ਚੰਡੀਗੜ੍ਹ ਪੰਜਾਬੀਆਂ ਦਾ ਹੈ...ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਸਪੱਸ਼ਟ ਚਿਤਾਵਨੀ, ਕਿਹਾ-ਪੰਜਾਬੀ ਲੋਹੇ ਦੇ ਚਣੇ, ਚੱਬੇ ਨਹੀਂ ਜਾਣੇ
ਜਥੇਦਾਰ ਸਾਹਿਬ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਕੋਈ ਖੰਡ ਦੀ ਡਲੀ ਨਹੀਂ ਜੋ ਕਿਸੇ ਦੀ ਮਰਜ਼ੀ ਨਾਲ ਕੱਟ ਕੇ ਖਾ ਲਈ ਜਾਵੇ। ਪੰਜਾਬ ਲੋਹੇ ਦੇ ਚਣੇ ਹਨ ਤੇ ਚੱਬੇ ਨਹੀਂ ਜਾਣੇ। ਉਹਨਾਂ ਨੇ ਚੰਡੀਗੜ੍ਹ ‘ਤੇ ਅਧਿਕਾਰ ਘਟਾਉਣ ਜਾਂ ਕਾਨੂੰਨੀ ਤਬਦੀਲੀਆਂ ਰਾਹੀਂ ਪੰਜਾਬ ਦੇ ਹੱਕ ਖੋਹਣ ਦੀ ਕਿਸੇ ਵੀ ਕੋਸ਼ਿਸ਼ ਨੂੰ ਗਲਤ ਕਰਾਰ ਦਿੱਤਾ।
Publish Date: Sun, 23 Nov 2025 02:43 PM (IST)
Updated Date: Sun, 23 Nov 2025 02:46 PM (IST)
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਪਵਿੱਤਰ ਸਮੇਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਚੰਡੀਗੜ੍ਹ ਮਾਮਲੇ ਸਬੰਧੀ ਸਰਕਾਰ ਨੂੰ ਤਿੱਖਾ ਸੰਦੇਸ਼ ਦਿੰਦਿਆਂ ਕਿਹਾ ਕਿ ਪੰਜਾਬ ਦੇ ਹੱਕਾਂ ‘ਤੇ ਹੱਲਾ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਧਾਰਮਿਕ ਆਜ਼ਾਦੀ ਲਈ ਸ਼ਹੀਦ ਹੋਏ ਸਨ ਅਤੇ ਇਸ ਪਵਿੱਤਰ ਮੌਕੇ ਤੇ ਹੀ ਪੰਜਾਬ ਦੇ ਹੱਕਾਂ ਨੂੰ ਖਤਰੇ ਵਿਚ ਪਾਉਣਾ ਬਹੁਤ ਦੁਖਦਾਈ ਹੈ।
ਜਥੇਦਾਰ ਗੜਗੱਜ ਨੇ ਕਿਹਾ ਕਿ ਚੰਡੀਗੜ੍ਹ ਹਵਾ ਵਿਚ ਨਹੀਂ ਬਣਿਆ ਸਗੋਂ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਖੇਤਰ ਹੈ ਜਿਸ ਨਾਲ ਇਸ ਦੀ ਪੂਰੀ ਵਿਰਾਸਤ ਅਤੇ ਮਲਕੀਅਤ ਪੰਜਾਬ ਨਾਲ ਸੰਬੰਧਤ ਹੈ। ਉਹਨਾਂ ਨੇ ਕਿਹਾ ਕਿ ਇਹ ਮਸਲਾ ਸਿਰਫ ਸਿੱਖਾਂ ਦਾ ਨਹੀਂ ਸਗੋਂ ਪੰਜਾਬ ਦੇ ਸਾਰੇ ਵਸਨੀਕਾਂ ਦਾ ਹੈ। ਪੰਜਾਬ ਵਿਚ ਸਿੱਖ ਹਿੰਦੂ ਮੁਸਲਮਾਨ ਸਭ ਵੱਡੀ ਗਿਣਤੀ ਵਿਚ ਰਹਿੰਦੇ ਹਨ ਅਤੇ ਚੰਡੀਗੜ੍ਹ ਉਨ੍ਹਾਂ ਸਭ ਦਾ ਹੈ।
ਜਥੇਦਾਰ ਸਾਹਿਬ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਕੋਈ ਖੰਡ ਦੀ ਡਲੀ ਨਹੀਂ ਜੋ ਕਿਸੇ ਦੀ ਮਰਜ਼ੀ ਨਾਲ ਕੱਟ ਕੇ ਖਾ ਲਈ ਜਾਵੇ। ਪੰਜਾਬ ਲੋਹੇ ਦੇ ਚਣੇ ਹਨ ਤੇ ਚੱਬੇ ਨਹੀਂ ਜਾਣੇ। ਉਹਨਾਂ ਨੇ ਚੰਡੀਗੜ੍ਹ ‘ਤੇ ਅਧਿਕਾਰ ਘਟਾਉਣ ਜਾਂ ਕਾਨੂੰਨੀ ਤਬਦੀਲੀਆਂ ਰਾਹੀਂ ਪੰਜਾਬ ਦੇ ਹੱਕ ਖੋਹਣ ਦੀ ਕਿਸੇ ਵੀ ਕੋਸ਼ਿਸ਼ ਨੂੰ ਗਲਤ ਕਰਾਰ ਦਿੱਤਾ।
ਉਹਨਾਂ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਿਹੜੇ ਵੀ ਲੋਕ ਸਿੱਖ ਕੌਮ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹਨ ਉਨ੍ਹਾਂ ਦੀਆਂ ਸਲਤਨਤਾਂ ਕਾਇਮ ਨਹੀਂ ਰਹੀਆਂ। ਸਿੱਖ ਕੌਮ ਪਿਆਰ ਸਾਂਝ ਅਤੇ ਭਾਈਚਾਰੇ ਨਾਲ ਜੀਣ ਵਾਲੀ ਕੌਮ ਹੈ ਪਰ ਆਪਣੇ ਹੱਕਾਂ ਦੀ ਰੱਖਿਆ ਲਈ ਕਦੇ ਵੀ ਪਿੱਛੇ ਨਹੀਂ ਹੱਟਦੀ।
ਅੰਤ ਵਿਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਾਫ਼ ਕੀਤਾ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ‘ਤੇ ਕਿਸੇ ਹੋਰ ਦਾ ਅਧਿਕਾਰ ਬਣਦਾ ਹੀ ਨਹੀਂ ਅਤੇ ਇਸ ਮਾਮਲੇ ਵਿਚ ਪੰਜਾਬ ਦੇ ਹੱਕਾਂ ਦੀ ਉਲੰਘਣਾ ਕਰਨ ਵਾਲੀ ਕੋਈ ਵੀ ਕਾਰਵਾਈ ਕਬੂਲ ਨਹੀਂ ਕੀਤੀ ਜਾਵੇਗੀ।