ਦਰਦਨਾਕ ਹਾਸਦਾ: ਰੇਲਵੇ ਫਾਟਕ ਪਾਰ ਕਰਦੇ ਵਿਅਕਤੀ ਦੀ ਮੌਤ, ਕਾਰਨ ਜਾਣ ਕੇ ਉੱਡ ਜਾਣਗੇ ਹੋਸ਼
ਮਾਰੇ ਗਏ ਵਿਅਕਤੀ ਦੀ ਉਮਰ ਲਗਪਗ 30-35 ਸਾਲ ਹੈ ਅਤੇ ਉਸ ਦੇ ਕੋਲੋਂ ਇਕ ਮੋਬਾਈਲ ਫੋਨ ਵੀ ਮਿਲਿਆ ਹੈ। ਜਿਸ ਦਾ ਲਾਕ ਖੋਲ੍ਹਣ ਦੀ ਕੋਸ਼ਿਸ਼ ਜੀਆਰਪੀ ਵੱਲੋਂ ਕੀਤੀ ਗਈ, ਪਰ ਸਫਲਤਾ ਨਹੀਂ ਮਿਲੀ ਤੇ ਮੋਬਾਈਲ ਚੰਡੀਗੜ੍ਹ ਭੇਜਿਆ ਗਿਆ ਹੈ। ਲਾਕ ਖੁਲ੍ਹਣ 'ਤੇ ਮਾਰੇ ਗਏ ਵਿਅਕਤੀ ਦੀ ਪਛਾਣ ਹੋਣ ਦੀ ਉਮੀਦ ਹੈ।
Publish Date: Thu, 04 Dec 2025 11:07 AM (IST)
Updated Date: Thu, 04 Dec 2025 11:14 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰੂਪਨਗਰ : ਰੂਪਨਗਰ ਰੇਲਵੇ ਸਟੇਸ਼ਨ ਦੇ ਨਾਲ ਲੱਗਦੇ ਰੇਲਵੇ ਫਾਟਕ 'ਤੇ ਮੰਗਲਵਾਰ ਦੇਰ ਰਾਤ ਇਕ ਪ੍ਰਾਈਵੇਟ ਕੰਪਨੀ ਦੀ ਬੱਸ ਦੀ ਲਪੇਟ ਵਿਚ ਆਉਣ ਕਾਰਨ ਇਕ ਪੈਦਲ ਚੱਲ ਰਹੇ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸੇ ਮਾਲ ਗੱਡੀ ਦੀ ਕ੍ਰਾਸਿੰਗ ਕਾਰਨ ਰੇਲਵੇ ਫਾਟਕ ਬੰਦ ਕੀਤਾ ਗਿਆ ਸੀ, ਜਿਸ ਕਾਰਨ ਫਾਟਕ ਦੇ ਦੋਹਾਂ ਪਾਸੇ ਵਾਹਨਾਂ ਦੀਆਂ ਲਾਈਨਾਂ ਲੱਗ ਗਈਆਂ। ਜਦੋਂ ਫਾਟਕ ਖੁਲ੍ਹਿਆ ਤਾਂ ਹਰ ਕੋਈ ਇਕ ਦੂਜੇ ਤੋਂ ਪਹਿਲਾਂ ਨਿਕਲਣ ਦੀ ਕੋਸ਼ਿਸ਼ ਕਰਨ ਲੱਗਾ, ਜਿਸ ਵਿਚ ਵਾਹਨ ਚਾਲਕਾਂ, ਖਾਸ ਕਰਕੇ ਸਵਾਰੀ ਬੱਸਾਂ ਦੀ ਜਲਦੀ, ਇਸ ਹਾਦਸੇ ਦਾ ਮੁੱਖ ਕਾਰਨ ਬਣੀ।
