ਇਸ ਮਾਮਲੇ 'ਤੇ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਕਮੇਟੀ ਦੇ ਮੈਂਬਰ ਦਲਜੀਤ ਸਿੰਘ ਭਿੰਡਰ ਨੇ ਤਿੱਖਾ ਰਵੱਈਆ ਅਖ਼ਤਿਆਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਸ਼ਹੀਦੀ ਸ਼ਤਾਬਦੀ ਨੂੰ ਆਪਣੀ ਪਬਲਿਸਿਟੀ ਦਾ ਮੰਚ ਬਣਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਹੈ।

ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਉਨ੍ਹਾਂ ਮੱਤਭੇਦਾਂ ਤੇ ਤਣਾਅ ਦੇ ਮਾਹੌਲ ’ਚ ਸਮਾਪਤ ਹੋਈ, ਜੋ ਸ਼ੁਰੂ ਤੋਂ ਹੀ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਵਿਚਕਾਰ ਚੱਲ ਰਹੇ ਸਨ। ਧਾਰਮਿਕ ਸਮਾਗਮਾਂ ’ਚ ਸਰਕਾਰੀ ਦਖ਼ਲ ਅੰਦਾਜ਼ੀ 'ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸਖ਼ਤ ਵਿਰੋਧ ਜਤਾਇਆ ਗਿਆ ਸੀ। ਦੋਵੇਂ ਆਗੂਆਂ ਨੇ ਕਿਹਾ ਸੀ ਕਿ ਧਾਰਮਿਕ ਸਮਾਗਮ ਕਰਨਾ ਪੰਥ ਦਾ ਕੰਮ ਹੈ, ਸਰਕਾਰ ਦਾ ਨਹੀਂ।
ਇਸ ਮਾਮਲੇ 'ਤੇ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਕਮੇਟੀ ਦੇ ਮੈਂਬਰ ਦਲਜੀਤ ਸਿੰਘ ਭਿੰਡਰ ਨੇ ਤਿੱਖਾ ਰਵੱਈਆ ਅਖ਼ਤਿਆਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਸ਼ਹੀਦੀ ਸ਼ਤਾਬਦੀ ਨੂੰ ਆਪਣੀ ਪਬਲਿਸਿਟੀ ਦਾ ਮੰਚ ਬਣਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਹੈ। ਧਰਮ 'ਚ ਦਖ਼ਲ ਅੰਦਾਜ਼ੀ ਕਰ ਕੇ ਸਰਕਾਰ ਨੇ ਉਹ ਕੰਮ ਕੀਤਾ ਹੈ। ਜਿਸ ਨੂੰ ਸਿੱਖ ਪੰਥ ਕਦੇ ਬਰਦਾਸ਼ਤ ਨਹੀਂ ਕਰਦਾ। ਉਨ੍ਹਾਂ ਆਪਣਾ ਫ਼ੈਸਲਾ ਸਪੱਸ਼ਟ ਕਰ ਦਿੱਤਾ ਕਿ ਸਿੱਖ ਕੌਮ ਨੂੰ ਉਨ੍ਹਾਂ ਦੇ ਧਰਮ ’ਚ ਦਖ਼ਲ ਅੰਦਾਜ਼ੀ ਉਨ੍ਹਾਂ ਨੂੰ ਮਨਜ਼ੂਰ ਨਹੀਂ। ਜਥੇਦਾਰ ਭਿੰਡਰ ਨੇ ਕਿਹਾ ਕਿ ਸ਼ੁਰੂ ਤੋਂ ਹੀ ਤਖ਼ਤ ਸਾਹਿਬਾਨ ਵੱਲੋਂ ਇਹ ਕਿਹਾ ਗਿਆ ਸੀ ਕਿ ਸਰਕਾਰ ਆਨੰਦਪੁਰ ਸਾਹਿਬ ਆਉਣ ਵਾਲੇ ਮਾਰਗਾਂ ਦੀ ਬਦਹਾਲ ਹਾਲਤ ਸੁਧਾਰੇ, ਗਲੀਆਂ-ਨਾਲੀਆਂ ਨੂੰ ਠੀਕ ਕਰੇ, ਸ਼ਹਿਰ ’ਚ ਸਫਾਈ ਕਰਵਾਏ ਅਤੇ ਸਿਰਫ਼ ਪ੍ਰਬੰਧਕ ਭੂਮਿਕਾ ਨਿਭਾਏ ਪਰ ਸਰਕਾਰ ਵੱਲੋਂ ਆਪਣੀ ਜਿੱਦ ’ਤੇ ਰਹਿੰਦੇ ਧਾਰਮਿਕ ਨਗਰ ਕੀਰਤਨ ਤੇ ਹੋਰ ਪ੍ਰੋਗਰਾਮ ਖ਼ੁਦ ਕਰਵਾਉਣ ਦਾ ਫ਼ੈਸਲਾ ਲਿਆ ਗਿਆ। ਸ਼ਹਿਰ ’ਚ ਵੱਡੇ ਸਪੀਕਰ ਲਗਾ ਕੇ ਗੁਰਬਾਣੀ ਦੇ ਨਾਲ ਸਰਕਾਰੀ ਪ੍ਰਾਪਤੀਆਂ ਚਲਾਈਆਂ ਗਈਆਂ, ਜਿਸ 'ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੇ ਸਖ਼ਤ ਇਤਰਾਜ ਕਰ ਕੇ ਇਹ ਸਪੀਕਰ ਬੰਦ ਕਰਵਾਏ।
ਇਸ ਤਰ੍ਹਾਂ ਦੇ ਹਾਲਾਤ 'ਤੇ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲ ਨੇ ਵੀ ਖੁੱਲ੍ਹ ਕੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਸਰਕਾਰ ਨੇ ਸ਼ਹੀਦੀ ਸ਼ਤਾਬਦੀ ਨੂੰ ਧਾਰਮਿਕ ਮਰਿਆਦਾ ਤੋਂ ਹਟਾ ਕੇ ਸ਼ੋਅਬਾਜ਼ੀ ਦਾ ਸਰਕਾਰੀ ਮੇਲਾ ਬਣਾਉਣਾ ਚਾਹਿਆ ਪਰ ਸੰਗਤ ਨੇ ਸਾਫ਼ ਕਰ ਦਿੱਤਾ ਹੈ ਕਿ ਧਰਮ ਨੂੰ ਵੋਟਾਂ ਦੀ ਖੇਡ ਨਹੀਂ ਬਣਨ ਦਿਆਂਗੇ। ਉਨ੍ਹਾ ਕਿਹਾ ਸੰਗਤ ਸਰਕਾਰੀ ਟੈਂਟਾਂ ਤੋਂ ਦੂਰ ਰਹੀ ਤੇ ਸ਼੍ਰੋਮਣੀ ਕਮੇਟੀ ਦੇ ਪ੍ਰੋਗਰਾਮਾਂ ’ਚ ਸ਼ਮੂਲੀਅਤ ਕਰ ਕੇ ਪੰਥਕ ਪੱਖ ਨੂੰ ਮਜ਼ਬੂਤ ਕੀਤਾ। ਭਾਈ ਚਾਵਲਾ ਨੇ ਕਿਹਾ ਕਿ ਸਰਕਾਰ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਇਕ ਕਰੋੜ ਦੇ ਕਰੀਬ ਸੰਗਤ ਪਹੁੰਚੇਗੀ, ਪੁਲਿਸ ਨੇ 50 ਲੱਖ ਦਾ ਅੰਦਾਜ਼ਾ ਦੱਸਿਆ, ਪਰ ਜਦੋਂ ਕਰੋੜਾਂ ਰੁਪਏ ਖਰਚ ਕੇ ਬਣਾਈ ਟੈਂਟ ਸਿਟੀ, ਟਰਾਲੀ ਸਿਟੀ ਤੇ ਈ–ਰਿਕਸ਼ੇ ਸੁੰਨੇ ਪਏ ਰਹੇ ਤਾਂ ਇਹ ਸਾਰੇ ਦਾਅਵੇ ਕਾਗਜ਼ੀ ਸਾਬਤ ਹੋਏ। ਉਨ੍ਹਾਂ ਕਿਹਾ ਸਰਕਾਰੀ ਨਗਰ ਕੀਰਤਨ ਤੇ ਗੁਰਮਤਿ ਸਮਾਗਮਾਂ ’ਚ ਵੀ ਸੰਗਤ ਨੇ ਸ਼ਿਰਕਤ ਨਹੀਂ ਕੀਤੀ। ਭਾਈ ਚਾਵਲਾ ਨੇ ਕਿਹਾ ਕਿ ਸ਼ਹੀਦੀ ਸ਼ਤਾਬਦੀ ਮੌਕੇ ਵਿਸ਼ੇਸ਼ ਵਿਧਾਨ ਸਭਾ ਸ਼ੈਸ਼ਨ ਲਈ ਵੀ ਵੱਡੀ ਰਕਮ ਖਰਚ ਕੀਤੀ ਗਈ, ਪਰ ਜਦੋਂ ਕੇਵਲ ਅਨੰਦਪੁਰ ਸਾਹਿਬ ਨੂੰ ਧਾਰਮਿਕ ਸ਼ਹਿਰ ਦਾ ਦਰਜਾ ਦੇ ਕੇ ਸੈਸ਼ਨ ਖਤਮ ਕਰ ਦਿੱਤਾ ਗਿਆ, ਇਸ 'ਤੇ ਲੋਕਾਂ ਨੇ ਨਾਰਾਜ਼ਗੀ ਜਤਾਈ। ਸੰਗਤ ਵੱਲੋਂ ਇਹ ਵੀ ਇਤਰਾਜ਼ ਕੀਤਾ ਗਿਆ ਕਿ ਵਿਧਾਨ ਸਭਾ ਦੌਰਾਨ ਬਹੁਤ ਸਾਰੇ ਮੈਂਬਰਾਂ ਨੇ ਸਿਰ ਨਹੀਂ ਢੱਕੇ। ਇਹ ਮੰਗ ਵੀ ਪ੍ਰਬਲ ਰਿਹਾ ਕਿ ਜੇਕਰ ਸ਼ਹੀਦੀ ਸ਼ਤਾਬਦੀ ਨਾਲ ਜੋੜ ਕੇ ਵਿਧਾਨ ਸਭਾ ਬੁਲਾਈ ਗਈ ਸੀ ਤਾਂ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਚੁੱਕਣਾ ਲਾਜ਼ਮੀ ਸੀ, ਪਰ ਇਸ ਵੱਲ ਧਿਆਨ ਨਹੀਂ ਦਿੱਤਾ ਗਿਆ।
ਭਾਈ ਚਾਵਲਾ ਨੇ ਕਿਹਾ ਕਿ 23 ਤੋਂ 25 ਨਵੰਬਰ ਤੱਕ ਮੁੱਖ ਮੰਤਰੀ ਭਗਵੰਤ ਮਾਨ, ਅਰਵਿੰਦ ਕੇਜਰੀਵਾਲ ਤੇ ਕੈਬਨਿਟ ਦੀ ਹਾਜ਼ਰੀ ਦੌਰਾਨ ਪੁਲਿਸ ਵੱਲੋਂ ਬੇਲੋੜੀ ਸਖ਼ਤੀ ਕੀਤੀ ਗਈ। ਸ਼ਹਿਰ ਵਿੱਚ ਨਾਕਿਆਂ ਕਾਰਨ ਲੋਕਾਂ ਨੂੰ ਆਪਣੇ ਘਰ ਜਾਣ ਵਿਚ ਵੀ ਦਿੱਕਤ ਆਈ ਅਤੇ ਸ਼ਹਿਰ ਕਰਫਿਊ ਵਰਗੇ ਮਾਹੌਲ ਵਿਚ ਤਬਦੀਲ ਹੋ ਗਿਆ, ਜਿਸ ਕਾਰਨ ਲੋਕਾਂ ਦਾ ਗੁੱਸਾ ਵਧਿਆ।
ਉਨ੍ਹਾਂ ਕਿਹਾ ਸਰਕਾਰੀ ਸਮਾਗਮਾਂ ਤੋਂ ਦੂਰ ਰਹਿ ਕੇ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰੋਗਰਾਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈ ਕੇ ਸੰਗਤਾਂ ਨੇ ਦੱਸ ਦਿੱਤਾ ਕਿ ਧਾਰਮਿਕ ਸਮਾਗਮਾਂ ਵਿਚ ਸਰਕਾਰ ਦੀ ਦਖਲਅੰਦਾਜ਼ੀ ਮਨਜ਼ੂਰ ਨਹੀਂ। ਦੋਵਾਂ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੇ ਸਿਰਮੋਰ ਜਥੇਬੰਦੀ ਹੈ ’ਤੇ ਇਸ ਵੱਲੋਂ ਉਲੀਕੇ ਗਏ ਨਗਰ ਕੀਰਤਨ ਵਿਚ ਸੰਗਤਾਂ ਨੇ ਬੇਹੱਦ ਭਰਵੀਂ ਸ਼ਮੂਲੀਅਤ ਦੇ ਕੇ ਦਰਸਾ ਦਿੱਤਾ ਕਿ ਉਨ੍ਹਾਂ ਨੂੰ ਪੰਥ ਪਿਆਰਾ ਹੈ ਸਰਕਾਰਾਂ ਦੀ ਦਖ਼ਲ ਅੰਦਾਜ਼ੀ ਬਰਦਾਸ਼ਤ ਨਹੀਂ।