ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਨੌਜਵਾਨ ਤੇ ਔਰਤ ਦੇ ਪਰਿਵਾਰਾਂ ਦੀ ਮੌਜੂਦਗੀ 'ਚ ਕਮਰੇ ਦਾ ਦਰਵਾਜ਼ਾ ਤੋੜਿਆ ਤੇ ਅੰਦਰ ਜਾ ਕੇ ਦੇਖਿਆ ਕਿ ਨੌਜਵਾਨ ਤੇ ਔਰਤ ਦਮ ਤੋੜ ਚੁੱਕੇ ਸਨ। ਇਸ ਤੋਂ ਇਲਾਵਾ ਕਮਰੇ ਦੀਆਂ ਸਾਰੀਆਂ ਖਿੜਕੀਆਂ ਤੇ ਦਰਵਾਜ਼ੇ ਬੰਦ ਸਨ ਤੇ ਕਮਰੇ ਵਿਚ ਇਕ ਬੁਝੀ ਹੋਈ ਕੋਲੇ ਦੀ ਅੰਗੀਠੀ ਪਈ ਸੀ...

ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਸਥਾਨਕ ਬਾਲਦ ਕੈਂਚੀਆਂ ਵਿਖੇ ਇਕ ਹੋਟਲ ਦੇ ਬੰਦ ਕਮਰੇ ’ਚੋਂ ਇਕ ਨੌਜਵਾਨ ਤੇ ਔਰਤ ਦੀ ਲਾਸ਼ ਮਿਲਣ ਨਾਲ ਇਲਾਕੇ ਅੰਦਰ ਸਨਸਨੀ ਫੈਲ ਗਈ। ਪੁਲਿਸ ਅਨੁਸਾਰ ਬੰਦ ਕਮਰੇ ਅੰਦਰ ਜਲਾਈ ਕੋਲੇ ਦੀ ਅੰਗੀਠੀ ਕਾਰਨ ਦਮ ਘੁੱਟਣ ਨਾਲ ਉਕਤ ਦੋਵਾਂ ਦੀ ਮੌਤ ਹੋਈ ਹੈ। ਥਾਣਾ ਭਵਾਨੀਗੜ੍ਹ ਦੇ ਏਐੱਸਆਈ ਬਲਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਮਨਜੀਤ ਸਿੰਘ ਉਰਫ਼ ਮਾਮੂ (27) ਵਾਸੀ ਪਿੰਡ ਫੱਗੂਵਾਲਾ ਤੇ ਔਰਤ ਦੀ ਪਛਾਣ ਮਨਜੀਤ ਕੌਰ (40) ਵਾਸੀ ਪਿੰਡ ਰਾਏ ਸਿੰਘਵਾਲਾ ਵਜੋਂ ਹੋਈ ਹੈ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਦੋਵੇਂ ਜਣੇ ਇਕੱਠੇ ਵਿਆਹਾਂ-ਸ਼ਾਦੀਆਂ ’ਚ ਲੇਬਰ ਦਾ ਕੰਮ ਕਰਦੇ ਸਨ। ਉਨ੍ਹਾਂ ਦੱਸਿਆ ਕਿ ਉਕਤ ਪਿਛਲੇ ਕਈ ਦਿਨਾਂ ਤੋਂ ਸਥਾਨਕ ਬਾਲਦ ਕੈਂਚੀਆਂ ਵਿਖੇ ਸਥਿਤ ਇਕ ਨਿੱਜੀ ਹੋਟਲ ਵਿਚ ਕੰਮ ਕਰ ਰਹੇ ਸਨ ਤੇ ਉੱਥੇ ਹੀ ਰਹਿ ਰਹੇ ਸਨ ਤਾਂ ਇਸ ਦੌਰਾਨ ਸ਼ੁੱਕਰਵਾਰ ਦੀ ਰਾਤ ਉਕਤ ਦੋਵੇਂ ਜਣੇ ਹੋਟਲ ਦੀ ਪਹਿਲੀ ਮੰਜ਼ਿਲ ’ਤੇ ਬਣੇ ਇਕ ਕਮਰੇ ਵਿਚ ਸੌਣ ਲਈ ਚੱਲੇ ਗਏ ਜਿੱਥੇ ਉਹ ਠੰਢ ਤੋਂ ਬਚਣ ਲਈ ਕੋਲੇ ਦੀ ਅੰਗੀਠੀ ਜਲਾ ਕੇ ਸੌਂ ਗਏ। ਏਐੱਸਆਈ ਬਲਬੀਰ ਸਿੰਘ ਨੇ ਦੱਸਿਆ ਕਿ ਸ਼ਨਿੱਚਰਵਾਰ ਦੇ ਦਿਨ ਹੋਟਲ ਮਾਲਕ ਦੇ ਘਰ ਵਿਆਹ ਸਮਾਗਮ ਸੀ ਜਿਸਦੇ ਚੱਲਦਿਆਂ ਮਾਲਕ ਤੇ ਹੋਟਲ ਦਾ ਸਟਾਫ਼ ਰੁੱਝਿਆ ਹੋਇਆ ਸੀ। ਇਸ ਦੌਰਾਨ ਸ਼ਨਿੱਚਰਵਾਰ ਦੁਪਹਿਰ ਹੋਟਲ ਦਾ ਮਾਲਕ ਜਦੋਂ ਕੁਝ ਸਾਮਾਨ ਲੈਣ ਲਈ ਹੋਟਲ ਆਇਆ ਤਾਂ ਉਸਨੇ ਦੇਖਿਆ ਕਿ ਉਪਰ ਵਾਲਾ ਕਮਰਾ ਅੰਦਰੋਂ ਬੰਦ ਪਿਆ ਸੀ ਤੇ ਉਸਨੇ ਖਿੜਕੀ ’ਚੋਂ ਦੇਖਿਆ ਕਿ ਉਕਤ ਮਾਮੂ ਤੇ ਔਰਤ ਮਨਜੀਤ ਕੌਰ ਆਪਣੇ-ਆਪਣੇ ਬਿਸਤਰ ’ਤੇ ਬੇਹੋਸ਼ੀ ਦੀ ਹਾਲਤ ਵਿਚ ਪਏ ਸਨ।
ਇਸ ਬਾਰੇ ਤੁਰੰਤ ਉਨ੍ਹਾਂ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਨੌਜਵਾਨ ਤੇ ਔਰਤ ਦੇ ਪਰਿਵਾਰਾਂ ਦੀ ਮੌਜੂਦਗੀ 'ਚ ਕਮਰੇ ਦਾ ਦਰਵਾਜ਼ਾ ਤੋੜਿਆ ਤੇ ਅੰਦਰ ਜਾ ਕੇ ਦੇਖਿਆ ਕਿ ਨੌਜਵਾਨ ਤੇ ਔਰਤ ਦਮ ਤੋੜ ਚੁੱਕੇ ਸਨ। ਇਸ ਤੋਂ ਇਲਾਵਾ ਕਮਰੇ ਦੀਆਂ ਸਾਰੀਆਂ ਖਿੜਕੀਆਂ ਤੇ ਦਰਵਾਜ਼ੇ ਬੰਦ ਸਨ ਤੇ ਕਮਰੇ ਵਿਚ ਇਕ ਬੁਝੀ ਹੋਈ ਕੋਲੇ ਦੀ ਅੰਗੀਠੀ ਪਈ ਸੀ ਜਿਸ ਤੋਂ ਅੰਦਾਜ਼ਾ ਲਾਇਆ ਗਿਆ ਕਿ ਬੰਦ ਕਮਰੇ 'ਚ ਅੰਗੀਠੀ ਤੋਂ ਪੈਦਾ ਹੋਈ ਗੈਸ ਕਾਰਨ ਦਮ ਘੁੱਟਣ ਨਾਲ ਦੋਵਾਂ ਦੀ ਮੌਤ ਹੋਈ ਹੈ। ਏਐੱਸਆਈ ਬਲਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਅਨੁਸਾਰ ਕਾਰਵਾਈ ਕੀਤੀ ਗਈ ਹੈ।