ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਤੋਂ ਯਾਤਰਾ ਸਮੇਂ ਸੀਸ ਦੇਣ ਲਈ ਜਿਸ ਥਾਂ ਤੋਂ ਲੰਘੇ ਤੇ ਜਿਸ ਅਸਥਾਨ ’ਤੇ ਬੈਠ ਕੇ ਭਜਨ ਬੰਦਗੀ ਕੀਤੀ ਤੇ ਸੰਗਤਾਂ ਨੂੰ ਗੁਰੂ ਨਾਲ ਜੋੜਿਆ, ਉਨ੍ਹਾਂ ਸਾਰੀਆਂ ਥਾਵਾਂ ’ਤੇ ਸਮੁੱਚੇ ਦੇਸ਼ ਦੇ ਅੰਦਰ ਉਨ੍ਹਾਂ ਦੀ ਯਾਦ ਵਿੱਚ ਗੁਰੂ ਅਸਥਾਨ ਬਣੇ ਹੋਏ ਹਨ।

ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਕਸ਼ਮੀਰੀ ਪੰਡਤਾਂ ਵੱਲੋਂ ਬੇਨਤੀ ਕਰਨ ਉਪਰੰਤ ਤਿਲਕ ਜੰਝੂ ਦੀ ਰਾਖੀ ਲਈ ਆਪਣਾ ਸੀਸ ਦਿੱਲੀ ਦੇ ਚਾਂਦਨੀ ਚੌਕ ਵਿੱਚ ਦਿੱਤਾ ਜਿੱਥੇ ਗੁਰੂ ਸਾਹਿਬ ਤੋਂ ਪਹਿਲਾਂ ਮੁਗਲਾਂ ਵੱਲੋਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਅਤੇ ਹੋਰ ਅਨੇਕਾਂ ਸਿੰਘਾਂ ਨੂੰ ਗੁਰੂ ਸਾਹਿਬ ਦੇ ਸਾਹਮਣੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਤੋਂ ਯਾਤਰਾ ਸਮੇਂ ਸੀਸ ਦੇਣ ਲਈ ਜਿਸ ਥਾਂ ਤੋਂ ਲੰਘੇ ਤੇ ਜਿਸ ਅਸਥਾਨ ’ਤੇ ਬੈਠ ਕੇ ਭਜਨ ਬੰਦਗੀ ਕੀਤੀ ਤੇ ਸੰਗਤਾਂ ਨੂੰ ਗੁਰੂ ਨਾਲ ਜੋੜਿਆ, ਉਨ੍ਹਾਂ ਸਾਰੀਆਂ ਥਾਵਾਂ ’ਤੇ ਸਮੁੱਚੇ ਦੇਸ਼ ਦੇ ਅੰਦਰ ਉਨ੍ਹਾਂ ਦੀ ਯਾਦ ਵਿੱਚ ਗੁਰੂ ਅਸਥਾਨ ਬਣੇ ਹੋਏ ਹਨ। ਇਸੇ ਤਰ੍ਹਾਂ ਜਦੋਂ ਗੁਰੂ ਸਾਹਿਬ ਅਨੰਦਪੁਰ ਸਾਹਿਬ ਤੋਂ ਪਰਿਵਾਰ ਸਮੇਤ ਆਸਾਮ ਦੀ ਯਾਤਰਾ ਲਈ ਚੱਲੇ ਸਨ ਤਾਂ ਇਤਿਹਾਸਕ ਅਤੇ ਵਿਰਾਸਤੀ ਸ਼ਹਿਰ ਨਾਭਾ ਦੇ ਨੇੜਲੇ ਪਿੰਡਾਂ ਵਿੱਚੋਂ ਲੰਘਦੇ ਹੋਏ ਗੁਰੂ ਸਾਹਿਬ ਘਨੋਲੀ, ਰੋਪੜ, ਨੰਦਪੁਰ, ਕਲੋੜ, ਟਹਿਲਪੁਰ, ਨੌ ਲੱਖਾ, ਲੰਘ, ਸਿੰਬੜੋ, ਧੰਗੇੜਾ, ਅਗੌਲ, ਰੋਹਟਾ ਜਿੱਥੇ ਦੋ ਦਿਨ ਰੁਕੇ, ਉਥੇ ਥੂਹੀ ਤੋਂ ਸੰਗਤ ਨੂੰ ਤਾਰਦੇ ਹੋਏ 16 ਕੱਤਕ 1722 ਬਿਕਰਮੀ ਨੂੰ ਪਿੰਡ ਰਾਮਗੜ੍ਹ ਬੋਲਾ ਕਲਾਂ ਵਿਖੇ ਪਹੁੰਚੇ। ਉਥੇ ਗੁਰੂ ਸਾਹਿਬ ਇੱਕ ਰਾਤ ਅਤੇ ਇੱਕ ਪੂਰਾ ਦਿਨ ਰਹੇ ਜਿੱਥੇ ਇਸ ਧਰਤੀ ਨੂੰ ਗੁਰੂ ਸਾਹਿਬ ਨੇ ਭਾਗ ਲਾਏ ਤੇ ਸੰਗਤਾਂ ਨੂੰ ਗੁਰੂ ਦੀ ਇਲਾਹੀ ਬਾਣੀ ਕੀਰਤਨ ਅਤੇ ਕਥਾ ਵਿਚਾਰਾਂ ਰਾਹੀਂ ਨਾਲ ਜੋੜਿਆ।
ਇਸ ਸਮੇਂ ਗੁਰੂ ਸਾਹਿਬ ਦੇ ਜਥੇ ਵਿੱਚ ਉਨ੍ਹਾਂ ਦੇ ਨਾਲ ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ, ਮਾਮਾ ਕਿਰਪਾਲ ਚੰਦ ਜੀ, ਭਾਈ ਸੁਖਨੰਦ ਜੀ, ਭਾਈ ਉਦੈ ਜੀ, ਭਾਈ ਸੰਗਤੀਆ ਜੀ, ਭਾਈ ਸਾਹਿਬ ਚੰਦ ਜੀ, ਭਾਈ ਗੁਰਬਖਸ਼ ਦਾਸ ਜੀ ਉਦਾਸੀ, ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ, ਭਾਈ ਗੁਰਦਿੱਤਾ ਜੀ, ਭਾਈ ਜੈਤਾ ਜੀ, ਨੱਥੂ ਰਾਮ ਜੀ ਰਬਾਬੀ ਜੱਥਾ ਤੇ ਹੋਰ ਸਿੰਘ ਸੰਗਤਾਂ ਸਨ। ਪੁਰਾਤਨ ਉਸ ਸਮੇਂ ਦੀਆਂ ਸਿੱਖ ਸੰਗਤਾਂ ਮੁਤਾਬਕ ਜਦੋਂ ਗੁਰੂ ਸਾਹਿਬ ਇਸ ਅਸਥਾਨ ’ਤੇ ਆ ਕੇ ਜਿਸ ਥੜ੍ਹੇ ’ਤੇ ਬੈਠੇ ਸਨ, ਉਸ ਦੇ ਇੱਕ ਪਾਸੇ ਪਿੰਡ ਬੋੜਾ ਕਲਾਂ ਅਤੇ ਦੂਸਰੇ ਪਾਸੇ ਪਿੰਡ ਰਾਮਗੜ੍ਹ ਦੀ ਹੱਦ ਲੱਗਦੀ ਸੀ ਜਿਸ ਕਾਰਨ ਬਣਿਆ ਹੋਇਆ ਅਸਥਾਨ ਦੋਵੇਂ ਪਿੰਡਾਂ ਦਾ ਸਾਂਝਾ ਹੈ।
