ਸ੍ਰੀ ਅਨੰਦਪੁਰ ਸਾਹਿਬ, ਜਿਸਨੂੰ ਸਿੱਖ ਧਰਮ ਦੇ ਇਤਿਹਾਸ ਵਿੱਚ ਸ਼ਰਧਾ ਅਤੇ ਸ਼ਾਨ ਨਾਲ ਯਾਦ ਕੀਤਾ ਜਾਂਦਾ ਹੈ, ਆਪਣੀ ਧਾਰਮਿਕ ਮਹਾਨਤਾ ਅਤੇ ਇਤਿਹਾਸਕ ਸੰਦਰਭ ਕਾਰਨ ਵਿਸ਼ਵ-ਪੱਧਰ ‘ਤੇ ਮਸ਼ਹੂਰ ਹੈ। ਇਹ ਸ਼ਹਿਰ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਮੁੱਲ ਲੈ ਕੇ ਵਸਾਇਆ ਗਿਆ ਸੀ ਅਤੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਪੰਜ ਪਿਆਰਿਆਂ ਦੀ ਸਾਜਨਾ ਕਰਕੇ ਖਾਲਸਾ ਪੰਥ ਦੀ ਬੁਨਿਆਦ ਰੱਖੀ। ਖਾਲਸਾ ਪੰਥ ਨੇ ਨਾ ਸਿਰਫ ਸਿੱਖ ਧਰਮ ਦੀ ਸ਼ਾਨ ਵਧਾਈ, ਸਗੋਂ ਦੇਸ਼ ਦੀ ਧਾਰਾ ਵੀ ਬਦਲ ਦਿੱਤੀ।
ਸ੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀ ਚਰਚਾ ਇਕ ਵਾਰ ਫਿਰ ਜ਼ੋਰਾਂ ’ਤੇ ਹੈ। ਇਹ ਵਿਸ਼ਾ ਨਵਾਂ ਨਹੀਂ, ਪਰ ਹਾਲੀਆ ਦਿਨਾਂ ਵਿੱਚ ਸਿਆਸੀ ਤੇ ਸਮਾਜਕ ਵਰਗਾਂ ਵੱਲੋਂ ਇਸ ਮਾਮਲੇ ਨੂੰ ਫਿਰ ਚਰਚਾ ਵਿੱਚ ਲਿਆਉਣ ਨਾਲ ਇਲਾਕੇ ਦੇ ਲੋਕਾਂ ਵਿੱਚ ਨਵੀਆਂ ਉਮੀਦਾਂ ਜਾਗ ਪਈਆਂ ਹਨ। ਇਤਿਹਾਸਕ ਤੇ ਆਧਿਆਤਮਿਕ ਪੱਖੋਂ ਮਹੱਤਵ ਰੱਖਣ ਵਾਲਾ ਸ੍ਰੀ ਅਨੰਦਪੁਰ ਸਾਹਿਬ ਸਿੱਖ ਧਰਮ ਦਾ ਅਹਿਮ ਕੇਂਦਰ ਹੈ। ਇੱਥੇ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਇੱਥੇ ਦਰਸ਼ਨ ਕਰਨ ਆਉਂਦੇ ਹਨ। ਲੋਕਾਂ ਦਾ ਮੰਨਣਾ ਹੈ ਕਿ ਜੇਕਰ ਇਸ ਪਵਿੱਤਰ ਧਰਤੀ ਨੂੰ ਜ਼ਿਲ੍ਹਾ ਦਾ ਦਰਜਾ ਮਿਲ ਜਾਂਦਾ ਹੈ ਤਾਂ ਇਲਾਕੇ ਦਾ ਵਿਕਾਸ ਨਵੀਂ ਉਚਾਈਆਂ ਨੂੰ ਛੂਹੇਗਾ। ਨੌਜਵਾਨਾਂ ਅਤੇ ਸਮਾਜ ਸੇਵਕਾਂ ਦਾ ਕਹਿਣਾ ਹੈ ਕਿ ਜਿਲਾ ਬਣਾਉਣ ਨਾਲ ਇੱਥੇ ਰੋਜ਼ਗਾਰ ਦੇ ਮੌਕੇ ਵਧਣਗੇ, ਸਿੱਖਿਆ ਤੇ ਸਿਹਤ ਸੰਬੰਧੀ ਸਹੂਲਤਾਂ ਦਾ ਵਿਸਥਾਰ ਹੋਵੇਗਾ ਅਤੇ ਲੋਕਾਂ ਨੂੰ ਪ੍ਰਸ਼ਾਸਨਿਕ ਕੰਮਾਂ ਲਈ ਰੂਪਨਗਰ ਜਾਂ ਕਿਸੇ ਹੋਰ ਜਿਲ੍ਹੇ ਜਾਣ ਦੀ ਲੋੜ ਨਹੀਂ ਰਹੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਜਿਲਾ ਬਣਨ ਨਾਲ ਆਵਾਜਾਈ ਦੇ ਸਾਧਨਾਂ ਵਿੱਚ ਸੁਧਾਰ ਆਵੇਗਾ ਅਤੇ ਸਰਕਾਰੀ ਵਿਭਾਗਾਂ ਦੇ ਦਫ਼ਤਰ ਨੇੜੇ ਹੋਣ ਨਾਲ ਆਮ ਨਾਗਰਿਕਾਂ ਨੂੰ ਬਹੁਤ ਸਹੂਲਤ ਰਹੇਗੀ। ਪੇਸ਼ ਹੈ ਇਸ ਸਬੰਧੀ ਸ੍ਰੀ ਅਨੰਦਪੁਰ ਸਾਹਿਬ ਤੋਂ ਸੁਰਿੰਦਰ ਸਿੰਘ ਸੋਨੀ ਦੀ ਇਹ ਵਿਸ਼ੇਸ਼ ਰਿਪੋਰਟ
ਸ੍ਰੀ ਅਨੰਦਪੁਰ ਸਾਹਿਬ, ਜਿਸਨੂੰ ਸਿੱਖ ਧਰਮ ਦੇ ਇਤਿਹਾਸ ਵਿੱਚ ਸ਼ਰਧਾ ਅਤੇ ਸ਼ਾਨ ਨਾਲ ਯਾਦ ਕੀਤਾ ਜਾਂਦਾ ਹੈ, ਆਪਣੀ ਧਾਰਮਿਕ ਮਹਾਨਤਾ ਅਤੇ ਇਤਿਹਾਸਕ ਸੰਦਰਭ ਕਾਰਨ ਵਿਸ਼ਵ-ਪੱਧਰ ‘ਤੇ ਮਸ਼ਹੂਰ ਹੈ। ਇਹ ਸ਼ਹਿਰ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਮੁੱਲ ਲੈ ਕੇ ਵਸਾਇਆ ਗਿਆ ਸੀ ਅਤੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਪੰਜ ਪਿਆਰਿਆਂ ਦੀ ਸਾਜਨਾ ਕਰਕੇ ਖਾਲਸਾ ਪੰਥ ਦੀ ਬੁਨਿਆਦ ਰੱਖੀ। ਖਾਲਸਾ ਪੰਥ ਨੇ ਨਾ ਸਿਰਫ ਸਿੱਖ ਧਰਮ ਦੀ ਸ਼ਾਨ ਵਧਾਈ, ਸਗੋਂ ਦੇਸ਼ ਦੀ ਧਾਰਾ ਵੀ ਬਦਲ ਦਿੱਤੀ।
