ਉਸ ਦੇ ਪੁਰਖਿਆਂ ਨੇ ਊਨਾ ਨੇੜੇ ਬਨਗੜ੍ਹ ਰਿਆਸਤ 'ਤੇ ਰਾਜ ਕੀਤਾ ਸੀ, ਰਾਣਾ ਬਨਗੜ੍ਹ ਰਿਆਸਤ ਦੇ ਰਾਜਾ ਕੰਵਰ ਸ਼ੇਰਬਹਾਦਰ ਦਾ ਪੋਤਾ ਤੇ ਰਾਜੀਵ ਕੰਵਰ ਦਾ ਪੁੱਤਰ ਸੀ। ਜ਼ਿਕਰਯੋਗ ਹੈ ਕਿ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਆਪਣੇ ਘਰ ’ਚ 13 ਮਹੀਨੇ, 13 ਦਿਨ ਤੇ 13 ਪਲਾਂ ਤੱਕ ਪਧਾਰੇ ਸਨ।

ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਮੋਹਾਲੀ ’ਚ ਕਬੱਡੀ ਕੱਪ ਦੌਰਾਨ ਹੋਈ ਅੰਨ੍ਹੇਵਾਹ ਗੋਲ਼ੀਬਾਰੀ ਨੇ ਨਾ-ਸਿਰਫ਼ ਹੋਣਹਾਰ ਕਬੱਡੀ ਖਿਡਾਰੀ ਦੀ ਜਾਨ ਲੈ ਲਈ, ਸਗੋਂ ਹਿਮਾਚਲ-ਪੰਜਾਬ ਸਰਹੱਦ ਦੇ ਸ਼ਾਹੀ ਇਤਿਹਾਸ ਨੂੰ ਵੀ ਖ਼ੂਨ ਨਾਲ ਰੰਗ ਦਿੱਤਾ। ਰਾਣਾ ਬਲਾਚੌਰੀਆ ਕੋਈ ਆਮ ਨਾਮ ਨਹੀਂ ਸੀ। ਉਸ ਦੇ ਪੁਰਖਿਆਂ ਨੇ ਊਨਾ ਨੇੜੇ ਬਨਗੜ੍ਹ ਰਿਆਸਤ 'ਤੇ ਰਾਜ ਕੀਤਾ ਸੀ, ਰਾਣਾ ਬਨਗੜ੍ਹ ਰਿਆਸਤ ਦੇ ਰਾਜਾ ਕੰਵਰ ਸ਼ੇਰਬਹਾਦਰ ਦਾ ਪੋਤਾ ਤੇ ਰਾਜੀਵ ਕੰਵਰ ਦਾ ਪੁੱਤਰ ਸੀ। ਜ਼ਿਕਰਯੋਗ ਹੈ ਕਿ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਆਪਣੇ ਘਰ ’ਚ 13 ਮਹੀਨੇ, 13 ਦਿਨ ਤੇ 13 ਪਲਾਂ ਤੱਕ ਪਧਾਰੇ ਸਨ। ਇਹ ਓਹੀ ਸਥਾਨ ਸੀ ਜਿੱਥੇ ਗੁਰੂ ਸਾਹਿਬ ਨੇ 100 ਸਾਖੀਆਂ ਲਿਖੀਆਂ ਸਨ, ਜਿਨ੍ਹਾਂ ਨੂੰ ਸਿੱਖ ਭਾਈਚਾਰਾ ਸ਼ਰਧਾ ਨਾਲ ਚੌਪਈ ਸਾਹਿਬ ਦੇ ਰੂਪ ’ਚ ਪੜ੍ਹਦਾ ਹੈ। ਉਹ ਸਥਾਨ ਜਿੱਥੇ ਗੁਰੂ ਸਾਹਿਬ ਠਹਿਰੇ ਸਨ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਰਾਣਾ ਦੇ ਪੂਰਵਜ ਰਾਜਾ ਰਤਨ ਚੰਦ ਨੇ ਭੇਟ ਕੀਤਾ ਸੀ। ਅੱਜ, ਓਹੀ ਸਥਾਨ ਇਤਿਹਾਸਕ ਗੁਰਦੁਆਰਾ ਬਿਭੌਰ ਸਾਹਿਬ ਵਜੋਂ ਸੰਸਾਰ ਵਿਚ ਪ੍ਰਸਿੱਧ ਹੈ।