ਇਸ ਅਸਥਾਨ ’ਤੇ ਗੁਰੂ ਸਾਹਿਬ ਨੇ ਬਚਨ ਕੀਤਾ ਕਿ ਸ਼ਰਧਾ ਭਾਵਨਾ ਨਾਲ ਇਸ ਅਸਥਾਨ ’ਤੇ ਨਤਮਸਤਕ ਹੋਣ ਵਾਲੀ ਸੰਗਤ ਦੇ ਸਾਰੇ ਕਸ਼ਟ ਕੱਟੇ ਜਾਣਗੇ ਅਤੇ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ। ਰਿਆਸਤ ਨਾਭਾ ਦੇ ਮਹਾਰਾਜਾ ਭਰਪੂਰ ਸਿੰਘ ਮਹਾਰਾਣੀ ਸ਼ਿਵ ਕੌਰ ਦੇ ਘਰ ਔਲਾਦ ਨਾ ਹੋਣ ’ਤੇ ਉਨ੍ਹਾਂ ਵੱਲੋਂ ਇਸ ਅਸਥਾਨ ’ਤੇ ਕੀਤੀ ਅਰਦਾਸ ਬੇਨਤੀ ਉਪਰੰਤ ਘਰ ਵਿੱਚ ਪੁੱਤਰ ਦੀ ਦਾਤ ਮਿਲਣ ’ਤੇ 1926 ਈਸਵੀ ਨੂੰ ਬਾਉਲੀ ਸਾਹਿਬ ਦੀ ਸੇਵਾ ਕਰਵਾਈ ਸੀ। ਇਸ ਅਸਥਾਨ ’ਤੇ ਵੱਡੀ ਸੁੰਦਰ ਇਮਾਰਤ ਸੰਗਤਾਂ ਦੇ ਸਹਿਯੋਗ ਨਾਲ ਤਿਆਰ ਹੋ ਚੁੱਕੀ ਹੈ। ਗੁਰੂ ਘਰ ਵਿੱਚ ਸੁੰਦਰ ਬਾਉਲੀ ਸਾਹਿਬ ਜਿੱਥੇ ਸਥਾਪਤ ਹੈ, ਉੱਥੇ ਹੀ ਗੁਰੂ ਸਾਹਿਬ ਜਿਸ ਥੜ੍ਹੇ ’ਤੇ ਆ ਕੇ ਬਿਰਾਜਮਾਨ ਹੋਏ ਸਨ, ਉਹ ਵੀ ਬਣਿਆ ਹੋਇਆ ਹੈ। ਇਸ ਗੁਰੂ ਘਰ ਦਾ ਸਾਰਾ ਪ੍ਰਬੰਧ ਪਹਿਲਾਂ ਦੋਵੇਂ ਪਿੰਡਾਂ ਦੀਆਂ ਸੰਗਤਾਂ ਕੋਲ ਸੀ ਅਤੇ ਕੁਝ ਸਮਾਂ ਪਹਿਲਾਂ ਸਾਰਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਭਾਲਿਆ ਹੈ।
ਦੂਰ-ਦੁਰਾਡੇ ਤੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਸ ਅਸਥਾਨ ’ਤੇ ਸੰਗਤਾਂ ਵੱਡੀ ਗਿਣਤੀ ਵਿੱਚ ਪਹੁੰਚਦੀਆਂ ਹਨ ਅਤੇ ਅਰਦਾਸ ਬੇਨਤੀ ਕਰ ਕੇ ਇੱਥੇ ਆਪਣੀਆਂ ਝੋਲੀਆਂ ਭਰਦੀਆਂ ਨੇ ਉਨ੍ਹਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਇੱਥੇ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਸ਼ਹੀਦੀ ਦਿਹਾੜੇ ਤੋਂ ਇਲਾਵਾ ਹੋਰ ਗੁਰੂ ਸਾਹਿਬਾਨਾਂ ਨਾਲ ਸੰਬੰਧਿਤ ਪੁਰਬ ਤੇ ਦਿਹਾੜੇ ਮਨਾਏ ਜਾਂਦੇ ਹਨ।
- ਅਮਨਦੀਪ ਸਿੰਘ ਲਵਲੀ, ਨਾਭਾ।