ਇਸ ਅਸਥਾਨ ਉਤੇ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਕਿ ਜਿਹੜਾ ਵੀ ਵਿਅਕਤੀ ਸ਼ਰਧਾ ਭਾਵ ਦੇ ਨਾਲ ਇਸ ਅਸਥਾਨ ’ਤੇ ਆਵੇਗਾ ਅਤੇ ਦਰਸ਼ਨ ਕਰੇਗਾ ਤਾਂ ਉਸ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ। ਇਸ ਤੋਂ ਬਾਅਦ ਗੁਰੂ ਜੀ ਲੰਗ ਚਲੈਲਾਂ ਨੂੰ ਚਲੇ ਗਏ।

ਰਾਜਪੁਰਾ ਸਬ-ਡਵੀਜ਼ਨ ਅਧੀਨ ਪੈਂਦੇ ਹਲਕਾ ਘਨੌਰ ਦੇ ਪਿੰਡ ਆਕੜ ਵਿਖੇ ਸਥਿਤ ਗੁਰਦੁਆਰਾ ਸ੍ਰੀ ਨਿੰਮ ਸਾਹਿਬ ਪਾਤਸ਼ਾਹੀ ਨੌਵੀਂ ਪਿੰਡ ਆਕੜ (ਪਟਿਆਲਾ) ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੀ ਦੂਜੀ ਪਟਿਆਲਾ ਦੀ ਮਾਲਵਾ ਫੇਰੀ ਦੌਰਾਨ ਇੱਥੇ ਠਹਿਰੇ ਸਨ। ਇਸ ਦੀ ਦੂਰੀ ਰਾਜਪੁਰਾ ਅਤੇ ਪਟਿਆਲਾ ਤੋਂ ਕਰੀਬ 13 ਕਿਲੋਮੀਟਰ ਅਤੇ ਰਾਜਪੁਰਾ-ਪਟਿਆਲਾ ਕੌਮੀ ਸ਼ਾਹ ਮਾਰਗ ਉਤੇ ਸਥਿਤ ਗੁਰਦੁਆਰਾ ਸਾਹਿਬ ਦੇ ਦਰਸ਼ਨੀ ਗੇਟ ਤੋਂ ਕਰੀਬ 7 ਕਿਲੋਮੀਟਰ ਪੈਂਦਾ ਹੈ। ਗੁਰੂ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਸ ਗੁਰਦੁਆਰੇ ਦੀ ਉਸਾਰੀ ਸਾਲ 1924 ਵਿੱਚ ਇੱਕ ਵੱਡੀ ਇਮਾਰਤ ਵਿੱਚ ਕੀਤੀ ਗਈ। ਇਸ ਗੁਰਦੁਆਰਾ ਸਾਹਿਬ ਜੀ ਦਾ ਪ੍ਰਬੰਧ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖ-ਰੇਖ ਹੇਠ ਬਣਾਈ ਗਈ ਕਮੇਟੀ ਵੱਲੋਂ ਕੀਤਾ ਜਾਂਦਾ ਹੈ ਤੇ ਇਹ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਨਾਲ ਅਟੈਚ ਹੈ।
ਗੁਰਦੁਆਰਾ ਨਿੰਮ ਸਾਹਿਬ ਦਾ ਇਤਿਹਾਸ : ਜਦੋਂ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੀ ਮਾਲਵਾ ਫੇਰੀ ਦੌਰਾਨ ਸੰਗਤਾਂ ਨੂੰ ਨਾਂ ਬਾਣੀ ਸੇਵਾ ਦੇ ਨਾਲ ਜੋੜਦੇ ਹੋਏ ਪਿੰਡ ਨੌ ਲੱਖੇ ਤੋਂ ਚੱਲ ਕੇ ਪਿੰਡ ਜਖਵਾਲੀ, ਟਹਿਲਪੁਰਾ ਹੁੰਦੇ ਹੋਏ ਪਿੰਡ ਆਕੜ ਪਹੁੰਚੇ ਤਾਂ ਉਨ੍ਹਾਂ ਦੇ ਨਾਲ ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ ਅਤੇ ਭਾਈ ਲੱਖੀ ਸ਼ਾਹ ਵਣਜਾਰਾ ਤੇ ਹੋਰ ਸਿੱਖ ਸੰਗਤਾਂ ਵੀ ਸਨ। ਗੁਰੂ ਸਾਹਿਬ ਨੇ ਨਿੰਮ ਦੇ ਦਰੱਖਤ ਹੇਠਾਂ ਆਰਾਮ ਕੀਤਾ ਜਿਸ ਤੋਂ ਬਾਅਦ ਉਨ੍ਹਾਂ ਦੇ ਅਸ਼ੀਰਵਾਦ ਨਾਲ ਉਸ ਨਿੰਮ ਦੇ ਦਰੱਖਤ ਦੀ ਇਕ ਟਾਹਣੀ ਦੀਆਂ ਪੱਤੀਆਂ ਕੌੜੀਆਂ ਦੀ ਬਜਾਏ ਮਿੱਠੀਆਂ ਹੋ ਗਈਆਂ। ਇਹ ਵੀ ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਨਿੰਮ ਦੀ ਇੱਕ ਟਾਹਣੀ ਨਾਲ ਆਪਣੇ ਦੰਦ ਸਾਫ਼ ਕੀਤੇ ਸਨ ਅਤੇ ਉਸ ਟਾਹਣੀ ਨੂੰ ਇਸ ਤਰ੍ਹਾਂ ਬਖਸ਼ਿਸ਼ ਕੀਤੀ ਕਿ ਇਸ ਦੇ ਪੱਤੇ ਅੱਜ ਵੀ ਬਾਕੀ ਦਰੱਖਤ ਦੇ ਪੱਤਿਆਂ ਨਾਲੋਂ ਵੱਖਰੇ ਹਨ, ਜਦਕਿ ਬਾਕੀ ਦਰੱਖਤ ਦੀਆਂ ਪੱਤੀਆਂ ਆਮ ਤੌਰ ’ਤੇ ਕੌੜੀਆਂ ਹਨ। ਭਾਵੇਂ ਕਿ ਇਸ ਨਿੰਮ ਦੇ ਦਰੱਖਤ ਦੇ ਉਮਰ ਵਿੱਚ ਵਡੇਰਾ ਹੋਣ ਕਾਰਨ ਦਰੱਖਤ ਤੇਜ਼ ਹਵਾ ਵਿੱਚ ਡਿੱਗ ਗਿਆ ਪਰ ਉਸ ਨਿੰਮ ਦੇ ਦਰੱਖਤ ਦੇ ਮੁੱਢ ਨੂੰ ਸ਼ੀਸ਼ੇ ਨਾਲ ਕਵਰ ਕਰ ਕੇ ਗੁਰੂ ਸਾਹਿਬਾਨ ਜੀ ਦੀ ਨਿਸ਼ਾਨੀ ਨੂੰ ਸਾਂਭਿਆ ਹੋਇਆ ਹੈ। ਇਸ ਨਿੰਮ ਦੀ ਹੋਂਦ ਨੂੰ ਬਰਕਰਾਰ ਰੱਖਣ ਦੇ ਮਕਸਦ ਨਾਲ ਨਵਾਂ ਨਿੰਮ ਦਾ ਪੌਦਾ ਲਗਾ ਦਿੱਤਾ ਗਿਆ ਹੈ।
ਗੁਰੂ ਜੀ ਦਾ ਅਸ਼ੀਰਵਾਦ : ਇਸ ਅਸਥਾਨ ਉਤੇ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਕਿ ਜਿਹੜਾ ਵੀ ਵਿਅਕਤੀ ਸ਼ਰਧਾ ਭਾਵ ਦੇ ਨਾਲ ਇਸ ਅਸਥਾਨ ’ਤੇ ਆਵੇਗਾ ਅਤੇ ਦਰਸ਼ਨ ਕਰੇਗਾ ਤਾਂ ਉਸ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ। ਇਸ ਤੋਂ ਬਾਅਦ ਗੁਰੂ ਜੀ ਲੰਗ ਚਲੈਲਾਂ ਨੂੰ ਚਲੇ ਗਏ। ਗੁਰਦੁਆਰਾ ਸਾਹਿਬ ਦੀ ਚਾਰਦੀਵਾਰੀ ਦੇ ਅੰਦਰ ਸਰੋਵਰ ਸਾਹਿਬ ਵੀ ਬਣਾਇਆ ਹੋਇਆ ਹੈ ਜਿੱਥੇ ਸੰਗਤਾਂ ਸ਼ਰਧਾਪੂਰਵਕ ਇਸ਼ਨਾਨ ਕਰਦੀਆਂ ਹਨ।
ਗੁਰਦੁਆਰਾ ਕਮੇਟੀ ਵੱਲੋਂ ਚਲਾਇਆ ਜਾ ਰਿਹਾ ਕਾਲਜ : ਸਰਪੰਚ
ਇਸ ਸਬੰਧੀ ਜਾਣਕਾਰੀ ਦਿੰਦਿਆ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪਿੰਡ ਆਕੜ ਦੇ ਸਰਪੰਚ ਸਤਨਾਮ ਸਿੰਘ ਨੇ ਦੱਸਿਆ ਕਿ ਇਲਾਕੇ ਦੀਆਂ ਲੜਕੀਆਂ ਨੂੰ ਉੱਚ ਸਿੱਖਿਆ ਦੇਣ ਦੇ ਮਕਸਦ ਨਾਲ ਖਾਲਸਾ ਗਰਲਜ਼ ਕਾਲਜ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਲੜਕੀਆਂ ਨੂੰ ਗਿਆਰਵੀ, ਬਾਰ੍ਹਵੀਂ, ਕੰਪਿਊਟਰ ਕੋਰਸ ਸਮੇਤ ਬੈਚਲਰ ਆਫ ਆਰਟਸ ਵੀ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਇਸ ਅਸਥਾਨ ਉਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹਰ ਮਹੀਨੇ ਮੱਸਿਆ ਦਾ ਦਿਹਾੜਾ ਮਨਾਇਆ ਜਾਂਦਾ ਹੈ ਤੇ ਸੰਗਤਾਂ ਵੱਡੀ ਗਿੱਣਤੀ ਵਿੱਚ ਹਾਜ਼ਰੀ ਭਰਦੀਆਂ ਹਨ। ਇਸ ਤੋਂ ਇਲਾਵਾ ਹਰੇਕ ਐਤਵਾਰ ਨੂੰ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਅੰਦਰ ਸੇਵਾ ਕੀਤਾ ਜਾਂਦੀ ਹੈ।
- ਐੱਚਐੱਸ ਸੈਣੀ, ਰਾਜਪੁਰਾ।