ਅੱਤਵਾਦ ਨਾਲ ਲੜਨ ਵਾਲੇ ਖੱਬੇ ਪੱਖੀ ਨੇਤਾ ਜਸਪਾਲ ਸਿੰਘ ਦਾ ਦੇਹਾਂਤ; ਜੱਦੀ ਪਿੰਡ ਕੋਟ ਧਰਮਚੰਦ 'ਚ ਹੋਇਆ ਅੰਤਿਮ ਸੰਸਕਾਰ
ਉਨ੍ਹਾਂ ਕਾਫੀ ਸਮਾਂ ਹਥਿਆਰਬੰਦ ਮੋਰਚੇ ਦੀ ਅਗਵਾਈ ਕਰਦਿਆਂ ਮਨੁੱਖਤਾ ਦੇ ਕਾਤਲਾਂ ਨੂੰ ਤਕੜੀ ਵੰਗਾਰ ਪਾਈ ਸੀ। ਸਾਥੀ ਝਬਾਲ ਨੇ ਆਪਣੀਆਂ ਦੋਨੋਂ ਧੀਆਂ ਰੋਜ਼ਦੀਪ ਤੇ ਵਤਨਦੀਪ ਨੂੰ ਪਾਰਟੀ ਨਾਲ ਜੋੜਿਆ ਤੇ ਉਨ੍ਹਾਂ ਦੇ ਵਿਆਹ ਵੀ ਪਾਰਟੀ ਤੇ ਖੱਬੀ ਲਹਿਰ ਨਾਲ ਜੁੜੇ ਪਰਿਵਾਰਾਂ ‘ਚ ਹੀ ਕੀਤੇ।
Publish Date: Thu, 29 Jan 2026 03:00 PM (IST)
Updated Date: Thu, 29 Jan 2026 03:16 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਰਨਤਾਰਨ : ਸੀਪੀਐੱਮ ਪੰਜਾਬ ਅਤੇ ਆਰਐੱਮਪੀਆਈ ਦੀ ਸਥਾਪਨਾ ਕਰਨ ਵਾਲੇ ਮੁੱਢਲੇ ਆਗੂਆਂ ’ਚ ਸ਼ੁਮਾਰ ਕਾਮਰੇਡ ਜਸਪਾਲ ਸਿੰਘ ਝਬਾਲ ਵੀਰਵਾਰ ਸਵੇਰੇ ਸਦੀਵੀਂ ਵਿਛੋੜਾ ਦੇ ਗਏ ਹਨ। ਉਹ ਪਿਛਲੇ ਕਾਫ਼ੀ ਸਮੇਂ ਤੋਂ ਬੀਮਾਰ ਸਨ। ਸਾਥੀ ਝਬਾਲ ਨੇ ਮਜ਼ਦੂਰਾਂ-ਕਿਸਾਨਾਂ, ਮਿਹਨਤੀ ਤਬਕਿਆਂ ਦੇ ਹੱਕਾਂ-ਹਿੱਤਾਂ ਦੀ ਰਾਖੀ ਲਈ ਲੜੇ ਗਏ ਅਨੇਕਾਂ ਘੋਲਾਂ ਦੀ ਸਿਦਕ ਦਿਲੀ ਨਾਲ ਅਗਵਾਈ ਕੀਤੀ ਸੀ।
ਜ਼ਿਲ੍ਹਾ ਕਮੇਟੀ ਦੇ ਪ੍ਰਧਾਨ ਤੇ ਸਕੱਤਰ ਸਾਥੀ ਚਮਨ ਲਾਲ ਦਰਾਜਕੇ, ਮੁਖਤਿਆਰ ਸਿੰਘ ਮੱਲ੍ਹਾ, ਬਲਦੇਵ ਸਿੰਘ ਪੰਡੋਰੀ ਨੇ ਦੱਸਿਆ ਕਿ ਝਬਾਲ ਦੀ ਸ਼ਾਨਦਾਰ ਸ਼ਖਸ਼ੀਅਤ ਦੀ ਸਭ ਤੋਂ ਸਖ਼ਤ ਪਰਖ ਉਦੋਂ ਹੋਈ ਸੀ, ਜਦੋਂ ਦਹਿਸ਼ਤਗਰਦਾਂ ਦੇ ਅਮਾਨਵੀ ਕਾਰਿਆਂ ਦਾ ਵਿਰੋਧ ਕਰਦਿਆਂ ਉਹ ਅਨੇਕਾਂ ਵਾਰ ਮੌਤ ਦੇ ਮੂੰਹ ’ਚ ਜਾਣ ਕਿਨਾਰੇ ਪਹੁੰਚੇ। ਸਾਥੀ ਝਬਾਲ ਨੇ ਉਦੋਂ ਜਾਨ ਹੂਲ ਕੇ ਮਾਨਵੀ ਸਰਕਾਰਾਂ ਤੇ ਪਾਰਟੀ ਦੀ ਲਾਈਨ ‘ਤੇ ਡੱਟਵਾਂ ਪਹਿਰਾ ਦਿੱਤਾ।
ਉਨ੍ਹਾਂ ਕਾਫੀ ਸਮਾਂ ਹਥਿਆਰਬੰਦ ਮੋਰਚੇ ਦੀ ਅਗਵਾਈ ਕਰਦਿਆਂ ਮਨੁੱਖਤਾ ਦੇ ਕਾਤਲਾਂ ਨੂੰ ਤਕੜੀ ਵੰਗਾਰ ਪਾਈ ਸੀ। ਸਾਥੀ ਝਬਾਲ ਨੇ ਆਪਣੀਆਂ ਦੋਨੋਂ ਧੀਆਂ ਰੋਜ਼ਦੀਪ ਤੇ ਵਤਨਦੀਪ ਨੂੰ ਪਾਰਟੀ ਨਾਲ ਜੋੜਿਆ ਤੇ ਉਨ੍ਹਾਂ ਦੇ ਵਿਆਹ ਵੀ ਪਾਰਟੀ ਤੇ ਖੱਬੀ ਲਹਿਰ ਨਾਲ ਜੁੜੇ ਪਰਿਵਾਰਾਂ ‘ਚ ਹੀ ਕੀਤੇ।
ਬੀਕੇਯੂ ਉਗਰਾਹਾਂ ਦੇ ਹਰਿਆਣਾ ਦੇ ਆਗੂ ਨਿਰਭੈ ਸਿੰਘ ਰਤੀਆ ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਪ੍ਰਧਾਨ ਸਾਥੀ ਮਨਜਿੰਦਰ ਸਿੰਘ ਢੇਸੀ ਉਨ੍ਹਾਂ ਦੇ ਦਾਮਾਦ ਹਨ। ਜਸਪਾਲ ਝਬਾਲ ਦੀ ਪਤਨੀ ਲਖਵਿੰਦਰ ਕੌਰ ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਗੁਰਨਾਮ ਸਿੰਘ ਦਾਊਦ ਦੀ ਛੋਟੀ ਭੈਣ ਹੈ। ਜਸਪਾਲ ਝਬਾਲ ਦੇ ਦੁਖਦਾਈ ਵਿਛੋੜੇ ਨਾਲ ਪਾਰਟੀ ਲਹਿਰ ਤੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ।
ਪਾਰਟੀ ਦੀ ਤਰਨਤਾਰਨ ਜ਼ਿਲ੍ਹਾ ਕਮੇਟੀ ਦੇ ਪ੍ਰਧਾਨ ਤੇ ਸਕੱਤਰ ਸਾਥੀ ਚਮਨ ਲਾਲ ਦਰਾਜਕੇ, ਮੁਖਤਿਆਰ ਸਿੰਘ ਮੱਲ੍ਹਾ, ਬਲਦੇਵ ਸਿੰਘ ਪੰਡੋਰੀ ਨੇ ਸਾਥੀ ਜਸਪਾਲ ਝਬਾਲ ਦੀਆਂ ਘਾਲਣਾਵਾਂ ਨੂੰ ਸੂਹਾ ਸਲਾਮ ਪੇਸ਼ ਕਰਦਿਆਂ ਪਰਿਵਾਰ ਦਾ ਦੁਖ ਵੰਡਾਇਆ ਹੈ। ਪਾਰਟੀ ਦੀ ਸਮੁੱਚੀ ਜ਼ਿਲ੍ਹਾ ਕਮੇਟੀ ਅਤੇ ਤਹਿਸੀਲ ਕਮੇਟੀ ਨੇ ਪਰਿਵਾਰ ਨਾਲ ਡਾਢੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਉਨ੍ਹਾਂ ਵਲੋਂ ਆਪਣੀ ਜ਼ਿੰਦਗੀ ਦਾ ਇਕ ਇਕ ਪਲ ਕਿਰਤੀ ਲੋਕਾਂ ਦੇ ਲਾਉਣ ’ਤੇ ਸੂਹੀ ਸਲਾਮ ਕੀਤੀ।