ਇਸ ਅਸਥਾਨ ਗੁਰੂ ਤੇਗ ਬਹਾਦਰ ਜੀ ਨੇ ਇਕ ਸ਼ਰਧਾਲੂ ਔਰਤ ਅਤੇ ਉਸ ਦੇ ਬੱਚੇ ਨੂੰ ਸਰੋਵਰ ਵਾਲੀ ਜਗ੍ਹਾ ’ਤੇ ਇਸ਼ਨਾਨ ਕਰਵਾ ਕੇ ਉਸ ਦੇ ਦੁੱਖ-ਦਰਦ ਦੂਰ ਕੀਤੇ ਸਨ। ਗੁਰੂ ਤੇਗ ਬਹਾਦਰ ਜੀ ਇਸ ਪਵਿੱਤਰ ਧਰਤੀ ’ਤੇ 40 ਦਿਨ ਰਹਿ ਕੇ ਸੰਗਤਾਂ ਨੂੰ ਉਪਦੇਸ਼ ਦਿੰਦੇ ਰਹੇ ਸਨ।

ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ , ਮੌੜ ਮੰਡੀ : ਜ਼ਿਲ੍ਹੇ ਦੇ ਪਿੰਡ ਮੌੜ ਕਲਾਂ ਨੂੰ ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੈ। ਇੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਵਿਚ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਣਿਆ ਹੋਇਆ ਹੈ। ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਮਾਨਸਾ ਜ਼ਿਲ੍ਹੇ ਦੇ ਪਿੰਡ ਭੀਖੀ ਅਤੇ ਖਿਆਲਾਂ ਵਿਚ ਸਿੱਖ ਧਰਮ ਦਾ ਪ੍ਰਚਾਰ ਕਰਦੇ ਹੋਏ ਮੌੜ ਕਲਾਂ ਪਹੁੰਚੇ ਸਨ। ਉਸ ਸਮੇਂ ਮੌੜ ਕਲਾਂ ਦੀ ਧਰਤੀ ’ਤੇ ਭਾਰੀ ਜੰਗਲ ਸੀ। ਇਤਿਹਾਸ ਅਨੁਸਾਰ ਇਸ ਜਗ੍ਹਾ ’ਤੇ ਵਿਸ਼ਾਲ ਜੰਡ ਦਾ ਦਰੱਖਤ ਸੀ। ਇਸ ਜੰਗਲ ਵਿਚ ਵੱਡਾ ਦਿਓ ਰਹਿੰਦਾ ਸੀ, ਜਿਸ ਨੂੰ ਸਿੱਖ ਧਰਮ ਦੇ ਨੌਵੇਂ ਗੁਰੂ ਜੀ ਗੁਰੂ ਤੇਗ ਬਹਾਦਰ ਜੀ ਨੇ ਬਠਿੰਡਾ ਭੇਜਿਆ ਸੀ। ਇਸ ਅਸਥਾਨ ਗੁਰੂ ਤੇਗ ਬਹਾਦਰ ਜੀ ਨੇ ਇਕ ਸ਼ਰਧਾਲੂ ਔਰਤ ਅਤੇ ਉਸ ਦੇ ਬੱਚੇ ਨੂੰ ਸਰੋਵਰ ਵਾਲੀ ਜਗ੍ਹਾ ’ਤੇ ਇਸ਼ਨਾਨ ਕਰਵਾ ਕੇ ਉਸ ਦੇ ਦੁੱਖ-ਦਰਦ ਦੂਰ ਕੀਤੇ ਸਨ। ਗੁਰੂ ਤੇਗ ਬਹਾਦਰ ਜੀ ਇਸ ਪਵਿੱਤਰ ਧਰਤੀ ’ਤੇ 40 ਦਿਨ ਰਹਿ ਕੇ ਸੰਗਤਾਂ ਨੂੰ ਉਪਦੇਸ਼ ਦਿੰਦੇ ਰਹੇ ਸਨ। ਗੁਰੂ ਜੀ ਨੇ ਇਸ ਪਵਿੱਤਰ ਧਰਤੀ ਨੂੰ ਵਰ ਦਿੱਤਾ ਸੀ ਕਿ ਜੋ ਵੀ ਪ੍ਰਾਣੀ ਇੱਥੇ ਇਸ ਪਵਿੱਤਰ ਅਸਥਾਨ ’ਤੇ ਪ੍ਰੇਮ ਅਤੇ ਸ਼ਰਧਾ ਨਾਲ 12 ਸੰਗਰਾਦਾਂ ਦੇ ਦਿਨ ਸਰੋਵਰ ਵਿਚ ਇਸ਼ਨਾਨ ਕਰੇਗਾ, ਉਸ ਪ੍ਰਾਣੀ ਦੇ ਸਾਰੇ ਦੁੱਖ ਦੂਰ ਹੋ ਜਾਣਗੇ। ਅੱਜ ਇਸ ਜਗ੍ਹਾ ਪਵਿੱਤਰ ਅਸਥਾਨ ’ਤੇ ਗੁਰੂ ਤੇਗ ਬਹਾਦਰ ਨੌਵੀਂ ਪਾਤਸ਼ਾਹੀ ਮਹਾਰਾਜ ਜੀ ਦੀ ਯਾਦ ਵਿਚ ਸੁੰਦਰ ਦਰਬਾਰ ਸਾਹਿਬ ਅਤੇ ਸਰੋਵਰ ਬਣਿਆ ਹੋਇਆ ਹੈ। ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਲਾਭ ਸਿੰਘ ਅਤੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਇੱਥੇ ਕਰੀਬ 40 ਦਿਨ ਰਹਿ ਕੇ ਧਰਮ ਦਾ ਪ੍ਰਚਾਰ ਕੀਤਾ ਅਤੇ ਸੰਗਤ ਨੂੰ ਉਪਦੇਸ਼ ਦਿੱਤਾ। ਹੁਣ ਉਕਤ ਜਗ੍ਹਾ ’ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿਚ ਸੁੰਦਰ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ।
ਗੁਰੂ ਤੇਗ ਬਹਾਦਰ ਜੀ ਮਹਾਰਾਜ ਮੌੜ ਕਲਾਂ ਦੀ ਪਵਿੱਤਰ ਧਰਤੀ ’ਤੇ ਸੰਨ 1663-64 ਈਸਵੀ ਨੂੰ ਆਏ ਸਨ ਤੇ ਇੱਥੋਂ ਉਹ ਪਿੰਡ ਮਾਈਸਰਖਾਨਾ, ਟਾਹਲਾ ਸਾਹਿਬ ਅਤੇ ਘੁੰਮਣ ਕਲਾਂ ਸੰਗਤਾਂ ਨੂੰ ਉਪਦੇਸ਼ ਦੇਣ ਲਈ ਗਏ ਸਨ। ਉਨ੍ਹਾਂ ਦੱਸਿਆ ਕਿ ਪਹਿਲਾਂ ਮੌੜ ਕਲਾਂ ਵਿਚ ਇਕ ਛੋਟੀ ਜਿਹੀ ਪਾਣੀ ਵਾਲੀ ਛੱਪੜੀ ਸੀ, ਜਿੱਥੇ ਗੁਰੂ ਜੀ ਨੇ ਡੇਰੇ ਲਗਾਏ ਸਨ ਜਦੋਂ ਕਿ ਜੰਡ ਵਾਲੀ ਜਗ੍ਹਾ ’ਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਪੱਕਾ ਥੜ੍ਹਾ ਬਣਾ ਕੇ ਉਥੇ ਮੰਜੀ ਸਾਹਿਬ ਸੁਸ਼ੋਭਿਤ ਕਰ ਦਿੱਤਾ ਹੈ। ਉਕਤ ਛੱਪੜੀ ਵਾਲੀ ਜਗ੍ਹਾ ’ਤੇ ਕਮੇਟੀ 1962-63 ਵਿਚ ਸਰੋਵਰ ਬਣਾ ਦਿੱਤਾ ਹੈ। ਇੱਥੇ ਪੰਜਾਬ ਹੀ ਨਹੀਂ ਸਗੋਂ ਦੇਸ਼-ਵਿਦੇਸ਼ ਦੀਆਂ ਸੰਗਤਾਂ ਦਰਸ਼ਨਾਂ ਲਈ ਆਉਂਦੀਆਂ ਹਨ। ਸੰਗਰਾਂਦ ਮੌਕੇ ਇੱਥੇ ਪਾਠਾਂ ਦੇ ਭੋਗ ਪਾਏ ਜਾਂਦੇ ਹਨ ਅਤੇ ਦੂਰ-ਦੁਰਾਡਿਓਂ ਸੰਗਤਾਂ ਇੱਥੇ ਦਰਸ਼ਨਾਂ ਲਈ ਪੁੱਜਦੀਆਂ ਹਨ।