ਇਹ ਵੈੱਟਲੈਂਡ ਉੱਤਰੀ ਭਾਰਤ ਦਾ ਵੱਡਾ ਵੈੱਟਲੈਂਡ ਹੈ, ਜੋ ਬਿਆਸ ਤੇ ਸਤਲੁਜ ਦਰਿਆਵਾਂ ਦੇ ਸੰਗਮ ’ਤੇ ਸਥਿਤ ਹੈ। ਸਾਲ 1953 ਵਿਚ ਸਤਲੁਜ ਦਰਿਆ ਦੇ ਪਾਰ ਬੈਰਾਜ ਦੇ ਨਿਰਮਾਣ ਕਾਰਨ ਹੌਂਦ ਵਿਚ ਆਏ ਇਸ ਵੈੱਟਲੈਂਡ ਦੇ 141 ਵਰਗ ਕਿਲੋਮੀਟਰ ਖੇਤਰ ਨੂੰ ਪਰਵਾਸੀ ਪੰਛੀ ਆਕਰਸ਼ਿਤ ਕਰਨ ਦੀ ਸੰਭਾਵਨਾ ਦੇ ਨਾਲ ਸਾਲ 1978 ਵਿਚ ਪਾਬੰਦੀਸ਼ੁਦਾ ਖੇਤਰ ਘੋਸ਼ਿਤ ਕਰ ਦਿੱਤਾ ਗਿਆ।

ਜਸਪਾਲ ਸਿੰਘ ਜੱਸੀ, ਪੰਜਾਬੀ ਜਾਗਰਣ, ਤਰਨਤਾਰਨ : ਪੰਜ ਦਰਿਆਵਾਂ ਦੀ ਧਰਤੀ ਪੰਜਾਬ ਆਪਣੇ ਕੁਦਰਤੀ ਸੁਹੱਪਣ ਕਾਰਨ ਪੂਰੀ ਦੁਨੀਆਂ ਵਿਚ ਜਾਣਿਆ ਜਾਂਦਾ ਹੈ। ਅਜਿਹਾ ਸੁਹੱਪਣ ਤਰਨਤਾਰਨ ਜ਼ਿਲ੍ਹੇ ਦੇ ਨਗਰ ਹਰੀਕੇ ਵਿਚ ਵੀ ਵੇਖਣ ਨੂੰ ਮਿਲਦਾ ਹੈ, ਜਿੱਥੇ ਬਿਆਸ ਤੇ ਸਤਲੁਜ ਦਰਿਆ ਦਾ ਸੰਗਮ ਆਪਣੇ ਆਪ ਵਿਚ ਖੂਬਸੂਰਤ ਦ੍ਰਿਸ਼ ਬਣਾਉਂਦਾ ਹੈ। ਹਰੀਕੇ ਵੈਟਲੈਂਡ ਨਾਂ ਦੀ ਇਸ ਧਰਤੀ ਨੂੰ ਹਰੀਕੇ ਪੱਤਣ ਦੇ ਨਾਂ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਵੈੱਟਲੈਂਡ ਉੱਤਰੀ ਭਾਰਤ ਦਾ ਵੱਡਾ ਵੈੱਟਲੈਂਡ ਹੈ, ਜੋ ਬਿਆਸ ਤੇ ਸਤਲੁਜ ਦਰਿਆਵਾਂ ਦੇ ਸੰਗਮ ’ਤੇ ਸਥਿਤ ਹੈ। ਸਾਲ 1953 ਵਿਚ ਸਤਲੁਜ ਦਰਿਆ ਦੇ ਪਾਰ ਬੈਰਾਜ ਦੇ ਨਿਰਮਾਣ ਕਾਰਨ ਹੌਂਦ ਵਿਚ ਆਏ ਇਸ ਵੈੱਟਲੈਂਡ ਦੇ 141 ਵਰਗ ਕਿਲੋਮੀਟਰ ਖੇਤਰ ਨੂੰ ਪਰਵਾਸੀ ਪੰਛੀ ਆਕਰਸ਼ਿਤ ਕਰਨ ਦੀ ਸੰਭਾਵਨਾ ਦੇ ਨਾਲ ਸਾਲ 1978 ਵਿਚ ਪਾਬੰਦੀਸ਼ੁਦਾ ਖੇਤਰ ਘੋਸ਼ਿਤ ਕਰ ਦਿੱਤਾ ਗਿਆ। ਹਰੀਕੇ ਵੈੱਟਲੈਂਡ ਦੇ 41 ਵਰਗ ਕਿਲੋਮੀਟਰ ਨੂੰ 10 ਸਾਲਾਂ ਦੀ ਮਿਆਦ ਲਈ ਸਾਲ 1982 ਵਿਚ ਜੰਗਲੀ ਜੀਵ ਸੈਂਚੁਰੀ ਵਜੋਂ ਘੋਸ਼ਿਤ ਕੀਤਾ ਗਿਆ ਅਤੇ ਸਾਲ 1992 ਵਿਚ ਹਰੀਕੇ ਵੈੱਟਲੈਂਡ ਦੇ 86 ਵਰਗ ਕਿੱਲੋਮੀਟਰ ਨੂੰ ਅਗਲੇ 10 ਸਾਲਾਂ ਲਈ ਸੈਂਚੁਰੀ ਐਲਾਨ ਕੀਤਾ ਗਿਆ। ਜੰਗਲੀ ਜੀਵ ਸੁਰੱਖਿਆ ਐਕਟ ਤਹਿਤ 86 ਵਰਗ ਕਿੱਲੋਮੀਟਰ ਨੂੰ ਹਰੀਕੇ ਜੰਗਲ ਜੀਵ ਸੈਂਚੁਰੀ ਐਲਾਨ ਕਰਦੇ ਅੰਤਿਮ ਨੋਟੀਫਿਕੇਸ਼ਨ ਸਾਲ 1999 ਵਿਚ ਜਾਰੀ ਕੀਤਾ ਗਿਆ ਸੀ ਅਤੇ ਇਸ ਨੂੰ ਸਾਲ 1990 ਵਿਚ ‘ਰਾਮਸਰ ਸਾਈਟ’ ਦਾ ਦਰਜਾ ਵੀ ਦਿੱਤਾ ਗਿਆ। ਮਨੁੱਖ ਵੱਲੋਂ ਬਣਾਈ ਗਈ ਇਹ ਦਰਿਆਈ ਵੈੱਟਲੈਂਡ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਤਰਨਤਾਰਨ, ਫ਼ਿਰੋਜ਼ਪੁਰ ਤੇ ਕਪੂਰਥਲਾ ਵਿਚ ਫੈਲੀ ਹੋਈ ਹੈ ਜਦੋਂਕਿ ਇਹ ਬਰਡ ਸੈਂਚੂਰੀ 1990 ਵਿਚ ਰਾਮਸਰ ਕਨਵੈਨਸ਼ਨ ਤਹਿਤ ਭਾਰਤ ਦੁਆਰਾ ਨਾਮਜ਼ਦ ਅੰਤਰਰਾਸ਼ਟਰੀ ਮਹੱਤਵ ਦੇ ਛੇ ਵੈਟਲੈਂਡਜ਼ ਵਿੱਚੋਂ ਇਕ ਵੀ ਹੈ।
368 ਤੋਂ ਵੱਧ ਪ੍ਰਜਾਤੀਆਂ ਦੇ ਪੰਛੀ ਬਣਦੇ ਨੇ ਵੈੱਟਲੈਂਡ ਦਾ ਸ਼ਿੰਗਾਰ
ਹਰੀਕੇ ਵੈੱਟਲੈਂਡਜ਼ ਈਕੋਸਿਸਟਮ, ਇਸਦੇ ਅਮੀਰ ਐਕੁਆ ਬਨਸਪਤੀ ਅਤੇ ਜੀਵ-ਜੰਤੂਆਂ ਦੇ ਨਾਲ ਪੰਜਾਬ ਲਈ ਅਹਿਮ ਸੰਭਾਲ ਸਥਾਨ ਹੈ। ਸਾਇਬੇਰੀਆ, ਰੂਸ ਅਤੇ ਹੋਰ ਯੂਰਪੀ ਠੰਢੇ ਮੁਲਕਾਂ ਤੋਂ ਹਜ਼ਾਰਾਂ ਕਿੱਲੋਮੀਟਰ ਦਾ ਸਫਰ ਤੈਅ ਕਰ ਕੇ 368 ਤੋਂ ਵੱਧ ਦਰਜ ਪ੍ਰਜਾਤੀਆਂ ਦੇ ਹਜ਼ਾਰਾਂ ਪਰਵਾਸੀ ਪੰਛੀ ਹਰ ਸਾਲ ਸਰਦੀਆਂ ਦੇ ਮਹੀਨਿਆਂ ਵਿਚ ਇੱਥੇ ਆਉਂਦੇ ਹਨ। ਇਸ ਸਮੇਂ ਵੀ ਵੱਡੀ ਗਿਣਤੀ ਵਿਚ ਪਰਵਾਸੀ ਪੰਛੀ ਹਰੀਕੇ ਵੈੱਟਲੈਂਡ ਵਿਖੇ ਪਹੁੰਚੇ ਹੋਏ ਹਨ। ਹਰੀਕੇ ਵੈਟਲੈਂਡਜ਼ ਹੋਰ ਦੁਰਲੱਭ ਅਤੇ ਖ਼ਤਰੇ ਵਿਚ ਪੈਣ ਵਾਲੀਆਂ ਪ੍ਰਜਾਤੀਆਂ ਲਈ ਵੀ ਸ਼ਰਨਗਾਹ ਹੈ। ਜਿਨ੍ਹਾਂ ਵਿੱਚੋਂ ਕੁਝ ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ਼ ਨੇਚਰ ਦੇ ਖਤਰੇ ਵਾਲੇ ਜਾਨਵਰਾਂ ਦੀ ਲਾਲ ਸੂਚੀ ਵਿਚ ਸੂਚੀਬੱਧ ਹਨ। ਇਹ ਭਾਰਤੀ ਓਟਰ, ਗਿੱਦੜ, ਭਾਰਤੀ ਜੰਗਲੀ ਸੂਰ, ਮੂੰਗੀ ਅਤੇ ਜੰਗਲੀ ਬਿੱਲੀ ਦਾ ਘਰ ਹੈ, ਨਾਲ ਹੀ ਕਈ ਮਹੱਤਵਪੂਰਨ ਚਿਕਿਤਸਕ ਅਤੇ ਸਜਾਵਟੀ ਪੌਦਿਆਂ ਅਤੇ ਰੁੱਖਾਂ ਦਾ ਵੀ ਘਰ ਹੈ। ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਦਰਿਆ ਬਿਆਸ ਵਿਚ ਕੁਝ ਸਾਲ ਪਹਿਲਾਂ ਘੜਿਆਲ ਵੀ ਪਾਏ ਗਏ ਸਨ, ਜੋ ਹਰੀਕੇ ਝੀਲ ਵਿਚ ਦੇਖੇ ਜਾ ਸਕਦੇ ਹਨ। ਇਸ ਤੋਂ ਇਲਾਵਾ ਹਰੀਕੇ ਝੀਲ ਵਿਚ ਪਾਈ ਗਈ ਇੰਡਸ ਡਾਲਫਿਨ ਨੇ ਇਸ ਖੇਤਰ ਨੂੰ ਉਭਾਰਿਆ।
ਤਰਨਤਾਰਨ ਦੇ ਫਿਰੋਜਪੁਰ ਜ਼ਿਲ੍ਹੇ ਵੱਲੋਂ ਸੈਲਾਨੀ ਜਾ ਸਕਦੇ ਹਨ ਹਰੀਕੇ ਵੈਟਲੈਂਡ
ਸੈਲਾਨੀ ਹਰੀਕੇ ਵੈਟਲੈਂਡ ਵਿਚ ਤਰਨਤਾਰਨ ਅਤੇ ਫ਼ਿਰੋਜ਼ਪੁਰ ਜ਼ਿਲ੍ਹੇ ਵਾਲੇ ਦੋਵੇਂ ਪਾਸਿਆਂ ਤੋਂ ਜਾ ਸਕਦੇ ਹਨ। ਤਰਨਤਾਰਨ ਵਿਚ ਦਰਿਆ ਦਾ ਪੁਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਵੈੱਟਲੈਂਡ ਵਿਚ ਇਕ ਰਸਤਾ ਜਾਂਦਾ ਹੈ, ਜੋ ਕਿ ਜੰਗਲ ਵਿੱਚੋਂ ਲੰਘਦਾ ਹੋਇਆ ਝੀਲ ਦੇ ਕਿਨਾਰੇ ਜਾ ਖ਼ਤਮ ਹੁੰਦਾ ਹੈ। ਨਾਲ ਹੀ ਇੱਥੇ ਜ਼ਿਲ੍ਹਾ ਪ੍ਰਸ਼ਾਸਨ ਤਰਨਤਾਰਨ ਵੱਲੋਂ ਦੋ ਮੋਟਰ ਬੋਟ ਵੀ ਮੁਹੱਈਆ ਕਰਵਾਈਆਂ ਗਈਆਂ ਹਨ ਤਾਂ ਜੋ ਪੰਛੀ ਪ੍ਰੇਮੀ ਪੂਰੀ ਸੁਰੱਖਿਆ ਨਾਲ ਝੀਲ ਦੇ ਅੰਦਰ ਜਾ ਕੇ ਨੇੜੇ ਤੋਂ ਪੰਛੀਆਂ ਨੂੰ ਨਿਹਾਰ ਸਕਣ। ਹਰੀਕੇ ਦੇ ਫਿਰੋਜ਼ਪੁਰ ਵਾਲੇ ਪਾਸੇ ਗੁਰਦੁਆਰਾ ਨਾਨਕਸਰ ਵਾਲੇ ਪਾਸੇ ਤੋਂ ਜਾਇਆ ਜਾ ਸਦਕਾ ਹੈ। ਇਨ੍ਹਾਂ ਦੋਵਾਂ ਥਾਵਾਂ ਲਈ ਬੋਟਿੰਗ ਲਈ ਖ਼ਾਸ ਇਜਾਜ਼ਤ ਦੀ ਲੋੜ ਹੁੰਦੀ ਹੈ।