'ਅਾਪ' ਨੇਤਾ ਭਗਵੰਤ ਮਾਨ ਨੇ ਕੀਤੀ ਸ਼ਰਾਬ ਤੋਂ ਤੌਬਾ, ਬੋਲੇ- ਮਾਂ ਕਸਮ, ਮੈਂ ਪੀਣੀ ਛੱਡ ਦਿੱਤੀ ਅੈ
Aap Rally In Punjab : ਮੈਂ ਬਾਦਲਾਂ ਕਾਂਗਰਸੀਆਂ ਅਤੇ ਭਾਜਪਾ ਵਾਲਿਆਂ ਦੀਆਂ ਅੱਖਾਂ 'ਚ ਬਹੁਤ ਰੜਕਦਾ ਹਾਂ।
Publish Date: Mon, 21 Jan 2019 11:33 AM (IST)
Updated Date: Mon, 21 Jan 2019 11:45 AM (IST)

ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ - 'ਮੈਂ ਪੰਜਾਬ ਖਾਤਰ ਸਦਾ ਲਈ ਸ਼ਰਾਬ ਦਾ ਫਾਹਾ ਵੱਢ ਦਿੱਤਾ ਹੈ। ਆਪਣੀ ਮਾਂ ਦੇ ਸਾਹਮਣੇ ਵਾਅਦਾ ਕਰਦਾ ਹਾਂ। ਅੱਜ ਤੋਂ ਤਨੋਂ, ਮਨੋਂ ਅਤੇ ਧਨੋਂ 24 ਘੰਟੇ ਪੰਜਾਬ ਦੀ ਸੇਵਾ 'ਚ ਰਹਾਂਗਾ'। ਆਮ ਆਦਮੀ ਪਾਰਟੀ ਵੱਲੋਂ ਬਰਨਾਲਾ ਵਿਖੇ ਆਪ ਦੀ ਵਿਸ਼ਾਲ ਰੈਲੀ ਦੌਰਾਨ ਪਾਰਟੀ ਦੇ ਮੈਂਬਰ ਪਾਰਲੀਮੈਂਟ ਤੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਐਲਾਨ ਕੀਤਾ ਤਾਂ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲੱਗੇ।ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ, ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਸਮੇਤ ਪੰਜਾਬ ਦੀਆਂ ਸਮੁੱਚੀ ਲੀਡਰਸ਼ਿਪ ਦੀ ਮੌਜੂਦਗੀ 'ਚ ਭਗਵੰਤ ਮਾਨ ਭਾਵੁਕ ਅੰਦਾਜ਼ 'ਚ ਕਿਹਾ, ''ਮੈਂ ਬਾਦਲਾਂ ਕਾਂਗਰਸੀਆਂ ਅਤੇ ਭਾਜਪਾ ਵਾਲਿਆਂ ਦੀਆਂ ਅੱਖਾਂ 'ਚ ਬਹੁਤ ਰੜਕਦਾ ਹਾਂ। ਮੇਰੇ ਖ਼ਿਲਾਫ਼ ਸਾਰੇ ਇਕੱਠੇ ਹੋ ਕੇ ਸਾਜ਼ਿਸ਼ਾਂ ਰਚਦੇ ਹਨ। ਪੁਰਾਣੀਆਂ ਵੀਡੀਓ ਕੱਢ-ਕੱਢ ਕੇ ਬਦਨਾਮ ਕਰਨ ਦੀ ਕੋਸ਼ਿਸ਼ਾਂ ਕਰਦੇ ਹਨ ਕਿ ਭਗਵੰਤ ਮਾਨ ਤਾਂ ਸ਼ਰਾਬ ਪੀਂਦਾ ਹੈ। ਭਗਵੰਤ ਮਾਨ ਨੇ ਕਿਹਾ, 'ਉਹ ਕਲਾਕਾਰ ਸੀ ਅਤੇ ਕਲਾਕਾਰਾਂ ਦੀਆਂ ਦੁਨੀਆਂ 'ਚ ਸ਼ਰਾਬ ਵਗੈਰਾ ਚਲਦੀ ਰਹਿੰਦੀ ਹੈ ਪਰ ਮੈਨੂੰ ਹਦੋਂ ਵੱਧ ਇਸ ਤਰ੍ਹਾਂ ਬਦਨਾਮ ਕੀਤਾ ਜਾਣ ਲੱਗਾ ਸੀ। ਮੈਂ ਇਸ ਗੱਲ 'ਚ ਨਹੀਂ ਪੈਣਾ ਚਾਹੁੰਦਾ ਕਿ ਇਨ੍ਹਾਂ ਨੂੰ ਪੁੱਛੇ ਕੀ ਤੁਸੀਂ ਨਹੀਂ ਪੀਂਦੇ।' ਹੁਣ ਜਦ ਮੇਰੀ ਮਾਂ ਨੇ ਟੀਵੀ 'ਤੇ ਇਹਨਾਂ ਨੂੰ ਮੇਰੀ ਬਦਨਾਮੀ ਕਰਦਿਆਂ ਸੁਣ ਕੇ ਕਿਹਾ, 'ਵੇ ਪੁੱਤ ! ਪੰਜਾਬ ਖ਼ਾਤਰ ਜਿੱਥੇ ਸਭ ਕੁੱਝ ਛੱਡੀ ਛਡਾਈ ਫਿਰਦਾ ਹਾਂ, ਉੱਥੇ ਦਾਰੂ ਦਾ ਵੀ ਫਾਹਾ ਵੱਢ ਪਰ੍ਹਾ।' ਮਾਂ ਦੇ ਇਨ੍ਹਾਂ ਸ਼ਬਦਾਂ ਨਾਲ ਮੈਂ ਇਰਾਦਾ ਪੱਕਾ ਕਰ ਲਿਆ ਕਿ ਦਾਰੂ ਦਾ ਸਦਾ ਲਈ ਫਾਹਾ ਵੱਢ ਦਿੱਤਾ ਜਾਵੇ ਤਾਂ ਕਿ ਇਨ੍ਹਾਂ ਕੋਲ ਮੈਨੂੰ ਅਤੇ ਮੇਰੀ ਪਾਰਟੀ ਨੂੰ ਬਦਨਾਮ ਕਰਨ ਦਾ ਕੋਈ ਮੌਕਾ ਨਾ ਮਿਲੇ। ਸੋ ਮੈਂ ਤੁਹਾਡੇ ਸਾਰਿਆਂ ਨਾਲ ਵਾਅਦਾ ਕਰਦਾ ਹਾਂ ਕਿ ਹੁਣ ਪੰਜਾਬ ਅਤੇ ਤੁਸੀਂ ਪੰਜਾਬ ਦੇ ਲੋਕ ਹੀ ਮੇਰੀ ਦਾਰੂ ਹੋ।
ਭਗਵੰਤ ਮਾਨ ਨੇ ਆਪਣੇ ਅੰਦਾਜ਼ 'ਚ ਕਿਹਾ ਕਿ ਜਦੋਂ ਸਵੇਰ ਦਾ ਭੁੱਲਿਆ ਸ਼ਾਮ ਤੱਕ ਵਾਪਸ ਮੁੜ ਆਵੇ ਤਾਂ ਭੁੱਲਿਆ ਨਹੀਂ ਕਹਿੰਦੇ, ਮੈਂ ਤਾਂ ਦੁਪਹਿਰੇ ਹੀ ਮੁੜ ਆਇਆ ਹਾਂ।
ਇਸ ਮੌਕੇ ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦਾ ਸਭ ਤੋਂ ਵੱਡਾ ਦੋਸ਼ੀ ਅਤੇ ਦਰਿੰਦਾ ਕਰਾਰ ਦਿੱਤਾ। ਭਗਵੰਤ ਮਾਨ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਅਤੇ ਭਾਜਪਾ ਦੇ ਵੱਡੇ ਲੀਡਰਾਂ ਨੇ ਦਿੱਲੀ 'ਚ ਬੈਠ ਕੇ ਮੇਰੇ ਅਤੇ ਆਮ ਆਦਮੀ ਪਾਰਟੀ ਖ਼ਿਲਾਫ਼ ਸਾਜ਼ਿਸ਼ਾਂ ਰਚੀਆਂ ਅਤੇ ਫ਼ੈਸਲਾ ਲਿਆ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਲੰਬੀ ਤੋਂ ਅਤੇ ਸੁਖਬੀਰ ਸਿੰਘ ਬਾਦਲ ਨੂੰ ਜਲਾਲਾਬਾਦ ਤੋਂ ਕਿਸੇ ਵੀ ਕੀਮਤ 'ਤੇ ਚੋਣ ਨਹੀਂ ਹਾਰਨ ਦੇਣੀ। ਇਸ ਸਾਜ਼ਿਸ਼ ਤਹਿਤ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਲੰਬੀ ਅਤੇ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਮੇਰੇ (ਮਾਨ) ਖ਼ਿਲਾਫ਼ ਜਲਾਲਾਬਾਦ ਤੋਂ ਕਾਂਗਰਸ ਦਾ ਉਮੀਦਵਾਰ ਬਣਾਇਆ ਅਤੇ ਮੈਨੂੰ ਮਿਲ ਕੇ ਹਰਾਇਆ।
ਭਗਵੰਤ ਮਾਨ ਨੇ ਮੇਰੇ ਸਮੇਤ ਪੂਰੇ ਪੰਜਾਬੀਆਂ ਦਾ ਦਿਲ ਜਿੱਤਿਆ- ਕੇਜਰੀਵਾਲ
ਭਗਵੰਤ ਮਾਨ ਦੇ ਸ਼ਰਾਬ ਛੱਡਣ ਦੇ ਐਲਾਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਨੇ ਪੰਜਾਬ ਖ਼ਾਤਰ ਆਪਣੇ ਆਪ ਨੂੰ 24 ਘੰਟੇ ਸਮਰਪਿਤ ਕਰ ਕੇ ਮੇਰੇ ਸਮੇਤ ਪੂਰੀ ਦੁਨੀਆ 'ਚ ਵੱਸਦੇ ਸਾਰੇ ਪੰਜਾਬੀਆਂ ਦਾ ਦਿਲ ਜਿੱਤ ਲਿਆ। ਕੇਜਰੀਵਾਲ ਨੇ ਭਗਵੰਤ ਮਾਨ ਨੂੰ ਪੰਜਾਬ ਦਾ ਇੱਕ ਬਹੁਤ ਵੱਡਾ ਨੇਤਾ ਦੱਸਦੇ ਹੋਏ ਕਿਹਾ ਕਿ ਨੇਤਾ ਏੇਦਾਂ ਦਾ ਹੀ ਹੋਣਾ ਚਾਹੀਦਾ ਹੈ ਜੋ ਆਪਣੇ ਪੰਜਾਬ, ਦੇਸ਼ ਅਤੇ ਲੋਕਾਂ ਲਈ ਸਭ ਕੁੱਝ ਕੁਰਬਾਨ ਕਰਨ ਦਾ ਮਾਦਾ ਰੱਖਦਾ ਹੋਵੇ। ਕੇਜਰੀਵਾਲ ਨੇ ਕਿਹਾ ਕਿ ਮੈਂ ਅੱਖੀਂ ਦੇਖਿਆ ਹੈ ਕਿ ਜਦ ਭਗਵੰਤ ਮਾਨ ਨੇ ਬਾਦਲ-ਕੈਪਟਨ ਸਮੇਤ ਸਾਰੀਆਂ ਪਾਰਟੀਆਂ ਅਤੇ ਉਨ੍ਹਾਂ ਦੇ ਆਗੂ ਨੂੰ ਹਿਲਾ ਕੇ ਰੱਖ ਦਿੱਤਾ ਸੀ। ਉਨ੍ਹਾਂ ਕਿਹਾ ਕਿ 2019 ਦੀਆਂ ਚੋਣਾਂ 'ਚ ਆਮ ਆਦਮੀ ਪਾਰਟੀ ਫਿਰ ਉਹੀ ਜਲਵਾ ਦਿਖਾਏਗੀ, ਕਿਉਂਕਿ ਇਹ ਚੋਣਾਂ ਭਗਵੰਤ ਮਾਨ ਦੀ ਅਗਵਾਈ 'ਚ ਲੜੀਆਂ ਜਾ ਰਹੀਆਂ ਹਨ ਅਤੇ ਉਹ 13 ਦੀਆਂ 13 ਸੀਟਾਂ 'ਤੇ ਪਹਿਲਾਂ ਵਾਂਗ ਧੂੰਆਂਧਾਰ ਪ੍ਰਚਾਰ ਕਰੇਗਾ।