ਗ੍ਰਿਫ਼ਤਾਰ ਕੀਤੇ ਗਏ ਜਸਵੀਰ ਸਿੰਘ ਉਰਫ਼ ਬਿੱਲਾ ਖਿਲਾਫ਼ ਬਰਨਾਲਾ ਵਿਖੇ ਪਹਿਲਾਂ ਵੀ ਦੋ ਮਾਮਲੇ ਦਰਜ ਹਨ ਅਤੇ ਲਖਵਿੰਦਰ ਸਿੰਘ ਉਰਫ਼ ਲੱਕੀ ਖਿਲਾਫ਼ ਪਹਿਲਾਂ ਵੀ ਥਾਣਾ ਸਿਟੀ ਰਾਮਪੁਰਾ ਵਿਖੇ ਇਕ ਮਾਮਲਾ ਦਰਜ ਹੈ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਤਪਾ ਮੰਡੀ ’ਚ ਲੁਟੇਰਿਆਂ ਦੇ ਆਤੰਕ ਤੋਂ ਤੰਗ ਆ ਵਪਾਰੀਆਂ ਨੇ ਸ਼ਹਿਰ ਬੰਦ ਕਰਕੇ ਅਗਰਵਾਲ ਧਰਮਸ਼ਾਲਾ ’ਚ ਇਕੋ ਮੰਚ ’ਤੇ ਵੱਡਾ ਇਕੱਠ ਰੱਖਦਿਆਂ ਬਰਨਾਲਾ ਪੁਲਿਸ ਖਿਲਾਫ਼ ਹਾਲੇ ਵਿਉਂਤਬੰਦੀ ਘੜੀ ਹੀ ਸੀ, ਕਿ ਬਰਨਾਲਾ ਪੁਲਿਸ ਨੇ ਅਧਿਕਾਰੀਆਂ ਨੇ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਦੀ ਹਾਜ਼ਰੀ ਵਪਾਰੀਆਂ ਨੂੰ 24 ਘੰਟਿਆਂ ਨੂੰ ਗ੍ਰਿਫ਼ਤਾਰ ਕਰਨ ਦਾ ਜੋ ਭਰੋਸਾ ਦਿੱਤਾ ਸੀ, ਉਸੇ ਭਰੋਸੇ ਨੂੰ ਕਾਇਮ ਰੱਖਣ ਲਈ ਜਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫਰਾਜ ਆਲਮ ਆਈਪੀਐਸ ਵੱਲੋਂ ਬਰਨਾਲਾ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਦਾ ਗਠਨ ਕਰ ਕੇ ਵੀਰਵਾਰ ਸੂਰਜ ਛਿਪਦਿਆਂ ਹੀ ਚੰਨ ਤਾਰੇ ਨਿਕਲਣ ਤੋਂ ਪਹਿਲਾਂ ਬਰਨਾਲਾ ਦੀ ਕਪਾਹ ਮੰਡੀ ’ਚ ਦੋ ਮੋਟਰਸਾਇਕਲਾਂ ’ਤੇ ਚਾਰ ਲੁਟੇਰਿਆਂ ਨੂੰ ਮੌਕੇ ’ਤੇ ਅਤੇ ਇਕ ਦੀ ਨਿਸ਼ਾਨਦੇਹੀ ’ਤੇ ਸਣੇ ਪੰਜਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਦੀ ਇਸ ਕਾਰਗੁਜਾਰੀ ’ਤੇ ਤਪਾ ਮੰਡੀ ਦੇ ਵਪਾਰੀ ਹੀ ਨਹੀਂ ਸਗੋਂ ਸਮੁਚੇ ਜਿਲ੍ਹੇ ਦੇ ਲੁਟੇਰਿਆਂ ਤੋਂ ਤੰਗ ਆਏ ਲੋਕਾਂ ਨੇ ਬਰਨਾਲਾ ਪੁਲਿਸ ਦਾ ਧੰਨਵਾਦ ਕੀਤਾ ਹੈ।
ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਮੁਹੰਮਦ ਸਰਫਰਾਜ ਆਲਮ ਆਈਪੀਐਸ ਨੇ ਸ਼ੁਕਰਵਾਰ ਨੂੰ ਕਾਨਫਰੰਸ ਦੌਰਾਨ ਖੁਲਾਸਾ ਕੀਤਾ ਕਿ ਬਰਨਾਲਾ ਪੁਲਿਸ ਵੱਲੋਂ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਪੀਪੀਐਸ ਅਸ਼ੋਕ ਕੁਮਾਰ ਦੀ ਅਗਵਾਈ ’ਚ ਉਪ ਕਪਤਾਨ ਪੁਲਿਸ ਡੀ ਬਰਨਾਲਾ ਰਾਜਿੰਦਰਪਾਲ ਸਿੰਘ, ਉਪ ਕਪਤਾਨ ਪੁਲਿਸ ਤਪਾ ਗੁਰਪ੍ਰੀਤ ਸਿੰਘ, ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ, ਥਾਣਾ ਸਿਟੀ 1 ਦੇ ਮੁਖ ਅਫ਼ਸਰ ਇੰਸਪੈਕਟਰ ਲਖਵਿੰਦਰ ਸਿੰਘ, ਬੱਸ ਸਟੈਂਡ ਚੌਂਕੀ ਇੰਚਾਰਜ ਗੁਰਸਿਮਰਨਜੀਤ ਸਿੰਘ ਦੀਆਂ ਟੀਮਾਂ ਵੱਲੋਂ ਮਿਲੀ ਮੁਖਬਰੀ ਤਹਿਤ ਜਿਉਂ ਹੀ ਲੁਟੇਰਿਆਂ ਨੂੰ ਦਬੋਚਣ ਲਈ ਕਪਾਹ ਮੰਡੀ ਬਰਨਾਲਾ ’ਚ ਦਸਤਕ ਦਿੱਤੀ। ਦੋ ਮੋਟਰਸਾਇਕਲਾਂ ’ਤੇ ਹੋਰ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਵਿਉਂਤਬੰਦੀ ਬਣਾ ਰਹੇ ਲੁਟੇਰਿਆਂ ਕੋਲ ਗਏ ਤਾਂ ਉਨ੍ਹਾਂ ਪੁਲਿਸ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਨ੍ਹਾਂ ’ਚੋਂ ਇਕ ਫਾਇਰ ਪੁਲਿਸ ਦੀ ਸਰਕਾਰੀ ਗੱਡੀ ’ਤੇ ਲੱਗਾ ਤਾਂ ਪੁਲਿਸ ਪਾਰਟੀ ਵੱਲੋਂ ਆਪਣਾ ਬਚਾਅ ਕਰਦੇ ਹੋਏ ਜਦ ਜਵਾਬੀ ਫਾਇਰ ਕੀਤੇ ਤਾਂ ਉਨ੍ਹਾਂ ’ਚੋਂ ਇਕ ਫਾਇਰ ਮਨਪ੍ਰੀਤ ਸਿੰਘ ਉਰਫ਼ ਮਨੀ ਦੀ ਖੱਬੀ ਲੱਤ ’ਤੇ ਲੱਗਿਆ, ਜਿਸਨੂੰ ਇਲਾਜ ਲਈ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ ਗਿਆ। ਉਕਤ ਦੋਸ਼ੀਆਂ ਖਿਲਾਫ਼ ਮੁਕੱਦਮਾ ਨੰ.599, ਵੱਖ ਵੱਖ ਧਾਰਾਵਾਂ ਤਹਿਤ ਸਿਟੀ ਬਰਨਾਲਾ ’ਚ ਦਰਜ ਕੀਤਾ ਗਿਆ ਹੈ।
ਬਰਨਾਲਾ ਪੁਲਿਸ ਵੱਲੋਂ ਪਹਿਲਾਂ ਕੀਤੀਆਂ ਗਈਆਂ ਵਾਰਦਾਤਾਂ ’ਚ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਨ੍ਹਾਂ ’ਚ ਮਨਪ੍ਰੀਤ ਸਿੰਘ ਉਰਫ਼ ਮਨੀ ਪੁੱਤਰ ਸੱਤਪਾਲ ਸਿੰਘ ਵਾਸੀ ਗਾਂਧੀ ਨਗਰ ਗਲੀ ਨੰ.8, ਨੇੜੇ ਰਾਮ ਬਾਗ ਰਾਮਪੁਰਾ, ਦੂਜਾ ਜਸਵੀਰ ਸਿੰਘ ਪੁੱਤਰ ਲਾਲ ਸਿੰਘ ਵਾਸੀ ਰਾਏਕੋਟ ਰੋਡ ਬਰਨਾਲਾ, ਤੀਸਰਾ ਲਖਵਿੰਦਰ ਸਿੰਘ ਉਰਫ਼ ਲੱਕੀ ਪੁੱਤਰ ਸੱਤਪਾਲ ਸਿੰਘ ਵਾਸੀ ਗਾਂਧੀ ਨਗਰ ਗਲੀ ਨੰ.5 ਰਾਮਪੁਰਾ, ਚੌਥਾ ਸੰਦੀਪ ਸਿੰਘ ਉਰਫ਼ ਟਿੰਮੀ ਪੁੱਤਰ ਭੋਲਾ ਸਿੰਘ ਵਾਸੀ ਠੁੱਲੀਵਾਲ ਹਾਲ ਅਬਾਦ ਗਲੀ ਨੰ.3 ਢਿੱਲੋਂ ਨਗਰ ਬਰਨਾਲਾ, ਪੰਜਵਾਂ ਦਿਨੇਸ਼ ਬਾਂਸਲ ਪੁੱਤਰ ਬਚਨ ਲਾਲ ਵਾਸੀ ਕੇਸੀ ਰੋਡ ਬਰਨਾਲਾ। ਗ੍ਰਿਫ਼ਤਾਰ ਕੀਤੇ ਗਏ ਪੰਜ ਜਣਿਆਂ ’ਚੋਂ ਦੋ ਜਣੇ ਰਾਮਪੁਰਾ ਜਿਲ੍ਹਾ ਬਠਿੰਡਾ ਅਤੇ ਬਾਕੀ ਤਿੰਨ ਬਰਨਾਲਾ ਨਾਲ ਸਬੰਧਤ ਹਨ। ਇਨ੍ਹਾਂ ਵੱਲੋਂ 9 ਦਸੰਬਰ ਨੂੰ ਰਾਮਪੁਰੇ ਕਬਾੜੀਏ ਤੋਂ 2300 ਰੁਪਏ ਖੋਹੇ ਸੀ, 11 ਦਸੰਬਰ ਨੂੰ ਗਿੱਲ ਰੋਡ ਤੋਂ ਸਬਜੀ ਵਾਲੇ ਤੋਂ ਖੋਹ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, 14 ਦਸੰਬਰ ਨੂੰ ਦਾਣਾ ਮੰਡੀ ਬਰਨਾਲਾ ਤੋਂ ਇਕ ਅਧਿਆਪਕ ਤੋਂ 7400 ਰੁਪਏ ਦੀ ਖੋਹ ਕੀਤੀ ਗਈ ਸੀ,ਇਸੇ ਦਿਨ ਹੀ 14 ਦਸੰਬਰ ਨੂੰ ਸੈਨੇਟਰੀ ਇੰਸਪੈਕਟਰ ਤੋਂ ਛੇ ਹਜਾਰ ਰੁਪਏ ਦੀ ਖੋਹ ਕੀਤੀ ਗਈ ਸੀ ਅਤੇ ਪਿਛਲੇ ਦਿਨੀਂ ਤਪਾ ਮੰਡੀ ਤੋਂ ਇਕ ਮੋਬਾਇਲ ਫੋਨ ਅਤੇ 900 ਰੁਪਏ ਨਗਦ ਰਾਸ਼ੀ ਖੋਹ ਕੀਤੀ ਸੀ। ਇਸੇ ਤਰ੍ਹਾਂ ਹੀ ਤਪਾ ਸ਼ਹਿਰ ਤੋਂ ਇਕ ਮਹਾਜਨ ਦੀ ਰੇਕੀ ਮੋਬਾਇਲ ਫੋਨ ਖੋਹ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸਤੋਂ ਤੰਗ ਪਰੇਸ਼ਾਨ ਹੋ ਕੇ ਹੀ ਤਪਾ ਦੇ ਵਪਾਰੀਆਂ ਨੇ ਰੋਸ ਪ੍ਰਦਰਸ਼ਨ ਕੀਤਾ ਸੀ।
ਗ੍ਰਿਫ਼ਤਾਰ ਕੀਤੇ ਗਏ ਜਸਵੀਰ ਸਿੰਘ ਉਰਫ਼ ਬਿੱਲਾ ਖਿਲਾਫ਼ ਬਰਨਾਲਾ ਵਿਖੇ ਪਹਿਲਾਂ ਵੀ ਦੋ ਮਾਮਲੇ ਦਰਜ ਹਨ ਅਤੇ ਲਖਵਿੰਦਰ ਸਿੰਘ ਉਰਫ਼ ਲੱਕੀ ਖਿਲਾਫ਼ ਪਹਿਲਾਂ ਵੀ ਥਾਣਾ ਸਿਟੀ ਰਾਮਪੁਰਾ ਵਿਖੇ ਇਕ ਮਾਮਲਾ ਦਰਜ ਹੈ।
ਗ੍ਰਿਫ਼ਤਾਰ ਕੀਤੇ ਦੋਸ਼ੀਆਂ ਦੀ ਪੁੱਛਗਿੱਛ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਨ੍ਹਾਂ ਵੱਲੋਂ ਅਗਵਾ ਤੇ ਹੋਰ ਵੱਡੀ ਲੁੱਟ ਖੋਹ ਕਰਨ ਦੀ ਯੋਜਨਾ ਸੀ, ਬਰਨਾਲਾ ਪੁਲਿਸ ਨੇ ਇਨ੍ਹਾਂ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਹੋਰ ਘਟਨਾਵਾਂ ਨੂੰ ਰੋਕਣ ’ਚ ਸਫਲ ਹੋਈ ਹੈ।