰਿਹਾਇਸ਼ ਦਾ ਕੇਂਦਰ ਵਜੋਂ ਮੰਨੀ ਜਾਂਦੀ ਰਹੀ ਹੈ। ਇਹ ਥਾਂ ਦਿੱਲੀ-ਅੰਮ੍ਰਿਤਸਰ ਕੌਮੀ ਸ਼ਾਹ ਮਾਰਗ ਦੇ ਨੇੜੇ ਹੋਣ ਕਰਕੇ ਵਪਾਰਕ ਪੱਖੋਂ ਬਹੁਤ ਅਹਿਮ ਸੀ। ਇੱਥੋਂ ਹੀ ਲੱਖੀ ਸ਼ਾਹ ਦੇ ਟਾਂਡੇ ਦਿੱਲੀ ਸਮੇਤ ਹੋਰ ਸ਼ਹਿਰਾਂ ਨੂੰ ਕਾਠੀ, ਚੂਨਾ ਪੱਥਰ ਤੇ ਹੋਰ ਵਸਤਾਂ ਦੀ ਸਪਲਾਈ ਕਰਦੇ ਸਨ। ਇਹ ਹਵੇਲੀ ਉਨ੍ਹਾਂ ਦੇ ਆਰਥਿਕ ਸਮਰੱਥਾ ਅਤੇ ਸਮਾਜਿਕ ਰੁਤਬੇ ਨੂੰ ਦਰਸਾਉਂਦੀ ਹੈ, ਜਿਸ ਕਾਰਨ ਮੁਗ਼ਲ ਦਰਬਾਰ ਵਿਚ ਵੀ ਉਨ੍ਹਾਂ ਦਾ ਪ੍ਰਭਾਵ ਸੀ। ਭਾਵੇਂ ਇਤਿਹਾਸਕ ਤੌਰ ’ਤੇ ਉਨ੍ਹਾਂ ਦਾ ਜ਼ਿਆਦਾ ਜ਼ਿਕਰ ਦਿੱਲੀ ਦੇ ‘ਰਾਇਸੀਨਾ’ ਪਿੰਡ (ਜਿੱਥੇ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਹੈ) ਨਾਲ ਜੁੜਿਆ ਹੋਇਆ ਹੈ ਪਰ ਸਰਾਏ ਵਣਜਾਰਾ ਦੀ ਇਹ ਹਵੇਲੀ ਉਨ੍ਹਾਂ ਦੇ ਵਿਸ਼ਾਲ ਵਪਾਰਕ ਨੈੱਟਵਰਕ ਦੀ ਮਹੱਤਵਪੂਰਨ ਕੜੀ ਸੀ।
ਹਵੇਲੀ ਦੀ ਵਰਤਮਾਨ ਸਥਿਤੀ ਤੇ ਚਿੰਤਾ
ਦੁੱਖ ਦੀ ਗੱਲ ਹੈ ਕਿ ਭਾਈ ਲੱਖੀ ਸ਼ਾਹ ਵਣਜਾਰਾ ਦੀ ਇਹ ਪੁਰਾਤਨ ਹਵੇਲੀ ਅੱਜ ਸਰਕਾਰੀ ਬੇਰੁਖੀ ਦਾ ਸ਼ਿਕਾਰ ਹੋ ਕੇ ਆਪਣਾ ਅਸਲ ਰੂਪ ਗੁਆ ਰਹੀ ਹੈ। ਸਮੇਂ ਦੀ ਮਾਰ ਅਤੇ ਸਹੀ ਦੇਖ-ਰੇਖ ਦੀ ਘਾਟ ਕਾਰਨ ਇਸ ਦੀਆਂ ਕੰਧਾਂ ਅਤੇ ਦਰਵਾਜ਼ੇ ਖੰਡਰ ਬਣ ਚੁੱਕੇ ਹਨ। ਜ਼ਿਆਦਾਤਰ ਢਾਂਚਾ ਢਹਿ-ਢੇਰੀ ਹੋਣ ਕਿਨਾਰੇ ਹੈ ਅਤੇ ਪੁਰਾਣੀ ਇਮਾਰਤਸਾਜ਼ੀ ਦੇ ਨਿਸ਼ਾਨ ਮਿੱਟੀ ਹੁੰਦੇ ਜਾ ਰਹੇ ਹਨ। ਇਸ ਇਤਿਹਾਸਕ ਵਿਰਾਸਤ ਦਾ ਇਸ ਤਰ੍ਹਾਂ ਢਹਿ-ਢੇਰੀ ਹੋਣਾ ਨਾ ਸਿਰਫ਼ ਸਿੱਖ ਇਤਿਹਾਸ ਲਈ ਸਗੋਂ ਸਮੁੱਚੇ ਪੰਜਾਬ ਦੇ ਵਿਰਸੇ ਲਈ ਵੱਡਾ ਘਾਟਾ ਹੈ। ਇਹ ਹਵੇਲੀ ਸਾਨੂੰ ਸਿਰਫ਼ ਭਾਈ ਲੱਖੀ ਸ਼ਾਹ ਵਣਜਾਰਾ ਦੀ ਸ਼ਰਧਾ ਅਤੇ ਕੁਰਬਾਨੀ ਹੀ ਨਹੀਂ ਸਗੋਂ ਉਸ ਸਮੇਂ ਦੇ ਵਣਜਾਰਾ ਭਾਈਚਾਰੇ ਦੇ ਜੀਵਨ, ਉਨ੍ਹਾਂ ਦੀ ਵਪਾਰਕ ਸੂਝ-ਬੂਝ ਅਤੇ ਸਮਾਜ ਪ੍ਰਤੀ ਉਹਨਾਂ ਦੇ ਯੋਗਦਾਨ ਦੀ ਯਾਦ ਦਿਵਾਉਂਦੀ ਹੈ।
ਸੰਭਾਲ ਦੀ ਲੋੜ
ਇਸ ਹਵੇਲੀ ਦੀ ਸਾਂਭ-ਸੰਭਾਲ ਕਰਨਾ ਸਮੇਂ ਦੀ ਮੁੱਖ ਲੋੜ ਹੈ। ਇਸ ਦੀ ਮੁਰੰਮਤ ਕਰਕੇ ਇਸ ਨੂੰ ਸੁਰੱਖਿਅਤ ਰੱਖਣਾ ਚਾਹੀਦਾ ਹੈ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਭਾਈ ਲੱਖੀ ਸ਼ਾਹ ਵਣਜਾਰਾ ਦੇ ਵਿਰਾਸਤੀ ਸਥਾਨ ਨੂੰ ਵੇਖ ਸਕਣ ਅਤੇ ਇਤਿਹਾਸ ਤੋਂ ਸੇਧ ਲੈ ਸਕਣ। ਸਰਾਏ ਵਣਜਾਰਾ ਦੀ ਇਹ ਹਵੇਲੀ ਭਾਈ ਸਾਹਿਬ ਦੇ ਵਪਾਰਕ ਅਤੇ ਸਮਾਜਿਕ ਜੀਵਨ ਦਾ ਪ੍ਰਤੀਕ ਹੈ, ਜਿਸ ਨੂੰ ਸੰਭਾਲ ਕੇ ਅਸੀਂ ਮਹਾਨ ਗੁਰਸਿੱਖ ਨੂੰ ਸੱਚੀ ਸ਼ਰਧਾਂਜਲੀ ਭੇਟ ਕਰ ਸਕਦੇ ਹਾਂ।
- ਨਵਦੀਪ ਢੀਂਗਰਾ