ਮੌਜੂਦਾ ਸਮੇਂ ਗੁਰਦੁਆਰਾ ਸੂਲੀਸਰ ਸਾਹਿਬ ਮਾਨਸਾ–ਸਿਰਸਾ ਨੈਸ਼ਨਲ ਹਾਈਵੇ ’ਤੇ ਪਿੰਡ ਕੋਟ ਧਰਮੂ ਵਿਖੇ ਸਥਿਤ ਹੈ। ਇਹ ਪਟਿਆਲਾ ਰਿਆਸਤ ਦੀ ਬਰਨਾਲਾ ਨਜ਼ਾਮਤ, ਮਾਨਸਾ ਤਹਿਸੀਲ ਅਧੀਨ ਆਉਂਦਾ ਸੀ। ਪਟਿਆਲਾ ਰਿਆਸਤ ਵੱਲੋਂ ਇਸ ਗੁਰ ਅਸਥਾਨ ਦੇ ਨਾਂ ’ਤੇ 125 ਘੁਮਾਂ ਜ਼ਮੀਨ ਮਾਫ਼ ਕੀਤੀ ਗਈ ਸੀ।

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ‘ਹਿੰਦ ਦੀ ਚਾਦਰ’ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਮਾਲਵੇ ਦੀ ਪਵਿੱਤਰ ਧਰਤੀ ਗੁਰਦੁਆਰਾ ਸੂਲੀਸਰ ਸਾਹਿਬ, ਪਾਤਸ਼ਾਹੀ ਨੌਵੀਂ, ਪਿੰਡ ਕੋਟ ਧਰਮੂ, ਜ਼ਿਲ੍ਹਾ ਮਾਨਸਾ ਵਿੱਚ ਸਥਿਤ ਹੈ। ਇਹ ਅਸਥਾਨ ਉਸ ਸਮੇਂ ਦੀ ਯਾਦ ਦਿਵਾਉਂਦਾ ਹੈ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਮਾਲਵਾ ਖੇਤਰ ਦੀ ਯਾਤਰਾ ਕਰਦੇ ਹੋਏ ਇੱਥੇ ਪਹੁੰਚੇ ਸਨ। ਇਸ ਅਸਥਾਨ ਦਾ ਇਤਿਹਾਸ “ਸੂਲੀਸਰ ਸਾਹਿਬ” ਵਜੋਂ ਜਾਣਿਆ ਜਾਣ ਲੱਗਾ।
ਮੌਜੂਦਾ ਸਮੇਂ ਗੁਰਦੁਆਰਾ ਸੂਲੀਸਰ ਸਾਹਿਬ ਮਾਨਸਾ–ਸਿਰਸਾ ਨੈਸ਼ਨਲ ਹਾਈਵੇ ’ਤੇ ਪਿੰਡ ਕੋਟ ਧਰਮੂ ਵਿਖੇ ਸਥਿਤ ਹੈ। ਇਹ ਪਟਿਆਲਾ ਰਿਆਸਤ ਦੀ ਬਰਨਾਲਾ ਨਜ਼ਾਮਤ, ਮਾਨਸਾ ਤਹਿਸੀਲ ਅਧੀਨ ਆਉਂਦਾ ਸੀ। ਪਟਿਆਲਾ ਰਿਆਸਤ ਵੱਲੋਂ ਇਸ ਗੁਰ ਅਸਥਾਨ ਦੇ ਨਾਂ ’ਤੇ 125 ਘੁਮਾਂ ਜ਼ਮੀਨ ਮਾਫ਼ ਕੀਤੀ ਗਈ ਸੀ। ਇਤਿਹਾਸ ਅਨੁਸਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ 1722 ਬਿਕ੍ਰਮੀ (ਅਗਸਤ 