ਪਤੀ ਨੇ ਚੌਕ 'ਚ ਸ਼ਰੇਆਮ ਪਤਨੀ 'ਤੇ ਕੀਤੇ ਦਾਤਰ ਨਾਲ ਵਾਰ, ਦੇਖਦੀ ਰਹੀ ਪੁਲਿਸ, ਵੀਡੀਓ ਵਾਇਰਲ
ਸ਼ਹਿਰ ਦੇ ਚੌਕ 'ਚ ਐਤਵਾਰ ਸਵੇਰੇ ਉਸ ਸਮੇਂ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਛਾਜਲੀ ਪਿੰਡ ਤੋਂ ਇਕ ਰੇਹੜੀ ਚਾਲਕ ਵਿਅਕਤੀ ਨੇ ਆਪਣੀ ਪਤਨੀ ਨੂੰ ਵਿਚਕਾਰ ਰਸਤੇ 'ਚ ਕੁੱਟਿਆ ਤੇ ਉਸ 'ਤੇ ਤੇਜ਼ਧਾਰ ਦਾਤਰ ਨਾਲ ਹਮਲਾ ਕਰ ਦਿੱਤਾ।
Publish Date: Sun, 16 Aug 2020 01:26 PM (IST)
Updated Date: Sun, 16 Aug 2020 05:33 PM (IST)
ਜੇਐੱਨਐੱਨ, ਸੁਨਾਮ : ਸ਼ਹਿਰ ਦੇ ਚੌਕ 'ਚ ਐਤਵਾਰ ਸਵੇਰੇ ਉਸ ਸਮੇਂ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਛਾਜਲੀ ਪਿੰਡ ਤੋਂ ਇਕ ਰੇਹੜੀ ਚਾਲਕ ਵਿਅਕਤੀ ਨੇ ਆਪਣੀ ਪਤਨੀ ਨੂੰ ਵਿਚਕਾਰ ਸੜਕ ਦੇ ਕੁੱਟਿਆ ਤੇ ਉਸ 'ਤੇ ਤੇਜ਼ਧਾਰ ਦਾਤਰ ਨਾਲ ਹਮਲਾ ਕਰ ਦਿੱਤਾ। ਉਕਤ ਔਰਤ ਆਪਣੇ ਪਤੀ ਤੋਂ ਵੱਖ ਹੋ ਕੇ ਕਿਸੇ ਹੋਰ ਵਿਅਕਤੀ ਨਾਲ ਸੁਨਾਮ 'ਚ ਆ ਕੇ ਰਹਿਣ ਲੱਗੀ ਸੀ। ਗੁੱਸੇ 'ਚ ਆਏ ਪਤੀ ਨੇ ਪਤਨੀ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਨਸ਼ੇ 'ਚ ਧੁੱਤ ਪਤੀ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।
ਮੋਟਰਸਾਈਕਲ ਰੇਹੜੀ 'ਤੇ ਉਹ ਪਤਨੀ ਨੂੰ ਲੰਮੇ ਪਾ ਕੇ ਵਾਪਸ ਆਪਣੇ ਘਰ ਲੈ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਤਨੀ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਤੇ ਦਾਤਰ ਨਾਲ ਹਮਲਾ ਕਰਨ ਤੋਂ ਭੜਕੇ ਲੋਕਾਂ ਦੀ ਭੀੜ ਨੇ ਔਰਤ ਦੇ ਪਤੀ ਨੂੰ ਦਬੋਚ ਲਿਆ ਤੇ ਉਸ ਦੀ ਚੰਗੀ ਕੁੱਟਮਾਰ ਕੀਤੀ। ਦੋਵਾਂ ਨੂੰ ਗੰਭੀਰ ਹਾਲਤ 'ਚ ਸਿਵਲ ਹਸਪਤਾਲ ਸੁਨਾਮ 'ਚ ਭਰਤੀ ਕਰਵਾਇਆ ਹੈ। ਪੁਲਿਸ ਵਾਲੇ ਵੀ ਮੌਕੇ 'ਤੇ ਮੌਜੂਦ ਸਨ ਪਰ ਉਨ੍ਹਾਂ ਵੀ ਔਰਤ ਨੂੰ ਛੁਡਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਐੱਸਐੱਮਓ ਡਾ. ਸੰਜੈ ਕਾਮਰਾ ਨੇ ਦੱਸਿਆ ਕਿ ਔਰਤ ਬੀਰਪਾਲ ਕੌਰ ਦੀ ਹਾਲਤ ਠੀਕ ਹੈ ਜਦੋਂਕਿ ਉਸ ਦੇ ਪਤੀ ਅਜੈਬ ਸਿੰਘ ਨੂੰ ਇਲਾਜ ਤੋਂ ਬਾਅਦ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ। ਪੁਲਿਸ ਨੇ ਮਾਮਲੇ ਦੀ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ ਹੈ।