Sukhbir Singh Badal ਨੇ ਕਿਹਾ ਕਿ ਦੁੱਖ ਦੀ ਗੱਲ ਇਹ ਹੈ ਕਿ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੂੰ ਪੰਜਾਬ ਵਿੱਚ ਜੰਮੇ ਹੋਣ ਦੇ ਬਾਵਜੂਦ ਵੀ ਇਸ ਗੱਲ ਦੀ ਸਮਝ ਨਹੀਂ ਕਿ ਸਿੱਖਾਂ ਲਈ ਕੇਸ ਅਤੇ ਜੂੜੇ ਦੀ ਕੀ ਅਹਿਮੀਅਤ ਹੈ। ਜਿਸ ਤਰ੍ਹਾਂ ਵੜਿੰਗ ਨੇ ਤਰਨਤਾਰਨ ਸਾਹਿਬ ਵਿਖੇ ਦੋ ਸਿੱਖ ਬੱਚਿਆਂ ਦੇ ਜੂੜਿਆਂ ਉੱਪਰ ਮਜ਼ਾਕੀਆ ਟਿੱਪਣੀਆਂ ਕਰਦਿਆਂ ਜੂੜੇ ਛੂਹੇ, ਉਹ ਕੇਸਾਂ ਅਤੇ ਗੁਰੂ ਸਾਹਿਬ ਵਲੋਂ ਬਖਸ਼ੇ ਕਕਾਰਾਂ ਦੀ ਬੇਅਦਬੀ ਹੈ ਅਤੇ ਇਸ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚੀ ਹੈ।

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ (Raja Warring) ਖਿਲਾਫ਼ ਇਕ ਹੋਰ ਸ਼ਿਕਾਇਤ ਦਰਜ ਹੋਈ ਹੈ। ਇਹ ਸ਼ਿਕਾਇਤ ਸ਼੍ਰੋਮਣੀ ਕਮੇਟੀ (Shiromani Committee) ਵੱਲੋਂ ਤਰਨਤਾਰਨ ਦੇ ਐੱਸਐੱਸਪੀ ਸੁਰਿੰਦਰ ਲਾਂਬਾ (SSP Tarn Taran) ਨੂੰ ਕੀਤੀ ਗਈ ਹੈ। ਦਰਅਸਲ SGPC ਨੇ ਰਾਜਾ ਵੜਿੰਗ 'ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾਇਆ ਹੈ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਆਪਣੇ ਫੇਸਬੁੱਕ ਪੇਜ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿਚ ਰਾਜਾ ਵੜਿੰਗ ਦੋ ਸਿੱਖ ਬੱਚਿਆਂ ਦੇ ਜੂੜੇ ਨੂੰ ਫੜ ਕੇ ਮਸਤੀ ਕਰਦੇ ਨਜ਼ਰ ਆਉਂਦੇ ਹਨ। ਉਨ੍ਹਾਂ ਕਿਹਾ- 'ਕਿਧਰ ਚਲੇ 2 ਸਰਦਾਰ- ਟੂ-ਟੂ-ਟੂ-ਟੂ-ਟੂੰ...।'
ਸੁਖਬੀਰ ਨੇ ਇਕ ਮੈਸੇਜ ਵੀ ਲਿਖਿਆ ਹੈ- ਸਿੱਖ ਕੌਮ ਦਾ ਨਿਰਾਦਰ ਕਰਨਾ ਤੇ ਮਜ਼ਾਕ ਬਣਾਉਣਾ ਸਿੱਖਾਂ ਦੀ ਕਾਤਲ ਕਾਂਗਰਸ ਪਾਰਟੀ ਦੇ ਆਗੂਆਂ ਦਾ ਹੁਣ ਇੱਕ ਆਮ ਸੁਭਾਅ ਬਣਦਾ ਜਾ ਰਿਹਾ ਹੈ। ਗੁਰੂ ਸਾਹਿਬ ਨੇ ਸਿੱਖ ਕੌਮ ਨੂੰ ਕੇਸਾਂ ਦੀ ਅਨਮੋਲ ਦਾਤ ਬਖਸ਼ਿਸ਼ ਕੀਤੀ ਹੈ ਅਤੇ ਕੇਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਲੋਂ ਸਿੱਖ ਨੂੰ ਬਖਸ਼ੇ ਪੰਜ ਕਕਾਰਾਂ ਵਿੱਚੋ ਇੱਕ ਹਨ। ਦੁੱਖ ਦੀ ਗੱਲ ਇਹ ਹੈ ਕਿ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੂੰ ਪੰਜਾਬ ਵਿੱਚ ਜੰਮੇ ਹੋਣ ਦੇ ਬਾਵਜੂਦ ਵੀ ਇਸ ਗੱਲ ਦੀ ਸਮਝ ਨਹੀਂ ਕਿ ਸਿੱਖਾਂ ਲਈ ਕੇਸ ਅਤੇ ਜੂੜੇ ਦੀ ਕੀ ਅਹਿਮੀਅਤ ਹੈ। ਜਿਸ ਤਰ੍ਹਾਂ ਵੜਿੰਗ ਨੇ ਤਰਨਤਾਰਨ ਸਾਹਿਬ ਵਿਖੇ ਦੋ ਸਿੱਖ ਬੱਚਿਆਂ ਦੇ ਜੂੜਿਆਂ ਉੱਪਰ ਮਜ਼ਾਕੀਆ ਟਿੱਪਣੀਆਂ ਕਰਦਿਆਂ ਜੂੜੇ ਛੂਹੇ, ਉਹ ਕੇਸਾਂ ਅਤੇ ਗੁਰੂ ਸਾਹਿਬ ਵਲੋਂ ਬਖਸ਼ੇ ਕਕਾਰਾਂ ਦੀ ਬੇਅਦਬੀ ਹੈ ਅਤੇ ਇਸ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚੀ ਹੈ। ਮੈਂ ਇਸ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਜੀ ਨੂੰ ਬੇਨਤੀ ਵੀ ਕਰਦਾ ਹਾਂ ਕਿ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਇਸ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਇੱਥੇ ਇਹ ਵੀ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ ਬੀਤੇ ਦਿਨੀਂ ਰਾਜਾ ਵੜਿੰਗ ਨੇ ਦਲਿਤ ਭਾਈਚਾਰੇ ਬਾਰੇ ਭੱਦੀ ਸ਼ਬਦਾਵਲੀ ਵਰਤ ਕੇ ਉਨ੍ਹਾਂ ਦਾ ਘੋਰ ਅਪਮਾਨ ਕੀਤਾ ਅਤੇ ਅਗਲੇ ਹੀ ਦਿਨ ਕਾਂਗਰਸ ਪਾਰਟੀ ਦੇ ਹੋਰ ਵੱਡੇ ਆਗੂਆਂ ਨੇ ਚੋਣ ਮੁਹਿੰਮ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਭਾਈ ਜੀਵਨ ਸਿੰਘ ਜੀ ਦਾ ਵੀ ਨਿਰਾਦਰ ਕੀਤਾ ਸੀ। ਇਹ ਸਾਰੀਆਂ ਘਟਨਾਵਾਂ ਕਿਸੇ ਸੋਚੀ ਸਮਝੀ ਸਾਜ਼ਿਸ਼ ਵੱਲ ਇਸ਼ਾਰਾ ਕਰਦੀਆਂ ਹਨ, ਜਿਸ ਤੋਂ ਸਮੂਹ ਪੰਜਾਬੀਆਂ ਨੂੰ ਸੁਚੇਤ ਹੋਣ ਦੀ ਲੋੜ ਹੈ।