1665 ਈ.) ਵਿੱਚ ਸ੍ਰੀ ਅਨੰਦਪੁਰ ਸਾਹਿਬ ਤੋਂ ਚਾਲੇ ਪਾਏ। ਮਾਲਵਾ ’ਚ ਸੰਗਤਾਂ ਨੂੰ ਤਾਰਦੇ ਹੋਏ ਢਿੱਲਵਾਂ, ਪੰਧੇਰ, ਜੋਗਾ, ਭੁਪਾਲ, ਖੀਵਾ, ਭੀਖੀ, ਖਿਆਲਾ ਤੇ ਮੌੜ ਆਦਿ ਪਿੰਡਾਂ ਤੋਂ ਹੁੰਦੇ ਹੋਏ ਗੁਰੂ ਜੀ ਤਲਵੰਡੀ ਸਾਬੋ ਪਹੁੰਚੇ, ਜਿੱਥੇ ਉਨ੍ਹਾਂ ਨੇ ਇਸ ਥਾਂ ਨੂੰ ‘ਗੁਰੂ ਕੀ ਕਾਸ਼ੀ’ ਦਾ ਵਰ ਬਖ਼ਸ਼ਿਆ। ਉਸ ਸਮੇਂ ਗੁਰੂ ਜੀ ਨੇ ਗੁਰੂਸਰ ਸਰੋਵਰ ਦੀ ਖੁਦਾਈ ਦਾ ਕਾਰਜ ਸ਼ੁਰੂ ਕਰਵਾਇਆ। ਤਲਵੰਡੀ ਸਾਬੋ ਤੋਂ ਗੁਰੂ ਸਾਹਿਬ ਇਸ ਅਸਥਾਨ ’ਤੇ ਰਾਤ ਨੂੰ ਵਿਸ਼ਰਾਮ ਕਰਨ ਲਈ ਰੁਕੇ।
ਗੁਰਦੁਆਰਾ ਸੂਲੀਸਰ ਸਾਹਿਬ ਵਿਖੇ ਨਤਮਸਤਕ ਹੋਣ ਆਏ ਸ਼ਰਧਾਲੂਆਂ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ ’ਤੇ ਦੂਰ-ਦੁਰਾਡੇ ਤੋਂ ਸ਼ਰਧਾਲੂ ਆਉਂਦੇ ਹਨ ਅਤੇ ਆਪਣੀਆਂ ਮਨੋਕਾਮਨਾਵਾਂ ਦੀ ਪੂਰੀ ਹੋਣ ਦੀ ਅਰਦਾਸ ਕਰਦੇ ਹਨ। ਗੁਰਦੁਆਰਾ ਸੂਲੀਸਰ ਸਾਹਿਬ, ਪਿੰਡ ਕੋਟ ਧਰਮੂ, ਸਿਰਫ਼ ਇਕ ਇਤਿਹਾਸਕ ਥਾਂ ਨਹੀਂ, ਸਗੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨਾਂ, ਸਹਿਣਸ਼ੀਲਤਾ ਅਤੇ ਧਰਮ ਨਿਭਾਉਣ ਦੀ ਪ੍ਰੇਰਨਾ ਦਾ ਕੇਂਦਰ ਹੈ।
ਗੁਰਦੁਆਰਾ ਸਾਹਿਬ ’ਚ ਹਰ ਦਸਵੀਂ ਦੇ ਦਿਨ ਲੱਗਦਾ ਹੈ ਮੇਲਾ : ਭਾਈ ਸੁਖਵਿੰਦਰ ਸਿੰਘ
ਗੁਰਦੁਆਰਾ ਸੂਲੀਸਰ ਸਾਹਿਬ ਪਾਤਿਸ਼ਾਹੀ ਨੌਵੀਂ , ਪਿੰਡ ਕੋਟਧਰਮੂ ਦੇ ਹੈੱਡ ਗ੍ਰੰਥੀ ਭਾਈ ਸੁਖਵਿੰਦਰ ਸਿੰਘ ਦੱਸਦੇ ਹਨ ਕਿ ਸਿੱਖ ਸੰਗਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਦਿਵਸ ਮਨਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਅਸਥਾਨ ’ਤੇ ਗੁਰੂ ਜੀ ਰਾਤ ਦੇ ਸਮੇਂ ਵਿਸ਼ਰਾਮ ਕਰਨ ਲਈ ਰੁਕੇ ਸੀ। ਰਾਤ ਨੂੰ ਗੁਰੂ ਜੀ ਦਾ ਘੋੜਾ ਕਿਸੇ ਚੋਰ ਵੱਲੋਂ ਚੋਰੀ ਕਰ ਲਿਆ ਗਿਆ, ਪਰ ਜਦ ਹੀ ਚੋਰ ਕੁਝ ਦੂਰੀ ’ਤੇ ਗਿਆ ਤਾਂ ਉਸ ਨੂੰ ਦਿਸਣਾ ਬੰਦ ਹੋ ਗਿਆ ਅਤੇ ਦਿਸ਼ਾ ਭਟਕ ਕੇ ਉਥੇ ਹੀ ਬੈਠ ਗਿਆ। ਸੇਵਾਦਾਰਾਂ ਨੇ ਗੁਰੂ ਜੀ ਨੂੰ ਘੋੜਾ ਚੋਰੀ ਹੋਣ ਬਾਰੇ ਦੱਸਿਆ ਤਾਂ ਉਨ੍ਹਾਂ ਕਿਹਾ ਕਿ ਘੋੜਾ ਇੱਥੇ ਹੀ ਹੋਵੇਗਾ। ਸੇਵਾਦਾਰਾਂ ਨੇ ਜਦ ਘੋੜਾ ਆਸ-ਪਾਸ ਦੇਖਿਆ ਅਤੇ ਭਾਲ ਕੀਤੀ ਤਾਂ ਥੋੜ੍ਹੀ ਦੂਰ ਰਸਤੇ ’ਚ ਚੋਰ ਘੋੜੇ ਕੋਲ ਬੈਠਾ ਸੀ। ਜਦੋਂ ਗੁਰੂ ਜੀ ਅੱਗੇ ਉਸ ਨੂੰ ਪੇਸ਼ ਕੀਤਾ ਗਿਆ ਤਾਂ ਚੋਰ ਨੇ ਆਪਣੀ ਭੁੱਲ ਸਵੀਕਾਰ ਕੀਤੀ। ਗੁਰੂ ਜੀ ਨੇ ਉਸ ਨੂੰ ਮੁਆਫ਼ ਕਰ ਦਿੱਤਾ, ਪਰ ਉਸ ਨੇ ਸਜ਼ਾ ਦੀ ਮੰਗ ਕੀਤੀ। ਉਸ ਸਮੇਂ ਇੱਥੇ ਇਕ ਜੰਡ ਦਾ ਰੁੱਖ ਸੀ। ਚੋਰ ਉਸ ਉੱਤੇ ਚੜ੍ਹ ਗਿਆ ਪਰ ਪੈਰ ਫ਼ਿਸਲਣ ਨਾਲ ਉਹ ਡਾਹਣੇ ’ਤੇ ਝੂਲ ਗਿਆ ਅਤੇ ਚੋਰ ਲਈ ਸੂਲ ਸੂਲੀ ਬਣ ਗਈ। ਇਸ ਕਰ ਕੇ ਇਹ ਅਸਥਾਨ ਦਾ ਨਾਂ ‘ਸੂਲੀਸਰ ਸਾਹਿਬ’ ਪ੍ਰਸਿੱਧ ਹੋ ਗਿਆ। ਹੁਣ ਅੱਜ ਵੀ ਇੱਥੇ ਉਸ ਥਾਂ ’ਤੇ ਬੁਰਜ ਸਾਹਿਬ ਬਣਾਇਆ ਗਿਆ ਹੈ, ਜਿੱਥੇ ਪਹਿਲਾਂ ਜੰਡ ਸੀ। ਗੁਰਦੁਆਰਾ ਸਾਹਿਬ ਵਿਖੇ ਹਰ ਦਸਵੀਂ ਦੇ ਦਿਨ ਭਾਰੀ ਮੇਲਾ ਲੱਗਦਾ ਹੈ ਜਿਸ ਵਿੱਚ ਦੂਰ-ਦੁਰਾਦਿਆਂ ਤੋਂ ਸੰਗਤਾਂ ਆ ਕੇ ਨਤਮਸਤਕ ਹੁੰਦੀਆਂ ਹਨ।