ਪਿੰਡ ਸੇਖਾ ਜ਼ਿਲ੍ਹਾ ਬਰਨਾਲਾ ਨੂੰ ‘ਹਿੰਦ ਦੀ ਚਾਦਰ’ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੋਣ ਦਾ ਮਾਣ ਹੈ। ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਸ੍ਰੀ ਅਨੰਦਪੁਰ ਸਾਹਿਬ ਤੋਂ ਦੇਸ਼ ਦੇ ਦੌਰੇ ਸਮੇਂ ਪਿੰਡ ਮੂਲੋਵਾਲ ਜ਼ਿਲ੍ਹਾ ਸੰਗਰੂਰ ਵਿਖੇ ਕਲਯੁਗੀ ਜੀਵਾਂ ਨੂੰ ਤਾਰਦੇ ਹੋਏ 22 ਪੋਹ ਬਿਕਰਮੀ 1722 ਨੂੰ ਪਿੰਡ ਸੇਖਾ ਜ਼ਿਲ੍ਹਾ ਬਰਨਾਲਾ ਪਹੁੰਚੇ ਸਨ ਤਾਂ ਪਿੰਡੋਂ ਬਾਹਰ ਇਕ ਢਾਬ ’ਤੇ ਆ ਕੇ ਆਸਣ ਲਾ ਲਏ।

ਬਰਨਾਲਾ ਦੇ ਪਿੰਡ ਸੇਖਾ ਵਿਖੇ ਬਰਨਾਲਾ ਰੋਡ ’ਤੇ ਸਥਿਤ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਇਤਿਹਾਸਿਕ ਗੁਰਦੁਆਰਿਆਂ ’ਚੋਂ ਇੱਕ ਹੈ। ਇੱਥੇ ਹਰ ਸਾਲ 22 ਪੋਹ ਤੋਂ ਸ਼ੁਰੂ ਹੋਣ ਵਾਲੇ ਤਿੰਨ ਰੋਜ਼ਾ ਧਾਰਮਿਕ ਜੋੜ ਮੇਲੇ ’ਚ ਦੂਰੋਂ-ਨੇੜਿਓਂ ਹਜ਼ਾਰਾਂ ਦੀ ਗਿਣਤੀ ’ਚ ਸੰਗਤਾਂ ਪੁੱਜ ਕੇ ਗੁਰਦੁਆਰਾ ਸਾਹਿਬ ’ਚ ਨਤਮਸਤਕ ਹੁੰਦੀਆਂ ਹਨ। ਪਿੰਡ ਸੇਖਾ ਜ਼ਿਲ੍ਹਾ ਬਰਨਾਲਾ ਨੂੰ ‘ਹਿੰਦ ਦੀ ਚਾਦਰ’ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੋਣ ਦਾ ਮਾਣ ਹੈ। ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਸ੍ਰੀ ਅਨੰਦਪੁਰ ਸਾਹਿਬ ਤੋਂ ਦੇਸ਼ ਦੇ ਦੌਰੇ ਸਮੇਂ ਪਿੰਡ ਮੂਲੋਵਾਲ ਜ਼ਿਲ੍ਹਾ ਸੰਗਰੂਰ ਵਿਖੇ ਕਲਯੁਗੀ ਜੀਵਾਂ ਨੂੰ ਤਾਰਦੇ ਹੋਏ 22 ਪੋਹ ਬਿਕਰਮੀ 1722 ਨੂੰ ਪਿੰਡ ਸੇਖਾ ਜ਼ਿਲ੍ਹਾ ਬਰਨਾਲਾ ਪਹੁੰਚੇ ਸਨ ਤਾਂ ਪਿੰਡੋਂ ਬਾਹਰ ਇਕ ਢਾਬ ’ਤੇ ਆ ਕੇ ਆਸਣ ਲਾ ਲਏ। ਇੱਥੇ ਗੁਰੂ ਜੀ ਨੇ ਢਾਬ ’ਚ ਇਸ਼ਨਾਨ ਕੀਤਾ ਤੇ ਵਰਦਾਨ ਦਿੱਤਾ ਕਿ ਜੋ ਜੀਵ ਸ਼ਰਧਾ ਨਾਲ ਸਰੋਵਰ ’ਚ ਇਸ਼ਨਾਨ ਕਰੇਗਾ, ਉਸ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ। ਇੱਥੇ ਪਿਸਾਪੁਰ ਨਗਰ ਸੀ। ਇਸ ਦੇ ਆਲੇ-ਦੁਆਲੇ 22 ਪਿੰਡ ਜਵੰਧਿਆਂ ਦੇ ਵਸਦੇ ਸਨ। ਇਨ੍ਹਾਂ ਦਾ ਮੁਖੀ ਤਿਲੋਕਾ ਜਵੰਧਾ ਸੀ, ਜੋ ਮਾਧੋ ਦਾਸ ਬੈਰਾਗੀ ਦਾ ਸੇਵਕ ਸੀ। ਇਸ ਬੈਰਾਗੀ ਸਾਧੂ ਨੇ ਪਿੰਡਾਂ ਦੇ ਮੁਖੀ ਤਿਲੋਕੇ ਨੂੰ ਗੁਰੂ ਸਾਹਿਬ ਕੋਲ ਜਾਣ ਤੋਂ ਰੋਕ ਦਿੱਤਾ। ਤਿਲੋਕਾ ਉਸ ਸਮੇਂ ਹੰਕਾਰੀ ਮੁਖੀਆ, ਚੌਧਰੀ ਸੀ। ਜਦੋਂ ਗੁਰੂ ਸਾਹਿਬ ਸੰਗਤਾਂ ਨਾਲ ਬਚਨ-ਵਿਲਾਸ ਕਰ ਰਹੇ ਸਨ ਤਾਂ ਤਿਲੋਕਾ ਜਵੰਧਾ ਗੁਰੂ ਸਾਹਿਬ ਦੇ ਕੋਲ ਦੀ ਘੋੜੇ ’ਤੇ ਚੜ੍ਹਿਆ-ਚੜ੍ਹਾਇਆ ਲੰਘ ਗਿਆ। ਗੁਰੂ ਜੀ ਨੇ ਸੰਗਤ ਪਾਸੋਂ ਪੁੱਛਿਆ ਕਿ ਭਾਈ ਇਹ ਕੌਣ ਹੈ? ਤਾਂ ਸੰਗਤਾਂ ਨੇ ਕਿਹਾ ਕਿ 22 ਪਿੰਡਾਂ ਦਾ ਚੌਧਰੀ ਤਿਲੋਕਾ ਹੈ। ਲੋਕ ਇਸ ਨੂੰ ਬਾਹੀਆ ਕਹਿੰਦੇ ਹਨ ਤਾਂ ਸਤਿਗੁਰਾਂ ਨੇ ਸੁਣ ਕੇ ਸਹਿਜ ਸੁਭਾਏ ਹੀ ਬਚਨ ਕੀਤੇ, ਜੋ ਗੁਰੂ ਪ੍ਰਤਾਪ ਸੂਰਜ ਪ੍ਰਕਾਸ਼ ’ਚ ਇਸ ਤਰ੍ਹਾਂ ਦਰਜ ਹੈ :
‘ਸੁਨਿ ਸਤਿਗੁਰ ਬੋਲੇ ਰਸਿ ਭੋਈ।। ਨਹਿ ਬਾਹੀਆ ਨਹਿ ਤੇਹੀਆ ਕੋਈ।
ਕਛੁ ਨਹਿ ਰਹਿਹ ਉਜਰ ਸਭ ਜਾਵਹਿ, ਬਚਹਿ ਜੁ ਅਪਰ ਸੁ ਗਰਾਮ ਬਸਾਵਹਿ॥
ਨਹਿ ਸਰਦਾਰੀ ਨਹਿ ਸਰਦਾਰ ॥ ਮਰਿ ਮਰਿ ਜਨਮਹਿ ਹੋਇ ਖੁਆਰ।।’
ਏਨੇ ਬਚਨ ਕਰ ਕੇ ਗੁਰੂ ਜੀ ਨੇ ਅੱਗੇ ਚਾਲੇ ਪਾ ਦਿੱਤੇ। ਉਕਤ ਬਚਨਾਂ ਦਾ ਜਦੋਂ ਜਵੰਧਿਆਂ ਦੀ ਇਕ ਬੀਬੀ ਨੂੰ ਪਤਾ ਲੱਗਾ ਤਾਂ ਉਹ ਦੁੱਧ ਦੀ ਹਾਂਡੀ ਲੈ ਕੇ ਗੁਰੂ ਜੀ ਦੇ ਪਿੱਛੇ ਨਗਰ ਪਿੰਡ ਕੱਟੂ ਨੇੜੇ ਪਹੁੰਚ ਗਈ। ਗੁਰੂ ਜੀ ਤੇ ਸੰਗਤਾਂ ਨੂੰ ਦੁੱਧ ਛਕਾ ਕੇ ਸਹਿਜ ਸੁਭਾਏ ਕੀਤੇ ਬਚਨਾਂ ਨੂੰ ਵਾਪਸ ਲੈਣ ਲਈ ਬੇਨਤੀ ਕੀਤੀ ਤਾਂ ਸਤਿਗੁਰਾਂ ਨੇ ਦੂਰ ਪਿੰਡ ਵਸਾਉਣ ਦਾ ਬਚਨ ਦਿੱਤਾ।
ਇਸ ਅਸਥਾਨ ’ਤੇ ਬਣਿਆ ਗੁਰਦੁਆਰਾ ਸਾਹਿਬ, ਸਰੋਵਰ ਤੇ ਦੀਵਾਨ ਹਾਲ
