ਬਾਬਾ ਦੀਪ ਸਿੰਘ ਜੀ ਦੇ ਨਾਮ ਦੀ ਵਿਆਖਿਆਕਾਰੀ ਮਨ ਭਾਉਂਦੀ ਹੈ ਕਿ ਉਹ ਆਪਣੀ ਉਮਰ, ਅਜ਼ਮਤ, ਬਜ਼ੁਰਗੀ, ਗੁਰਮਤੀ ਜੀਵਨ ਤੇ ਬੰਦਗੀ ਕਰਕੇ ‘ਬਾਬਾ’ ਸਨ । ‘ਦੀਪ’ ਤੋਂ ਭਾਵ ਉਨ੍ਹਾਂ ਦਾ ਧਰਮੀ ਜੀਵਨ-ਸ਼ਰਧਾ, ਭਾਵਨਾ, ਗਿਆਨ ਤੇ ਸਿਦਕੀ ਰੌਸ਼ਨੀ ਦੀ ਲਟ ਲਟ ਬਲਦੀ ਮਸ਼ਾਲ ਹੈ ਤੇ ਇਹ ਸਿੱਖੀ ਦਾ ਜਲਾਲੀ (ਪ੍ਰਕਾਸ਼ਮਈ) ਰੂਪ ਹੈ।

ਦਸਮ ਪਾਤਿਸ਼ਾਹ ਜੀ ਤੋਂ ਬੇਅੰਤ ਬਖ਼ਸ਼ਿਸ਼ਾਂ ਤੇ ਅੰਮ੍ਰਿਤ ਦੀ ਦਾਤ ਲੈਣ ਵਾਲੇ ਬਾਬਾ ਦੀਪ ਸਿੰਘ ਜੀ ਦਾ ਜੀਵਨ ਇਤਿਹਾਸ ਗੁਰਮਤੀ ਰੰਗ ’ਚ ਰੰਗਿਆ, ਸਤਿਗੁਰਾਂ ਦੇ ਨਾਦੀ ਪਰਿਵਾਰ ਲਈ ਪ੍ਰੇਰਨਾਦਾਇਕ ਤੇ ਗੌਰਵਮਈ ਹੈ। ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ “ਵਾਲਹੁ ਨਿਕੀ ਆਖੀਐ, ਖੰਡੇ ਧਾਰਹੁ ਸੁਣੀਐ ਤਿਖੀ॥ ਸਤਿਗੁਰ ਤੁਠੈ ਪਾਈਐ, ਸਾਧ ਸੰਗਤਿ ਗੁਰਮਤਿ ਗੁਰਸਿੱਖੀ॥” ਸਿੱਖੀ ਕੀ ਹੈ, ਗੁਰ ਬਖ਼ਸ਼ਿਸ਼ ਕੀ ਹੈ ਤੇ ਸਿੱਖੀ ਦੀ ਕਮਾਈ ਕੀ ਹੈ? ਬਾਬਾ ਦੀਪ ਸਿੰਘ ਜੀ ਦਾ ਜੀਵਨ ਇਤਿਹਾਸ ਅਜਿਹੇ ਬੇਅੰਤ ਸਵਾਲਾਂ ਦੀ ਵਿਆਖਿਆ ਹੈ। ਬਾਬਾ ਜੀ ਦਾ ਜੀਵਨ ਕਾਲ ਜਨਵਰੀ 1682 ਈ ਤੋਂ ਨਵੰਬਰ 1757 ਈ. ਤੱਕ ਸਾਢੇ ਸੱਤ ਦਹਾਕਿਆਂ ਦੇ ਕਰੀਬ ਹੈ। ਸਿੱਖ ਸਰੋਤਾਂ ਅਨੁਸਾਰ 14 ਮਾਘ 1739 ਬਿਕਰਮੀ ਨੂੰ ਗੁਰੂ ਘਰ ਦੇ ਅਨਿਨ ਸੇਵਕ ਪਿਤਾ ਭਾਈ ਭਗਤਾ ਜੀ ਤੇ ਮਾਤਾ ਜਿਊਣੀ ਜੀ ਦੇ ਗ੍ਰਹਿ, ਪਿੰਡ ਪਹੂਵਿੰਡ (ਅੰਮ੍ਰਿਤਸਰ) ਵਿਖੇ ਇਸ ਗੁਣਵੰਤੀ ਰੂਹ ਦਾ ਆਗਮਨ ਹੋਇਆ, ਜਿਸ ਦਾ ਨਾਉਂ ‘ਦੀਪ’ ਰੱਖਿਆ ਗਿਆ।
ਆਪ ਅਠਾਰਾਂ ਕੁ ਸਾਲ ਦੀ ਉਮਰੇ 1700 ਈ. ਵਿਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਲਗੀਧਰ ਪਾਤਿਸ਼ਾਹ ਦੀ ਬਖ਼ਸ਼ਿਸ਼ ਨਾਲ ਅੰਮ੍ਰਿਤਪਾਨ ਕਰਕੇ ਦੀਪ ਸਿੰਘ ਸਜ ਗਏ ਅਤੇ ਚਾਰ ਸਾਲ ਦੇ ਕਰੀਬ ਉਥੇ ਹੀ ਰਹੇ। ਅਨੰਦਾਂ ਦੀ ਪੁਰੀ ਦੀ ਸੰਗਤ ਤੋਂ ਐਸੀ ਰੰਗਤ ਹੋਈ ਕਿ ਰੂਹਾਨੀਅਤ ਦਾ ਜਲੌਅ, ਧਰਮ ਗ੍ਰੰਥਾਂ ਦੀ ਸਿੱਖਿਆ, ਗੁਰਬਾਣੀ ਦਾ ਅਧਿਐਨ, ਸ਼ਸਤਰਾਂ ਦੇ ਰੰਗ-ਢੰਗ, ਚੜ੍ਹਦੀ ਕਲਾ ਦੇ ਸਬਕ, ਤੀਰ-ਅੰਦਾਜ਼ੀ, ਘੋੜ ਸਵਾਰੀ ਤੇ ਖ਼ਾਲਸਈ ਸਵੈ-ਮਾਣ ਦੀ ਪੂੰਜੀ ਦੀਪ ਸਿੰਘ ਜੀ ਦੀ ਵੱਡੀ ਘਾਲ ਕਮਾਈ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਦਸਮ ਪਿਤਾ ਦੀ ਸੁਭਾਗੀ ਸੰਗਤ ਨਾਲ ਦੀਪ ਸਿੰਘ ਜੀ ਪਾਸ ਕਲਮ ਤੇ ਕਿਰਪਾਨ, ਵਿਦਵਤਾ ਤੇ ਸੂਰਬੀਰਤਾ, ਸਰਸਵਤੀ ਤੇ ਚੰਡੀ ਇਕ ਥਾਂ ਇਕੱਤਰ ਹੋ ਗਈਆਂ।
ਧਰਮ ਯੁੱਧ ’ਚ ਸੇਵਾ ਨਿਭਾਈ
ਸ੍ਰੀ ਅਨੰਦਪੁਰ ਸਾਹਿਬ ਦੀ ਮਹਾਨ ਸਿੱਖਿਆ ਸੀ, ‘ਧੰਨ ਜੀਓ ਤਿਹ ਕੋ ਜਗ ਮੈ, ਮੁਖ ਤੇ ਹਰਿ ਚਿਤ ਮੈ ਜੁਧ ਬਿਚਾਰੈ॥’ ਇਸ ਲਈ ਜਿਥੇ ਬਾਬਾ ਜੀ ਦਾ ਜੀਵਨ-ਸਿਮਰਨ ਅਭਿਆਸ ਦੀ ਕਮਾਈ ਸੀ, ਉਥੇ ਧਰਮ ਯੁੱਧ ਦੀਆਂ ਮੁੱਠਭੇੜਾਂ ਵਿਚ ਵੀ ਆਪ ਨੇ ਸੇਵਾ ਨਿਭਾਈ। ਤਕਰੀਬਨ 1704 ਈ. ਸਾਲ ਦੇ ਸ਼ੁਰੂਆਤੀ ਦਿਨਾਂ ਵਿਚ ਬਾਬਾ ਜੀ ਦੇ ਮਾਤਾ-ਪਿਤਾ ਅਨੰਦਪੁਰ ਸਾਹਿਬ ਸਤਿਗੁਰਾਂ ਦੇ ਦਰਸ਼ਨਾਂ ਲਈ ਗਏ ਅਤੇ ਗੁਰੂ ਜੀ ਤੋਂ ਆਗਿਆ ਲੈ ਕੇ ਦੀਪ ਸਿੰਘ ਨੂੰ ਆਪਣੇ ਨਗਰ ਪਹੂਵਿੰਡ ਲੈ ਆਏ।
ਬਾਬਾ ਜੀ ਨੇ ਫਿਰ ਮਾਝੇ ਦੇ ਇਲਾਕੇ ਵਿਚ ਸਿੱਖੀ ਦਾ ਪ੍ਰਚਾਰ ਕੀਤਾ। ਉਧਰ ਦਸੰਬਰ 1704 ਈ. ਵਿਚ ਜਦੋਂ ਕਲਗੀਧਰ ਪਾਤਿਸ਼ਾਹ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਨੂੰ ਤਿਆਗਿਆ ਤਾਂ ਉਸ ਤੋਂ ਬਾਅਦ ਸਾਕਾ ਚਮਕੌਰ, ਸਾਕਾ ਸਰਹਿੰਦ
ਤੇ ਮੁਕਤਸਰ ਦੀ ਜੰਗ ਉਪਰੰਤ ਦਸਮ ਪਿਤਾ ਨੇ ਸਾਬੋ ਕੀ ਤਲਵੰਡੀ ਨੂੰ ਭਾਗ ਲਾਏ।
ਇਧਰ ਬਾਬਾ ਦੀਪ ਸਿੰਘ ਜੀ ਨੂੰ ਜਦ ਪਹੂਵਿੰਡ ਵਿਖੇ ਸਤਿਗੁਰਾਂ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੇ ਸਾਰੇ ਵਰਤਾਰੇ ਬਾਰੇ ਜਾਣਕਾਰੀ ਹੋਈ ਤਾਂ ਆਪ ਸਤਿਗੁਰਾਂ ਦੇ ਦਰਸ਼ਨਾਂ ਦੀ ਬਿਹਬਲਤਾ ਵਿਚ ਕੰਨਸੋਆਂ ਲੈਂਦੇ ਸਾਬੋ ਕੀ ਤਲਵੰਡੀ ਪਹੁੰਚ ਗਏ। ਇਥੇ ਕਲਗੀਧਰ ਪਾਤਿਸ਼ਾਹ ਜੀ ਨੇ ਆਤਮਿਕ ਸ਼ਕਤੀ ਨਾਲ ਆਪਣੇ ਮੁਖਾਰਬਿੰਦ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਤ ਬੀੜ ਤਿਆਰ ਕਰਵਾਈ ਤੇ ਨੌਵੇਂ ਸਤਿਗੁਰਾਂ ਦੀ ਬਾਣੀ ਦਰਜ ਕੀਤੀ।
ਦਸਮ ਪਿਤਾ ਜੀ ਕੰਠ ਤੋਂ ਬਾਣੀ ਉਚਾਰੀ ਗਏ, ਲਿਖਣ ਦੀ ਸੇਵਾ ਭਾਈ ਮਨੀ ਸਿੰਘ ਜੀ ਨਿਭਾਉਂਦੇ ਅਤੇ ਬਾਬਾ ਦੀਪ ਸਿੰਘ ਜੀ ਦੀ ਸੇਵਾ ਲਿਖਣ ਦਾ ਸਮਾਨ-ਕਲਮਾਂ, ਸਿਆਹੀ ਤੇ ਕਾਗਜ਼ ਦਾ ਪ੍ਰਬੰਧ ਸੀ। ਸਿੱਖ ਮਾਨਤਾਵਾਂ ਅਨੁਸਾਰ ਇਥੇ ਕਲਗੀਧਰ ਪਾਤਿਸ਼ਾਹ ਨੇ ਨੌ ਮਹੀਨੇ, ਨੌਂ ਦਿਨ, ਨੌ ਘੜੀਆਂ ਟਿਕਾਣਾ ਕੀਤਾ। ਇਸੇ ਦਮਦਮੀ ਬੀੜ ਨੂੰ ਹੀ ਦਸਮ ਪਿਤਾ ਜੀ ਨੇ ਨਾਂਦੇੜ ਸਾਹਿਬ ਵਿਖੇ ਗੁਰਿਆਈ ਬਖ਼ਸ਼ੀ। ਇਥੇ ਹੀ ਬਾਬਾ ਦੀਪ ਸਿੰਘ ਜੀ ਨੇ ਦਮਦਮੀ ਬੀੜ ਦੇ ਚਾਰ ਹੋਰ ਉਤਾਰੇ ਕੀਤੇ ਜੋ ਚਾਰ ਤਖ਼ਤਾਂ ਉਪਰ ਸੁਸ਼ੋਭਿਤ ਕੀਤੇ ਗਏ। ਬਾਬਾ ਜੀ ਦੀ ਹੱਥ ਲਿਖਤ ਅਤਿ ਸੁੰਦਰ ਸੀ ਤੇ ਆਪ ਨੂੰ ਗੁਰਮੁਖੀ ਤੋਂ ਇਲਾਵਾ ਬ੍ਰਿਜ, ਅਰਬੀ, ਫ਼ਾਰਸੀ ਦਾ ਡੂੰਘਾ ਗਿਆਨ ਸੀ।
ਬਾਬਾ ਜੀ ਨੇ ਬਹਾਦਰੀ ਦੇ ਜੌਹਰ ਵਿਖਾਏ
ਸ੍ਰੀ ਦਮਦਮਾ ਸਾਹਿਬ ਵਿਖੇ ਹੀ ਦਸਮ ਪਾਤਸ਼ਾਹ ਜੀ ਨੇ ਜਿਨ੍ਹਾਂ 48 ਗੁਰਸਿੱਖਾਂ ਨੂੰ ਗੁਰਬਾਣੀ ਉਚਾਰਨ ਤੇ ਅਰਥ ਬੋਧ ਦਾ ਗਿਆਨ ਬਖ਼ਸ਼ਿਆ, ਉਨ੍ਹਾਂ ਵਿਚ ਬਾਬਾ ਦੀਪ ਸਿੰਘ ਜੀ ਵਿਸ਼ੇਸ਼ ਸਨ। ਜਦ ਕਲਗੀਧਰ ਪਾਤਸ਼ਾਹ ਜੀ ਦਮਦਮਾ ਸਾਹਿਬ ਤੋਂ ਦੱਖਣ ਵੱਲ ਨੂੰ ਰਵਾਨਾ ਹੋਣ ਲੱਗੇ ਤਾਂ ਬਾਬਾ ਦੀਪ ਸਿੰਘ ਜੀ ਨੇ ਸੇਜਲ ਨੇਤਰਾਂ ਨਾਲ ਸਤਿਗੁਰਾਂ ਦੇ ਚਰਨਾਂ ਵਿਚ ਬੇਨਤੀ ਕੀਤੀ ਕਿ ਇਸ ਸੇਵਕ ਲਈ ਕੀ ਹੁਕਮ ਐ ? ਹਜ਼ੂਰ ਨੇ ਫ਼ਰਮਾਇਆ ਕਿ ਇਸ ਧਰਤੀ ’ਤੇ ਹੀ ਟਿਕਾ ਕਰਨਾ, ਗੁਰਬਾਣੀ ਦਾ ਪ੍ਰਚਾਰ ਕਰਨਾ, ਅਰਥ ਬੋਧ ਕਰਵਾਉਣੇ, ਸਿੰਘ ਸਜਾਉਣੇ ਤੇ ਖ਼ਾਲਸਈ ਮਰਯਾਦਾ ਉਪਰ ਅੰਤਲੇ ਸਵਾਸਾਂ ਤੱਕ ਪਹਿਰਾ ਦੇਣਾ ਹੈ। ਗੁਰੂ ਸਦਾ ਤੁਹਾਡੇ ਅੰਗ ਸੰਗ ਰਹੇਗਾ। ਬਾਬਾ ਜੀ ਨੇ ਗੁਰ ਆਗਿਆ ਪਾ ਕੇ ਸ੍ਰੀ ਦਮਦਮਾ ਸਾਹਿਬ ਨੂੰ ਗੁਰਮਤਿ ਪ੍ਰਚਾਰ ਦਾ ਕੇਂਦਰ ਬਣਾਇਆ। ਇਸੇ ਲਈ ਆਪ ਜੀ ਨੂੰ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਮੰਨਿਆ ਜਾਂਦਾ ਹੈ। ਇਸੇ ਸਬੰਧ ਵਿਚ ‘ਮਹਾਨ ਕੋਸ਼’ ਦੇ ਕਰਤਾ ਨੇ ਦਮਦਮਾ ਸਾਹਿਬ ਨੂੰ ਸਿੱਖ ਲਿਖਾਰੀਆਂ ਤੇ ਗਯਾਨੀਆਂ ਦੀ ਟਕਸਾਲ ਲਿਖਿਆ ਹੈ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਕਲਗੀਧਰ ਪਾਤਸ਼ਾਹ ਜੀ ਤੋਂ ਥਾਪੜਾ ਲੈ ਕੇ ਜਾਬਰਾਂ ਤੇ ਜ਼ਾਲਮਾਂ ਨੂੰ ਸੋਧਣ ਲਈ ਨਾਂਦੇੜ ਤੋਂ ਪੰਜਾਬ ਵੱਲ ਆਏ ਤਾਂ ਬਾਬਾ ਦੀਪ ਸਿੰਘ ਜੀ ਨੇ ਆਪਣੇ ਸੂਰਬੀਰ ਸਿੰਘਾਂ ਦਾ ਜਥਾ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਥ ਦਿੱਤਾ। ਸਢੌਰਾ, ਸਮਾਣਾ ਤੇ ਚੱਪੜਚਿੜੀ ਦੀ ਜੰਗ ਤੇ ਸਰਹਿੰਦ ਫ਼ਤਹਿ ਸਮੇਂ ਬਾਬਾ ਦੀਪ ਸਿੰਘ ਜੀ ਨੇ ਬਹਾਦਰੀ ਦੇ ਜੌਹਰ ਵਿਖਾਏ। ਉਪਰੰਤ ਆਪ ਫਿਰ ਗੁਰੂ ਬਚਨਾਂ ਦੀ ਪਾਲਣਾ ਅਨੁਸਾਰ ਸ੍ਰੀ ਦਮਦਮਾ ਸਾਹਿਬ ਪਹੁੰਚ ਗਏ। ਇਹ ਵਰਣਨਯੋਗ ਹੈ ਕਿ ਬਾਬਾ ਬੰਦਾ ਸਿੰਘ ਦੀ ਸ਼ਹਾਦਤ ਤੋਂ ਬਾਅਦ ਵੀ ਸ੍ਰੀ ਦਮਦਮਾ ਸਾਹਿਬ ਸਿੱਖ ਯੋਧਿਆਂ ਦੀ ਠਾਹਰ ਤੇ ਗੁਰਮਤਿ ਵਿੱਦਿਆ ਦਾ ਕੇਂਦਰ ਰਿਹਾ। ਬਾਬਾ ਦੀਪ ਸਿੰਘ ਦੇ ਜਥੇ ਨੂੰ ਸ਼ਹੀਦਾਂ ਦਾ ਜਥਾ ਕਿਹਾ ਜਾਂਦਾ ਸੀ। ਜਦੋਂ 1748 ਈ. ਵਿਚ ਸਿੱਖਾਂ ਦੇ 65 ਜਥਿਆਂ ਤੋਂ 12 ਮਿਸਲਾਂ ਬਣੀਆਂ ਤਾਂ ਸ਼ਹੀਦਾਂ ਦੀ ਮਿਸਲ ਦੇ ਜਥੇਦਾਰ ਬਾਬਾ ਦੀਪ ਸਿੰਘ ਜੀ ਨੂੰ ਥਾਪਿਆ ਗਿਆ। ਇਨ੍ਹਾਂ ਦਾ ਮੁੱਖ ਟਿਕਾਣਾ ਸ੍ਰੀ ਦਮਦਮਾ ਸਾਹਿਬ ਹੀ ਰਿਹਾ। ਜਿਸ ਬੁਰਜ ਵਿਚ ਆਪ ਦਾ ਟਿਕਾਣਾ ਸੀ, ਉਹ ਹੁਣ ਵੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਨਜ਼ਦੀਕ ਬੁਰਜ ਬਾਬਾ ਦੀਪ ਸਿੰਘ ਕਰਕੇ ਜਾਣਿਆਂ ਜਾਂਦਾ ਹੈ।
ਖ਼ਾਲਸੇ ਨੇ ਅਬਦਾਲੀ ਦਾ ਹੰਕਾਰ ਤੋੜਿਆ
ਜਦ ਅਹਿਮਦ ਸ਼ਾਹ ਅਬਦਾਲੀ ਨੇ 1756-57 ਈ. ਵਿਚ ਹਿੰਦੁਸਤਾਨ ਉਪਰ ਚੌਥਾ ਹਮਲਾ ਕੀਤਾ ਤਾਂ ਉਹਨੇ ਲੁੱਟ ਦਾ ਮਾਲ ਕਾਬਲ ਵੱਲ ਭੇਜਿਆ। ਪੰਜਾਬ ਤੋਂ ਵਾਪਸੀ ਦੇ ਲਾਂਘੇ ਸਮੇਂ ਗੁਰੀਲਾ ਯੁੱਧ ਦੇ ਮਾਹਿਰ ਸਿੰਘਾਂ ਨੇ ਹਮਲਾ ਕਰਕੇ ਉਹਦਾ ਲੁੱਟਿਆ ਮਾਲ ਵਾਪਸ ਲਿਆ ਤੇ ਬੰਦੀ ਬੀਬੀਆਂ ਨੂੰ ਛੁਡਾਇਆ। ਖ਼ਾਲਸੇ ਨੇ ਉਹਦਾ ਹੰਕਾਰ ਤੋੜਿਆ। ਅਬਦਾਲੀ ਨੇ ਬਦਲਾ ਲਊ ਨੀਤੀ ਨਾਲ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਲਾਹੌਰ ਦਾ ਸੂਬੇਦਾਰ ਥਾਪਿਆ ਤੇ ਜਹਾਨ ਖ਼ਾਨ ਨੂੰ ਉਹਦਾ ਸੈਨਾਪਤੀ ਬਣਾ ਕੇ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਲਈ ਹੁਕਮ ਕੀਤਾ। ਜਹਾਨ ਖ਼ਾਨ ਨੇ 1757 ਈ. ਵਿਚ ਰਾਮਰੌਣੀ ਦਾ ਕਿਲ੍ਹਾ ਢਾਹਿਆ ਤੇ ਉਹਦੇ ਮਲਬੇ ਨਾਲ ਅੰਮ੍ਰਿਤਸਰ ਦੇ ਪਵਿੱਤਰ ਸਰੋਵਰ ਨੂੰ ਮਿੱਟੀ-ਘੱਟੇ ਨਾਲ ਪੂਰ ਦਿੱਤਾ ਤੇ ਇੱਥੇ ਮਨਮਾਨੀਆਂ ਕਰਕੇ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਨ ਲੱਗ ਪਿਆ। ਇਸ ਜ਼ਾਲਮਾਨਾ ਕਾਰਵਾਈ ਦੀ ਖ਼ਬਰ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਸ੍ਰੀ ਦਮਦਮਾ ਸਾਹਿਬ ਵਿਖੇ ਮਿਲੀ ਤਾਂ ਬਾਬਾ ਜੀ ਉਥੋਂ ਅਰਦਾਸਾ ਕਰਕੇ ਆਪਣੇ ਪੰਜ ਸੌ ਸਿੰਘਾਂ ਦੇ ਜਥੇ ਨਾਲ ਸ੍ਰੀ ਅੰਮ੍ਰਿਤਸਰ ਵੱਲ ਚੱਲ ਪਏ। ਉਸ ਸਮੇਂ ਆਪ ਜੀ ਦੀ ਉਮਰ 75 ਸਾਲ ਸੀ। ਸ੍ਰੀ ਤਰਨ ਤਾਰਨ ਤੱਕ ਪਹੁੰਚਦਿਆਂ ਮਰਜੀਵੜਿਆਂ ਦੀ ਗਿਣਤੀ ਪੰਜ ਹਜ਼ਾਰ ਹੋ ਗਈ। ਇਧਰ ਜਹਾਨ ਖ਼ਾਨ ਅੰਮ੍ਰਿਤਸਰ ਤੋਂ ਬਾਹਰ ਗੋਹਲਵੜ ਦੇ ਸਥਾਨ ’ਤੇ ਵੀਹ ਹਜ਼ਾਰ ਸੈਨਾ ਲੈ ਕੇ ਬੈਠਾ ਸੀ। ਇਥੇ ਭਰਵਾਂ ਯੁੱਧ ਹੋਇਆ। ਪੁਰਾਤਨ ਲਿਖਤ ਤਹਿਮਾਸ-ਨਾਮਾ ਅਨੁਸਾਰ ਸਿੱਖ ਯੋਧਿਆਂ ਨੇ ਪਹਿਲੇ ਹੱਲੇ ਸਮੇਂ ਦੁਸ਼ਮਣਾਂ ਨੂੰ ਭਾਜੜਾਂ ਪਾ ਦਿੱਤੀਆਂ। ਬਾਬਾ ਨੌਧ ਸਿੰਘ ਜੀ ਤੇ ਹੋਰ ਅਨੇਕਾਂ ਸਿੰਘ ਚੱਬੇ ਪਿੰਡ ਕੋਲ ਸ਼ਹੀਦ ਹੋਏ। ਇਹ ਜੰਗ ਲੜਦਿਆਂ ਜਹਾਨ ਖ਼ਾਨ ਦੀ ਫ਼ੌਜ ਅੰਮ੍ਰਿਤਸਰ ਵੱਲ ਪਿੱਛੇ ਹੱਟਦੀ ਗਈ। ਇਥੇ ਹਾਥੀ ’ਤੇ ਸਵਾਰ ਜਹਾਨ ਖ਼ਾਨ ਦਾ ਸਿਰ ਭਾਈ ਦਿਆਲ ਸਿੰਘ ਜੀ ਨੇ ਘੋੜੇ ਦੀ ਛਾਲ ਦੇ ਕਰਤਵ ਕਰਕੇ ਇਕੋ ਵਾਰ ਨਾਲ ਲਾਹ ਸੁੱਟਿਆ। ਇਕ ਜਰਨੈਲ ਯਕੂਬ ਖ਼ਾਨ ਨੂੰ ਬਾਬਾ ਦੀਪ ਸਿੰਘ ਜੀ ਨੇ ਖੰਡੇ ਨਾਲ ਢੇਰੀ ਕਰ ਦਿੱਤਾ। ਯਕੂਬ ਖ਼ਾਨ ਨੂੰ ਡਿੱਗਦਿਆਂ ਵੇਖ ਕੇ ਇਕ ਪਠਾਣ ਅਮਾਨ ਖ਼ਾਨ (ਸ਼ਾਹ ਜਮਾਲ ਖਾਂ) ਸਾਹਮਣੇ ਆਇਆ। ਬਾਬਾ ਜੀ ਤੇ ਅਮਾਨ ਖ਼ਾਨ ਦੇ ਦੋਨੋਂ ਪਾਸਿਉਂ ਜੋਸ਼ ਵਿਚ ਫੁਰਤੀ ਨਾਲ ਸ਼ਸਤਰ ਚੱਲੇ ਕਿ ਦੋਵਾਂ ਦੇ ਸਿਰ ਵੱਖ ਹੋ ਗਏ। ਸ੍ਰੀ ਗੁਰੁ ਪੰਥ ਪ੍ਰਕਾਸ਼ ਅਨੁਸਾਰ:
ਚਲੀ ਤੇਗ ਅਤ ਬੇਗ ਸੈਂ,
ਦੁਹੂੰ ਕੇਰ ਬਲ ਵਾਰ।
ਉਤਰ ਗਏ ਸਿਰ ਦੁਹੁੰ ਕੇ,
ਪਰਸ-ਪਰੈਂ ਇਕ ਸਾਰ।
ਵੈਰੀ ਮੈਦਾਨ ਛੱਡ ਕੇ ਭੱਜੇ
ਸਿੱਖ ਮਾਨਤਾਵਾਂ ਅਨੁਸਾਰ ਬਾਬਾ ਦੀਪ ਸਿੰਘ ਜੀ ਨੇ ਸੱਜੇ ਹੱਥ ਅਠਾਰਾਂ ਸੇਰ ਦਾ ਖੰਡਾ ਤੇ ਖੱਬੇ ਹੱਥ ਸੀਸ ਤਲੀ ’ਤੇ ਧਰ ਕੇ ਵੈਰੀਆਂ ਦੀ ਐਸੀ ਵਾਢ ਧਰੀ ਕਿ ਉਹ ਧੜ ਲੜਦਾ ਵੇਖ ਕੇ ਮੈਦਾਨ ਛੱਡ ਕੇ ਨੱਸ ਗਏ। ਬਾਬਾ ਜੀ ਨੇ ਆਪਣੀ ਅਰਦਾਸ ਦੇ ਬੋਲ ਪੁਗਾਉਂਦਿਆਂ ਸ੍ਰੀ ਦਰਬਾਰ ਸਾਹਿਬ ਵਿਖੇ ਜਾ ਸੀਸ ਭੇਟ ਕੀਤਾ। ਸ੍ਰੀ ਹਰਿਮੰਦਰ ਸਾਹਿਬ ਪਰਕਰਮਾ ਵਿਚ ਬਾਬਾ ਜੀ ਦਾ ਸੀਸ ਭੇਟ ਵਾਲਾ ਸਥਾਨ ਹੈ, ਜਿਥੇ ਸੰਗਤਾਂ ਸ਼ਰਧਾ ਨਾਲ ਨਮਸਕਾਰ ਕਰਦੀਆਂ ਹਨ। ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਦੀ ਬਹਾਲੀ ਲਈ ਬੇਅੰਤ ਯੋਧਿਆਂ ਨੇ ਸ਼ਹੀਦੀਆਂ ਪਾਈਆਂ। ਕੁਝ ਸ਼ਹੀਦਾਂ ਦਾ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਨਜ਼ਦੀਕ ਹੈ। ਬਾਬਾ ਦੀਪ ਸਿੰਘ ਜੀ ਦੀ ਦੇਹ ਦਾ ਅੰਤਮ ਸੰਸਕਾਰ ਜਿਥੇ ਕੀਤਾ ਗਿਆ, ਉਹ ਅੱਜ-ਕੱਲ੍ਹ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਹੈ ।
ਗਿਆਨ ਤੇ ਸਿਦਕ ਦੀ ਰੌਸ਼ਨੀ
ਬਾਬਾ ਦੀਪ ਸਿੰਘ ਜੀ ਦੇ ਨਾਮ ਦੀ ਵਿਆਖਿਆਕਾਰੀ ਮਨ ਭਾਉਂਦੀ ਹੈ ਕਿ ਉਹ ਆਪਣੀ ਉਮਰ, ਅਜ਼ਮਤ, ਬਜ਼ੁਰਗੀ, ਗੁਰਮਤੀ ਜੀਵਨ ਤੇ ਬੰਦਗੀ ਕਰਕੇ ‘ਬਾਬਾ’ ਸਨ । ‘ਦੀਪ’ ਤੋਂ ਭਾਵ ਉਨ੍ਹਾਂ ਦਾ ਧਰਮੀ ਜੀਵਨ-ਸ਼ਰਧਾ, ਭਾਵਨਾ, ਗਿਆਨ ਤੇ ਸਿਦਕੀ ਰੌਸ਼ਨੀ ਦੀ ਲਟ ਲਟ ਬਲਦੀ ਮਸ਼ਾਲ ਹੈ ਤੇ ਇਹ ਸਿੱਖੀ ਦਾ ਜਲਾਲੀ (ਪ੍ਰਕਾਸ਼ਮਈ) ਰੂਪ ਹੈ। ‘ਸਿੰਘ’ ਕਲਗੀਧਰ ਪਾਤਿਸ਼ਾਹ ਵੱਲੋਂ ਬਖ਼ਸ਼ਿਆ ਲਕਬ ਉਨ੍ਹਾਂ ਦੀ ਸਿੰਘਊ ਗਰਜ, ਜੁਝਾਰੂਪੁਣਾ, ਬਚਨ ਕੇ ਬਲੀ ਤੇ ਖ਼ਾਲਸਈ ਜੀਵਨ ਦੀ ਓੜਕ ਤੱਕ ਨਿਭੀ-ਗੁਰੂ ਪ੍ਰੀਤ ਦੀ ਪਹਿਰੇਦਾਰੀ ਹੈ। ਬਾਬਾ ਦੀਪ ਸਿੰਘ ਜੀ ਨੂੰ ਸੰਤ, ਬ੍ਰਹਮ ਗਿਆਨੀ, ਬਚਨ ਕੇ ਬਲੀ, ਮਹਾਨ ਜਰਨੈਲ, ਅਨੋਖੇ ਅਮਰ ਸ਼ਹੀਦ ਆਦਿ ਅਨੇਕਾਂ ਵਿਸ਼ੇਸ਼ਣਾਂ ਨਾਲ ਸਤਿਕਾਰਿਆ ਜਾਂਦਾ ਹੈ। ਅਜਿਹੀਆਂ ਮਹਾਨ ਅਤੇ ਪੂਜਨੀਕ ਰੂਹਾਂ ਦੀ ਜੀਵਨ ਕਰਨੀ ਸਦੀਵ ਕਾਲ ਕੌਮਾਂ ਦਾ ਸਵੈਮਾਣ ਤੇ ਰਾਹ ਦਸੇਰੀ ਹੁੰਦੀ ਹੈ। ਉਨ੍ਹਾਂ ਦੀ ਘਾਲ ਕਮਾਈ ਨੂੰ ਸਦ ਨਮਸਕਾਰ-ਸਦ ਨਮਸਕਾਰ ਹੈ।
• ਡਾ. ਇੰਦਰਜੀਤ ਸਿੰਘ ਗੋਗੋਆਣੀ