ਸ੍ਰੀ ਅਖੰਡ ਪਾਠ ਸਾਹਿਬ ਦੌਰਾਨ ਬੇਅਦਬੀ ਕਰਨ ਵਾਲੇ ਮੁਲਜ਼ਮ ਗ੍ਰੰਥੀ ਨੂੰ ਭੇਜਿਆ ਜੇਲ੍ਹ, ਇਸ ਵਜ੍ਹਾ ਕਾਰਨ ਕੀਤੀ ਸੀ ਬੇਅਦਬੀ
ਮੁਲਜ਼ਮ ਗ੍ਰੰਥੀ ਵਜੋਂ ਸੇਵਾ ਨਹੀਂ ਕਰਨਾ ਚਾਹੁੰਦਾ ਸੀ। ਉਹ ਆਪਣੇ ਪਿਤਾ ਦੇ ਕਹਿਣ ’ਤੇ ਇਹ ਕੰਮ ਕਰ ਰਿਹਾ ਸੀ, ਜਿਸ ਕਾਰਨ ਉਹ ਅਕਸਰ ਸੇਵਾ ਨੂੰ ਲੈ ਕੇ ਝਗੜਾ ਕਰਦਾ ਰਹਿੰਦਾ ਸੀ
Publish Date: Thu, 01 Jan 2026 08:53 AM (IST)
Updated Date: Thu, 01 Jan 2026 08:57 AM (IST)
ਸੀਨੀਅਰ ਰਿਪੋਰਟਰ, ਪਟਿਆਲਾ : ਥਾਣਾ ਸਨੌਰ ਅਧੀਨ ਪੈਂਦੇ ਇਲਾਕੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੌਰਾਨ ਬੇਅਦਬੀ ਕਰਨ ਵਾਲੇ ਮੁਲਜ਼ਮ ਗ੍ਰੰਥੀ ਨੂੰ ਬੁੱਧਵਾਰ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। 27 ਸਾਲਾ ਮੁਲਜ਼ਮ ਸਿਮਰਨਜੀਤ ਸਿੰਘ ਸ਼ਾਦੀਸ਼ੁਦਾ ਹੈ ਅਤੇ ਬੀਕਾਮ ਪਾਸ ਹੈ। ਉਸ ਨੇ ਪੰਜਾਬੀ ਯੂਨੀਵਰਸਿਟੀ ਤੋਂ ਸੰਗੀਤ ਦੀ ਪੜ੍ਹਾਈ ਵੀ ਕੀਤੀ ਹੋਈ ਹੈ। ਮੁਲਜ਼ਮ ਗ੍ਰੰਥੀ ਵਜੋਂ ਸੇਵਾ ਨਹੀਂ ਕਰਨਾ ਚਾਹੁੰਦਾ ਸੀ। ਉਹ ਆਪਣੇ ਪਿਤਾ ਦੇ ਕਹਿਣ ’ਤੇ ਇਹ ਕੰਮ ਕਰ ਰਿਹਾ ਸੀ, ਜਿਸ ਕਾਰਨ ਉਹ ਅਕਸਰ ਸੇਵਾ ਨੂੰ ਲੈ ਕੇ ਝਗੜਾ ਕਰਦਾ ਰਹਿੰਦਾ ਸੀ। ਇਸੇ ਗੁੱਸੇ ਵਿੱਚ ਆ ਕੇ ਉਸ ਨੇ 28 ਦਸੰਬਰ ਨੂੰ ਪਾਵਨ ਸਰੂਪ ਦੇ ਅੰਗਾਂ ਨੂੰ ਨੁਕਸਾਨ ਪਹੁੰਚਾਇਆ। ਉਸ ਦੀ ਯੋਜਨਾ ਆਪਣੇ ਸਾਥੀ ਗ੍ਰੰਥੀ ਨੂੰ ਇਸ ਮਾਮਲੇ ਵਿੱਚ ਫਸਾਉਣ ਦੀ ਸੀ। ਜਦੋਂ ਇਹ ਮਾਮਲਾ ਗੁਰਦੁਆਰਾ ਕਮੇਟੀ ਦੇ ਨੋਟਿਸ ਵਿੱਚ ਆਇਆ ਅਤੇ ਸੱਚਾਈ ਸਾਹਮਣੇ ਆਈ, ਤਾਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ, ਜਿਸ ਤੋਂ ਬਾਅਦ ਮੁਲਜ਼ਮ ਨੇ ਆਪਣਾ ਜੁਰਮ ਕਬੂਲ ਕਰ ਲਿਆ।