TarnTaran News: ਸਰਹੱਦ ਪਾਰੋਂ ਆਏ ਪਿਸਤੌਲ ਨੂੰ ਚੁੱਕਣ ਆਏ ਦੋ ਕਾਬੂ, ਇਕ ਫਰਾਰ; ਡ੍ਰੋਨ ਦੀ ਮਦਦ ਨਾਲ ਆਈ ਸੀ ਖੇਪ
ਬੀਐੱਸਐੱਫ ਦੀ ਸਰਹੱਦੀ ਚੌਂਕੀ ਬਾਬਾ ਪੀਰ ਦੇ ਕੰਪਨੀ ਕਮਾਂਡਰ ਨਰਿੰਦਰ ਸਿੰਘ ਨੇ ਦੱਸਿਆ ਕਿ ਬਾਅਦ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਦੋ ਨੌਜਵਾਨਾਂ ਡਿਊਟੀ ’ਤੇ ਤਾਇਨਾਤ ਜਵਾਨਾਂ ਨੇ ਕਾਬੂ ਕੀਤਾ। ਜਿਨ੍ਹਾਂ ਕੋਲ ਡ੍ਰੋਨ ਦੀ ਮਦਦ ਨਾਲ ਸੁੱਟੀ ਗਈ ਪੀਲੇ ਰੰਗ ਦੀ ਟੇਪ ਨਾਲ ਲਪੇਟੀ ਪਲਾਸਟਿਕ ਦੀ ਬੋਤਲ ਸੀ।
Publish Date: Fri, 21 Nov 2025 10:23 AM (IST)
Updated Date: Fri, 21 Nov 2025 10:28 AM (IST)
ਸਰਬਜੀਤ ਸਿੰਘ ਛੀਨਾ, ਪੰਜਾਬੀ ਜਾਗਰਣ, ਖਾਲੜਾ: ਪਾਕਿਸਤਾਨ ਵੱਲੋਂ ਡ੍ਰੋਨ ਦੀ ਮਦਦ ਨਾਲ ਭੇਜੇ ਗਏ ਪਿਸਤੌਲ ਦੇ ਹਿੱਸਿਆਂ ਨੂੰ ਚੁੱਕਣ ਲਈ ਆਏ ਦੋ ਨੌਜਵਾਨਾਂ ਨੂੰ ਬੀਐੱਐਸੱਫ ਨੇ ਕਾਬੂ ਕਰ ਲਿਆ। ਜਦੋਂਕਿ ਉਨ੍ਹਾਂ ਦਾ ਇਕ ਸਾਥੀ ਮੌਕੇ ਤੋਂ ਫਰਾਰ ਹੋਣ ਵਿਚ ਸਫਲ ਹੋ ਗਿਆ। ਬੀਐੱਸਐੱਫ ਦੇ ਅਧਿਕਾਰੀਆਂ ਨੇ ਨੌਜਵਾਨਾਂ ਨੂੰ ਥਾਣਾ ਖਾਲੜਾ ਦੀ ਪੁਲਿਸ ਹਵਾਲੇ ਕਰ ਦਿੱਤਾ। ਜਿਥੇ ਉਨ੍ਹਾਂ ਖਿਲਾਫ ਅਸਲਾ ਅਤੇ ਏਅਰ ਕਰਾਫਟ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਬੀਐੱਸਐੱਫ ਦੀ ਸਰਹੱਦੀ ਚੌਂਕੀ ਬਾਬਾ ਪੀਰ ਦੇ ਕੰਪਨੀ ਕਮਾਂਡਰ ਨਰਿੰਦਰ ਸਿੰਘ ਨੇ ਦੱਸਿਆ ਕਿ ਬਾਅਦ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਦੋ ਨੌਜਵਾਨਾਂ ਡਿਊਟੀ ’ਤੇ ਤਾਇਨਾਤ ਜਵਾਨਾਂ ਨੇ ਕਾਬੂ ਕੀਤਾ। ਜਿਨ੍ਹਾਂ ਕੋਲ ਡ੍ਰੋਨ ਦੀ ਮਦਦ ਨਾਲ ਸੁੱਟੀ ਗਈ ਪੀਲੇ ਰੰਗ ਦੀ ਟੇਪ ਨਾਲ ਲਪੇਟੀ ਪਲਾਸਟਿਕ ਦੀ ਬੋਤਲ ਸੀ। ਜਦੋਂਕਿ ਇਨ੍ਹਾਂ ਦਾ ਇਕ ਸਾਥੀ ਫਰਾਰ ਹੋ ਗਿਆ। ਉਨ੍ਹਾਂ ਵੱਲੋਂ ਦਿੱਤੀ ਗਈ ਸੂਚਨਾ ’ਤੇ ਚੌਂਕੀ ਰਾਜੋਕੇ ਦੇ ਇੰਚਾਰਜ ਏਐੱਸਆਈ ਸ਼ਿੰਗਾਰਾ ਸਿੰਘ ਪੁਲਿਸ ਪਾਰਟੀ ਸਮੇਤ ਡਲੀਰੀ ਪਿੰਡ ਪੁੱਜੇ ਜਿਥੇ ਨੌਜਵਾਨਾਂ ਕੋਲੋਂ ਮਿਲੀ ਬੋਤਲ ਨੂੰ ਖੋਲ੍ਹ ਕੇ ਚੈੱਕ ਕੀਤਾ ਤਾਂ ਉਸ ਵਿੱਚੋਂ ਬਿਨਾਂ ਸਲਾਈਡ ਦਾ ਪਿਸਟਲ, ਮੈਗਜੀਨ ਅਤੇ ਤਿੰਨ ਕਾਰਤੂਸ ਬਰਾਮਦ ਹੋਏ। ਜਦੋਂਕਿ ਉਕਤ ਨੌਜਵਾਨਾਂ ਕੋਲੋਂ ਇਕ ਏਟੀਐੱਮ ਕਾਰਡ, ਦੋ ਮੋਬਾਈਲ ਫੋਨ ਤੇ ਮੋਟਰਸਾਈਕਲ ਦੀ ਚਾਬੀ ਵੀ ਮਿਲੀ। ਚੌਂਕੀ ਇੰਚਾਰਜ ਨੇ ਦੱਸਿਆ ਕਿ ਫੜ੍ਹੇ ਗਏ ਨੌਜਵਾਨਾਂ ਦੀ ਪਛਾਣ ਮਨਜਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਅਤੇ ਧਰਮਬੀਰ ਸਿੰਘ ਕਾਸ਼ ਪੁੱਤਰ ਤਰਸੇਮ ਸਿੰਘ ਵਾਸੀ ਡਲੀਰੀ ਵਜੋਂ ਹੋਈ ਹੈ। ਜਦੋਂਕਿ ਫਰਾਰ ਹੋਏ ਸਚਿਨ ਸਿੰਘ ਪੁੱਤਰ ਰੇਸ਼ਮ ਸਿੰਘ ਕਾਲਾ ਵਾਸੀ ਨਾਰਲੀ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।