ਜਦੋਂ ਇਹ ਹਾਦਸਾ ਵਾਪਰਿਆ, ਉਸ ਵੇਲੇ ਬਹੁਤ ਸਾਰੇ ਦੋਪਹੀਆ ਵਾਹਨ ਚਾਲਕਾਂ ਦੇ ਨਾਲ-ਨਾਲ ਕਈ ਲੋਕ ਪੈਦਲ ਫਾਟਕ ਪਾਰ ਕਰ ਰਹੇ ਸਨ। ਇਕੱਠੀ ਹੋਈ ਭੀੜ ਦੇ ਅਨੁਸਾਰ ਪੈਦਲ ਫਾਟਕ ਪਾਰ ਕਰਦਾ ਵਿਅਕਤੀ ਅਚਾਨਕ ਰੇਲਵੇ ਟ੍ਰੈਕ ਨੇੜੇ ਡਿੱਗ ਗਿਆ। ਕੁਝ ਲੋਕਾਂ ਅਨੁਸਾਰ ਵਿਅਕਤੀ ਕਿਸੇ ਦੋਪਹੀਆ ਵਾਹਨ ਦੀ ਸਾਈਡ ਲੱਗਣ ਕਾਰਨ ਫਾਟਕ ਵਿਚਕਾਰ ਸੜਕ 'ਤੇ ਡਿੱਗ ਗਿਆ, ਜਿਸ ਦੇ ਡਿੱਗਦੇ ਹੀ ਫਾਟਕ ਪਾਰ ਕਰ ਰਹੀ ਇਕ ਪ੍ਰਾਈਵੇਟ ਕੰਪਨੀ ਦੀ ਬੱਸ ਨੇ ਉਸ ਨੂੰ ਕੁਚਲ ਦਿੱਤਾ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਹਾਦਸੇ ਦੀ ਜਾਣਕਾਰੀ ਮਿਲਦੇ ਹੀ ਰੂਪਨਗਰ ਰੇਲਵੇ ਸਟੇਸ਼ਨ 'ਤੇ ਤੈਨਾਤ ਰੇਲਵੇ ਪੁਲਿਸ ਇੰਚਾਰਜ ਸੁਗਰੀਵ ਚੰਦ ਰਾਣਾ ਅਤੇ ਉਨ੍ਹਾਂ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਅਣਜਾਣ ਵਿਅਕਤੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈਂਦਿਆਂ ਸਿਵਿਲ ਹਸਪਤਾਲ ਦੇ ਮੁਰਦਾ ਘਰ ਵਿਚ ਭੇਜ ਦਿੱਤਾ। ਵਿਅਕਤੀ ਨੂੰ ਕੁਚਲਣ ਵਾਲੀ ਪ੍ਰਾਈਵੇਟ ਕੰਪਨੀ ਦੀ ਬੱਸ ਪੀਬੀ-10 ਐੱਚਜੇ-5283 ਨੂੰ ਆਪਣੇ ਕਬਜ਼ੇ ਵਿਚ ਲੈਂਦਿਆਂ ਬੱਸ ਦੇ ਚਾਲਕ ਬਲਜਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਸ਼ੰਕਰ ਜ਼ਿਲ੍ਹਾ ਲੁਧਿਆਣਾ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਾਰੇ ਗਏ ਵਿਅਕਤੀ ਦੀ ਉਮਰ ਲਗਪਗ 30-35 ਸਾਲ ਹੈ ਅਤੇ ਉਸ ਦੇ ਕੋਲੋਂ ਇਕ ਮੋਬਾਈਲ ਫੋਨ ਵੀ ਮਿਲਿਆ ਹੈ। ਜਿਸ ਦਾ ਲਾਕ ਖੋਲ੍ਹਣ ਦੀ ਕੋਸ਼ਿਸ਼ ਜੀਆਰਪੀ ਵੱਲੋਂ ਕੀਤੀ ਗਈ, ਪਰ ਸਫਲਤਾ ਨਹੀਂ ਮਿਲੀ ਤੇ ਮੋਬਾਈਲ ਚੰਡੀਗੜ੍ਹ ਭੇਜਿਆ ਗਿਆ ਹੈ। ਲਾਕ ਖੁਲ੍ਹਣ 'ਤੇ ਮਾਰੇ ਗਏ ਵਿਅਕਤੀ ਦੀ ਪਛਾਣ ਹੋਣ ਦੀ ਉਮੀਦ ਹੈ।