ਸ਼ਾਨਦਾਰ ਵਿਰਾਸਤ ਦਾ ਵਾਰਸ ਹੋਇਆ ਗੋਲ਼ੀਬਾਰੀ ਦਾ ਸ਼ਿਕਾਰ : ਕੰਵਰ ਦਿਗਵਿਜੇ ਸਿੰਘ ਰਾਣਾ ਬਲਾਚੌਰੀਆ ਨੇ ਜ਼ਿੰਦਗੀ ਇਕ ਪਹਿਲਵਾਨ ਵਜੋਂ ਸ਼ੁਰੂ ਕੀਤੀ ਸੀ ਤੇ ਫਿਰ ਖ਼ੁਦ ਨੂੰ ਕਬੱਡੀ ਦੇ ਖੇਤਰ ’ਚ ਸਥਾਪਤ ਕੀਤਾ। ਉਹ ਸਿਰਫ਼ ਖਿਡਾਰੀ ਨਹੀਂ ਸੀ, ਸਗੋਂ ਨੌਜਵਾਨਾਂ ਨੂੰ ਅੱਗੇ ਵਧਾਉਣ ਦੇ ਨਜ਼ਰੀਏ ਵਾਲਾ ਆਗੂ ਸੀ। ਉਸ ਨੇ ਟੀਮਾਂ ਬਣਾਈਆਂ, ਟੂਰਨਾਮੈਂਟਾਂ ਨੂੰ ਉਤਸ਼ਾਹਤ ਕੀਤਾ ਤੇ ਖੇਡ ਨੂੰ ਕਰੀਅਰ ਵਜੋਂ ਸਥਾਪਤ ਕਰਨ ਲਈ ਯਤਨਸ਼ੀਲ ਰਿਹਾ। ਦੇਹਰਾਦੂਨ ’ਚ 6 ਦਸੰਬਰ ਨੂੰ ਉਸ ਦਾ ਵਿਆਹ ਹੋਇਆ। ਵਿਆਹ ਨੂੰ ਸਿਰਫ਼ 11 ਦਿਨ ਹੀ ਹੋਏ ਸਨ, ਜਦੋਂ ਮੌਤ ਨੇ ਉਸ ਦੀ ਦੁਲਹਨ ਦੇ ਮੱਥੇ ਤੋਂ ਸਿੰਦੂਰ ਖੋਹ ਲਿਆ। ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਉਸ ਦੇ ਵਿਆਹ ਦੇ 11ਵੇਂ ਦਿਨ ਮੌਤ ਉਸ ਦੇ ਦਰਵਾਜ਼ੇ 'ਤੇ ਇੰਝ ਦਸਤਕ ਦੇਵੇਗੀ। ਦੋਸਤਾਂ ਮੁਤਾਬਕ ਇਕ ਅਮੀਰ ਪਰਿਵਾਰ ਤੋਂ ਹੋਣ ਦੇ ਬਾਵਜੂਦ ਰਾਣਾ ਬਹੁਤ ਸਾਦਾ ਸੋਚ ਵਾਲਾ ਸੀ ਤੇ ਹਮੇਸ਼ਾ ਦੋਸਤਾਂ ਲਈ ਖੜ੍ਹਾ ਰਹਿੰਦਾ ਸੀ। ਕੋਵਿਡ-19 ਮਹਾਂਮਾਰੀ ਦੌਰਾਨ ਲੋੜਵੰਦਾਂ ਨੂੰ ਰਾਸ਼ਨ ਤੇ ਦਵਾਈਆਂ ਪਹੁੰਚਾਉਣਾ ਉਸ ਦਾ ਰੋਜ਼ਾਨਾ ਦਾ ਕੰਮ ਸੀ। ਉਹ ਸ਼ਾਕਾਹਾਰੀ ਸੀ, ਸ਼ਰਾਬ ਤੋਂ ਪਰਹੇਜ਼ ਕਰਦਾ ਸੀ ਤੇ ਮਨੁੱਖੀ ਕਦਰਾਂ-ਕੀਮਤਾਂ ਵਿਚ ਵਿਸ਼ਵਾਸ ਰੱਖਦਾ ਸੀ।
ਸਿਸਮਟ ਲਈ ਚਿਤਾਵਨੀ ਹੈ ਕਤਲ : ਇਹ ਮਾਮਲਾ ਸਿਰਫ਼ ਕਤਲ ਦਾ ਨਹੀਂ ਹੈ, ਸਗੋਂ ਪੰਜਾਬ ਦੀ ਕਾਨੂੰਨ-ਵਿਵਸਥਾ ਦੀ ਸਥਿਤੀ 'ਤੇ ਵੱਡਾ ਸਵਾਲੀਆ ਨਿਸ਼ਾਨ ਹੈ। ਇਹ ਸਿਸਟਮ ਲਈ ਚਿਤਾਵਨੀ ਹੈ ਕਿ ਜੇ ਵੇਲੇ ਸਿਰ ਸਖ਼ਤ ਕਾਰਵਾਈ ਨਾ ਕੀਤੀ ਗਈ, ਤਾਂ ਅਜਿਹੀਆਂ ਘਟਨਾਵਾਂ ਦੁਬਾਰਾ ਵਾਪਰ ਸਕਦੀਆਂ ਨੇ। ਰਾਣਾ ਬਲਾਚੌਰੀਆ ਨੂੰ ਸ਼ਰਧਾਂਜਲੀਆਂ ਦੀ ਨਹੀਂ, ਇਨਸਾਫ਼ ਦੀ ਲੋੜ ਹੈ। ਇਹ ਆਵਾਜ਼ ਉਦੋਂ ਤੱਕ ਉੱਠਦੀ ਰਹੇਗੀ ਜਦੋਂ ਤੱਕ ਕਾਤਲਾਂ ਨੂੰ ਸਲਾਖਾਂ ਪਿੱਛੇ ਨਹੀਂ ਸੁੱਟਿਆ ਜਾਂਦਾ।