ਇਹ ਹੀ ਉਹ ਪਾਵਨ ਧਰਤੀ ਹੈ ਜਿੱਥੇ ਕਸ਼ਮੀਰ ਤੋਂ ਆ ਕੇ ਕਸ਼ਮੀਰੀ ਪੰਡਤਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਕੋਲ ਪ੍ਰਾਰਥਨਾ ਕੀਤੀ ਕਿ ਉਨ੍ਹਾਂ ਦੇ ਧਰਮ ਦੀ ਰੱਖਿਆ ਕੀਤੀ ਜਾਵੇ ਤੇ ਗੁਰੂ ਸਾਹਿਬ ਨੇ ਆਪਣਾ ਬਲਿਦਾਨ ਦੇ ਕੇ ਉਨ੍ਹਾਂ ਦੀ ਰੱਖਿਆ ਕੀਤੀ। ਇਸ ਪਵਿੱਤਰ ਧਰਤੀ ਤੇ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦਾ ਜਨਮ ਹੋਇਆ ਅਤੇ ਆਪਣੇ ਜੀਵਨ ਦੇ ਮਹੱਤਵਪੂਰਨ ਸਾਲ ਬਤੀਤ ਕੀਤੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕੁੱਲ 42 ਸਾਲ ਦੀ ਉਮਰ ਵਿੱਚੋਂ ਲਗਭਗ 32 ਸਾਲ ਇੱਥੇ ਬਿਤਾਏ। ਇਹ ਮਹਾਨ ਧਾਰਮਿਕ ਅਤੇ ਇਤਿਹਾਸਕ ਕਾਰਨ ਹਨ ਕਿ ਅਨੰਦਪੁਰ ਸਾਹਿਬ ਸਿੱਖ ਧਰਮ ਦੇ ਨੈਤਿਕ, ਆਤਮਿਕ ਅਤੇ ਸੈਲਾਨੀ ਕੇਂਦਰ ਵਜੋਂ ਵਿਸ਼ਵ ਪੱਧਰ ‘ਤੇ ਜਾਣਿਆ ਜਾਂਦਾ ਹੈ।
ਹਰ ਸਾਲ ਇੱਥੇ ਹੋਲਾ ਮਹੱਲਾ ਮਨਾਇਆ ਜਾਂਦਾ ਹੈ, ਜਿਸ ਵਿੱਚ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਹਾਜ਼ਰੀ ਭਰਦੇ ਹਨ। ਇਸ ਮਹੱਤਵਪੂਰਨ ਸਮਾਗਮ ਵਿੱਚ ਖਾਸ ਕਰਕੇ ਖਾਲਸਾਈ ਜਾਹੋ ਜਲਾਲ ਦੇ ਖੁੱਲੇ ਦੀਦਾਰ ਹੁੰਦੇ ਹਨ । ਇੱਥੋਂ ਸਿਰਫ 15 ਕਿ.ਮੀ. ਦੂਰੀ ‘ਤੇ ਮਾਤਾ ਨੈਣਾ ਦੇਵੀ ਮੰਦਰ ਹੈ, ਜੋ ਹਿੰਦੂ ਧਰਮ ਦਾ ਪ੍ਰਸਿੱਧ ਸ਼ਕਤੀ ਪੀਠ ਹੈ ਅਤੇ ਹਜ਼ਾਰਾਂ ਯਾਤਰੀ ਮੇਲੇ ਦੌਰਾਨ ਮੱਥਾ ਟੇਕਣ ਆਉਂਦੇ ਹਨ।
ਛੋਟਾ ਸ਼ਹਿਰ, ਵੱਡੀਆਂ ਮੁਸ਼ਕਲਾਂ
ਇਹ ਸ਼ਹਿਰ ਸਿਰਫ 13 ਵਾਰਡਾਂ ਵਿੱਚ ਸਿਮਟਿਆ ਹੋਇਆ ਹੈ, ਕੇਵਲ 12 ਹਜਾਰ ਦੇ ਕਰੀਬ ਵੋਟਾਂ ਹਨ, ਘੱਟ ਆਬਾਦੀ ਵਾਲਾ ਹੈ ਤੇ ਇੱਥੇ ਬਹੁਤ ਸਾਰੀਆਂ ਬੁਨਿਆਦੀ ਸਮੱਸਿਆਵਾਂ ਵੀ ਹਨ। ਚੰਗਰ ਦੇ ਇਲਾਕੇ ਵਿੱਚ ਪਾਣੀ ਦੀ ਕਮੀ ਇੱਥੇ ਦੀ ਸਭ ਤੋਂ ਵੱਡੀ ਸਮੱਸਿਆ ਹੈ। ਲੋਕ ਅੱਜ ਵੀ ਬਰਸਾਤਾਂ ਦੇ ਪਾਣੀ ਨੂੰ ਸਟੋਰ ਕਰਕੇ ਆਪਣੀਆਂ ਜਾਨਵਰਾਂ ਅਤੇ ਰੋਜ਼ਮਰਾ ਦੀਆਂ ਜਰੂਰਤਾਂ ਲਈ ਵਰਤਦੇ ਹਨ। ਇੱਥੇ ਕੋਈ ਵੱਡਾ ਹਸਪਤਾਲ ਨਹੀਂ ਹੈ, ਜਿਸ ਕਾਰਨ ਮਰੀਜ਼ਾਂ ਨੂੰ ਚੰਡੀਗੜ੍ਹ , ਪੀਜੀਆਈ ਤੱਕ ਗੇੜੇ ਮਾਰਨੇ ਪੈਂਦੇ ਹਨ । ਕਈ ਵਾਰ ਇਥੋਂ ਰੈਫਰ ਕੀਤੇ ਮਰੀਜ਼ ਰਸਤੇ ਵਿੱਚ ਹੀ ਦਮ ਤੋੜ ਦਿੰਦੇ ਹਨ। ਸਿੱਖਿਆ ਦੇ ਮੌਕੇ ਵੀ ਸੀਮਿਤ ਹਨ, ਜਿਸ ਕਾਰਨ ਬੱਚਿਆਂ ਨੂੰ ਚੰਡੀਗੜ੍ਹ, ਦਿੱਲੀ ਜਾਂ ਹੋਰ ਸ਼ਹਿਰਾਂ ਵਿਚ ਪੜ੍ਹਾਈ ਕਰਨ ਲਈ ਜਾਣਾ ਪੈਂਦਾ ਹੈ। ਨੌਜਵਾਨਾਂ ਲਈ ਨੌਕਰੀਆਂ ਅਤੇ ਆਰਥਿਕ ਮੌਕੇ ਘੱਟ ਹਨ। ਜਿਸ ਕਾਰਨ ਇੱਥੋਂ ਦੇ ਨੌਜਵਾਨ ਨਾਲ ਲੱਗਦੇ ਹਿਮਾਚਲ ਅਤੇ ਹੋਰ ਕਈ ਸੂਬਿਆਂ ਵਿੱਚ ਰੁਜ਼ਗਾਰ ਦੀ ਖਾਤਰ ਜਾਂਦੇ ਹਨ ।
ਜ਼ਿਲ੍ਹਾ ਬਣਾਉਣ ਦੀ ਲੋੜ ਅਤੇ ਫਾਇਦੇ
ਉਪਰੋਕਤ ਸਾਰੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਸਥਾਨਕ ਲੋਕਾਂ ਦੀ ਲੰਬੇ ਸਮੇਂ ਤੋਂ ਮੰਗ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਇਆ ਜਾਵੇ। ਜੇ ਇਹ ਹੋ ਜਾਂਦਾ ਹੈ ਤਾਂ ਸਾਰੇ ਸਰਕਾਰੀ ਦਫਤਰ ਇੱਥੇ ਹੋਣਗੇ, ਲੋਕਾਂ ਨੂੰ ਸੇਵਾਵਾਂ ਆਸਾਨੀ ਨਾਲ ਮਿਲਣਗੀਆਂ। ਨਵੇਂ ਹਸਪਤਾਲ, ਮੈਡੀਕਲ ਸੈਂਟਰ ਅਤੇ ਸਿੱਖਿਆ ਕੇਂਦਰ ਖੋਲ੍ਹੇ ਜਾ ਸਕਣਗੇ। ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਉਪਲਬਧ ਹੋਣਗੇ। ਧਾਰਮਿਕ ਅਤੇ ਸੈਲਾਨੀ ਮਹੱਤਵ ਵਾਲੇ ਇਲਾਕਿਆਂ ਕਾਰਨ ਟੂਰਿਜ਼ਮ ਨੂੰ ਬੜਾਵਾ ਮਿਲੇਗਾ, ਜਿਸ ਨਾਲ ਹੋਟਲ, ਰੈਸਟੋਰੈਂਟ ਅਤੇ ਹੋਰ ਛੋਟੇ ਕਾਰੋਬਾਰ ਵਿਕਸਤ ਹੋਣਗੇ। ਸ਼ਹਿਰ ਦੀਆਂ ਸੜਕਾਂ ਅਤੇ ਬੁਨਿਆਦੀ ਢਾਂਚੇ ਦਾ ਵਿਕਾਸ ਤੇਜ਼ੀ ਨਾਲ ਹੋਵੇਗਾ।
‘ਇਹ ਸ਼ਹੀਦਾਂ ਦੀ ਪਾਵਨ ਧਰਤੀ ਹੈ। ਇਸ ਨੂੰ ਜ਼ਿਲ੍ਹਾ ਦਾ ਦਰਜਾ ਮਿਲਣਾ ਅੱਜ ਦੀ ਲੋੜ ਹੈ। ਸਰਕਾਰ ਭਾਵੇਂ ਕੋਈ ਵੀ ਹੋਵੇ, ਇਸ ਨੂੰ ਤੁਰੰਤ ਜ਼ਿਲ੍ਹਾ ਐਲਾਨ ਕਰਨਾ ਚਾਹੀਦਾ ਹੈ। ਖਾਲਸੇ ਦੀ ਜਨਮ ਭੂਮੀ ਨੂੰ ਜ਼ਿਲ੍ਹਾ ਦਾ ਦਰਜਾ ਮਿਲ ਜਾਵੇ ਤਾਂ ਇਸਦਾ ਸਵਾਗਤ ਕਰਾਂਗੇ।
-ਦਰਬਾਰਾ ਸਿੰਘ ਬਾਲਾ, ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ
‘ਇਹ ਉਹ ਪਾਵਨ ਧਰਤੀ ਹੈ ਜਿੱਥੇ ਗੁਰੂ ਸਾਹਿਬ ਨੇ ਖਾਲਸੇ ਦੀ ਸਾਜਨਾ ਕੀਤੀ। ਇਥੋਂ ਸਾਂਝੀਵਾਲਤਾ ਦਾ ਸੰਦੇਸ਼ ਮਿਲਿਆ, ਜਿਸ ਨੇ ਸਮੁੱਚੇ ਜਗਤ ਵਿੱਚ ਨਵੀਂ ਰੂਹ ਫੂਕ ਦਿੱਤੀ। ਸ੍ਰੀ ਅਨੰਦਪੁਰ ਸਾਹਿਬ ਸੰਸਾਰ ਪ੍ਰਸਿੱਧ ਧਰਤੀ ਹੈ ਅਤੇ ਜਿੰਨੀ ਜਲਦੀ ਹੋ ਸਕੇ ਇਸ ਨੂੰ ਜ਼ਿਲ੍ਹਾ ਬਣਾਉਣਾ ਚਾਹੀਦਾ ਹੈ।
-ਰਤਨ ਕੁਮਾਰ ਧਨੇੜਾ, ਮੰਡਲ ਪ੍ਰਧਾਨ ਭਾਰਤੀ ਜਨਤਾ ਪਾਰਟੀ
‘ਅਸੀਂ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦਾ ਸਵਾਗਤ ਕਰਾਂਗੇ। ਜੇਕਰ ਇਹ ਪਾਵਨ ਧਰਤੀ ਜ਼ਿਲ੍ਹਾ ਬਣਦੀ ਹੈ, ਤਾਂ ਇਸ ਦੇ ਵਿਕਾਸ ਦੇ ਰਾਹ ਖੁੱਲਣਗੇ। ਲੋਕਾਂ ਨੂੰ ਦੂਰ ਕੰਮ ਕਰਵਾਉਣ ਜਾਣ ਦੀ ਜ਼ਰੂਰਤ ਨਹੀਂ ਪਵੇਗੀ, ਸਾਰੇ ਅਫਸਰ ਇੱਥੇ ਹੀ ਹੋਣਗੇ। ਉਨ੍ਹਾਂ ਮੰਨਿਆ ਕਿ ਸਾਡੇ ਰਾਜ ਸਮੇਂ ਕਮੀਆਂ ਰਹਿ ਗਈਆਂ ਸਨ, ਪਰ ਹੁਣ ਇਹ ਕਮੀ ਦੂਰ ਹੋਕੇ ਜ਼ਿਲ੍ਹਾ ਬਣਾਇਆ ਜਾਵੇ ਤਾਂ ਇਹ ਬਹੁਤ ਵਧੀਆ ਗੱਲ ਹੋਵੇਗੀ।
ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਮੁੱਖ ਬੁਲਾਰਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ
‘ਇਲਾਕੇ ਦੀ ਇਹ ਮੰਗ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਇਆ ਜਾਵੇ, ਮੇਰੇ ਕੋਲ ਕਈ ਪਾਸਿਆਂ ਤੋਂ ਪਹੁੰਚੀ ਹੈ, ਤੇ ਮੈਂ ਸਾਰੀ ਇਲਾਕੇ ਦੀ ਮੰਗ ਨੂੰ ਪਾਰਟੀ ਹਾਈ ਕਮਾਂਡ ਤੱਕ ਪਹੁੰਚਾ ਕੇ ਪੂਰੀ ਗੱਲਬਾਤ ਕਰਾਂਗਾ। ਪਾਰਟੀ ਹਮੇਸ਼ਾ ਹੀ ਲੋਕ ਹਿੱਤ ਦੇ ਫੈਸਲੇ ਲੈਂਦੀ ਹੈ ਅਤੇ ਇਹ ਵੀ ਲੋਕ ਹਿਤ ਦਾ ਫੈਸਲਾ ਹੈ ਕਿ ਇਸ ਪਛੜੇ ਹੋਏ ਇਲਾਕੇ ਨੂੰ ਜ਼ਿਲ੍ਹਾ ਬਣਾਇਆ ਜਾਵੇ।
ਡਾਕਟਰ ਸੰਜੀਵ ਗੌਤਮ, ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ
‘ਆਮ ਆਦਮੀ ਪਾਰਟੀ ਤੇ ਵਿਸ਼ਵਾਸ਼ ਨਹੀਂ ਕੀਤਾ ਜਾ ਸਕਦਾ। ਇਸ ਪਾਰਟੀ ਨੇ ਪਹਿਲਾਂ ਮੈਡੀਕਲ ਕਾਲਜ ਖੋਲਣ ਤੇ ਅਤੇ ਬੀਬੀਆਂ ਨੂੰ 1000 ਰੁਪਏ ਮਹੀਨਾ ਦੇਣ ਦੀ ਗੱਲ ਕੀਤੀ ਸੀ, ਹੁਣ ਲੱਗਦਾ ਹੈ ਕਿ ਐਲਾਨ ਕਰਕੇ ਪਿੱਛੇ ਹਟ ਜਾਂਦੀ ਹੈ। ਜਦੋਂ ਤੱਕ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ, ਅਸੀਂ ਕੁਝ ਨਹੀਂ ਕਹਾਂਗੇ। ਨਵੇਂ ਜ਼ਿਲ੍ਹੇ ‘ਚ ਕਿਹੜੇ ਇਲਾਕੇ ਸ਼ਾਮਲ ਕੀਤੇ ਜਾਣਗੇ ਅਤੇ ਉਥੋਂ ਦੇ ਲੋਕ ਕੀ ਮੰਗ ਕਰਦੇ ਹਨ, ਇਹ ਵੀ ਪਤਾ ਲੱਗਣਾ ਚਾਹੀਦਾ ਹੈ।
