350th Shaheedi Diwas: ਨੌਵੇਂ ਪਾਤਸ਼ਾਹ ਦੇ ਚਰਨ ਪੈਂਦਿਆਂ ਹੀ ਖਾਰੇ ਤੋਂ ਮਿੱਠਾ ਹੋ ਗਿਆ ਸੀ ਮੂਲੋਵਾਲ ਦਾ ਪਾਣੀ, ਗੁਰੂ ਸਾਹਿਬ ਨੇ ਦਿੱਤੀਆਂ ਸੀ ਬੇਅੰਤ ਬਖਸ਼ਿਸ਼ਾਂ
ਦੱਸਿਆ ਜਾਂਦਾ ਹੈ ਕਿ ਜਦੋਂ ਗੁਰੂ ਸਾਹਿਬ ਨੇ ਇੱਥੇ ਆਪਣੇ ਚਰਨ ਪਾਏ ਸਨ ਤਾਂ ਉਸ ਸਮੇ ਇੱਥੋਂ ਦਾ ਪਾਣੀ ਖਾਰਾ ਸੀ, ਪ੍ਰੰਤੂ ਗੁਰੂ ਸਾਹਿਬ ਦੇ ਆਉਣ ’ਤੇ ਇਹ ਖਾਰਾ ਪਾਣੀ ਮਿੱਠਾ ਬਣ ਗਿਆ ਸੀ ਅਤੇ ਇਸ ਨਗਰ ਨੂੰ ਹੋਰ ਵੀ ਬੇਅੰਤ ਬਖਸ਼ਿਸ਼ਾਂ ਦਿੱਤੀਆਂ। ਮੂਲੋਵਾਲ ਵਿਚ ਇੱਕ ਗੁਰੂਘਰ ਮਿੱਠਾ ਸਾਹਿਬ ਦੇ ਨਾਂ ਨਾਲ ਸੁਸ਼ੋਭਿਤ ਹੈ।
Publish Date: Wed, 19 Nov 2025 10:04 AM (IST)
Updated Date: Wed, 19 Nov 2025 10:09 AM (IST)
ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਪਿੰਡ ਮੂਲੋਵਾਲ ਸਥਿਤ ਗੁਰਦੁਆਰਾ ਮੰਜੀ ਸਾਹਿਬ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਹੈ। ਦੱਸਿਆ ਜਾਂਦਾ ਹੈ ਕਿ ਜਦੋਂ ਗੁਰੂ ਸਾਹਿਬ ਨੇ ਇੱਥੇ ਆਪਣੇ ਚਰਨ ਪਾਏ ਸਨ ਤਾਂ ਉਸ ਸਮੇ ਇੱਥੋਂ ਦਾ ਪਾਣੀ ਖਾਰਾ ਸੀ, ਪ੍ਰੰਤੂ ਗੁਰੂ ਸਾਹਿਬ ਦੇ ਆਉਣ ’ਤੇ ਇਹ ਖਾਰਾ ਪਾਣੀ ਮਿੱਠਾ ਬਣ ਗਿਆ ਸੀ ਅਤੇ ਇਸ ਨਗਰ ਨੂੰ ਹੋਰ ਵੀ ਬੇਅੰਤ ਬਖਸ਼ਿਸ਼ਾਂ ਦਿੱਤੀਆਂ। ਮੂਲੋਵਾਲ ਵਿਚ ਇੱਕ ਗੁਰੂਘਰ ਮਿੱਠਾ ਸਾਹਿਬ ਦੇ ਨਾਂ ਨਾਲ ਸੁਸ਼ੋਭਿਤ ਹੈ।
ਇਤਿਹਾਸ ਮੁਤਾਬਕ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਾਲਵੇ ਦੀ ਫੇਰੀ ਦੌਰਾਨ 21 ਪੋਹ 1720 ਨੂੰ ਮੂਲੋਵਾਲ ਆਪਣੇ ਚਰਨ ਪਾਏ ਸਨ ਅਤੇ ਚਾਰ ਦਿਨ ਉਨ੍ਹਾਂ ਇਸ ਥਾਂ ’ਤੇ ਬਿਤਾਏ। ਜਿਸ ਛੱਪੜੀ ਵਿੱਚ ਰੋਜ਼ਾਨਾ ਗੁਰੂ ਸਾਹਿਬ ਇਸ਼ਨਾਨ ਕਰਦੇ ਸਨ, ਉਸ ਛੱਪੜੀ ਨੂੰ ਗੁਰੂ ਸਾਹਿਬ ਨੇ ਵਰ ਦਿੱਤਾ ਸੀ ਕਿ ਜੋ ਇਸ ਵਿਚ ਜੋ ਵੀ ਮੱਸਿਆ ’ਤੇ ਇਸ਼ਨਾਨ ਕਰੇਗਾ, ਉਸ ਦੇ ਸਭ ਦੁੱਖ-ਦਰਦ ਕੱਟੇ ਜਾਣਗੇ ਅਤੇ ਉਨ੍ਹਾਂ ਦੀਆਂ ਇੱਛਾਵਾਂ ਪੂਰੀਆਂ ਹੋਣਗੀਆਂ। ਗੁਰੂ ਸਾਹਿਬ ਦੇ ਇੱਥੇ ਪੁੱਜਣ ’ਤੇ ਨਗਰ ਦੀ ਸੰਗਤ ਨੇ ਬਹੁਤ ਸੇਵਾ ਕੀਤੀ। ਗੁਰੂ ਸਾਹਿਬ ਨੇ ਇੱਥੇ ਰਹਿੰਦਿਆਂ ਆਪਣੇ ਹਸਤ ਕਮਲਾਂ ਨਾਲ ਮੰਜੀ ਸਾਹਿਬ ਬਣਾਈ ਜੋ ਕਿ ਅੱਜ ਵੀ ਦਰਬਾਰ ਸਾਹਿਬ ਵਿਚ ਸੁਸ਼ੋਭਿਤ ਹੈ ਅਤੇ ਸੰਗਤਾਂ ਉਸ ਦੇ ਦਰਸ਼ਨ ਦੀਦਾਰ ਕਰਦੀਆਂ ਹਨ। ਗੁਰੂ ਸਾਹਿਬ ਨੇ ਖੁਦ ਚਾਰ ਇੱਟਾਂ ਰੱਖ ਕੇ ਗੁਰਦੁਆਰਾ ਮੰਜੀ ਸਾਹਿਬ ਦੀ ਨੀਂਹ ਰੱਖੀ ਸੀ ਅਤੇ ਸਰੋਵਰ ਦੀ ਪੁਟਾਈ ਖੁਦਾਈ ਦੌਰਾਨ ਸੰਗਤਾਂ ਨੂੰ ਉਨ੍ਹਾਂ ਵਿੱਚੋਂ ਇੱਕ ਇੱਟ ਵੀ ਮਿਲੀ, ਜਿਸ ’ਤੇ ਗੁਰੂ ਸਾਹਿਬ ਵੱਲੋਂ ਹਸਤ ਲਿਖਤ ਹੈ।
ਨੌਵੇਂ ਪਾਤਸ਼ਾਹ ਨੇ ਮੂਲੋਵਾਲ ਨਗਰ ਦੀ ਸੰਗਤ ਨੂੰ ਵਰ ਦਿੱਤਾ ਸੀ ਕਿ ਜਦੋਂ ਵੀ ਨਗਰ ’ਤੇ ਕੋਈ ਭੀੜ ਪਵੇ ਤਾਂ ਨਗਰ ਪੰਚਾਇਤ ਇਸ ਥਾਂ ’ਤੇ ਆ ਕੇ ਅਰਦਾਸ ਕਰੇਗੀ ਤਾਂ ਸਾਰੇ ਦੁੱਖ ਦੂਰ ਹੋ ਜਾਣਗੇ। ਇਸ ਤੋਂ ਇਲਾਵਾ ਛੱਪੜੀ ਦੀ ਪੁਟਾਈ ਸਮੇਂ ਸੰਗਤਾਂ ਨੂੰ ਦੋ ਕੁੱਜੇ ਵੀ ਮਿਲੇ, ਜਿਨ੍ਹਾਂ ’ਤੇ ਗੁਰੂ ਸਾਹਿਬ ਦੇ ਲਿਖੇ ਹੋਏ ਹੁਕਮਨਾਮੇ ਹਨ, ਜੋ ਗੁਰੂ ਘਰ ਵਿਚ ਸੰਗਤਾਂ ਦੇ ਦਰਸ਼ਨਾਂ ਲਈ ਬੜੇ ਸੰਭਾਲ ਕੇ ਰੱਖੇ ਹੋਏ ਹਨ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਪੁਰਬ ਦੇ ਮੱਦੇਨਜ਼ਰ ਗੁਰੂ ਘਰ ਵਿਚ ਸਮਾਗਮ ਚੱਲ ਰਹੇ ਹਨ ਅਤੇ ਵੱਡੀ ਗਿਣਤੀ ਸੰਗਤਾਂ ਪੁੱਜ ਰਹੀਆਂ ਹਨ।