350th Shaheedi Diwas: ਪੁੱਤਰ ਦੀ ਦਾਤ ਪ੍ਰਾਪਤੀ ਲਈ ਇਸ ਅਸਥਾਨ 'ਤੇ ਫਲਦਾਰ ਬੂਟੇ ਲਗਾਉਂਦੀਆਂ ਹਨ ਸੰਗਤਾਂ, 9ਵੇਂ ਪਾਤਸ਼ਾਹ ਨੇ ਦਿੱਤਾ ਸੀ ‘ਗੁਰੂ ਕਾ ਬਾਗ’ ਦਾ ਨਾਂ
ਗੁਰੂ ਜੀ ਨੇ ਵਰ ਦਿੱਤਾ ਕਿ ‘ਜਿਹੜਾ ਆਖੂ ਗੁਰੂ ਕਾ ਬਾਗ ਉਸ ਨੂੰ ਲੱਗਣਗੇ ਦੂਣੇ ਭਾਗ’ ਸੰਗਤਾਂ ਅੱਜ ਵੀ ਇਸ ਅਸਥਾਨ ’ਤੇ ਪੁੱਤਰ ਦੀ ਦਾਤ ਪ੍ਰਾਪਤੀ ਲਈ ਫਲਦਾਰ ਬੂਟੇ ਲਗਾਉਂਦੀਆਂ ਹਨ। ਇਸ ਅਸਥਾਨ ’ਤੇ ਸੰਨ 1585 ਈਸਵੀਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪ ਆ ਕੇ ਇਸ ਨੂੰ ਵਸਾਇਆ।
Publish Date: Mon, 10 Nov 2025 07:51 AM (IST)
Updated Date: Mon, 10 Nov 2025 07:54 AM (IST)
ਪਿੰਡ ਘੁੱਕੇਵਾਲੀ ਜ਼ਿਲ੍ਹਾ ਅੰਮ੍ਰਿਤਸਰ ਵਿਖੇ 1664 ਈਸਵੀ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆ ਕੇ ਇੱਥੇ ਕੁਝ ਸਮਾਂ ਬਤੀਤ ਕੀਤਾ ਸੀ। ਪਿੰਡ ਘੁੱਕੇਵਾਲੀ ਦੇ 2 ਸਿੰਘ ਭਾਈ ਮਸਤੂ ਤੇ ਭਾਈ ਲਾਲ ਚੰਦ ਦੇ ਘਰ ਗੁਰੂ ਜੀ ਠਹਿਰੇ ਸਨ। ਇਸ ਅਸਥਾਨ ’ਤੇ ਗੁਰੂ ਜੀ ਨੇ 9 ਮਹੀਨੇ, 9 ਦਿਨ, 9 ਘੜੀਆਂ ਤਪ ਵੀ ਕੀਤਾ ਸੀ। ‘ਗੁਰੂ ਕੀ ਰੋੜ’ ਅਖਵਾਉਣ ਵਾਲੇ ਇਸ ਅਸਥਾਨ ਨੂੰ ‘ਗੁਰੂ ਕਾ ਬਾਗ’ ਨਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੰਦਿਆਂ ਇੱਥੇ ਬਾਗ ਲਗਾਉਣ ਲਈ ਸੰਗਤ ਨੂੰ ਪ੍ਰੇਰਿਤ ਕੀਤਾ। ਗੁਰੂ ਜੀ ਨੇ ਵਰ ਦਿੱਤਾ ਕਿ ‘ਜਿਹੜਾ ਆਖੂ ਗੁਰੂ ਕਾ ਬਾਗ ਉਸ ਨੂੰ ਲੱਗਣਗੇ ਦੂਣੇ ਭਾਗ’ ਸੰਗਤਾਂ ਅੱਜ ਵੀ ਇਸ ਅਸਥਾਨ ’ਤੇ ਪੁੱਤਰ ਦੀ ਦਾਤ ਪ੍ਰਾਪਤੀ ਲਈ ਫਲਦਾਰ ਬੂਟੇ ਲਗਾਉਂਦੀਆਂ ਹਨ। ਇਸ ਅਸਥਾਨ ’ਤੇ ਸੰਨ 1585 ਈਸਵੀਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪ ਆ ਕੇ ਇਸ ਨੂੰ ਵਸਾਇਆ। ਉਸ ਸਮੇਂ ਸੰਕੇਤ ਮੰਡੀ ਹਿਮਾਚਲ ਪ੍ਰਦੇਸ਼ ਦੇ ਰਾਜਾ ਹਰੀ ਸੈਨ ਅੰਮ੍ਰਿਤਸਰ ਵਿਖੇ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆਇਆ ਤਾਂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਉਸ ਨੂੰ ਇਹ ਸ਼ਬਦ ਸੁਣਾਇਆ ‘ਲੇਖ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ’’ ਅਤੇ ਰਾਜਾ ਹਰੀ ਸੈਨ ਨੂੰ ਸੁਪਨੇ ਵਿਚ 40 ਸਾਲ ਦਾ ਸਮਾਂ ਦਿਖਾ ਕੇ ਉਸ ਨੂੰ ਜਨਮ ਮਰਨ ਤੋਂ ਮੁਕਤ ਕੀਤਾ।
ਇਸੇ ਅਸਥਾਨ ਨਾਲ ਸਿੱਖਾਂ ਵੱਲੋਂ ਅੰਗਰੇਜ਼ਾਂ ਖ਼ਿਲਾਫ਼ ਸੰਘਰਸ਼ ਕਰਨ ਸਬੰਧੀ ਮੋਰਚਾ ਗੁਰੂ ਕਾ ਬਾਗ ਦਾ ਇਤਿਹਾਸ ਵੀ ਜੁੜਿਆ ਹੈ। 8 ਅਗਸਤ 1922 ਨੂੰ ਗੁਰਦੁਆਰਾ ਗੁਰੂ ਕਾ ਬਾਗ ਦੇ ਲੰਗਰਾਂ ਲਈ 5 ਸਿੰਘਾਂ ਨੂੰ ਗੁਰਦੁਆਰੇ ਦੇ ਹੀ ਜੰਗਲ ’ਚੋਂ ਹੀ ਲੱਕੜ ਚੋਰੀ ਕਰਨ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਅਤੇ ਸੁਹਿਰਦ ਅਕਾਲੀਆਂ ਵੱਲੋਂ ਗੁਰਦੁਆਰੇ ’ਤੇ ਕਾਬਜ਼ ਮਹੰਤ ਸੁੰਦਰ ਦਾਸ ਅਤੇ ਅੰਗਰੇਜ਼ ਸਰਕਾਰ ਵਿਰੁੱਧ 22 ਅਗਸਤ 1922 ਨੂੰ ਮੋਰਚਾ ਆਰੰਭ ਕੀਤਾ, ਜੋ 17 ਨਵੰਬਰ 1922 ਤੱਕ ਸ਼ਾਂਤਮਈ ਤਰੀਕੇ ਨਾਲ ਚੱਲਿਆ। ਪੰਜਾਂ ਸਿੰਘਾਂ ਦੀ ਗ੍ਰਿਫਤਾਰੀ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਦੇ ਨਾਲ ਸਬੰਧਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਤੋਂ ਗੁਰੂ ਕਾ ਬਾਗ ਗੁਰਦੁਆਰਾ ਸਾਹਿਬ ਦੇ ਲੰਗਰਾਂ ਲਈ ਉਪਰੋਕਤ ਜੰਗਲ ਤੋਂ ਹੀ ਲੱਕੜਾਂ ਕੱਟਣ ਲਈ ਪੰਜ-ਪੰਜ ਸਿੰਘਾਂ ਦਾ ਜੱਥਾ ਰੋਜ਼ਾਨਾ ਰਵਾਨਾ ਹੋਣਾ ਸ਼ੁਰੂ ਹੋਇਆ ਜਿਸ ਨੂੰ ਅੰਗਰੇਜ਼ ਸਰਕਾਰ ਵੱਲੋਂ ਗ੍ਰਿਫ਼ਤਾਰ ਕਰ ਲਿਆ ਜਾਂਦਾ ਸੀ। ਭੇਜੇ ਜਾਣ ਵਾਲੇ ਸਿੰਘਾਂ ਨੂੰ ਤਸੀਹੇ ਦਿੱਤੇ ਜਾਂਦੇ, ਪਰ ਸਿੱਖ ਅਡੋਲ ਸਨ, ਇਹ ਜੱਥੇ ਦਿਨ-ਬ-ਦਿਨ ਵੱਡੇ ਹੁੰਦੇ ਜਾ ਰਹੇ ਸਨ ਜਿਸ ਨੂੰ ਦੇਖ ਕੇ ਅੰਗਰੇਜ਼ ਸਰਕਾਰ ਨੂੰ ਕੁਝ ਸਮਝ ਨਹੀਂ ਸੀ ਆ ਰਹੀ।
- ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ।