SAD ਨੇ 24 ਨਵੰਬਰ ਨੂੰ ਬੁਲਾਈ ਕੋਰ ਕਮੇਟੀ ਦੀ ਮੀਟਿੰਗ, ਚੰਡੀਗੜ੍ਹ ਮਾਮਲੇ 'ਚ ਚੀਮਾ ਨੇ ਕਿਹਾ- ਕੇਂਦਰ ਸਰਕਾਰ ਪੰਜਾਬ ਨਾਲ ਕਰ ਰਹੀ ਧੱਕਾ
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਉਸ ਸਮੇਂ ਪੰਜਾਬ ਨਾਲ ਧੱਕਾ ਕਰਨ ਜਾ ਰਹੀ ਹੈ ਜਦੋਂ ਸਾਰਾ ਦੇਸ਼ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਮਨਾ ਰਹੀ ਹੈ। ਵੱਖ-ਵੱਖ ਥਾਂਵਾਂ ਤੋਂ ਨਗਰ ਕੀਰਤਨ ਨਿਕਲ ਰਹੇ ਹਨ।
Publish Date: Sun, 23 Nov 2025 04:18 PM (IST)
Updated Date: Sun, 23 Nov 2025 04:40 PM (IST)

ਲਖਵੀਰ ਖਾਬੜਾ,ਪੰਜਾਬੀ ਜਾਗਰਣ,ਰੂਪਨਗਰ: ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ‘ਤੇ ਪੂਰੀ ਤਰ੍ਹਾਂ ਆਪਣੇ ਹਵਾਲੇ ਕਰਨ ਲਈ ਸੰਵਿਧਾਨ ਦੀ ਧਾਰਾ 240 ਵਿਚ ਸੋਧ ਕਰਨ ਲਈ 131ਵਾਂ ਸੋਧ ਬਿਲ ਲਿਆਉਣ ਦੇ ਮਾਮਲੇ ਨੂੰ ਲੈ ਕੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਰੂਪਨਗਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨਾਲ ਵੱਡਾ ਧੱਕਾ ਤੇ ਬੇਇਨਸਾਫੀ ਕਰ ਰਹੀ ਹੈ ਜਿਸ ਨੂੰ ਪੰਜਾਬ ਦੇ ਲੋਕ ਕਦੇ ਵੀ ਬਰਦਾਸ਼ਤ ਨਹੀ ਕਰਨਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਕੋਰ ਕਮੇਟੀ ਦੀ 24 ਨਵੰਬਰ ਨੂੰ ਚੰਡੀਗੜ੍ਹ ਵਿਖੇ 2 ਵਜੇ ਐਮਰਜੈਸੀ ਮੀਟਿੰਗ ਬੁਲਾਈ ਗਈ ਹੈ, ਜਿਸ ਵਿਚ ਪਾਰਟੀ ਕੇਂਦਰ ਦੀ ਇਸ ਕਾਰਵਾਈ ਨੂੰ ਰੋਕਣ ਲਈ ਵਿਊਂਤਬੰਦੀ ਬਣਾਏਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਉਸ ਸਮੇਂ ਪੰਜਾਬ ਨਾਲ ਧੱਕਾ ਕਰਨ ਜਾ ਰਹੀ ਹੈ ਜਦੋਂ ਸਾਰਾ ਦੇਸ਼ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਮਨਾ ਰਹੀ ਹੈ। ਵੱਖ-ਵੱਖ ਥਾਂਵਾਂ ਤੋਂ ਨਗਰ ਕੀਰਤਨ ਨਿਕਲ ਰਹੇ ਹਨ। ਸੰਗਤਾਂ ਸ਼ਰਧਾ ਭਾਵਨਾਂ ਨਾਲ ਸ਼ਹੀਦੀ ਦਿਹਾੜਾ ਮਨਾ ਰਹੀ ਹੈ। । ਪੰਜਾਬ ਦੇ ਲੋਕਾਂ ਨੂੰ ਤਾਂ ਕੇਂਦਰ ਸਰਕਾਰ ਤੋਂ ਉਮੀਦ ਸੀ ਕਿ ਇਸ ਦਿਹਾੜੇ ‘ਤੇ ਪੰਜਾਬ ਨੂੰ ਕੁਝ ਨਵਾਂ ਦੇਵੇਗੀ ਪਰ ਇਹ ਤਾਂ ਜੱਗੋ ਤੇਰਵੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ 32 ਪਿੰਡ ਉਜਾੜ ਕੇ ਚੰਡੀਗੜ੍ਹ ਵਸਾਇਆ ਸੀ ਹੁਣ ਪੰਜਾਬ ਤੋਂ ਹੀ ਖੋਹਣ ਲੱਗੇ ਹਨ। ਜਿਸ ਨੂੰ ਪੰਜਾਬ ਦੇ ਲੋਕ ਕਦੇ ਵੀ ਬਰਦਾਸ਼ਤ ਨਹੀ ਕਰਨਗੇ।