ਅਸ਼ਵਨੀ ਸ਼ਰਮਾ, ਜ਼ਿਲ੍ਹਾ ਪ੍ਰਧਾਨ ਕਾਂਗਰਸ
ਸੰਭਾਵਿਤ ਰੂਪਰੇਖਾ
ਜੇ ਸ੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਇਆ ਜਾਂਦਾ ਹੈ, ਤਾਂ ਇਸ ਵਿੱਚ ਨੂਰਪੁਰ ਬੇਦੀ, ਨੰਗਲ, ਕੀਰਤਪੁਰ ਸਾਹਿਬ, ਬੁੰਗਾ ਸਾਹਿਬ, ਚਮਕੌਰ ਸਾਹਿਬ ਦਾ ਕੁਝ ਹਿੱਸਾ, ਮੋਰਿੰਡਾ ਬਲਾਕ ਦਾ ਕੁਝ ਹਿੱਸਾ, ਮਾਤਾ ਨੈਣਾ ਦੇਵੀ ਹੇਠਲੇ ਪਹਾੜੀ ਪਿੰਡ, ਹਿਮਾਚਲ ਨਾਲ ਲੱਗਦੇ ਸਰਹੱਦੀ ਪਿੰਡ ਅਤੇ ਗੜ੍ਹਸ਼ੰਕਰ ਦਾ ਕੁਝ ਹਿੱਸਾ ਸ਼ਾਮਲ ਕੀਤੇ ਜਾ ਸਕਦੇ ਹਨ। ਇਹ ਵਿਕਾਸ ਸਿਰਫ ਸਥਾਨਕ ਲੋਕਾਂ ਲਈ ਨਹੀਂ, ਸਗੋਂ ਪੂਰੇ ਇਲਾਕੇ ਦੀ ਪ੍ਰਗਤੀ ਲਈ ਇਕ ਨਵਾਂ ਦਰਵਾਜ਼ਾ ਖੋਲ੍ਹੇਗਾ।
ਆਮ ਲੋਕਾਂ ਦੀ ਚਿੰਤਾ ਵੀ ਆਈ ਸਾਹਮਣੇ
ਕੁਝ ਸਥਾਨਕ ਵਸਨੀਕਾਂ ਨਾਲ ਗੱਲਬਾਤ ਦੌਰਾਨ ਇਹ ਚਿੰਤਾ ਵੀ ਸਾਹਮਣੇ ਆਈ ਕਿ ਜੇਕਰ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਇਆ ਜਾਂਦਾ ਹੈ ਤਾਂ ਕਿਤੇ ਆਮ ਲੋਕਾਂ ਨੂੰ ਨਵੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਲੋਕਾਂ ਨੇ ਕਿਹਾ ਕਿ ਜ਼ਿਲ੍ਹਾ ਦਫਤਰਾਂ ਅਤੇ ਅਧਿਕਾਰੀਆਂ ਦੀ ਤਾਇਨਾਤੀ ਨਾਲ ਇਲਾਕੇ ਵਿੱਚ ਜ਼ਮੀਨ ਤੇ ਮਕਾਨਾਂ ਦੇ ਰੇਟ ਵਧ ਸਕਦੇ ਹਨ। ਇਸਦੇ ਨਾਲ ਹੀ ਸਰਕਾਰੀ ਖਰਚੇ, ਜਿਵੇਂ ਕਿ ਤਨਖਾਹਾਂ ਅਤੇ ਸਹੂਲਤਾਂ, ਦਾ ਬੋਝ ਕਿਤੇ ਇਲਾਕੇ ਦੇ ਲੋਕਾਂ ਉੱਤੇ ਨਾ ਪੈ ਜਾਵੇਂ।
ਪੰਥਕ ਮੰਚ ਤੇ ਅਕਾਲੀ ਦਲ ਤੋਂ ਖੋਹਿਆ ਜਾ ਸਕਦਾ ਹੈ ਵੱਡਾ ਮੁੱਦਾ
ਜੇਕਰ ਸ੍ਰੀ ਅਨੰਦਪੁਰ ਸਾਹਿਬ ਨੂੰ ਨਵਾਂ ਜ਼ਿਲ੍ਹਾ ਬਣਾਉਣ ਦਾ ਐਲਾਨ ਕੀਤਾਂ ਜਾਂਦਾ ਹੈ, ਤਾਂ ਇਹ ਫੈਸਲਾ ਨਾ ਸਿਰਫ਼ ਪ੍ਰਸ਼ਾਸਨਿਕ ਪੱਖੋਂ ਮਹੱਤਵਪੂਰਨ ਹੋਵੇਗਾ, ਸਗੋਂ ਪੰਜਾਬ ਦੀ ਸਿਆਸਤ ਵਿੱਚ ਵੀ ਵੱਡੇ ਬਦਲਾਅ ਦਾ ਕਾਰਨ ਬਣ ਸਕਦਾ ਹੈ। ਅਨੰਦਪੁਰ ਸਾਹਿਬ ਸਿੱਖ ਇਤਿਹਾਸ ਅਤੇ ਪੰਥਕ ਭਾਵਨਾਵਾਂ ਨਾਲ ਗੂੜ੍ਹੀ ਤਰ੍ਹਾਂ ਜੁੜਿਆ ਸ਼ਹਿਰ ਹੈ। ਇਸ ਮੁੱਦੇ ‘ਤੇ ਕਦਮ ਚੁੱਕਣਾ ਆਮ ਆਦਮੀ ਪਾਰਟੀ ਵੱਲੋਂ ਇੱਕ ਐਸਾ ਸਿਆਸੀ ਦਾਅ ਹੋਵੇਗਾ, ਜੋ ਸ਼੍ਰੋਮਣੀ ਅਕਾਲੀ ਦਲ ਤੋਂ ਇੱਕ ਵੱਡਾ ਪੰਥਕ ਮੁੱਦਾ ਖੋ ਸਕਦਾ ਹੈ।
ਆਨੰਦਪੁਰ ਸਾਹਿਬ ਦਾ ਮਤਾ ਸਿੱਖ ਇਤਿਹਾਸ ਵਿੱਚ ਅਹਿਮ ਸਥਾਨ ਰੱਖਦਾ ਹੈ ਅਤੇ ਅਕਾਲੀ ਦਲ ਹਮੇਸ਼ਾਂ ਤੋਂ ਇਸ ਮੁੱਦੇ ਤੇ ਰਾਜਨੀਤੀ ਕਰਦਾ ਆਇਆ ਹੈ। ਪਰ ਇਸਦੇ ਬਾਵਜੂਦ ਕਈ ਵਾਰ ਸੱਤਾ ਵਿੱਚ ਰਹਿਣ ਦੇ ਬਾਵਜੂਦ ਅਕਾਲੀ ਦਲ ਵੱਲੋਂ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਵੱਲ ਕਦੇ ਗੰਭੀਰਤਾ ਨਾਲ ਧਿਆਨ ਨਹੀਂ ਦਿੱਤਾ ਗਿਆ। ਹੁਣ ਜੇ ਆਮ ਆਦਮੀ ਪਾਰਟੀ ਇਹ ਕਦਮ ਚੁੱਕਦੀ ਹੈ, ਤਾਂ ਇਹ ਪੰਥਕ ਸਿਆਸਤ ਵਿੱਚ ਇੱਕ ਕਦਮ ਅੱਗੇ ਨਿਕਲ ਸਕਦੀ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਹ ਫੈਸਲਾ ਆਉਣ ਵਾਲੇ ਚੋਣ ਸਮੀਕਰਨਾਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਜਿੱਥੇ ਇੱਕ ਪਾਸੇ ਅਕਾਲੀ ਦਲ ਦੀ ਪੰਥਕ ਪਛਾਣ ਨੂੰ ਚੁਣੌਤੀ ਮਿਲੇਗੀ, ਉੱਥੇ ਦੂਜੇ ਪਾਸੇ ਆਮ ਆਦਮੀ ਪਾਰਟੀ ਨੂੰ ਧਾਰਮਿਕ-ਸਿਆਸੀ ਸੰਵੇਦਨਸ਼ੀਲ ਇਲਾਕਿਆਂ ਵਿੱਚ ਨਵਾਂ ਸਹਿਯੋਗ ਮਿਲ ਸਕਦਾ ਹੈ।