ਉਨ੍ਹਾਂ ਦੱਸਿਆ ਕਿ ਜਦੋਂ ਉਹ ਦਿੱਲੀ ਏਅਰਪੋਰਟ ਤੋਂ ਬੱਚੇ ਦੀ ਲਾਸ਼ ਲੈ ਕੇ ਰੂਪਨਗਰ ਦੇ ਸਰਕਾਰੀ ਹਸਪਤਾਲ ਵਿਖੇ ਪਹੁੰਚੇ ਤਾਂ ਡਿਊਟੀ ’ਤੇ ਮੌਜੂਦ ਡਾ.ਭੱਟੀ ਨੇ ਆਪਣੇ ਅਧਿਕਾਰੀਆਂ ਨਾਲ ਗੱਲ ਕਰਨ ਤੋਂ ਬਾਅਦ ਲਾਸ਼ ਰੱਖਣ ਤੋਂ ਮਨ੍ਹਾ ਕਰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਕੋਲ ਕੋਈ ਵੀ ਪ੍ਰੋਵੀਜ਼ਨ ਨਹੀਂ ਹੈ ਤੇ ਉਹ ਲਾਸ਼ ਨਹੀਂ ਰੱਖ ਸਕਦੇ। ਇੱਥੋਂ ਤੱਕ ਕਿ ਉਸ ਮੌਕੇ ’ਤੇ ਐੱਸਡੀਐਮ ਰੂਪਨਗਰ ਵੱਲੋਂ ਵੀ ਹਸਪਤਾਲ ਦੇ ਅਫਸਰਾਂ ਨੂੰ ਲਾਸ਼ ਰੱਖਣ ਬਾਰੇ ਬੇਨਤੀ ਕੀਤੀ ਗਈ ਪ੍ਰੰਤੂ ਉਨ੍ਹਾਂ ਦੀ ਵੀ ਨਹੀਂ ਸੁਣੀ ਗਈ।
ਸਟਾਫ ਰਿਪੋਰਟਰ,ਪੰਜਾਬੀ ਜਾਗਰਣ,ਰੂਪਨਗਰ: ਰੂਪਨਗਰ ਵਿਖੇ ਸਰਕਾਰੀ ਹਸਪਤਾਲ ਵੱਲੋਂ ਇੱਕ ਦਲਿਤ ਬੱਚੇ ਦੀ ਲਾਸ਼ ਹਸਪਤਾਲ ਦੇ ਮੁਰਦਾ ਘਰ ’ਚ ਰੱਖਣ ਤੋਂ ਇਨਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਟੂ ਆਗੂ ਕਾਮਰੇਡ ਗੁਰਦੇਵ ਸਿੰਘ ਬਾਗੀ ਤੇ ਕਿਸਾਨ ਆਗੂ ਕਾਮਰੇਡ ਪਵਨ ਕੁਮਾਰ ਸਰਪੰਚ ਚੱਕ ਕਰਮਾਂ ਨੇ ਦੱਸਿਆ ਕਿ 15 ਨਵੰਬਰ ਨੂੰ ਰਾਤ ਦੇ ਲਗਭਗ 10-11 ਵਜੇ ਨਜ਼ਦੀਕੀ ਪਿੰਡ ਪੁਰਖਾਲੀ ਦੇ ਵਸਨੀਕ ਗੋਲਡੀ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਲ ਆਪਣੇ ਬੱਚੇ ਦੀ ਲਾਸ਼ ਸਰਕਾਰੀ ਹਸਪਤਾਲ ਦੇ ਮੁਰਦਾ ਘਰ ਚ ਰੱਖਣ ਲਈ ਆਏ ਸਨ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਬੱਚੇ ਦੀ ਪਿਛਲੇ ਦਿਨੀਂ ਇਟਲੀ ’ਚ ਇਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਹਸਪਤਾਲ ਦੇ ਡਾਕਟਰਾਂ ਵਲੋਂ ਉਕਤ ਬੱਚੇ ਦੀ ਲਾਸ਼ ਹਸਪਤਾਲ ਦੇ ਮੁਰਦਾ ਘਰ ’ਚ ਰੱਖਣ ਤੋਂ ਮਨ੍ਹਾ ਕਰ ਦਿੱਤਾ ਗਿਆ, ਜਦੋਂ ਕਿ ਉਹ ਲਾਸ਼ ਨੂੰ ਮੁਰਦਾ ਘਰ ’ਚ ਇੱਕ ਰਾਤ ਲਈ ਰੱਖਣ ਸਬੰਧੀ ਹਸਪਤਾਲ ਦੇ ਡਾਕਟਰਾਂ ਨਾਲ ਗੱਲਬਾਤ ਕਰਕੇ ਲਾਸ਼ ਲੈਣ ਲਈ ਦਿੱਲੀ ਏਅਰਪੋਰਟ ਗਏ ਸਨ। ਉਨ੍ਹਾਂ ਦੱਸਿਆ ਕਿ ਜਦੋਂ ਉਹ ਦਿੱਲੀ ਏਅਰਪੋਰਟ ਤੋਂ ਬੱਚੇ ਦੀ ਲਾਸ਼ ਲੈ ਕੇ ਰੂਪਨਗਰ ਦੇ ਸਰਕਾਰੀ ਹਸਪਤਾਲ ਵਿਖੇ ਪਹੁੰਚੇ ਤਾਂ ਡਿਊਟੀ ’ਤੇ ਮੌਜੂਦ ਡਾ.ਭੱਟੀ ਨੇ ਆਪਣੇ ਅਧਿਕਾਰੀਆਂ ਨਾਲ ਗੱਲ ਕਰਨ ਤੋਂ ਬਾਅਦ ਲਾਸ਼ ਰੱਖਣ ਤੋਂ ਮਨ੍ਹਾ ਕਰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਕੋਲ ਕੋਈ ਵੀ ਪ੍ਰੋਵੀਜ਼ਨ ਨਹੀਂ ਹੈ ਤੇ ਉਹ ਲਾਸ਼ ਨਹੀਂ ਰੱਖ ਸਕਦੇ। ਇੱਥੋਂ ਤੱਕ ਕਿ ਉਸ ਮੌਕੇ ’ਤੇ ਐੱਸਡੀਐਮ ਰੂਪਨਗਰ ਵੱਲੋਂ ਵੀ ਹਸਪਤਾਲ ਦੇ ਅਫਸਰਾਂ ਨੂੰ ਲਾਸ਼ ਰੱਖਣ ਬਾਰੇ ਬੇਨਤੀ ਕੀਤੀ ਗਈ ਪ੍ਰੰਤੂ ਉਨ੍ਹਾਂ ਦੀ ਵੀ ਨਹੀਂ ਸੁਣੀ ਗਈ।
ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਐੱਸਸੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਦੇ ਕਹਿਣ ਦੇ ਬਾਵਜੂਦ ਵੀ ਸਰਕਾਰੀ ਹਸਪਤਾਲ ਦੇ ਅਫਸਰਾਂ ਨੇ ਇੱਕ ਦਲਿਤ ਬੱਚੇ ਦੀ ਲਾਸ਼ ਰੱਖਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਹਸਪਤਾਲ ਦੇ ਡਾਕਟਰਾਂ ਦੀ ਇਹ ਸੋਚ ਇਨਸਾਨੀਅਤ ਦੇ ਮੱਥੇ ’ਤੇ ਕਲੰਕ ਹੈ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਪੰਜਾਬ ਅਤੇ ਸਿਹਤ ਮੰਤਰੀ ਪੰਜਾਬ ਤੇ ਐੱਸਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਦੇ ਧਿਆਨ ਵਿਚ ਲਿਆਉਣਾ ਚਾਹੁੰਦੇ ਹਾਂ ਕਿ ਹਸਪਤਾਲਾਂ ਵਿਚ ਗਰੀਬ ਲੋਕਾਂ ਨਾਲ ਧੱਕਾ ਹੋ ਰਿਹਾ ਹੈ ਅਤੇ ਕੋਈ ਸੁਣਵਾਈ ਵੀ ਨਹੀਂ ਹੋ ਰਹੀ।
ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਮ੍ਰਿਤਕ ਬੱਚੇ ਦੇ ਪਰਿਵਾਰ ਨਾਲ ਹਮਦਰਦੀ ਦਾ ਵਰਤਾਓ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੁਤਾਹੀ ਵਰਤਣ ਵਾਲੇ ਅਫ਼ਸਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਭਵਿੱਖ ਵਿਚ ਅਜਿਹੀ ਘਟਨਾ ਨਾ ਵਾਪਰੇ ਦੇ ਲਈ ਪ੍ਰਸ਼ਾਸਨ ਨੂੰ ਸਖ਼ਤ ਤੇ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਅਜਿਹੇ ਅਫ਼ਸਰਾਂ ਦੀ ਘਟੀਆ ਸੋਚ ਕਾਰਨ ਪੰਜਾਬ ਸਰਕਾਰ ਨੂੰ ਵੀ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਮੇਰੇ ’ਤੇ ਲਗਾਏ ਜਾ ਰਹੇ ਇਲਜ਼ਾਮ ਗਲਤ:ਡਾ.ਭੱਟੀ
ਇਸ ਸਬੰਧੀ ਈਐੱਮਓ ਸਿਵਲ ਹਸਪਤਾਲ ਰੂਪਨਗਰ ਡਾ.ਯੁਵਰਾਜ ਸਿੰਘ ਭੱਟੀ ਨੇ ਉਨ੍ਹਾਂ ’ਤੇ ਲਗਾਏ ਜਾ ਰਹੇ ਇਲਜ਼ਾਮਾਂ ਨੂੰ ਗਲਤ ਠਹਿਰਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਲਾਸ਼ ਰੱਖਣ ਸਬੰਧੀ ਉੱਚ ਅਧਿਕਾਰੀਆਂ ਵੱਲੋਂ ਕੋਈ ਵੀ ਨਿਰਦੇਸ਼ ਨਹੀਂ ਸਨ। ਉਨ੍ਹਾਂ ਕਿਹਾ ਕਿ ਜਿਸ ਸਮੇਂ ਉਕਤ ਪਰਿਵਾਰ ਲਾਸ਼ ਰੱਖਣ ਲਈ ਉਨ੍ਹਾਂ ਕੋਲ ਐਮਰਜੈਂਸੀ ਵਿਖੇ ਪਹੁੰਚਿਆ ਤਾਂ ਉਹ ਨੂਰਪੁਰਬੇਦੀ ਇਲਾਕੇ ਤੋਂ ਇੱਕ ਹਾਦਸੇ ’ਚ ਜ਼ਖਮੀ ਦੋ ਨੌਜਵਾਨਾਂ ਦਾ ਵੀ ਇਲਾਜ ਕਰ ਰਹੇ ਸਨ।
ਇਸ ਦੇ ਬਾਵਜੂਦ ਉਨ੍ਹਾਂ ਨੇ ਉਕਤ ਪਰਿਵਾਰ ਦੇ ਮੈਂਬਰਾਂ ਨਾਲ ਬਹੁਤ ਹੀ ਸਲੀਕੇ ਨਾਲ ਗੱਲਬਾਤ ਕੀਤੀ ਪ੍ਰੰਤੂ ਉਕਤ ਪਰਿਵਾਰ ਦੇ ਮੈਂਬਰਾਂ ਨੇ ਹਸਪਤਾਲ ਵਿਚ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਲਗਾਏ ਜਾ ਰਹੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ।