ਗੁਰੂਘਰ ਦੇ ਮੈਨੇਜਰ ਭਾਈ ਜਗਜੀਤ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਅਸਥਾਨ ’ਤੇ ਹਰ ਮਹੀਨੇ ਦੀ ਸੰਗਰਾਂਦ, ਮੱਸਿਆ, ਸ਼ਹੀਦੀ ਗੁਰਪੁਰਬ ਪਾਤਸ਼ਾਹੀ ਪੰਜਵੀਂ, ਨੌਵੀਂ, ਅਵਤਾਰ ਗੁਰਪੁਰਬ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਾਲਾਨਾ ਜੋੜ ਮੇਲੇ ਸੰਗਤ ਦੇ ਸਹਿਯੋਗ ਨਾਲ ਮਨਾਏ ਜਾਂਦੇ ਹਨ।

ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ (ਸੰਗਰੂਰ) : ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਭਵਾਨੀਗੜ੍ਹ (ਸੰਗਰੂਰ) ਇਸ ਪਵਿੱਤਰ ਅਸਥਾਨ ਨੂੰ ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ। ਗੁਰੂ ਸਾਹਿਬ ਜਦੋ ਅਸਾਮ ਦੇ ਰਾਜੇ ਦੀ ਬੇਨਤੀ ’ਤੇ ਸ੍ਰੀ ਅਨੰਦਪੁਰ ਸਾਹਿਬ ਤੋਂ 300 ਸੰਗਤ ਦੀ ਗਿਣਤੀ ਨਾਲ ਤਿੰਨ ਸਾਲਾਂ ਦੀ ਯਾਤਰਾ ਪ੍ਰੋਗਰਾਮ ਬਣਾ ਕੇ ਗੱਡਿਆਂ ’ਚ ਭਾਂਡੇ ਬਿਸਤਰੇ, ਫਰਸ਼, ਕਨਾਤਾਂ ਆਦਿ ਲੱਦ ਕੇ ਰੱਥਾਂ ਤੇ ਘੋੜਿਆਂ ’ਤੇ ਸਵਾਰ ਹੋ ਕੇ ਮਾਲਵੇ ਵਿਚੋਂ ਦੀ ਹੁੰਦੇ ਹੋਏ ਪਿੰਡ ਥੂਹੀ ਰਾਮਗੜ੍ਹ, ਦੌੜਾਂ, ਗੁਣੀਕੇ ਤੇ ਆਲੋਅਰਖ ਤੋਂ ਹੁੰਦੇ ਹੋਏ ਸੰਮਤ 1722 ਨੂੰ ਇਸ ਧਰਤੀ ’ਤੇ ਚਰਨ ਪਾ ਕੇ ਨੌ 19 ਤੇ 20 ਕੱਤਕ ਦੋ ਦਿਨ ਠਹਿਰ ਕੇ ਪਵਿੱਤਰ ਕੀਤਾ ਤੇ ਸੰਗਤਾਂ ਨੂੰ ਨਿਹਾਲ ਕੀਤਾ। ਉਸ ਸਮੇਂ ਗੁਰੂ ਜੀ ਨਾਲ ਉਨ੍ਹਾਂ ਦੇ ਮਾਤਾ ਜੀ ਨਾਨਕੀ ਸਾਹਿਬ ਜੀ, ਮਾਤਾ ਗੁਜਰੀ ਜੀ, ਮਾਮਾ ਕਿਰਪਾਲ ਚੰਦ ਜੀ, ਭਾਈ ਸੰਗਤੀਆ ਜੀ, ਭਾਈ ਸੁਖਨੰਦ ਜੀ, ਭਾਈ ਸਾਹਿਬ ਚੰਦ ਜੀ, ਸੰਤ ਗੁਰਬਖਸ਼ ਦਾਸ ਜੀ, ਉਦਾਸੀ ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਉਦਾ ਜੀ, ਭਾਈ ਗੁਰਦਿੱਤਾ ਜੀ, ਭਾਈ ਜੈਤਾ ਜੀ ਤੇ ਭਾਈ ਨੱਥੂ ਰਾਮ ਜੀ ਦਾ ਰਵਾਬੀ ਜਥਾ ਵੀ ਨਾਲ ਸੀ। ਇਹ ਜਥਾ ਸਵੇਰੇ-ਸ਼ਾਮ ਗੁਰਬਾਣੀ ਸੁਣਾ ਕੇ ਸੰਗਤ ਨੂੰ ਨਿਹਾਲ ਕਰਦਾ ਸੀ। ਇਸ ਪਵਿੱਤਰ ਅਸਥਾਨ ’ਤੇ ਦੋ ਦਿਨ ਠਹਿਰਨ ਤੋਂ ਬਾਅਦ ਗੁਰੂ ਸਾਹਿਬ ਸੰਗਤ ਸਮੇਤ ਪਿੰਡ ਫੱਗੂਵਾਲਾ, ਘਰਾਚੋ, ਨਾਗਰਾ ਹੁੰਦੇ ਹੋਏ ਘਨੌੜ ਵੱਲ ਚੱਲ ਪਏ। ਇਸ ਪਵਿੱਤਰ ਅਸਥਾਨ ’ਤੇ ਗੁਰੂ ਸਾਹਿਬ ਜੀ ਅਪਾਰ ਬਖਸ਼ਿਸ਼ ਨਾਲ ਸ਼ਰਧਾਵਾਨ ਪ੍ਰੇਮੀਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।
ਗੁਰੂਘਰ ਦੇ ਮੈਨੇਜਰ ਭਾਈ ਜਗਜੀਤ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਅਸਥਾਨ ’ਤੇ ਹਰ ਮਹੀਨੇ ਦੀ ਸੰਗਰਾਂਦ, ਮੱਸਿਆ, ਸ਼ਹੀਦੀ ਗੁਰਪੁਰਬ ਪਾਤਸ਼ਾਹੀ ਪੰਜਵੀਂ, ਨੌਵੀਂ, ਅਵਤਾਰ ਗੁਰਪੁਰਬ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਾਲਾਨਾ ਜੋੜ ਮੇਲੇ ਸੰਗਤ ਦੇ ਸਹਿਯੋਗ ਨਾਲ ਮਨਾਏ ਜਾਂਦੇ ਹਨ। ਇਸ ਅਸਥਾਨ ’ਤੇ ਸਤਿਗੁਰਾਂ ਦੀ ਕਿਰਪਾ ਦੁਆਰਾ ਮਰਿਆਦਾ ਅਨੁਸਾਰ ਰੋਜ਼ਾਨਾ ਸਭਾ ਨਿਤਨੇਮ ਤੋਂ ਬਾਅਦ ਆਸਾ ਜੀ ਦੀ ਵਾਰ ਦਾ ਕੀਰਤਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਉਪਰੰਤ ਭੋਗ ਤੇ ਸ਼ਾਮ ਨੂੰ ਕਥਾ ਕੀਰਤਨ, ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਮਰਿਆਦਾ ਅਨੁਸਾਰ ਸਮਾਪਤੀ ਹੁੰਦੀ ਹੈ। ਸੰਗਤ ਦੇ ਇਸ਼ਨਾਨ ਲਈ ਪਵਿੱਤਰ ਸਰੋਵਰ ਬਣਿਆ ਹੋਇਆ ਹੈ। ਗੁਰੂ ਸਾਹਿਬ ਦੇ ਅਸਥਾਨ ’ਤੇ ਗੁਰੂ ਕਾ ਲੰਗਰ ਅਤੁੱਟ ਵਰਤਦਾ ਹੈ। ਸਥਾਨ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਚਲਾਇਆ ਜਾ ਰਿਹਾ ਹੈ।