ਇਸ ਅਸਥਾਨ ’ਤੇ ਗੁਰਦੁਆਰਾ ਸਾਹਿਬ ਦੀ ਆਲੀਸ਼ਾਨ ਇਮਾਰਤ ਤੇ ਸਰੋਵਰ, ਲੰਗਰ ਹਾਲ, ਦੀਵਾਨ ਹਾਲ ਬਣਿਆ ਹੋਇਆ ਹੈ। ਇਸ ਅਸਥਾਨ ਦੀ ਸੇਵਾ ਸੰਤ ਕਿਰਪਾਲ ਸਿੰਘ ਛੰਨਾਂ ਵਾਲਿਆਂ, ਪੰਥ ਰਤਨ ਸੰਤ ਬਾਬਾ ਹਰਬੰਸ ਸਿੰਘ ਕਾਰ ਸੇਵਾ ਵਾਲੇ (ਦਿੱਲੀ ਵਾਲੇ) ਤੇ ਸੰਤ ਕਰਨੈਲ ਸਿੰਘ ਦਿੱਲੀ ਵਾਲਿਆਂ ਨੇ ਕਰਵਾਈ। ਇਸ ਅਸਥਾਨ ’ਤੇ ਸੰਤ ਟੇਕ ਸਿੰਘ ਧਨੌਲਾ ਤੇ ਸਾਬਕਾ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ਦਾ ਵਿਸ਼ੇਸ਼ ਯੋਗਦਾਨ ਹੈ।
ਹਰ ਸਾਲ 22 ਤੋਂ 24 ਪੋਹ ਭਰਦਾ ਹੈ ਜੋੜ ਮੇਲਾ : ਪ੍ਰਬੰਧਕੀ ਕਮੇਟੀ
ਇਸ ਸਬੰਧੀ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੇਜਰ ਅਜੀਤ ਸਿੰਘ, ਪ੍ਰਧਾਨ ਬਹਾਦਰ ਸਿੰਘ, ਮੈਂਬਰ ਅਮਰਜੀਤ ਸਿੰਘ ਨੇ ਕਿਹਾ ਕਿ ਇਸ ਅਸਥਾਨ ਦੇ ਨਾਮ ਲਗਪਗ 50 ਏਕੜ ਜ਼ਮੀਨ ਹੈ ਤੇ ਇੱਥੇ ਗੁਰੂ ਜੀ ਦੀ ਆਮਦ ਨੂੰ ਸਮਰਪਿਤ ਸਾਲਾਨ ਜੋੜ ਮੇਲਾ 22-23 ਅਤੇ 24 ਪੋਹ ਨੂੰ ਭਰਦਾ ਹੈ ਅਤੇ ਸੰਗਰਾਂਦ, ਮੱਸਿਆ ਦੇ ਦਿਹਾੜੇ ਮੌਕੇ ਸੰਗਤਾਂ ਪੁੱਜ ਕੇ ਨਤਮਸਤਕ ਹੋ ਕੇ ਆਪਣੀਆਂ ਮਨੋ-ਕਾਮਨਾਵਾਂ ਪੂਰੀਆਂ ਕਰਦੀਆਂ ਹਨ। ਇਸ ਗੁਰਦੁਆਰਾ ਸਾਹਿਬ ’ਚ ਦੂਰੋਂ-ਨੇੜਿਓਂ ਹਜ਼ਾਰਾਂ ਦੀ ਗਿਣਤੀ ’ਚ ਸੰਗਤਾਂ ਸਾਲਾਨਾ ਜੋੜ ਮੇਲੇ ਸਮੇਂ ਪੁੱਜਦੀਆਂ ਹਨ। 22 ਪੋਹ ਵਾਲੇ ਦਿਨ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ’ਚ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ ਤੇ ਦੋ ਦਿਨ ਧਾਰਮਿਕ ਦੀਵਾਨ ਸਜਾਏ ਜਾਂਦੇ ਹਨ। ਇਸ ਸਮਾਗਮ ’ਚ ਸੰਗਤਾਂ ਅੰਮ੍ਰਿਤ ਸਕਦੀਆਂ ਹਨ। ਨੌਜਵਾਨਾਂ ਤੇ ਬੱਚਿਆਂ ਦੇ ਦਸਤਾਰ ਤੇ ਧਾਰਮਿਕ ਮੁਕਾਬਲੇ ਕਰਵਾਏ ਜਾਂਦੇ ਹਨ। ਸੰਗਤਾਂ ਲਈ ਲੰਗਰ ਪਾਣੀ ਦਾ ਖਾਸ ਪ੍ਰਬੰਧ ਕੀਤਾ ਜਾਂਦਾ ਹੈ।
- ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ।